ਚੜ੍ਹਦੀ ਕਲਾ ਅਜਿਹਾ ਮੰਤਰ ਹੈ, ਜਿਹੜਾ ਇਨਸਾਨ ਨੂੰ ਕਦੇ ਵੀ ਨਿਰਾਸ਼ਤਾ ਤੇ ਨਾਂਹ-ਪੱਖੀ ਦੇ ਨੇੜੇ ਨਹੀਂ ਢੁਕਣ ਦਿੰਦਾ। ਇਹ ਮੰਤਰ ਅਜਿਹੀ ਸ਼ਕਤੀ ਭਰ ਦਿੰਦਾ ਹੈ ਕਿ ਜਦੋਂ ਕਦੇ ਔਖੀ ਘੜੀ ਆ ਵੀ ਜਾਵੇ ਤਾਂ ਵੀ ਗੁਰੂ ਨਾਨਕ ਦੇ ਸ਼ਬਦ ਮੂੰਹੋਂ ਨਿਕਲ ਜਾਂਦੇ ਹਨ।

ਚੜ੍ਹਦੀ ਕਲਾ ਅਜਿਹਾ ਮੰਤਰ ਹੈ, ਜਿਹੜਾ ਇਨਸਾਨ ਨੂੰ ਕਦੇ ਵੀ ਨਿਰਾਸ਼ਤਾ ਤੇ ਨਾਂਹ-ਪੱਖੀ ਦੇ ਨੇੜੇ ਨਹੀਂ ਢੁਕਣ ਦਿੰਦਾ। ਇਹ ਮੰਤਰ ਅਜਿਹੀ ਸ਼ਕਤੀ ਭਰ ਦਿੰਦਾ ਹੈ ਕਿ ਜਦੋਂ ਕਦੇ ਔਖੀ ਘੜੀ ਆ ਵੀ ਜਾਵੇ ਤਾਂ ਵੀ ਗੁਰੂ ਨਾਨਕ ਦੇ ਸ਼ਬਦ ਮੂੰਹੋਂ ਨਿਕਲ ਜਾਂਦੇ ਹਨ।
ਕੇਤਿਆ ਦੂਖ ਭੂਖ ਸਦ ਮਾਰ।
ਏਹਿ ਭੀ ਦਾਤਿ ਤੇਰੀ ਦਾਤਾਰ॥
ਉਹ ਦੁੱਖ ਨੂੰ ਕਿਸੇ ਭਲੇ ਸਮਾਂ ਦਾ ਸੰਕੇਤ ਸਮਝ ਸਵੀਕਾਰ ਕਰ ਲੈਂਦਾ ਹੈ ਕਿਉਂਕਿ ਉਸ ਨੂੰ ਯਕੀਨ ਹੁੰਦਾ ਹੈ ਕਿ ਔਖੀ ਘੜੀ ਨਾ ਰਹੇ ਹਮੇਸ਼ਾ। ਮਨੁੱਖ ਨੂੰ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਆਪਣੀ ਕਿਰਤ ਕਰਦੇ ਰਹਿਣਾ ਚਾਹੀਦਾ ਹੈ। ਉਹ ਕਿਸੇ ਨਾਲ ਈਰਖਾ ਨਹੀਂ ਕਰਦਾ, ਨਾ ਹੀ ਕਿਸੇ ਨਾਲ ਵੈਰ-ਵਿਰੋਧ ਰੱਖਦਾ ਹੈ। ਗੁਰੂ ਅਰਜਨ ਸਾਹਿਬ ਦੇ ਇਹ ਬਚਨ ਹਮੇਸ਼ਾ ਯਾਦ ਰੱਖਦਾ ਹੈ:
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥
ਉਹ ਬੁਰੇ ਸਮੇਂ ਦਾ ਵੀ ਸਤਿਕਾਰ ਕਰਦਾ ਹੈ ਕਿਉਂਕਿ ਉਸ ਨੂੰ ਯਕੀਨ ਹੁੰਦਾ ਹੈ ਕਿ ਇਹ ਵੀ ਕਿਸੇ ਭਲੇ ਦਾ ਹੀ ਸੰਕੇਤ ਹੈ। ਉਸ ਨੂੰ ਯਕੀਨ ਹੁੰਦਾ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਠੀਕ ਹੀ ਹੋ ਰਿਹਾ ਹੈ। ਉਹ ਆਖ ਲੈਂਦਾ ਹੈ:
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਇਹ ਮੰਤਰ ਇਨਸਾਨ ਨੂੰ ਸਵੈ-ਕਾਬੂ ਦਾ ਬਲ ਬਖ਼ਸ਼ਦਾ ਹੈ। ਮਨੁੱਖੀ ਪੰਜ ਸ਼ਕਤੀਆਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਆਪਣੇ ਵਸ ’ਚ ਕਰਨ ਦੀ ਜਾਚ ਆ ਜਾਂਦੀ ਹੈ। ਉਹ ਕਾਮ ਦੀ ਵਰਤੋਂ ਪਿਆਰ, ਉਤਪਤੀ ਤੇ ਪੱਕੀ ਸਾਂਝ ਲਈ ਕਰਦਾ ਹੈ। ਇਸ ਨਾਲ ਪਤੀ-ਪਤਨੀ ਦੀ ਆਪਸੀ ਸਾਂਝ ਪੱਕੀ ਹੋ ਜਾਂਦੀ ਹੈ। ਮਨੁੱਖੀ ਸੋਚ ਸਾਰਥਿਕ ਪਾਸੇ ਜੁੜਦੀ ਹੈ, ਜਿਸ ਨਾਲ ਜੀਵਨ ਨੂੰ ਸੁਖਾਵਾਂ ਬਣਾਉਣ ਵਿਚ ਸਹਾਇਤਾ ਪ੍ਰਾਪਤ ਕਰਦੀ ਹੈ। ਕ੍ਰੋਧ ਬਹੁਤ ਹੀ ਭੈੜਾ ਤੇ ਘਾਤਕ ਰੋਗ ਹੈ, ਜਿਹੜਾ ਆਪਣੇ ਸਰੀਰ ਲਈ ਹੀ ਘਾਤਕ ਨਹੀਂ ਸਗੋਂ ਮਨੁੱਖੀ ਰਿਸ਼ਤਿਆਂ ਨੂੰ ਵੀ ਤੋੜਦਾ ਹੈ। ਕ੍ਰੋਧ ਤੇ ਹੋਸ਼ ਦੀ ਆਪੋ ’ਚ ਦੁਸ਼ਮਣੀ ਹੈ। ਕ੍ਰੋਧ ਵਿਚ ਆਇਆ ਮਨੁੱਖ ਆਪਣੀ ਹੋਸ਼ ਗੁਆ ਬੈਠਦਾ ਹੈ। ਇਸ ਦੇ ਉਲਟ ਸੂਝਵਾਨ ਮਨੁੱਖ ਕ੍ਰੋਧ ਉੱਤੇ ਕਾਬੂ ਪਾ ਕੇ ਇਸ ਨੂੰ ਜੋਸ਼ ਵਿਚ ਤਬਦੀਲ ਕਰ ਲੈਂਦਾ ਹੈ ਤੇ ਇਸ ਵਧੀ ਊਰਜਾ ਨਾਲ ਕਈ ਔਖੇ ਸਮਝੇ ਕਾਰਜ ਵੀ ਪੂਰੇ ਹੋ ਜਾਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਲੋਭ ਜਾਂ ਲਾਲਚ ਬੁਰੀ ਬਲਾ ਹੈ। ਲੋਭੀ ਮਨੁੱਖ ਹਮੇਸ਼ਾ ਦੁਖੀ ਰਹਿੰਦਾ ਹੈ। ਆਪਣੇ ਕੋਲ ਜੋ ਹੈ, ਉਸ ਦਾ ਅਨੰਦ ਮਾਣਨ ਦੀ ਥਾਂ ਲੋਭੀ ਮਨੁੱਖ ਹੋਰ ਤੇ ਹੋਰ ਦੀ ਪ੍ਰਾਪਤੀ ਲਈ ਝੂਰਦਾ ਰਹਿੰਦਾ ਹੈ। ਇਸ ਲਈ ਉਹ ਹਰ ਤਰ੍ਹਾਂ ਦੇ ਗ਼ਲਤ-ਸਹੀ ਢੰਗ ਅਪਣਾਉਣ ਤੋਂ ਵੀ ਗੁਰੇਜ ਨਹੀਂ ਕਰਦਾ। ਸੰਤੋਖ ਜਾਂ ਸਬਰ ਮਨੁੱਖੀ ਮਨ ਨੂੰ ਕਾਬੂ ਕਰਦਾ ਹੈ, ਜੋ ਪ੍ਰਾਪਤ ਹੋਇਆ ਉਸ ਨੂੰ ਮਾਣਨ ਲਈ ਉਤਸ਼ਾਹਿਤ ਕਰਦਾ ਹੈ।
ਬੀਤਿਆਂ ਸਮਾਂ ਮੁੜ ਨਹੀਂ ਆਉਂਦਾ
ਸੰਤੋਖੀ ਮਨੁੱਖ ਉੱਪਰ ਵੱਲ ਵੇਖ ਝੂਰਦਾ ਨਹੀਂ ਸਗੋਂ ਆਪਣੇ ਤੋਂ ਹੇਠਾਂ ਵੱਲ ਵੇਖ ਦਾਤੇ ਦਾ ਸ਼ੁਕਰਾਨਾ ਕਰਦਾ ਹੈ, ਜਿਸ ਨੇ ਉਸ ਉਤੇ ਬਖਸ਼ਿਸ਼ ਕੀਤੀ ਹੈ। ਇਸ ਦਾ ਇਹ ਭਾਵ ਨਹੀਂ ਕਿ ਅੱਗੇ ਵਧਣ ਦੇ ਯਤਨ ਕੀਤੇ ਹੀ ਨਾ ਜਾਣ ਪਰ ਕੱਲ੍ਹ ਦੀ ਉਡੀਕ ਵਿਚ ਅੱਜ ਦਾ ਆਨੰਦ ਮਾਣਨਾ ਛੱਡਣਾ ਨਹੀਂ ਚਾਹੀਦਾ ਕਿਉਂਕਿ ਅੱਜ ਨੇ ਮੁੜ ਪ੍ਰਾਪਤ ਨਹੀਂ ਹੋਣਾ। ਪ੍ਰਾਪਤ ਹੋਏ ਸਵਾਸਾਂ ਦੀ ਪੂੰਜੀ ਹਰ ਦਿਨ ਘਟ ਰਹੀ ਹੈ। ਕੱਲ੍ਹ ਬਾਰੇ ਸੋਚਣਾ ਗ਼ਲਤ ਨਹੀਂ ਹੈ ਪਰ ਅੱਜ ਨੂੰ ਵਿਸਾਰ ਕੇ ਕੱਲ੍ਹ ਬਾਰੇ ਸੋਚਣਾ ਸਹੀ ਨਹੀਂ ਹੈ ਕਿਉਂਕਿ ਕੱਲ੍ਹ ਤਾਂ ਕਦੇ ਆਉਣਾ ਹੀ ਨਹੀਂ ਹੈ। ਕਈ ਬੀਤੇ ਕੱਲ੍ਹ ਬਾਰੇ ਸੋਚ ਕੇ ਝੂਰਦੇ ਰਹਿੰਦੇ ਹਨ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬੀਤਿਆ ਸਮਾਂ ਤਾਂ ਮੁੜ ਆਉਣਾ ਹੀ ਨਹੀਂ ਹੈ। ਸਗੋਂ ਬੀਤੇ ’ਚ ਹੋਈ ਗ਼ਲਤੀ ਨੂੰ ਸੁਧਾਰ ਕੇ ਅੱਜ ਨੂੰ ਸੁਖਾਵਾਂ ਬਣਾਉਣਾ ਚਾਹੀਦਾ ਹੈ। ਕਿਸੇ ਠੀਕ ਹੀ ਆਖਿਆ ਹੈ ਕਿ ਜੀਵਨ ਆਈਸਕ੍ਰੀਮ ਵਰਗਾ ਹੁੰਦਾ ਹੈ। ਇਸ ਤੋਂ ਪਹਿਲਾਂ ਕਿ ਇਹ ਖੁਰ ਜਾਵੇ, ਇਸ ਦਾ ਆਨੰਦ ਲੈ ਲੈਣਾ ਚਾਹੀਦਾ ਹੈ।
ਮਨੁੱਖੀ ਸ਼ਕਤੀ ਦਾ ਹਥਿਆਰ ਹੈ ਮੋਹ
ਮੋਹ ਵੀ ਮਨੁੱਖੀ ਸ਼ਕਤੀ ਦਾ ਹੀ ਇਕ ਹਥਿਆਰ ਹੈ ਪਰ ਜਦੋਂ ਇਹ ਹੱਥੋਂ ਵੱਧ ਜਾਵੇ ਤਾਂ ਪਾਗਲਪਨ ਦਾ ਰੂਪ ਅਖ਼ਤਿਆਰ ਕਰ ਲੈਂਦਾ ਹੈ। ਪਿਆਰ ਰਿਸ਼ਤਿਆਂ ਨੂੰ ਜੋੜਦਾ ਹੈ, ਜਦੋਂਕਿ ਨਫ਼ਰਤ ਰਿਸ਼ਤਿਆਂ ਨੂੰ ਤੋੜਦੀ ਹੈ। ਜੀਵਨ ਦੀਆਂ ਘੜੀਆਂ ਹਰੇਕ ਕੋਲ ਗਿਣਤੀ ਦੀਆਂ ਹੁੰਦੀਆਂ ਹਨ। ਸੌ ਸਾਲ ਤੋਂ ਵੱਧ ਤਾਂ ਕੋਈ ਵਿਰਲਾ-ਟਾਵਾਂ ਹੀ ਸਵਾਸ ਲੈਂਦਾ ਹੈ ਪਰ ਉਦੋਂ ਤਕ ਉਸ ਦੀ ਨਿਰਭਰਤਾ ਦੂਜਿਆਂ ਉਤੇ ਵਧੇਰੇ ਹੋ ਜਾਂਦੀ ਹੈ। ਸਭਨਾਂ ਨਾਲ ਪਿਆਰ ਕਰੋ ਪਰ ਮੋਹ ਦੀਆਂ ਤੰਦਾਂ ਇੰਨੀਆਂ ਮਜ਼ਬੂਤ ਨਾ ਕਰੋ ਕਿ ਕਬਜ਼ੇ ਦਾ ਰੂਪ ਧਾਰਨ ਕਰ ਲੈਣ। ਇਹ ਆਖਣਾ ਕਿ ਇਹ ਤਾਂ ਕੇਵਲ ਮੇਰਾ ਹੀ ਹੈ, ਹੋਰ ਕਿਸੇ ਦਾ ਨਹੀਂ ਹੋ ਸਕਦਾ ਮੋਹ ਦੀ ਅੱਤ ਸਮਝੀ ਜਾਂਦੀ ਹੈ। ਜਦੋਂ ਉਹ ਜੀਵ ਜਾਂ ਵਸਤੂ ਹੱਥੋਂ ਖਿਸਕਦੀ ਹੈ ਤਾਂ ਵੀ ਪਾਗਲਪਣ ਦੀ ਸਥਿਤੀ ਬਣ ਜਾਂਦੀ ਹੈ। ਪਿਆਰ ਸਭਨਾਂ ਨਾਲ ਕਰੋ ਪਰ ਭਾਣਾ ਮੰਨਣ ਦਾ ਬਲ ਵੀ ਆਪਣੇ ਅੰਦਰ ਪੈਦਾ ਕਰੋ। ਜਦੋਂ ਭਾਣਾ ਮੰਨਣ ਦੇ ਬਲ ਦੀ ਬਖਸ਼ਿਸ਼ ਹੋ ਜਾਵੇ ਤਾਂ ਮਨੁੱਖ ਝੂਰਦਾ ਨਹੀਂ ਤੇ ਨਾ ਹੀ ਮਾਯੂਸੀ ਦੀ ਗਹਿਰੀ ਖਾਈ ਵਿਚ ਡਿੱਗਦਾ ਹੈ। ਗੁਰੂ ਅਰਜਨ ਦੇਵ ਜੀ ਦੇ ਸ਼ਬਦ ਹਮੇਸ਼ਾ ਯਾਦ ਰੱਖੋ।
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥
ਹੰਕਾਰ ਇਕ ਰੋਗ ਹੈ
ਹੰਕਾਰ ਵੀ ਇਕ ਰੋਗ ਹੀ ਹੈ। ਪੈਸੇ, ਕੁਰਸੀ, ਸ਼ਕਤੀ ਜਾਂ ਸੁੰਦਰਤਾ ਦਾ ਹੰਕਾਰ ਮਨੁੱਖ ਨੂੰ ਬਿਮਾਰ ਕਰ ਦਿੰਦਾ ਹੈ। ਉਹ ਆਪਣੇ ਆਪ ’ਚ ਸੁੰਗੜ ਜਾਂਦਾ ਹੈ। ਪ੍ਰਸਿੱਧ ਅਖਾਣ ਹੈ, ‘ਹੰਕਾਰਿਆ ਸੋ ਮਾਰਿਆ।’ ਹੰਕਾਰੀ ਮਨੁੱਖ ਤੋਂ ਸਭ ਦੂਰ ਰਹਿਣ ਦਾ ਯਤਨ ਕਰਦੇ ਹਨ। ਜੇ ਕੋਈ ਨੇੜੇ ਆਉਂਦਾ ਵੀ ਹੈ ਤਾਂ ਆਪਣੇ ਕਿਸੇ ਮਤਲਬ ਲਈ। ਅਜਿਹੀ ਸਾਂਝ ਮੰਤਵ ਪੂਰਤੀ ਤਕ ਹੀ ਸੀਮਤ ਹੁੰਦੀ ਹੈ। ਜੀਵਨ ਵਿਚ ਨਿਮਰਤਾ ਜ਼ਰੂਰੀ ਹੈ ਪਰ ਇਸ ਦਾ ਇਹ ਅਰਥ ਨਹੀਂ ਕਿ ਆਪਣੇ ਆਪ ਉਤੇ ਮਾਣ ਨਾ ਕੀਤਾ ਜਾਵੇ। ਸਵੈਮਾਣ ਊਰਜਾ ਪ੍ਰਦਾਨ ਕਰਦਾ ਹੈ, ਜਦੋਂਕਿ ਹੰਕਾਰ ਵਿਨਾਸ਼ ਦਾ ਕਾਰਨ ਬਣਦਾ ਹੈ। ਚੜ੍ਹਦੀ ਕਲਾ ਦਾ ਮੰਤਰ ਹੀ ਮਨੁੱਖ ਨੂੰ ਸਵੈਕਾਬੂ ਕਰਨ ਦੀ ਸ਼ਕਤੀ ਬਖਸ਼ਦਾ ਹੈ ਤੇ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ। ਜਿਸ ਨੰ ਆਪਣੇ ਮਨ ਨੂੰ ਜਿੱਤ ਲਿਆ, ਉਹ ਹੀ ਸੰਸਾਰ ਨੂੰ ਜਿੱਤ ਸਕਦਾ ਹੈ। ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਮਨਿ ਜੀਤੈ ਜਗੁ ਜੀਤੁ ਉਸ ਦਾ ਮਾਰਗ ਦਰਸ਼ਕ ਬਣ ਜਾਂਦਾ ਹੈ। ਉਹ ਇਹ ਜਾਣਦਾ ਹੈ ਕਿ ਮਨ ਨੂੰ ਜਿੱਤਣ ਲਈ ਗਿਆਨ ਰੂਪੀ ਸ਼ਕਤੀ ਦੀ ਲੋੜ ਪੈਂਦੀ ਹੈ ਕਿਉਂਕਿ ਗਿਆਨੀ ਹੀ ਮਨ ਨੂੰ ਜਿੱਤ ਕੇ ਸੰਸਾਰ ਨੂੰ ਜਿੱਤ ਲੈਂਦੇ ਹਨ। ਹਊਮੈ ਤੇ ਗੁੱਸੇ ’ਚ ਗ੍ਰਸਿਆ ਬੰਦਾ ਆਪਣੇ ਆਪ ’ਚ ਹੀ ਸਿਮਟ ਕੇ ਰਹਿ ਜਾਂਦਾ ਹੈ। ਭਲੇ ਪੁਰਖ ਹਰ ਦੁੱਖ-ਸੁੱਖ ਸਮੇਂ ਇਕ ਸਮਾਨ ਹੀ ਰਹਿੰਦੇ ਹਨ। ਉਹ ਪ੍ਰਾਪਤੀਆਂ ਦਾ ਹੰਕਾਰ ਨਹੀਂ ਕਰਦੇ ਤੇ ਨਾ ਹੀ ਦੁੱਖ ਸਮੇਂ ਵਿਰਪਾਲ ਕਰਦੇ ਹਨ। ਜਦੋਂ ਕੁਝ ਗ਼ਲਤ ਵਾਪਰਦਾ ਹੈ ਤਾਂ ਉਹ ਇਹ ਆਖ ਆਪਣੇ ਆਪ ਨੂੰ ਸਮਝਾ ਲੈਂਦੇ ਹਨ ਕਿ ਇਸ ਵਿਚ ਵੀ ਕੁਝ ਚੰਗਾ ਹੀ ਹੋਵੇਗਾ। ਚੜ੍ਹਦੀ ਕਲਾ ’ਚ ਰਹਿੰਦਾ ਮਨੁੱਖ ਕਦੇ ਵੀ ਡੋਲਦਾ ਤੇ ਘਬਰਾਉਂਦਾ ਨਹੀਂ ਸਗੋਂ ਇਸ ਨੂੰ ਭਾਣਾ ਮੰਨ ਕੇ ਅਗੇ ਵਧਣ ਦਾ ਯਤਨ ਕਰਦਾ ਹੈ। ਉਹ ਈਰਖਾਲੂ ਨਹੀਂ ਸਗੋਂ ਦਿਆਲੂ ਬਣ ਜਾਂਦਾ ਹੈ। ਦੂਜਿਆਂ ਦੀ ਖ਼ੁਸ਼ੀ ਵੇਖ ਕੇ ਖ਼ੁਸ਼ ਹੁੰਦਾ ਹੈ ਪਰ ਦੁੱਖ ਵੇਖ ਕੇ ਕੇਵਲ ਦੁਖੀ ਹੀ ਨਹੀਂ ਹੁੰਦਾ ਸਗੋਂ ਜਿੱਥੋਂ ਤਕ ਹੋ ਸਕੇ, ਉਸ ਨੂੰ ਦੂਰ ਕਰਨ ਦਾ ਯਤਨ ਕਰਦਾ ਹੈ।
ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ
ਚੜ੍ਹਦੀ ਕਲਾ ਵਾਲੇ ਵਿਅਕਤੀਆਂ ਦਾ ਕਿਰਦਾਰ ਦੂਜਿਆਂ ਲਈ ਮਿਸਾਲ ਬਣਦਾ ਹੈ ਅਤੇ ਉਨ੍ਹਾਂ ਨੂੰ ਵੀ ਅਜਿਹਾ ਬਣਨ ਲਈ ਉਤਸ਼ਾਹਿਤ ਕਰਦਾ ਹੈ। ਔਖੀ ਘੜੀ ਵਿਚ ਜਿਹੜਾ ਵਿਅਕਤੀ ਚੜ੍ਹਦੀ ਕਲਾ ’ਚ ਰਹਿੰਦਾ ਹੈ, ਉਹ ਹੀ ਸਰਬੱਤ ਦੇ ਭਲੇ ਬਾਰੇ ਸੋਚ ਸਕਦਾ ਹੈ। ਅੱਜ ਸਾਰੇ ਸੰਸਾਰ ’ਚ ਇਕ-ਦੂਜੇ ਨੂੰ ਠਿੱਬੀ ਲਾ ਕੇ ਅੱਗੇ ਵਧਣ ਦਾ ਰੁਝਾਨ ਵੱਧ ਰਿਹਾ ਹੈ। ਇਸੇ ਕਰਕੇ ਸਾਰੇ ਪਾਸੇ ਆਪਾਧਾਪੀ ਹੋਈ ਪਈ ਹੈ। ਤਾਕਤ ਪ੍ਰਾਪਤੀ ਲਈ ਬਹੁਤ ਲੋਕ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ, ਇਸੇ ਕਰਕੇ ਸੰਸਾਰ ’ਚ ਹਰ ਪਾਸੇ ਤਣਾਅ ਵੱਧ ਰਿਹਾ ਹੈ। ਰਲ-ਮਿਲ ਕੇ ਰਹਿਣ ਤੇ ਆਪਸੀ ਸਾਂਝ ਟੁੱਟ ਰਹੀ ਹੈ। ਦੂਜਿਆਂ ਦੇ ਹੱਕਾਂ ਉਤੇ ਡਾਕਾ ਮਾਰ ਰਾਤੋ-ਰਾਤ ਅਮੀਰ ਬਣਨ ਤੇ ਅੱਗੇ ਵਧਣ ਦਾ ਰੁਝਾਨ ਜਿੱਥੇ ਅਮੀਰ ਤੇ ਗ਼ਰੀਬ ਵਿਚ ਪਾੜਾ ਵਧਾ ਰਿਹਾ ਹੈ, ਉੱਥੇ ਹਰ ਪਾਸੇ ਬੇਚੈਨੀ, ਨਿਰਾਸ਼ਤਾ ਤੇ ਨਾ-ਉਮੀਦੀ ਵੱਧ ਰਹੀ ਹੈ। ਕੁਦਰਤ ਨੇ ਸਾਰਿਆਂ ਜੀਵਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਸਾਡੇ ਵਿੱਚੋਂ ਹੀ ਤਾਕਤਵਰਾਂ ਨੇ ਦੂਜਿਆਂ ਦੇ ਹੱਕਾਂ ਉਤੇ ਡਾਕੇ ਮਾਰ ਅਮੀਰ-ਗ਼ਰੀਬ ਵਿਚ ਪਾੜਾ ਵੱਡਾ ਕਰ ਦਿੱਤਾ ਹੈ। ਇਸ ਪਾੜੇ ਨੂੰ ਮੇਟਣ ਲਈ ਉਹ ਹੀ ਯਤਨ ਕਰ ਸਕਦਾ ਹੈ, ਜਿਹੜਾ ਸਰਬੱਤ ਦਾ ਭਲਾ ਸੋਚਦਾ ਹੈ। ਗੁਰੂ ਨਾਨਕ ਸਾਹਿਬ ਬਖਸ਼ਿਸ਼ ਤ੍ਰੈਗੁਣੀ ਜੀਵਨ ਜਾਚ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਹੀ ਦੁਨੀਆ ਵਿੱਚੋਂ ਨਾਬਰਾਬਰੀ, ਧੱਕੇਸ਼ਾਹੀ ਤੇ ਲੁਟ-ਖਸੁੱਟ ਨੂੰ ਰੋਕ ਸਕਦੀ ਹੈ। ਵੰਡ ਛਕਣ ਵਾਲਾ ਵਿਅਕਤੀ ਹੀ ਸਰਬੱਤ ਦੇ ਭਲੇ ਬਾਰੇ ਸੋਚਦਾ ਹੈ। ਉਹ ਇਮਾਨਦਾਰੀ ਨਾਲ ਕਿਰਤ ਕਰਦਾ ਹੈ ਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦਾ ਹੈ ਕਿਉਂਕਿ ਉਸ ਨੂੰ ਆਪਣੇ ਆਪ ਅਤੇ ਅਗੰਮੀ ਸ਼ਕਤੀ ਉਤੇ ਪੂਰਾ ਭਰੋਸਾ ਹੁੰਦਾ ਹੈ। ਉਸ ਨੂੰ ਯਕੀਨ ਹੁੰਦਾ ਹੈ ਕਿ ਸਵੈ-ਭਰੋਸਾ ਰੱਖਣ ਵਾਲੇ ਲੋਕਾਂ ਉਤੇ ਬੁਰਾ ਸਮਾ ਹਮੇਸ਼ਾਂ ਨਹੀਂ ਰਹਿੰਦਾ। ਇਹ ਤਾਂ ਸਗੋਂ ਇਕ ਇਮਤਿਹਾਨ ਹੁੰਦਾ ਹੈ ਆਪਣੇ ਆਪ ਉਤੇ ਭਰੋਸੇ ਨੂੰ ਮਾਪਣ ਅਤੇ ਚੜ੍ਹਦੀ ਕਲਾ ਦੇ ਮੰਤਰ ਦੀ ਸ਼ਕਤੀ ਮਹਿਸੂਸ ਕਰਨ ਦਾ। ਜਿਸ ਨੇ ਇਹ ਮਹਿਸੂਸ ਕਰ ਲਿਆਸ ਉਹ ਕਦੇ ਵੀ ਆਪਣੇ ਰਸਤੇ ਤੋਂ ਭਟਕਦਾ ਨਹੀਂ ਸਗੋਂ ਰਾਹਾਂ ਦੀਆਂ ਦੁਸ਼ਵਾਰੀਆਂ ਦਾ ਖਿੜੇ ਮੱਥੇ ਮੁਕਾਬਲਾ ਕਰਦਾ ਹੋਇਆ ਅੱਗੇ ਵੱਧ ਜਾਂਦਾ ਹੈ। ਜੀਵਨ ਦਾ ਅਨੰਦ ਉਹ ਹੀ ਮਾਣ ਸਕਦੇ ਹਨ, ਜਿਹੜੇ ਕਿਰਤ ਕਰਦੇ ਤੇ ਵੰਡ ਛਕਦੇ ਹਨ। ਪੈਸੇ ਤੇ ਤਾਕਤ ਨਾਲ ਸੁੱਖ ਦੇ ਸਾਧਨ ਇਕੱਠੇ ਕੀਤੇ ਜਾ ਸਕਦੇ ਹਨਹ, ਆਪਣੀ ਹਊਮੈ ਨੂੰ ਵਧਾਇਆ ਜਾ ਸਕਦਾ ਹੈ ਪਰ ਅਨੰਦ ਦੀ ਪ੍ਰਾਪਤੀ ਤਾਂ ਚੜ੍ਹਦੀ ਕਲਾ ਤੇ ਸਰਬੱਤ ਦਾ ਭਲਾ ਵਾਲੇ ਮੰਤਰ ਉਤੇ ਅਮਲ ਕੀਤਿਆਂ ਹੀ ਹੋ ਸਕਦੀ ਹੈ।
- ਡਾ. ਰਣਜੀਤ ਸਿੰਘ