ਵਲਵਲਾ ਸ਼ਬਦ ਆਪਣੇ ਆਪ ਵਿਚ ਸਿੱਧੇ ਤੌਰ ਤੇ ਸਿਰਫ਼ ਮਨ ਨਾਲ ਹੀ ਸਬੰਧ ਰੱਖਦਾ ਹੈ। ਅਸਲ ’ਚ ਮਨੋਵਿਗਿਆਨਕ ਦ੍ਰਿਸ਼ਟੀਕੋਣ ਜਾਂ ਫ਼ਲਸਫ਼ੇ ਦੇ ਆਧਾਰ ’ਤੇ ਦੇਖੀਏ ਤਾਂ ਵਲਵਲਾ ਜਿਸ ਨੂੰ ਭਾਵਨਾ ਵੀ ਕਿਹਾ ਜਾਂਦਾ ਹੈ ਜਾਂ ਫਿਰ ਕਈ ਲੋਕ ਜਜ਼ਬਾ ਵੀ ਕਹਿ ਦਿੰਦੇ ਹਨ, ਜੋ ਹਰ ਮਨੁੱਖ ਦਾ ਅੰਤਰਮੁਖੀ ਤੇ ਸੁਚੇਤ ਅਨੁਭਵ ਹੁੰਦਾ ਹੈ।

ਵਲਵਲਾ ਸ਼ਬਦ ਆਪਣੇ ਆਪ ਵਿਚ ਸਿੱਧੇ ਤੌਰ ਤੇ ਸਿਰਫ਼ ਮਨ ਨਾਲ ਹੀ ਸਬੰਧ ਰੱਖਦਾ ਹੈ। ਅਸਲ ’ਚ ਮਨੋਵਿਗਿਆਨਕ ਦ੍ਰਿਸ਼ਟੀਕੋਣ ਜਾਂ ਫ਼ਲਸਫ਼ੇ ਦੇ ਆਧਾਰ ’ਤੇ ਦੇਖੀਏ ਤਾਂ ਵਲਵਲਾ ਜਿਸ ਨੂੰ ਭਾਵਨਾ ਵੀ ਕਿਹਾ ਜਾਂਦਾ ਹੈ ਜਾਂ ਫਿਰ ਕਈ ਲੋਕ ਜਜ਼ਬਾ ਵੀ ਕਹਿ ਦਿੰਦੇ ਹਨ, ਜੋ ਹਰ ਮਨੁੱਖ ਦਾ ਅੰਤਰਮੁਖੀ ਤੇ ਸੁਚੇਤ ਅਨੁਭਵ ਹੁੰਦਾ ਹੈ। ਇਹ ਮਨੁੱਖ ਦੁਆਰਾ ਜੀਵਨ ’ਚ ਵਿਚਰਦੇ ਹੋਏ ਮਾਨਸਿਕ ਤੌਰ ’ਤੇ ਵੱਖ-ਵੱਖ ਅਨੁਭਵਾਂ ਅਨੁਸਾਰ ਬਦਲਦੀਆਂ ਮਾਨਸਿਕ ਸਥਿਤੀਆਂ ਦੇ ਭਾਵ ਹੁੰਦੇ ਹਨ। ਵਲਵਲੇ ਨੂੰ ਆਮ ਤੌਰ ਉੱਤੇ ਮੂਡ, ਸੁਭਾਅ, ਸ਼ਖ਼ਸੀਅਤ, ਮਿਜ਼ਾਜ ਤੇ ਪ੍ਰੇਰਨਾ ਨਾਲ ਜੁੜਿਆ ਹੋਇਆ ਅਤੇ ਇਕ-ਦੂਜੇ ਉੱਤੇ ਅਸਰ ਪਾਉਂਦਾ ਸਮਝਿਆ ਜਾਂਦਾ ਹੈ। ਵਲਵਲਿਆਂ ਤੋਂ ਉਤਪੰਨ ਹੋਣ ਵਾਲੀਆਂ ਪ੍ਰੇਰਨਾ ਭਾਵੇਂ ਅਗਾਂਹਵਧੂ ਹੋਣ ਜਾਂ ਪਿਛਾਂਹ-ਹਟੂ, ਇਨ੍ਹਾਂ ਉਪਰ ਵਲਵਲਿਆਂ ਦਾ ਵੱਡਾ ਹੱਥ ਹੁੰਦਾ ਹੈ।
ਈਰਖਾ, ਅਕੇਵਾਂ, ਉਦਾਸੀ, ਖ਼ੁਸ਼ੀ, ਉਮੀਦ, ਗੁੱਸਾ,ਚਾਹਤ, ਚਿੰਤਾ, ਜਗਿਆਸਾ, ਚੜ੍ਹਦੀ ਕਲਾ, ਢਹਿੰਦੀ ਕਲਾ, ਡਰ, ਨਫ਼ਰਤ, ਨਿਰਾਸ਼ਾ, ਪਿਆਰ, ਬੇਪ੍ਰਵਾਹੀ, ਮੋਹ, ਰੋਮਾਂਸ, ਸ਼ਰਮ, ਸ਼ੱਕ, ਸੋਗ, ਹੈਰਾਨੀ, ਬੇਵਸਾਹੀ, ਬੇਵਸੀ ਸਭ ਵਲਵਲੇ ਹੀ ਤਾਂ ਹਨ। ਮਨੁੱਖ ਜਿਹੋ ਜਿਹੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ, ਉਸ ਤਰ੍ਹਾਂ ਦੇ ਹੀ ਉਸ ਦੇ ਮਨ ਅੰਦਰ ਵਲਵਲੇ ਉਪਜਣ ਲੱਗਦੇ ਹਨ। ਹਰ ਵਿਅਕਤੀ ਦੀ ਬਹੁਤੀ ਉਮਰ ਵਲਵਲਿਆਂ ਦੇ ਆਧਾਰ ’ਤੇ ਹੀ ਚੱਲਦੀ ਹੈ। ਕਿਤੇ ਨਫ਼ਰਤਾਂ ਵਿੱਚੋਂ ਜੇ ਕਿਤੇ ਪਿਆਰ ਦਾ ਵਲਵਲਾ ਉੱਠ ਪਵੇ ਤਾਂ ਰਿਸ਼ਤਿਆਂ ਨੂੰ ਜੋੜ ਦਿੰਦਾ ਹੈ ਤੇ ਚੜ੍ਹਦੀ ਕਲਾ ਵੱਲ ਲੈ ਤੁਰਦਾ ਹੈ, ਜੇ ਕਿਤੇ ਨਫ਼ਰਤਾਂ ਵਿੱਚੋਂ ਈਰਖਾ ਦਾ ਵਲਵਲਾ ਉਪਜ ਪਵੇ ਤਾਂ ਇਹ ਬਰਬਾਦੀ ਦੇ ਰਾਹ ਖੋਲ੍ਹ ਦਿੰਦਾ ਹੈ।
ਜ਼ਰੂਰੀ ਨਹੀਂ ਕਿ ਮਨੁੱਖ ਦੇ ਅੰਦਰ ਇਕੱਲੇਪਣ ਦੌਰਾਨ ਹੀ ਵਲਵਲੇ ਉਪਜਦੇ ਹਨ। ਕਈ ਵਾਰ ਭਾਰੀ ਇਕੱਠ ਵਿਚ ਵੀ ਵਿਅਕਤੀ ਉੱਪਰ ਹੀ ਪਿਆਰ, ਨਫ਼ਰਤ, ਗੁੱਸਾ ਜਾਂ ਕਿਸੇ ਹੋਰ ਤਰ੍ਹਾਂ ਦਾ ਵਲਵਲਾ ਉਪਜਦਾ ਹੀ ਰਹਿੰਦਾ ਹੈ। ਮਨੁੱਖ ਦੇ ਮਨ ਦੇ ਅੰਦਰਲੇ ਵਲਵਲੇ ਸਾਗਰਾਂ ਵਿੱਚ ਉੱਠਣ ਵਾਲੀਆਂ ਛੱਲਾਂ ਵਾਂਗ ਉਛਾਲੇ ਮਾਰਦੇ ਹਨ। ਵਲਵਲਾ ਪਲ ’ਚ ਮਨ ਅੰਦਰ ਉਪਜੇ ਵੇਗ ਨੂੰ ਉਚਾਈਆਂ ’ਤੇ ਲੈ ਜਾਂਦਾ ਹੈ ਤੇ ਅਗਲੇ ਹੀ ਪਲ ਉਹ ਸ਼ਾਂਤ ਸਮਤਲ ਖੜੋਤ ਵਿਚ ਆ ਜਾਂਦਾ ਹੈ। ਮਨ ਦੇ ਵਲਵਲਿਆਂ ’ਚ ਬਹੁਤ ਉਧੇੜ-ਬੁਣ ਚੱਲਦੀ ਰਹਿੰਦੀ ਹੈ। ਆਪਣੇ ਆਪ ਹੀ ਅੰਦਰੋਂ ਸਵਾਲ ਉਪਜਦੇ ਹਨ ਤੇ ਆਪਣੇ ਆਪ ਹੀ ਜਵਾਬ ਲੱਭੇ ਜਾਂਦੇ ਹਨ। ਇਸ ਤਰ੍ਹਾਂ ਅੰਤਰਮੁਖੀ ਸਵਾਲ-ਜਵਾਬ ਦੇ ਸਿਲਸਿਲਿਆਂ ਤੋਂ ਕਈ ਵੱਡੀਆਂ-ਵੱਡੀਆਂ ਸਮੱਸਿਆਵਾਂ ਦੇ ਹੱਲ ਵੀ ਲੱਭ ਪੈਂਦੇ ਹਨ, ਨਵੀਆਂ ਨਵੀਆਂ ਖੋਜਾਂ ਕੀਤੀਆਂ ਜਾਂਦੀਆਂ ਹਨ।
ਵਲਵਲਾ ਅਕਸਰ ਮਨੁੱਖ ਦੇ ਵਰਤਮਾਨ ਦੇ ਮੂਡ ’ਤੇ ਵੀ ਨਿਰਭਰ ਕਰਦਾ ਹੈ। ਮਿਸਾਲ ਦੇ ਤੌਰ ’ਤੇ ਲੜਾਈ-ਝਗੜੇ ਜਾਂ ਜੋਸ਼ੀਲੀਆਂ ਗਤੀਵਿਧੀਆਂ ਦੇਖਣ ਤੋਂ ਕੁਝ ਚਿਰ ਬਾਅਦ ਤਕ ਬਹੁਤ ਹੀ ਨਿਮਰਤਾ ਜਾਂ ਮਿਠਾਸ ਵਾਲਾ ਵਲਵਲਾ ਉਪਜਣਾ ਓਨਾ ਹੀ ਅਸੰਭਵ ਹੁੰਦਾ ਹੈ ਜਿਵੇਂ ਦਹੀਂ ਨੂੰ ਬਿਨਾਂ ਰਿੜਕੇ ਮੱਖਣ ਕੱਢਣਾ ਅਸੰਭਵ ਹੁੰਦਾ ਹੈ। ਵਲਵਲਾ ਹਰ ਮਨੁੱਖ ਦੇ ਆਪਣੇ ਆਪਣੇ ਸੁਭਾਅ ਵਿੱਚੋਂ ਉਪਜਦਾ ਹੈ। ਸੜੀਅਲ ਤੇ ਖਿਝੂ ਸੁਭਾਅ ਦੇ ਲੋਕ ਅਕਸਰ ਉਨ੍ਹਾਂ ਦੁਆਲੇ ਹੱਸ ਖੇਡ ਰਹੇ ਲੋਕਾਂ ਨੂੰ ਦੇਖ ਕੇ ਘੱਟ ਹੀ ਖ਼ੁਸ਼ ਹੁੰਦੇ ਹਨ। ਬਹੁਤਾ ਕਰਕੇ ਤਾਂ ਉਹ ਲੋਕ ਹੋਰਾਂ ਨੂੰ ਹੱਸਦਿਆਂ ਨੂੰ ਦੇਖ ਕੇ ਅੰਦਰ ਹੀ ਅੰਦਰ ਖਿਝਦੇ-ਸੜਦੇ ਰਹਿੰਦੇ ਹਨ। ਵਲਵਲਾ ਹਰ ਮਨੁੱਖ ਦੀ ਸ਼ਖ਼ਸੀਅਤ ਮੁਤਾਬਿਕ ਹੀ ਪੈਦਾ ਹੁੰਦਾ ਹੈ ਅਤੇ ਇਹ ਵਲਵਲੇ ਸ਼ਖ਼ਸੀਅਤਾਂ ਨੂੰ ਨਿਖਾਰਨ ਜਾਂ ਵਿਗਾੜਨ ’ਚ ਵੀ ਸਹਾਈ ਹੁੰਦੇ ਹਨ। ਚੜ੍ਹਦੀ ਕਲਾ ਵਿਚ ਰਹਿਣ ਵਾਲੀਆਂ ਸ਼ਖ਼ਸੀਅਤਾਂ ਵਿਚ ਹਮੇਸ਼ਾ ਚੜ੍ਹਦੀ ਕਲਾ ਦੇ ਭਾਵ ਹੀ ਉਪਜਦੇ ਹਨ, ਜੋ ਉਹੋ ਜਿਹੀਆਂ ਸ਼ਖ਼ਸੀਅਤਾਂ ਨੂੰ ਦਿਨ-ਬ-ਦਿਨ ਨਿਖਾਰ ਕੇ ਹੋਰ ਚੜ੍ਹਦੀ ਕਲਾ ਵੱਲ ਲੈ ਜਾਂਦੇ ਹਨ।
ਖ਼ੁਸ਼ਮਿਜ਼ਾਜ ਜਾਂ ਦੁਖੀ ਵਿਅਕਤੀਆਂ ਦੇ ਮਨਾਂ ਵਿਚ ਇੱਕੋ ਜਿਹੇ ਵਲਵਲੇ ਨਹੀਂ ਪੈਦਾ ਹੋ ਸਕਦੇ। ਹਰ ਮਨੁੱਖ ਦੇ ਵਲਵਲਿਆਂ ਤੋਂ ਪ੍ਰੇਰਨਾ ਪੈਦਾ ਹੁੰਦੀ ਹੈ। ਵਲਵਲੇ ਸਕਾਰਾਤਮਿਕ ਸੋਚ ਵਾਲੇ ਉਪਜ ਰਹੇ ਹਨ ਤਾਂ ਮਨੁੱਖ ਦੀ ਸ਼ਖ਼ਸੀਅਤ ਅਗਾਂਹਵਧੂ ਸੋਚ ਵਾਲੀ ਬਣ ਜਾਂਦੀ ਹੈ, ਜੇ ਉਹੀ ਵਲਵਲੇ ਨਕਾਰਾਤਮਿਕ ਅਤੇ ਢਹਿੰਦੀ ਕਲਾ ਵਾਲੇ ਹੋਣ ਤਾਂ ਉਹ ਉਸ ਨੂੰ ਨਿਰਾਸ਼ਤਾ ਦੇ ਡੂੰਘੇ ਖੂਹ ਵਿਚ ਉਤਾਰਦੇ ਹੋਏ ਇਕ ਦਿਨ ਡੋਬ ਕੇ ਰੱਖ ਦਿੰਦੇ ਹਨ। ਮਨੁੱਖ ਅਗਰ ਇੱਛਾ ਸ਼ਕਤੀ ਨੂੰ ਪ੍ਰਬਲ ਕਰ ਕੇ ਮਨ ਦੇ ਵਲਵਲਿਆਂ ਨੂੰ ਸ਼ਾਂਤ ਕਰਨਾ ਸਿੱਖ ਜਾਵੇ ਤਾਂ ਉਹ ਨਿਰਾਸ਼ਤਾ ਦੀਆਂ ਗਹਿਰਾਈਆਂ ਵਿਚ ਡੁੱਬਦੇ ਮਨ ਨੂੰ ਮੰਜ਼ਿਲਾਂ ਵੱਲ ਵਧਦੇ ਪੰਧਾਂ ’ਤੇ ਤੁਰਨਾ ਸਿਖਾ ਸਕਦਾ ਹੈ।
- ਬਰਜਿੰਦਰ ਕੌਰ ਬਿਸਰਾਓ