- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖ ਦੀ ਅਸਲੀ ਪਛਾਣ ਉਸ ਦੇ ਚਿਹਰੇ, ਰੰਗ-ਰੂਪ ਜਾਂ ਦੌਲਤ ਨਾਲ ਨਹੀਂ ਹੁੰਦੀ ਸਗੋਂ ਉਸ ਦੇ ਮਨ ਤੇ ਸੁਭਾਅ ਨਾਲ ਹੁੰਦੀ ਹੈ। ਬਾਹਰੀ ਸੁੰਦਰਤਾ ਸਿਰਫ਼ ਅੱਖਾਂ ਨੂੰ ਭਾਉਂਦੀ ਹੈ ਪਰ ਮਨ ਦੀ ਸੁੰਦਰਤਾ ਦਿਲਾਂ ਨੂੰ ਜਿੱਤ ਲੈਂਦੀ ਹੈ। ਸਮੇਂ ਦੇ ਨਾਲ ਚਿਹਰੇ ਦੀ ਰੌਣਕ ਮੰਦ ਪੈ ਸਕਦੀ ਹੈ ਪਰ ਮਨ ਦੀ ਚਮਕ ਕਦੇ ਘਟਦੀ ਨਹੀਂ। ਇਸ ਲਈ ਮਨੁੱਖ ਨੂੰ ਆਪਣੀ ਬਾਹਰੀ ਸੁੰਦਰਤਾ ਤੋਂ ਵੱਧ ਆਪਣੇ ਮਨ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਮਨੁੱਖ ਦੀ ਅਸਲੀ ਪਛਾਣ ਉਸ ਦੇ ਚਿਹਰੇ, ਰੰਗ-ਰੂਪ ਜਾਂ ਦੌਲਤ ਨਾਲ ਨਹੀਂ ਹੁੰਦੀ ਸਗੋਂ ਉਸ ਦੇ ਮਨ ਤੇ ਸੁਭਾਅ ਨਾਲ ਹੁੰਦੀ ਹੈ। ਬਾਹਰੀ ਸੁੰਦਰਤਾ ਸਿਰਫ਼ ਅੱਖਾਂ ਨੂੰ ਭਾਉਂਦੀ ਹੈ ਪਰ ਮਨ ਦੀ ਸੁੰਦਰਤਾ ਦਿਲਾਂ ਨੂੰ ਜਿੱਤ ਲੈਂਦੀ ਹੈ। ਸਮੇਂ ਦੇ ਨਾਲ ਚਿਹਰੇ ਦੀ ਰੌਣਕ ਮੰਦ ਪੈ ਸਕਦੀ ਹੈ ਪਰ ਮਨ ਦੀ ਚਮਕ ਕਦੇ ਘਟਦੀ ਨਹੀਂ। ਇਸ ਲਈ ਮਨੁੱਖ ਨੂੰ ਆਪਣੀ ਬਾਹਰੀ ਸੁੰਦਰਤਾ ਤੋਂ ਵੱਧ ਆਪਣੇ ਮਨ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਬਾਹਰੀ ਦਿਖਾਵੇ ਨੂੰ ਵੱਧ ਮਹੱਤਵ ਦਿੰਦੇ ਲੋਕ
ਮਨ ਦੀ ਸੁੰਦਰਤਾ ਦਾ ਅਰਥ ਸਿਰਫ਼ ਚੰਗੀ ਸੋਚ ਹੀ ਨਹੀਂ ਸਗੋਂ ਚੰਗੇ ਕਰਮ ਵੀ ਹਨ। ਜਦੋਂ ਮਨੁੱਖ ਦੇ ਵਿਚਾਰ ਪਵਿੱਤਰ ਹੁੰਦੇ ਹਨ ਤਾਂ ਉਸ ਦੇ ਬੋਲ ਅਤੇ ਕਰਮ ਵੀ ਪਵਿੱਤਰ ਹੋ ਜਾਂਦੇ ਹਨ। ਦਇਆ, ਸਹਿਣਸ਼ੀਲਤਾ, ਸੱਚਾਈ, ਇਮਾਨਦਾਰੀ, ਨਿਮਰਤਾ ਤੇ ਹੋਰਾਂ ਦੀ ਸੇਵਾ ਕਰਨ ਦੀ ਭਾਵਨਾ ਮਨ ਦੀ ਸੁੰਦਰਤਾ ਦੇ ਅਹਿਮ ਹਿੱਸੇ ਹਨ। ਜਿਹੜਾ ਮਨੁੱਖ ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਹੈ ਤੇ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ, ਉਹੀ ਅਸਲ ਵਿਚ ਸੁੰਦਰ ਮਨ ਵਾਲਾ ਹੁੰਦਾ ਹੈ। ਅੱਜ ਦੇ ਸਮਾਜ ’ਚ ਅਕਸਰ ਲੋਕ ਬਾਹਰੀ ਦਿਖਾਵੇ ਨੂੰ ਵੱਧ ਮਹੱਤਵ ਦਿੰਦੇ ਹਨ। ਮਹਿੰਗੇ ਕੱਪੜੇ, ਗਹਿਣੇ, ਵੱਡੇ ਘਰ ਅਤੇ ਉੱਚੀ ਪਦਵੀ ਨੂੰ ਕਾਮਯਾਬੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਪਰ ਜੇ ਮਨ ਵਿਚ ਅਹੰਕਾਰ, ਈਰਖਾ ਜਾਂ ਘ੍ਰਿਣਾ ਹੋਵੇ ਤਾਂ ਇਹ ਸਭ ਕੁਝ ਬੇਮਤਲਬ ਹੋ ਜਾਂਦਾ ਹੈ। ਅਸਲੀ ਕਾਮਯਾਬੀ ਉਹ ਹੈ, ਜੋ ਮਨੁੱਖ ਨੂੰ ਅੰਦਰੋਂ ਸੰਤੁਸ਼ਟੀ ਤੇ ਖ਼ੁਸ਼ੀ ਦੇਵੇ। ਇਹ ਸੰਤੁਸ਼ਟੀ ਸਿਰਫ਼ ਮਨ ਦੀ ਸੁੰਦਰਤਾ ਨਾਲ ਹੀ ਮਿਲ ਸਕਦੀ ਹੈ। ਸੁੰਦਰ ਮਨ ਵਾਲਾ ਵਿਅਕਤੀ ਹਰ ਥਾਂ ਆਦਰ ਪਾਉਂਦਾ ਹੈ। ਲੋਕ ਉਸ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ ਕਿਉਂਕਿ ਉਸ ਦੀ ਬੋਲਚਾਲ ਅਤੇ ਵਿਹਾਰ ਵਿਚ ਮਿੱਠਾਸ ਹੁੰਦੀ ਹੈ। ਅਜਿਹਾ ਮਨੁੱਖ ਸਮਾਜ ’ਚ ਪ੍ਰੇਰਣਾ ਦਾ ਸਰੋਤ ਬਣ ਜਾਂਦਾ ਹੈ।
ਸਮਾਜਿਕ ਸ਼ਾਂਤੀ ਦੀ ਬੁਨਿਆਦ
ਮਨ ਦੀ ਸੁੰਦਰਤਾ ਸਿਰਫ਼ ਵਿਅਕਤੀਗਤ ਗੁਣ ਨਹੀਂ ਸਗੋਂ ਸਮਾਜਿਕ ਸ਼ਾਂਤੀ ਦੀ ਬੁਨਿਆਦ ਵੀ ਹੈ। ਜੇ ਹਰ ਮਨੁੱਖ ਆਪਣੇ ਮਨ ਨੂੰ ਸਾਫ਼ ਤੇ ਸੁੰਦਰ ਬਣਾਏ, ਤਾਂ ਸਮਾਜ ਵਿਚ ਝਗੜੇ, ਨਫ਼ਰਤਅਤੇ ਅਨਿਆਂ ਘੱਟ ਹੋ ਸਕਦੇ ਹਨ। ਪਿਆਰ, ਸਹਿਯੋਗ ਤੇ ਭਾਈਚਾਰੇ ਦੀ ਭਾਵਨਾ ਵੱਧ ਸਕਦੀ ਹੈ। ਇਸ ਤਰ੍ਹਾਂ ਮਨ ਦੀ ਸੁੰਦਰਤਾ ਸੁਖੀ ਤੇ ਖ਼ੁਸ਼ਹਾਲ ਸਮਾਜ ਦੀ ਰਚਨਾ ਕਰਦੀ ਹੈ। ਮਨ ਦੀ ਸੁੰਦਰਤਾ ਹਾਸਿਲ ਕਰਨ ਲਈ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਪੈਂਦੀ ਹੈ। ਸਾਨੂੰ ਆਪਣੇ ਦੋਸ਼ਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਚੰਗੀਆਂ ਕਿਤਾਬਾਂ ਪੜ੍ਹਨਾ, ਵੱਡਿਆਂ ਦੀ ਸੰਗਤ ਕਰਨਾ, ਧਾਰਮਿਕ ਅਤੇ ਅਧਿਆਤਮਿਕ ਵਿਚਾਰ ਸੁਣਨਾ ਮਨ ਨੂੰ ਸੁਚੱਜਾ ਬਣਾਉਂਦੇ ਹਨ। ਸੱਚ ਬੋਲਣਾ, ਮਾਫ਼ ਕਰਨਾ ਤੇ ਧੀਰਜ ਰੱਖਣਾ ਮਨ ਨੂੰ ਮਜ਼ਬੂਤ ਤੇ ਸੁੰਦਰ ਬਣਾਉਂਦੇ ਹਨ।
ਚੰਗਾ ਇਨਸਾਨ ਬਣਨ ਦੀ ਕੋਸ਼ਿਸ਼
ਬੱਚਿਆਂ ਲਈ ਵੀ ਇਹ ਸਿੱਖਿਆ ਬਹੁਤ ਜ਼ਰੂਰੀ ਹੈ ਕਿ ਉਹ ਸਿਰਫ਼ ਅੰਕਾਂ ਜਾਂ ਰੂਪ-ਰੰਗ ਦੀ ਦੌੜ ਵਿਚ ਨਾ ਫਸਣ ਸਗੋਂ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰਨ। ਮਾਤਾ-ਪਿਤਾ ਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਵਿਚ ਚੰਗੇ ਸੰਸਕਾਰ ਪੈਦਾ ਕਰਨ। ਜੇ ਬਚਪਨ ਤੋਂ ਹੀ ਦਇਆ, ਸੱਚਾਈ ਤੇ ਨਿਮਰਤਾ ਦੇ ਬੀਜ ਬੀਜੇ ਜਾਣ ਤਾਂ ਭਵਿੱਖ ’ਚ ਸੁੰਦਰ ਸਮਾਜ ਦੀ ਰਚਨਾ ਹੋ ਸਕਦੀ ਹੈ। ਅੰਤ ’ਚ ਇਹ ਕਹਿਣਾ ਠੀਕ ਹੈ ਕਿ ਮਨ ਦੀ ਸੁੰਦਰਤਾ ਹੀ ਮਨੁੱਖ ਦੀ ਅਸਲੀ ਦੌਲਤ ਹੈ। ਇਹ ਉਹ ਦੌਲਤ ਹੈ, ਜੋ ਨਾ ਚੋਰੀ ਹੋ ਸਕਦੀ ਹੈ ਅਤੇ ਨਾ ਹੀ ਸਮੇਂ ਨਾਲ ਖ਼ਤਮ ਹੁੰਦੀ ਹੈ। ਬਾਹਰੀ ਸੁੰਦਰਤਾ ਅਸਥਾਈ ਹੈ ਪਰ ਅੰਦਰਲੀ ਸੁੰਦਰਤਾ ਸਦਾ ਕਾਇਮ ਰਹਿੰਦੀ ਹੈ। ਇਸ ਲਈ ਸਾਨੂੰ ਹਰ ਰੋਜ਼ ਆਪਣੇ ਮਨ ਨੂੰ ਪਵਿੱਤਰ ਤੇ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਸੁੰਦਰ ਮਨ ਹੀ ਸਾਨੂੰ ਸੱਚਾ, ਕਾਮਯਾਬ ਤੇ ਆਦਰਯੋਗ ਮਨੁੱਖ ਬਣਾਉਂਦਾ ਹੈ।
- ਹਰਪ੍ਰੀਤ ਕੌਰ ਸੇਖੋਂ