15 ਜੂਨ ਦੀ ਰਾਤ ਦਿਸੇਗਾ ਮਿਲਕੀ-ਵੇਅ ਦਾ ਨਜ਼ਾਰਾ : ਸੰਤਰੀ ਰੰਗ 'ਚ ਰੰਗੇਗਾ ਚੰਦਰਮਾ, ਦੁੱਧ ਵਰਗੀ ਰੌਸ਼ਨੀ ’ਚ ਨਹਾਏਗੀ ਆਕਾਸ਼ਗੰਗਾ
ਆਰੀਆ ਭੱਟ ਪ੍ਰੀਖਣ ਵਿਗਿਆਨ ਖੋਜ ਸੰਸਥਾ (ਏਰੀਜ਼) ਨੈਣੀਤਾਲ ਦੇ ਸੀਨੀਅਰ ਖਗੋਲ ਵਿਗਿਆਨੀ ਡਾ. ਸ਼ਸ਼ੀ ਭੂਸ਼ਣ ਪਾਂਡੇ ਨੇ ਦੱਸਿਆ ਕਿ ਖਗੋਲੀ ਨਜ਼ਾਰਿਆਂ ਦਾ ਇਹ ਸਿਲਸਿਲਾ 8 ਜੂਨ ਨੂੰ ਸ਼ਾਮ ਦੇ ਸਮੇਂ ਆਰੰਭ ਹੋਵੇਗਾ, ਜਦੋਂ ਸ਼ੁੱਕਰ (ਵੀਨਸ) ਅਤੇ ਬ੍ਰਹਸਪਤੀ (ਜੁਪੀਟਰ) ਗ੍ਰਹਿ ਇਕ-ਦੂਜੇ ਦੇ ਨੇੜੇ ਆਉਣਗੇ।
Publish Date: Mon, 08 Jun 2026 12:32 PM (IST)
Updated Date: Mon, 08 Jun 2026 12:35 PM (IST)
ਰਮੇਸ਼ ਚੰਦਰ, ਜਾਗਰਣ, ਨੈਣੀਤਾਲ : ਇਸ ਮਹੀਨੇ ਪੁਲਾੜ ਵਿਚ ਕਈ ਖਗੋਲੀ ਘਟਨਾਵਾਂ ਦੇਖਣ ਨੂੰ ਮਿਲਣਗੀਆਂ, ਜਿਨ੍ਹਾਂ ਵਿਚ ਚੰਦਰਮਾ ਦਾ ਸੰਤਰੀ ਰੰਗ, ਦੁੱਧ ਦੇ ਰੰਗ ਵਰਗੀ ਆਕਾਸ਼ਗੰਗਾ ਅਤੇ ਊਲਕਾਪਿੰਡਾਂ ਦਾ ਮੀਂਹ ਸ਼ਾਮਲ ਹੈ। 8 ਜੂਨ ਤੋਂ ਲੈ ਕੇ ਇਸ ਮਹੀਨੇ ਦੇ ਅੰਤ ਤੱਕ ਖਗੋਲ ਪ੍ਰੇਮੀਆਂ ਲਈ ਇਹ ਸਮਾਂ ਖ਼ਾਸ ਤੌਰ ’ਤੇ ਰੋਮਾਂਚ ਭਰਪੂਰ ਰਹੇਗਾ।
ਆਰੀਆ ਭੱਟ ਪ੍ਰੀਖਣ ਵਿਗਿਆਨ ਖੋਜ ਸੰਸਥਾ (ਏਰੀਜ਼) ਨੈਣੀਤਾਲ ਦੇ ਸੀਨੀਅਰ ਖਗੋਲ ਵਿਗਿਆਨੀ ਡਾ. ਸ਼ਸ਼ੀ ਭੂਸ਼ਣ ਪਾਂਡੇ ਨੇ ਦੱਸਿਆ ਕਿ ਖਗੋਲੀ ਨਜ਼ਾਰਿਆਂ ਦਾ ਇਹ ਸਿਲਸਿਲਾ 8 ਜੂਨ ਨੂੰ ਸ਼ਾਮ ਦੇ ਸਮੇਂ ਆਰੰਭ ਹੋਵੇਗਾ, ਜਦੋਂ ਸ਼ੁੱਕਰ (ਵੀਨਸ) ਅਤੇ ਬ੍ਰਹਸਪਤੀ (ਜੁਪੀਟਰ) ਗ੍ਰਹਿ ਇਕ-ਦੂਜੇ ਦੇ ਨੇੜੇ ਆਉਣਗੇ। ਪੱਛਮ ਦੇ ਆਕਾਸ਼ ਵਿਚ ਜਿਵੇਂ-ਜਿਵੇਂ ਰਾਤ ਦਾ ਹਨੇਰਾ ਛਾਏਗਾ, ਦੋਵੇਂ ਗ੍ਰਹਿ ਇਕ-ਦੂਜੇ ਨੂੰ ਛੂਹਣ ਦੀ ਸਥਿਤੀ ਵਿਚ ਨਜ਼ਰ ਆਉਣਗੇ। ਇਹ ਨਜ਼ਾਰਾ ਕੁਝ ਘੰਟਿਆਂ ਤੱਕ ਬਣਿਆ ਰਹੇਗਾ ਅਤੇ ਦੋਵੇਂ ਗ੍ਰਹਿ ਇਕੱਠੇ ਅਸਤ ਹੋਣਗੇ।
ਇਸ ਤੋਂ ਬਾਅਦ 15 ਜੂਨ ਨੂੰ ਮਿਲਕੀ-ਵੇਅ, ਜਿਸ ਨੂੰ ਆਕਾਸ਼ਗੰਗਾ ਵੀ ਆਖ ਦਿੰਦੇ ਹਾਂ, ਦਾ ਨਜ਼ਾਰਾ ਦੇਖਣ ਨੂੰ ਮਿਲੇਗਾ। ਇਸ ਸਮੇਂ ਦੁੱਧ ਦੇ ਰੰਗ ਵਰਗੀ ਰੌਸ਼ਨੀ ਵਾਲੀ ਆਕਾਸ਼ਗੰਗਾ ਨੂੰ ਦੇਖਣਾ ਮੁਮਕਿਨ ਹੋ ਸਕੇਗਾ। ਡਾ. ਸ਼ਸ਼ੀ ਮੁਤਾਬਕ 15 ਜੂਨ ਤੋਂ ਕੁਝ ਦਿਨਾਂ ਬਾਅਦ ਵੀ ਦੱਖਣ ਦੇ ਆਕਾਸ਼ ਵਿਚ ਟਿਮਟਿਮਾਉਂਦੇ ਤਾਰੇ ਅਤੇ ਆਕਾਸ਼ਗੰਗਾ ਦਾ ਨਜ਼ਾਰਾ ਤੱਕ ਸਕਾਂਗੇ। 16 ਤੋਂ 18 ਜੂਨ ਦਰਮਿਆਨ ਪਲੈਨੇਟਰੀ ਪਰੇਡ ਵਿਚ ਚੰਦਰਮਾ ਵੀ ਸ਼ਾਮਲ ਹੋਵੇਗਾ। ਇਸ ਦੌਰਾਨ ਬੁੱਧ (ਮਰਕਰੀ), ਬ੍ਰਹਸਪਤੀ ਅਤੇ ਸ਼ੁੱਕਰ ਇੱਕੋ ਸਮੂਹ ਵਿਚ ਚਮਕਦੇ ਨਜ਼ਰੀਂ ਪੈਣਗੇ। ਇਸ ਉਪਰੰਤ 21 ਜੂਨ ਨੂੰ ਵਰ੍ਹੇ ਦਾ ਸਭ ਤੋਂ ਲੰਬਾ ਦਿਨ ਹੋਵੇਗਾ, ਜਿਸ ਵਿਚ ਉੱਤਰੀ ਅੱਧ-ਗੋਲੇ ਵਿਚ ਦਿਨ ਦੀ ਲੰਬਾਈ ਕਰੀਬ 13:58 ਘੰਟੇ ਹੋਵੇਗੀ। 27 ਜੂਨ ਦੀ ਰਾਤ ਬੂਟੀਡਜ਼ ਊਲਕਾਪਾਤ ਹੋਵੇਗਾ, ਜਦਕਿ 29 ਜੂਨ ਨੂੰ ਸਟ੍ਰਾਬੇਰੀ ਮੂਨ ਦਾ ਵਿਰਲਾ ਨਜ਼ਾਰਾ ਦੇਖਣ ਨੂੰ ਮਿਲੇਗਾ, ਜਦੋਂ ਚੰਦਰਮਾ ਸੰਤਰੀ ਤੇ ਲਾਲ ਭਾਅ ਮਾਰਦਾ ਨਜ਼ਰ ਆਏਗਾ।