- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਫ਼ਾਸਤ, ਸਾਇਸਤਗੀ, ਸ਼ਰਾਫ਼ਤ, ਸੁਹਜਤਾ, ਸੁੰਦਰਤਾ, ਸੰਜਮਤਾ, ਸੁਹਿਰਦਤਾ ਅਤੇ ਸਾਦਗੀ ਦਾ ਸੁੰਦਰ ਸਰੂਪ ਹੈ। ਇਸ ਦੀਆਂ ਦੁੱਧ-ਚਿੱਟੀਆਂ ਕਿਰਨਾਂ ਚੌਗਿਰਦੇ ਨੂੰ ਆਪਣੇ ਰੰਗ ਵਿਚ ਰੰਗਦੀਆਂ ਹਨ। ਨਫ਼ਾਸਤ, ਵਿਅਕਤੀ ਦੇ ਵਿਚਾਰ, ਵਿਵਹਾਰ, ਕਿਰਦਾਰ, ਗੁੱਫ਼ਤਾਰ ਅਤੇ ਰਫ਼ਤਾਰ ਵਿਚੋਂ ਸਾਖਸ਼ਾਤ ਨਜ਼ਰ ਆਉਂਦੀ ਹੈ।

ਨਫ਼ਾਸਤ ਨਿਰਮਾਣਤਾ, ਨਿਰਮੂਲਤਾ, ਨਿਆਰਾਪਣ, ਨਿਮਰਤਾ, ਨਜ਼ਾਕਤ ਅਤੇ ਨਰਮ-ਦਿਲੀ ਦੇ ਸੰਗਮ ਵਿੱਚੋਂ ਪੈਦਾ ਹੁੰਦੀ ਸਹਿਜ, ਸਲੀਕਾ ਤੇ ਸਾਦਗੀ ਦੇ ਸੰਤੁਲਨ ਰਾਹੀਂ ਪ੍ਰਗਟਦੀ ਹੈ। ਨਫ਼ਾਸਤ, ਇਖ਼ਲਾਕ, ਇੱਜ਼ਤ, ਇਤਬਾਰ, ਇਬਾਦਤ ਅਤੇ ਇਕਾਗਰਤਾ ਵਿੱਚੋਂ ਆਪਣਾ ਰੂਪ ਅਖਤਿਆਰ ਕਰਦੀ ਹੈ ਜਿਸ ਨਾਲ ਮਨੁੱਖੀ ਗੁਣਾਂ ਨੂੰ ਪਰਵਾਜ਼ ਮਿਲਦੀ ਹੈ। ਨਫ਼ਾਸਤ ਜਿਊਣ ਦੇ ਤੌਰ-ਤਰੀਕੇ, ਸੁਹਜ, ਮਨੁੱਖੀ ਕਿਰਿਆਵਾਂ ਅਤੇ ਵਿਅਕਤੀਤੱਵ ਆਦਤਾਂ ਤੇ ਲੱਛਣਾਂ ਦੇ ਆਲੇ-ਦੁਆਲੇ ਤਾਣਾ-ਬਾਣਾ ਬੁਣਦੀ। ਇਹ ਤਾਣਾ ਸੁੰਦਰ ਫੁੱਲਕਾਰੀ ਵੀ ਹੁੰਦਾ ਅਤੇ ਕਈ ਵਾਰ ਤਨ ਦੀ ਲੋਈ ਵੀ। ਫੁੱਲਕਾਰੀ ਨਫ਼ਾਸਤੀ ਸੁੰਦਰਤਾ ਦੀ ਲਖਾਇਕ ਜਦ ਕਿ ਲੋਈ ਬੇਫ਼ਿਕਰੀ ਤੇ ਬੇਲਾਗਤਾ ਦਾ ਪ੍ਰਮਾਣ।
ਨਫ਼ਾਸਤ, ਸਾਇਸਤਗੀ, ਸ਼ਰਾਫ਼ਤ, ਸੁਹਜਤਾ, ਸੁੰਦਰਤਾ, ਸੰਜਮਤਾ, ਸੁਹਿਰਦਤਾ ਅਤੇ ਸਾਦਗੀ ਦਾ ਸੁੰਦਰ ਸਰੂਪ ਹੈ। ਇਸ ਦੀਆਂ ਦੁੱਧ-ਚਿੱਟੀਆਂ ਕਿਰਨਾਂ ਚੌਗਿਰਦੇ ਨੂੰ ਆਪਣੇ ਰੰਗ ਵਿਚ ਰੰਗਦੀਆਂ ਹਨ। ਨਫ਼ਾਸਤ, ਵਿਅਕਤੀ ਦੇ ਵਿਚਾਰ, ਵਿਵਹਾਰ, ਕਿਰਦਾਰ, ਗੁੱਫ਼ਤਾਰ ਅਤੇ ਰਫ਼ਤਾਰ ਵਿਚੋਂ ਸਾਖਸ਼ਾਤ ਨਜ਼ਰ ਆਉਂਦੀ ਹੈ। ਨਫ਼ਾਸਤੀ ਵਿਅਕਤੀ ਦਾ ਲਿਬਾਸ, ਤੁਰਨ ਤੇ ਬੋਲਣ ਦਾ ਅੰਦਾਜ਼, ਉਸ ਦੀ ਗਲਵਕੜੀ, ਹੱਥ-ਘੁੱਟਣੀ, ਤੱਕਣੀ ਜਾਂ ਬੋਲਾਂ ਵਿੱਚੋਂ ਵੀ ਨਫ਼ਾਸਤ ਦੇ ਦੀਦਾਰੇ ਹੁੰਦੇ। ਨਫ਼ਾਸਤ ਨੂੰ ਸੀਮਤ ਦਾਇਰੇ ਵਿਚ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ। ਨਫ਼ਾਸਤ, ਲਿਆਕਤ, ਗਿਆਨ, ਗਹਿਰ-ਗੰਭੀਰਤਾ ਆਦਿ ਮਨੁੱਖੀ ਗੁਣਾਂ ਵਿੱਚੋਂ ਵੀ ਨਜ਼ਰ ਆਉਂਦੀ ਹੈ। ਕਈ ਵਾਰ ਕਈਆਂ ਕੋਲ ਕਹਿਣ ਜਾਂ ਪ੍ਰਗਟਾਉਣ ਨੂੰ ਬਹੁਤ ਕੁਝ ਹੁੰਦਾ ਪਰ ਪ੍ਰਗਟਾਉਣ ਦੇ ਕਮੀ ਕਾਰਨ, ਉਹ ਆਪਣੀ ਗੱਲ ਕਹਿਣ ਤੋਂ ਅਧੂਰੇ। ਇਸ ਨਾਲ ਵਜ਼ਨਦਾਰ ਗੱਲ ਵੀ ਅਕਾਰਥ ਤੇ ਹੀਣੀ ਹੋ ਜਾਂਦੀ ਹੈ।
ਨਫ਼ਾਸਤ ਜਦ ਨਜ਼ਰ ਨੂੰ ਪ੍ਰਗਟਾਵੇ ਲਈ ਚੁਣਦੀ ਤਾਂ ਨੀਵੀਆਂ ਨਜ਼ਰਾਂ ਵਿਚ ਛੁਪੀ ਹੁੰਦੀ ਹੈ ਧੀਆਂ-ਭੈਣਾਂ ਦੀ ਆਬਰੂ ਤੇ ਅਦਬ। ਉੱਚੀਆਂ ਨਜ਼ਰਾਂ ਵਿਚ ਹੁੰਦੀ ਹੈ ਗ਼ੈਰਤ ਤੇ ਸਵੈ ਵਿਸ਼ਵਾਸ ਅਤੇ ਤਿਰਛੀਆਂ ਨਜ਼ਰਾਂ ਵਿਚ ਹੁੰਦੀ ਹੈ ਕਿਸੇ 'ਤੇ ਫਿਦਾ ਹੋਣ ਦੀ ਅਦਾਅ। ਨਫ਼ਾਸਤ ਅਜਿਹਾ ਮਨੁੱਖੀ ਗੁਣ ਜਿਸ ਦੇ ਸਦਕੇ ਜਾਣ ਨੂੰ ਜੀਅ ਕਰਦਾ। ਅਜਿਹੀ ਪਾਰਦਰਸ਼ਤਾ ਜੋ ਸਮੁੱਚ ਵਿਚ ਹਾਜ਼ਰ-ਨਾਜ਼ਰ। ਇਸ ਦੀ ਹੋਂਦ ਵਿਚ ਨਿੱਖਰਦੀਆਂ ਨੇ ਜੀਵਨ-ਤਰਜ਼ੀਹਾਂ। ਨਫ਼ਾਸਤ ਦੇ ਬਹੁਤ ਸਾਰੇ ਰੂਪ। ਘਰ, ਕਮਰਾ, ਬਿਸਤਰਾ, ਲਿਖਣ-ਪੜ੍ਹਨ ਦਾ ਮੇਜ, ਲਿਖਣ ਸਮੱਗਰੀ, ਲਿਖਤ ਦਾ ਰੂਪ, ਰਵਾਨੀ ਅਤੇ ਰੂਹ-ਰੇਜ਼ਤਾ ਰਾਹੀਂ ਪ੍ਰਗਟ ਹੁੰਦੀ। ਮਨੁੱਖੀ ਤੋਰ, ਗੱਲਬਾਤ, ਖਾਣਾ ਖਾਣ, ਅਜਨਬੀ ਨੂੰ ਮਿਲਣ ਜਾਂ ਕਿਸੇ ਕੋਲੋਂ ਜਾਣਕਾਰੀ ਲੈਣ ਅਤੇ ਫਿਰ ਉਸਦਾ ਸ਼ੁਕਰੀਆ ਕਰਨ ਵੇਲੇ ਵੀ ਕੰਮ ਆਉਂਦੀ ਨਫ਼ਾਸਤ।
ਨਫ਼ਾਸਤ ਨਾਲ ਲਬਰੇਜ਼ ਵਿਅਕਤੀਆਂ ਲਈ ਜੀਵਨ ਦੀਆਂ ਤੰਗਦਸਤੀਆਂ, ਔਕੜਾਂ ਜਾਂ ਮੁਸ਼ਕਲਾਂ ਕੋਈ ਅਰਥ ਨਹੀਂ ਰੱਖਦੀਆਂ। ਉਨ੍ਹਾਂ ਦਾ ਅੰਦਾਜ਼ੇ-ਬਿਆਨ ਅਤੇ ਲਹਿਜਾ ਹੀ ਉਨ੍ਹਾਂ ਲਈ ਜੀਵਨ-ਸਾਰਥਿਕਤਾ ਦੀ ਤਲਾਸ਼ ਹੁੰਦਾ ਹੈ। ਨਫ਼ਾਸਤ ਕਦੇ ਉਚ-ਕੁੱਲ ਜਾਂ ਰਾਜਿਆਂ-ਮਹਾਰਾਜਿਆਂ ਦੀ ਦਾਸੀ ਹੁੰਦੀ ਸੀ। ਰਾਜ ਘਰਾਣਿਆਂ ਵਿਚ ਜਵਾਨ ਹੋ ਰਹੇ ਰਾਜਕੁਮਾਰਾਂ ਅਤੇ ਰਾਜਕੁਮਾਰੀਆਂ ਨੂੰ ਕਨੀਜ਼ਾਂ ਰਾਹੀਂ ਬਕਾਇਦਾ ਨਫ਼ਾਸਤ ਭਰੀ ਤਰਜ਼ੇ-ਜ਼ਿੰਦਗੀ ਦੀ ਮੁਹਾਰਤ ਹਾਸਲ ਕਰਵਾਈ ਜਾਂਦੀ ਸੀ ਤਾਂ ਕਿ ਉਨ੍ਹਾਂ ਨੂੰ ਰਾਜ ਦਰਬਾਰਾਂ ਵਿਚਲੇ ਤੌਰ ਤਰੀਕਿਆਂ ਤੇ ਰਸਮੋ-ਰਿਵਾਜਾਂ ਦੀ ਪੂਰਨ ਜਾਣਕਾਰੀ ਹੋਵੇ। ਮਹੱਲਾਂ ਦਾ ਆਪਣਾ ਹੀ ਵਿਧਾਨ ਹੁੰਦਾ ਸੀ ਜਿਸ ਦੀ ਅਵੱਗਿਆ ਕਾਰਨ ਰਾਜੇ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਅਜੋਕੇ ਸਮੇਂ ਵਿਚ ਨਫ਼ਾਸਤ ਦੇ ਅਰਥ ਬਦਲ ਗਏ ਨੇ। ਇਸ ਰਾਹੀਂ ਮਨੁੱਖੀ ਪ੍ਰਵਿਰਤੀ ਵਿਚ ਉੱਚੀਆਂ ਤੇ ਸੁੱਚੀਆਂ ਸੋਚਾਂ ਨੂੰ ਮੂਲ ਮੰਤਰ ਬਣਾ ਕੇ, ਇਸ ਅਨੁਸਾਰ ਜਿਊਣ ਦਾ ਅਦਬ ਤੇ ਅੰਦਾਜ਼ ਏ।
ਨਫ਼ਾਸਤ ਸਿਰਫ਼ ਬਾਹਰੀ ਪ੍ਰਗਟਾਵੇ ਤੀਕ ਹੀ ਸੀਮਤ ਨਹੀਂ। ਦਰਅਸਲ ਸਭ ਤੋਂ ਅਹਿਮ ਹੈ ਅੰਤਰੀਵ ਵਿਚ ਬੈਠੀ ਨਫ਼ਾਸਤ। ਇਹ ਨਫ਼ਾਸਤ ਹੀ ਮਨੁੱਖ ਤੋਂ ਇਨਸਾਨ ਬਣਨ ਦੀ ਤਰਕੀਬ ਸੁਝਾਉਂਦੀ ਹੈ। ਜੀਵਨ ਦੀਆਂ ਤਰਜ਼ੀਹਾਂ ਨਿਰਧਾਰਤ ਕਰਦੀ ਅਤੇ ਇਸ ਅਨੁਸਾਰ ਜੀਵਨ ਜਿਊਣ ਲਈ ਪ੍ਰੇਰਤ ਕਰਦੀ ਏ। ਨਫ਼ਾਸਤ, ਸਮਰਪੱਤ, ਸਬਰ, ਸ਼ੁਕਰ, ਸੁੱਖਨ, ਸਕੂਨ, ਸੰਜਮ ਅਤੇ ਸੁਦਾ ਮਜੀਠੀ ਰੰਗ ਜਿਸ ਸਾਹਵੇਂ ਫਿੱਕੇ ਪੈ ਜਾਂਦੇ ਨੇ ਸਾਰੇ ਰੰਗ। ਨਫ਼ਾਸਤ ਤਾਂ ਕਿਰਤ, ਕਰਮਯੋਗਤਾ, ਕ੍ਰਿਤਾਰਥਿਕਤਾ, ਕਾਵਿਕਤਾ ਅਤੇ ਕਲਾ ਵਿੱਚੋਂ ਪਨਪੇ ਤਾਂ ਨਫ਼ਾਸਤ ਆਪਣੀ ਹੋਂਦ 'ਤੇ ਮਾਣ ਕਰਦੀ। ਯਾਦ ਰੱਖਣਾ! ਜਿੰਨਾ ਚਿਰ ਕਵਿਤਾ, ਸੰਗੀਤ ਜਾਂ ਹੋਰ ਕੋਈ ਕਲਾ ਵਿਚ ਨਫ਼ਾਸਤ ਦਾ ਗੂੜ੍ਹਾ ਰੰਗ ਹੈ ਉਹ ਕਦੇ ਵੀ ਨਹੀਂ ਮਰਦੀ। ਕਲਾਹੀਣ ਕਿਰਤਾਂ ਵਿੱਚੋਂ ਮਰ ਗਈ ਨਫ਼ਾਸਤ ਦਾ ਮੁਹਾਂਦਰਾ ਹੀ ਨਜ਼ਰ ਆਉਂਦਾ ਅਤੇ ਬੋਅ ਮਾਰਦੀ ਅਜਿਹੀ ਕਲਾ ਜੀਵਨ ਦਾ ਮਰਸੀਆ ਅਲਾਪਣ ਜੋਗੀ ਰਹਿੰਦੀ ਆ।
ਨਫ਼ਾਸਤ, ਮਦਦਗਾਰ, ਮਿਹਨਤੀ, ਮੁਹੱਬਤੀ, ਮੋਹਵੰਤੇ, ਮਿਲਾਪੜੇ, ਮਹਿਕੀਲੇ, ਮਰਦਾਵੇਂ ਆਦਿ ਗੁਣਾਂ ਨੂੰ ਅਪਨਾਉਣ ਵਾਲੇ ਲੋਕਾਂ ਦਾ ਪਾਣੀ ਭਰਦੀ ਅਤੇ ਉਨ੍ਹਾਂ ਦੀਆਂ ਬਲਾਵਾਂ ਆਪਣੇ ਸਿਰ ਲੈਂਦੀ ਹੈ। ਨਫ਼ਾਸਤ ਨੂੰ ਨਗੂਣੀ, ਨਿਕੰਮੀ, ਨਿਰਮੂਲ, ਨਖ਼ਸਮੀ ਜਾਂ ਨਿਰਲੱਜ ਸਮਝ ਕੇ ਕਦੇ ਨਾ ਨਿਕਾਰੋ। ਨਫ਼ਾਸਤ ਤਾਂ ਝਰਨੇ ਦਾ ਸ਼ਫ਼ਾਫ਼ ਪਾਣੀ ਜਿਹੜਾ ਜਦ ਹੇਠਾਂ ਡਿਗਦਾ ਤਾਂ ਇਸਦੇ ਨਾਲ ਪੈਦਾ ਹੋਏ ਸੰਗੀਤ ਵਿੱਚੋਂ ਜੀਵਨ ਦੀਆਂ ਧੁੰਨਾਂ ਸੁਣਾਈ ਦਿੰਦੀਆਂ ਹਨ। ਨਫ਼ਾਸਤ, ਨਰਾਇਣੀ ਗੁਣ ਜਿਹੜਾ ਕੁਝ ਕੁ ਲੋਕਾਂ ਦੀ ਜੀਵਨ-ਸ਼ੈਲੀ ਵਿੱਚੋਂ ਉਘੜਦਾ ਹੈ। ਅਜਿਹੇ ਲੋਕਾਂ ਦੇ ਅਚਵੇਤਨ ਵਿਚ ਬੈਠਾ ਹੁੰਦਾ ਏ ਕਿਸੇ ਦਰਦ ਵਿਚ ਪੀੜ-ਪੀੜ ਹੋਣਾ, ਕਿਸੇ ਦੇ ਖਾਰੇ ਹੰਝੂਆਂ ਵਿਚ ਖੁਰ ਜਾਣਾ, ਕਿਸੇ ਦੀ ਵਿਲਕਣੀ ਵਿਚ ਤਾਰ-ਤਾਰ ਹੋ ਜਾਣਾ ਜਾਂ ਕਿਸੇ ਦੇ ਵਿਰਲਾਪ ਵਿਚ ਦੀਦਿਆਂ ਨੂੰ ਗਾਲ ਲੈਣਾ। ਨਫ਼ਾਸ ਕਤਲ, ਕੁਹਰਾਮ, ਕਮੀਨਗੀ, ਕੁਤਾਹੀਆਂ, ਕਠੋਰਤਾ, ਕੁਰਹਿਤ ਜਾਂ ਕੁੱਫ਼ਰ ਕਾਰਨ ਕੰਬ ਜਾਂਦੀ ਕਿਉਂਕਿ ਇਹ ਹੀ ਉਸਦੀ ਹੋਂਦ ਲਈ ਸਭ ਤੋਂ ਵੱਡਾ ਖ਼ਤਰਾ ਹੁੰਦੇ। ਨਫ਼ਾਸਤ ਕਦੇ ਵੀ ਓਪਰੀ, ਓਹਲਾ, ਉਲਝਣ, ਉਬਾਲ, ਉਪਰਾਮਤਾ ਜਾਂ ਉਦਾਸੀ ਨਹੀਂ ਹੁੰਦੀ ਸਗੋਂ ਇਹ ਤਾਂ ਉਦਾਰਤਾ, ਉਤਸ਼ਾਹ ਤੇ ਉਮਾਹ ਵਿੱਚੋਂ ਆਪਣੀ ਕਾਇਨਾਤੀ ਵਰਤਾਰਿਆਂ ਨੂੰ ਪੈਦਾ ਕਰਦੀ ਹੈ। ਨਫ਼ਾਸਤ ਪਾਕੀਜ਼, ਪਿਆਰਾ, ਪੁਰ-ਖ਼ਲੂਸ ਅਤੇ ਪ੍ਰੇਰਨਾਮਈ ਜੀਵਨ-ਜਾਚ ਜਿਸ ਨਾਲ ਮਨੁੱਖ ਵਿੱਚੋਂ ਨਾਸ਼ ਹੁੰਦੀ ਏ ਪਾਪ ਕਰਨ ਦੀ ਪ੍ਰਵਿਰਤੀ, ਪਾਖੰਡ, ਪਾਜ਼ ਅਤੇ ਪਲੀਤਪੁਣਾ। ਖ਼ਾਲਸ ਹੀਰਾ ਆਪਣੀ ਦਿੱਖ ਨਾਲ ਜਗਮਗਾਉਂਦਾ ਏ।
ਨਫ਼ਾਸਤ ਹੁੰਦੀ ਬੋਲਣ ਦਾ ਲਹਿਜ਼ਾ ਤੇ ਸ਼ਬਦਾਂ ਦਾ ਪ੍ਰਗਟਾਅ। ਨਫ਼ਾਸਤ ਹੁੰਦੀ ਰਾਹ ਦੀਆਂ ਪੈੜਾਂ ਅਤੇ ਮੰਜ਼ਿਲ ਦੀ ਸੁਰਖ਼-ਭਾਅ। ਨਫ਼ਾਸਤ ਹੁੰਦੀ ਜੀਵਨ-ਬਗ਼ੀਚੇ 'ਚ ਫੁੱਲਾਂ ਜਿਹੀ ਅਦਾਅ ਜਿਸ ਦੇ ਹਰ ਰੰਗ ਵਿਚ ਰੰਗੀ ਆਵੇ ਮਹਿਕਾਂ ਭਰੀ ਹਵਾ। ਨਫ਼ਾਸਤ ਹੁੰਦੀ ਮਹਿਕ ਦਾ ਵਾਸ, ਫ਼ਿਜ਼ਾ ਦੇ ਨਾਵੇਂ ਕਰਨਾ ਹੁਲਾਸ। ਹੋਂਦ ਵਿੱਚੋਂ ਨਾਦ-ਇਲਾਹੀ ਝਰਨਾ। ਨਫ਼ਾਸਤ ਹੁੰਦੀ ਵਕਤ ਤਹਿਜੀਬ ਨੂੰ ਦੇਣਾ ਨਵਾਂ ਅੰਜ਼ਾਮ ਅਤੇ ਇਤਿਹਾਸ ਦੇ ਸੂਰਜੀ ਵਰਕੇ ਕਰਨੇ ਆਪਣੇ ਨਾਂ। ਨਫ਼ਾਸਤ ਹੁੰਦੀ ਘਰ ਵਿੱਚੋਂ ਨਾਜ਼ਲ ਬਹਿਸ਼ਤੀ ਨਜ਼ਾਰੇ ਅਤੇ ਇਸਦੀ ਚਾਰ ਦੀਵਾਰੀਂ ਜਗਦੇ ਅੰਬਰੀਂ ਤਾਰੇ। ਨਫ਼ਾਸਤ ਹੁੰਦੀ ਆਪਣੇ ਆਪ ਦਾ ਆਪਣੇ ਨਾਲ ਸੰਵਾਦ ਅਤੇ ਅੰਤਰੀਵ ਵਿਚ ਗੂੰਜਦਾ ਅਲਹਾਮੀ ਨਾਦ। ਨਫ਼ਾਸਤ ਸਸਤੀ ਸ਼ੁਹਰਤ, ਬਜ਼ਾਰੂ ਸਿਫ਼ਤ ਜਾਂ ਖੁਸ਼ਾਮਦੀ ਲੋਕਾਂ ਦੀ ਵਾਹ-ਵਾਹ ਵਿੱਚੋਂ ਨਹੀਂ ਪੈਦਾ ਹੁੰਦੀ। ਨਾ ਹੀ ਇਸ ਨੂੰ ਖਰੀਦਿਆ ਜਾਂ ਬੰਦੀ ਬਣਾਇਆ ਜਾ ਸਕਦਾ। ਇਹ ਤਾਂ ਅਗੰਮੀ ਆਵੇਸ਼, ਨੂਰੀ ਅਲਹਾਮ, ਕੁਦਰਤੀ ਕ੍ਰਿਸ਼ਮਾ ਅਤੇ ਕਰਤਾਰੀ ਬਿਰਤੀਆਂ ਦਾ ਪ੍ਰਵੇਸ਼ ਜੋ ਜੀਵਨ ਦੇ ਸਮੁੱਚ ਨੂੰ ਬਦਲ ਕੇ ਇਸਦੀ ਨੁਹਾਰ ਨੂੰ ਸੂਰਜਾਂ ਦਾ ਹਾਣੀ ਬਣਾਉਂਦੀ।
ਨਫ਼ਾਸਤ, ਅਮੀਰ-ਗ਼ਰੀਬ, ਅਨਪੜ੍ਹ-ਪੜ੍ਹੇ ਲਿਖੇ, ਰਾਜਾ-ਫ਼ਕੀਰ, ਰੁੱਤਬੇ ਵਾਲੇ- ਰੁੱਤਬਾਹੀਣ ਜਾਂ ਰੱਜੇ-ਭੁੱਖੇ ਵਿਚ ਕੋਈ ਅੰਤਰ ਨਹੀਂ ਰੱਖਦੀ। ਕਿਉਂਕਿ ਨਫ਼ਾਸਤ ਸਿਰਫ਼ ਅੰਦਰੋਂ ਹੀ ਪੈਦਾ ਹੁੰਦੀ। ਇਕ ਗ਼ਰੀਬ ਰਿਕਸ਼ੇ ਵਾਲਾ ਕਿਸੇ ਸਵਾਰੀ ਦਾ ਡਿੱਗਿਆ ਬਟੂਆ ਵੀ ਉਸਦੇ ਘਰ ਪਹੁੰਚਾ ਦਿੰਦਾ ਜਦ ਕਿ ਇਕ ਸ਼ਾਹੂਕਾਰ, ਜਾਣਕਾਰ ਦੀ ਡਿੱਗੀ ਹੋਈ ਚੀਜ਼ ਵੀ ਪੈਰਾਂ ਹੇਠ ਲਕੋਅ ਲੈਂਦਾ। ਇਕ ਅੰਨ੍ਹਾ ਵਿਅਕਤੀ ਸੜਕ ਪਾਰ ਕਰਵਾਉਣ ਲਈ ਹਰ ਰਾਹੀ ਨੂੰ ਤਰਲਾ ਪਾ ਰਿਹਾ ਏ। ਪਰ ਕੋਈ ਉਸਦੀ ਮਦਦ ਲਈ ਨਹੀਂ ਆਉਂਦਾ। ਇੰਨੇ ਚਿਰ ਨੂੰ ਸਕੂਲ ਜਾ ਰਿਹਾ ਇਕ ਗ਼ਰੀਬ ਵਿਦਿਅਰਥੀ, ਉਸਦੀ ਆਵਾਜ਼ ਸੁਣ ਕੇ ਉਸਨੂੰ ਸੜਕ ਪਾਰ ਕਰਵਾਉਂਦਾ ਏ ਅਤੇ ਬਜ਼ੁਰਗ ਦੀਆਂ ਅਸੀਸਾਂ ਪ੍ਰਾਪਤ ਕਰਦਾ ਹੈ। ਇਹ ਗ਼ਰੀਬ ਬੱਚਾ ਹੀ ਵੱਡਾ ਹੋ ਕੇ ਮਹਾਨ ਵਿਅਕਤੀ ਜ਼ਰੂਰ ਬਣੇਗਾ ਕਿਉਂਕਿ ਉਸਦੀ ਪਰਉਪਕਾਰੀ ਸੋਚ ਨੇ ਉਸਨੂੰ ਬਹੁਤ ਦੂਰ-ਦਿਸਹੱਦਿਆਂ ਤੀਕ ਪਹੁੰਚਾਣਾ ਏ। ਅਜਿਹੇ ਬੱਚੇ ਹੀ ਵੱਡੇ ਹੋ ਕੇ ਲੋਕ-ਨਾਇਕ ਬਣਦੇ ਹਨ।
ਨਫ਼ਾਸਤ ਕਦੇ ਵੀ ਦਿਖਾਵਾ ਨਾ ਬਣਾਓ ਅਤੇ ਨਾ ਹੀ ਇਸਦਾ ਗਰੂਰ ਕਰਨ ਦੀ ਲੋੜ। ਇਹ ਤਾਂ ਖ਼ੁਦ ਪ੍ਰਗਟਦੀ ਹੈ ਆਪਣੀ ਸਦੈਵਤਾ ਤੇ ਸੁੰਦਰਤਾ ਸੰਗ। ਇਸ ਦੀ ਸਤਰੰਗੀ ਵਿਚ ਸਿਮਟ ਜਾਂਦੀਆਂ ਨੇ ਹਕੂਮਤਾਂ, ਜਗੀਰਾਂ, ਸਲਤਨੱਤਾਂ ਅਤੇ ਸ਼ਹਿਨਸ਼ਾਹੀਆਂ। ਨਫ਼ਾਸਤ ਹਮੇਸ਼ਾ ਹੀ ਲਾਹੇਵੰਦ। ਜੀਵਨ ਦੇ ਹਰ ਪੜਾਅ ਵਿਚ ਇਸ ਦੀ ਸਦਉਪਯੋਗਤਾ ਹੀ ਇਸ ਨੂੰ ਹੋਰ ਵਿਸਥਾਰਦੀ। ਨਫ਼ਾਸਤ ਅਮਿੱਟ ਗੂੜ੍ਹੀ ਰੰਗਤ ਵਾਲੀ। ਮਜੀਠੀ ਅਤੇ ਮੁਸਕਰਾਹਟ ਵੰਡਦੀ ਬਸ਼ਰਤੇ ਕਿ ਤੁਹਾਨੂੰ ਨਫ਼ਾਸਤੀ ਅਦਾਇਗੀ ਨੂੰ ਮਾਨਣ ਅਤੇ ਹੰਢਾਉਣ ਦੀ ਬੇਤੁਕਲਫ਼ੀ ਆਉਂਦੀ ਹੋਵੇ।
ਨਫ਼ਾਸਤ, ਸਮਿਆਂ ਦੀ ਸ਼ਾਹ-ਅਸਵਾਰ। ਦੁਨਿਆਵੀ ਸਬੰਧਾਂ ਦਾ ਆਧਾਰ, ਅਲਾਹੀ ਪਰਵਾਜ਼। ਆਪਣੇ ਅੰਦਰ ਵਿਚ ਬੈਠਾ ਭਗਵਾਨ ਜਿਸ ਦੇ ਜੇਕਰ ਅਸੀਂ ਕਰੀਏ ਧਿਆਨ ਤਾਂ ਸਾਡੀਆਂ ਘੁੱਪ-ਹਨੇਰੀਆਂ ਕੋਠੜੀਆਂ ਦੇ ਵੀ ਖੁੱਲ੍ਹ ਜਾਂਦੇ ਨੇ ਰੌਸ਼ਨਦਾਨ। ਨਫ਼ਾਸਤ, ਨਾਮਾ-ਨਿਗਾਰੀ ਨਹੀਂਂ, ਨਕਾਰਾਤਮਕ ਨਹੀਂ, ਨੇਤਾਗਿਰੀ ਵੀ ਨਹੀਂ ਅਤੇ ਨਾ ਹੀ ਨਾਵਾਂ ਤੇ ਨਾਮਣਾ ਕਮਾਉਣ ਦੀ ਵਿਧੀ। ਇਹ ਤਾਂ ਆਪਣੇ ਤੋਂ ਆਪਣੇ ਤੀਕ ਦਾ ਸਫ਼ਰ ਕਰਨ ਦੀ ਤਹਿਜੀਬ ਅਤੇ ਤਰਜੀਹ। ਨਫ਼ਾਸਤ, ਅਦਾਇਗੀ, ਅਰਾਧਨਾ, ਅਰਮਾਨੀ, ਅਰਧ-ਚੇਤਨੀ, ਆਦਰਸ਼ੀ ਅਤੇ ਅਲਹਾਮੀ ਹੋਵੇ ਤਾਂ ਇਹ ਸਦੀਵ। ਸਮਿਆਂ ਤੋਂ ਪਾਰ ਅਤੇ ਯੁੱਗਾਂ ਤੋਂ ਦੂਰ। ਕਦੇ ਨਫ਼ਾਸਤੀ ਲੋਕਾਂ ਦੀਆਂ ਕਹਾਣੀਆਂ ਨੂੰ ਪੜ੍ਹਨਾ, ਤੁਹਾਡੀ ਰੂਹ ਵਿਚ ਉਨ੍ਹਾਂ ਦੇ ਕਰਾਮਾਤੀ ਵਰਤਾਰਿਆਂ ਦਾ ਚਾਣਨ ਹੋਵੇਗਾ। ਅਜਿਹੀਆਂ ਕ੍ਰਿਸ਼ਮਾਮਈ ਸ਼ਖ਼ਸੀਅਤਾਂ ਸਾਹਵੇਂ ਅਦਬ ਨਾਲ ਸਿਰ ਝੁੱਕ ਜਾਵੇਗਾ। ਨਫ਼ਾਸਤ, ਨਗ਼ਮਾ ਜੋ ਹੋਠਾਂ 'ਤੇ ਗੁਣਗੁਣਾਵੇ, ਨਰੋਇਆਪਣ ਜੋ ਜ਼ਿੰਦਗੀ ਨੂੰ ਪ੍ਰਣਾਵੇ, ਨਰਮਦਿਲੀ ਜੋ ਮਨੁੱਖਤਾ ਨੂੰ ਜਗਾਵੇ ਅਤੇ ਨਿਹਾਇਤ ਨੇਕਨੀਤੀ ਜੋ ਕੁਹਜਾਂ ਨੂੰ ਦਫ਼ਨਾਵੇ। ਨਫ਼ਾਸਤ ਜਦ ਤ੍ਰੇਹ ਬਣ ਜਾਵੇ ਤਾਂ ਮਨੁੱਖ ਇਸਨੂੰ ਮਿਟਾਉਣ ਲਈ ਆਪਣੀ ਜਾਮਾ-ਤਲਾਸ਼ੀ ਲੈਂਦਾ। ਆਪਣੀਆਂ ਕਮੀਆਂ ਖਤਮ ਕਰਦਾ। ਆਪਣੀਆਂ ਕਮਜ਼ੋਰੀਆਂ ਨੂੰ ਆਪਣੀ ਤਾਕਤ ਬਣਾ ਕੇ, ਨਫ਼ਾਸਤ ਨੂੰ ਨਿਆਰਤਾ ਬਖਸ਼ਦਾ।
ਨਫ਼ਾਸਤ ਨੂੰ ਕਿਸੇ ਪੈਮਾਨੇ, ਦਾਇਰੇ ਜਾਂ ਮਿਆਰ ਨਾਲ ਨਹੀਂ ਮਿਣਿਆ ਜਾ ਸਕਦਾ ਕਿਉਂਕਿ ਇਸ ਦਾ ਰੂਪ ਮੌਕੇ, ਸਥਾਨ, ਸਮਾਂ, ਸਥਿੱਤੀ ਅਤੇ ਕਰਮ ਸਮੇਂ ਬਦਲਦਾ ਰਹਿੰਦਾ। ਇਸ ਲਈ ਇਸ ਦਾ ਵੱਖ-ਵੱਖ ਸਮਿਆਂ ਵਿਚ ਪ੍ਰਗਟਾਵੇ ਦਾ ਰੂਪ ਵੀ ਭਿੰਨ-ਭਿੰਨ ਹੁੰਦਾ। ਕਦੇ ਸੁਚੇਤ ਤੇ ਕਦੇ ਅਚੇਤ। ਕਦੇ ਪ੍ਰਤੱਖ ਤੇ ਕਦੇ ਅਦਿੱਖ। ਕਦੇ ਕੋਮਲ ਤੇ ਕਦੇ ਕਰਤਾਰੀ। ਕਦੇ ਸੁਹਲ ਤੇ ਕਦੇ ਸਹਿਜ। ਕਦੇ ਬੋਲਦੀ ਤੇ ਕਦੇ ਮੂਕ। ਕਦੇ ਇਸ਼ਾਰਿਆਂ ਵਿਚ ਤੇ ਕਦੇ ਅਡੋਲ। ਕਦੇ ਨੈਣਾਂ ਦੀ ਅਦਾ ਤੇ ਕਦੇ ਹੋਠਾਂ ਦੀ ਅਦਾਇਗੀ। ਕਦੇ ਹੱਥ ਕਦੇ ਗੁਫ਼ਤਗੂ ਤੇ ਕਦੇ ਚੁੱਪ ਦਾ ਆਸਰਾ। ਕਦੇ ਅਛੋਹ ਤੇ ਕਦੇ ਸਪਰਸ਼ੀ। ਕਦੇ ਧੰਨਵੰਨਤਾ ਤੇ ਕਦੇ ਸ਼ੁਕਰੀਆ। ਕਦੇ ਪਲੋਸਣਾ ਤੇ ਕਦੇ ਪੇਸ਼ਕਾਰੀ। ਕਦੇ ਹੁਕਮ ਵਜਾਉਣਾ ਤੇ ਕਦੇ ਹੁਕਮ ਸੁਣਾਉਣਾ। ਕਦੇ ਰੋਹਬਦਾਰੀ ਤੇ ਕਦੇ ਜ਼ਰਾ-ਨਿਵਾਜ਼ੀ। ਬਹੁਤ ਸਾਰੇ ਰੂਪ ਹੁੰਦੇ ਨਫ਼ਾਸਤੀ ਰੰਗਣ ਦੇ।
ਨਫ਼ੀਸ ਵਿਅਕਤੀਆਂ ਨਾਲ ਭਰਿਆ ਹੋਇਆ ਏ ਸੰਸਾਰ। ਅਗਰ ਤੁਹਾਨੂੰ ਕੋਈ ਵੀ ਨਫ਼ੀਸ ਵਿਅਕਤੀ ਨਹੀਂ ਮਿਲਦਾ ਤਾਂ ਕਦੇ ਆਪ ਵੀ ਨਫ਼ੀਸ ਬਣੋ। ਨਫ਼ਾਸਤ ਹੰਭ ਗਈ ਏ ਜ਼ਿੱਦੀ ਭੱਜ ਦੌੜ 'ਚ। ਸਾਡੀਆਂ ਮੂੰਹਅੱਡੀ ਖੜ੍ਹੀਆਂ ਇਛਾਵਾਂ ਹੀ ਨਫ਼ੀਸ ਲੋਕਾਂ ਦਾ ਘਾਣ ਕਰਨ ਲਈ ਜ਼ਿੰਮੇਵਾਰ। ਨਫ਼ਾਸਤ ਜ਼ਿਆਰਤ ਹੁੰਦੀ ਹੈ ਆਪਣੇ ਅੰਤਰੀਵ ਗੁਣਾਂ ਦੀ ਰੰਗਤ ਵਿੱਚੋਂ ਆਪਣੀ ਨਿਵੇਕਲੀ ਤਵਾਰੀਖ਼ ਸਿਰਜਣ ਤੇ ਵਿਗਸਣ ਦੀ। ਦੁਨੀਆ ਦੇ ਬਾਜ਼ਾਰ 'ਚ ਲਿਆਕਤ ਵਿਕਦੀ ਏ, ਸਦਾਕਾਤ ਵਿਕਦੀ ਏ, ਹਿਮਾਕਤ ਵਿਕਦੀ ਏ, ਜ਼ਹਾਲਤ ਵਿਕਦੀ ਏ, ਅਦਾਲਤ ਵਿਕਦੀ ਏ, ਪਰ ਕਦੇ ਵੀ ਨਫ਼ਾਸਤ ਨਹੀਂ ਵਿਕਦੀ। ਨਫ਼ਾਸਤ ਦੇ ਅਦਲੀ ਰੰਗ ਦੀ ਪਛਾਣ ਸਿਰਫ਼ ਕੁਝ ਕੁ ਕਰੀਬੀ ਕਰਦੇ ਨੇ ਜੋ ਅਦੀਬ ਹੁੰਦੇ, ਹਬੀਬ ਹੁੰਦੇ।
ਨਫ਼ਾਸਤ ਮਨ ਤੋਂ ਮਨ ਤੀਕ ਦੀ ਕੀਰਤੀ, ਰੂਹ ਤੋਂ ਰੂਹ ਤੀਕ ਦੀ ਰੰਗਰੇਜ਼ਤਾ, ਅਹਿਸਾਸ ਤੋਂ ਅਹਿਸਾਸ ਤੀਕ ਦੀ ਰਸਾਈ ਅਤੇ ਭਾਵ ਤੋਂ ਭਾਵ ਤੀਕ ਦੀ ਗਹਿਰਾਈ। ਨਫ਼ਾਸਤ, ਨਰੋਈਆਂ ਤੇ ਨਿਵੇਕਲੀਆਂ ਪੈੜਾਂ ਦੀ ਕਰਮਦਾਤੀ। ਸੁੱਘੜ ਸੁਨੇਹਿਆਂ ਲਈ ਸੰਦੇਸ਼ਵਾਹਕ ਤੇ ਮਾਸੂਮ ਤਮੰਨਾਵਾਂ ਦੀ ਪੂਰਤੀ। ਨਫ਼ਾਸਤ, ਮਨ ਦੇ ਵਰਕਿਆਂ 'ਤੇ ਮਹੀਨ ਕਲਾਕਾਰੀ। ਸੋਚ-ਮਸਤਕ 'ਤੇ ਬੁਣੀ ਫੁਲਕਾਰੀ ਅਤੇ ਚਿਹਰੇ 'ਤੇ ਫੈਲਿਆ ਮੁਸਕਰਾਹਟੀ-ਮੰਤਰ। ਨਫ਼ਾਸਤ ਦਾ ਸ਼ਾਇਰੀ, ਸੰਜੀਦਗੀ, ਸਾਫ਼ਗੋਈ, ਸਦਾਕਤ, ਸ਼ਰਾਫ਼ਤ ਅਤੇ ਸੰਵੇਦਨਾ ਨਾਲ ਬਹੁਤ ਕਰੀਬੀ ਸਬੰਧ। ਇਨ੍ਹਾਂ ਸੁਗੰਧਤ ਸਬੰਧਾਂ ਦੀ ਮਹਿਕੀਲੀ ਫਿਜ਼ਾ ਦੀ ਮਹਿਕ ਦੂਰ-ਦੂਰ ਤੀਕ ਫੈਲਦੀ ਏ। ਕਦੇ ਇਸ ਮਹਿਕ ਨੂੰ ਸਾਹਾਂ ਵਿਚ ਜ਼ਰੂਰ ਰਚਾਉਣਾ, ਤੁਹਾਨੂੰ ਜੀਵਨੀ ਸਰੂਰ ਦਾ ਅਨੁਮਾਨ ਹੋ ਜਾਵੇਗਾ।
ਨਫ਼ਾਸਤ ਮਨੋ-ਕਾਮਨਾਵਾਂ ਦੀ ਉਚਮਤਾ
ਨਫ਼ਾਸਤ, ਬੰਦਿਆਈ, ਬੰਦਗੀ ਅਤੇ ਬਰਕਤਾਂ ਨਾਲ ਨਿਵਾਜਦੀ ਜਦ ਕਿ ਬੁਰਿਆਈ, ਬੇਹੂਦਾਪਣ, ਬੇਲਿਹਾਜ਼ਤਾ ਜਾਂ ਬੇਸ਼ਰਮੀ ਵਿੱਚੋਂ ਨਫ਼ਾਸਤ ਵਰਗੇ ਪਾਕ ਗੁਣਾਂ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ। ਨਫ਼ਾਸਤ, ਮਨ ਦੀ ਅਵਸਥਾ। ਦਿਲ ਦੇ ਖੁੱਲ੍ਹੇ ਹੋਏ ਬੂਹੇ-ਬਾਰੀਆਂ, ਭਾਵਨਾਵਾਂ ਦੇ ਆਵੇਗ ਵਿਚ ਸੁੱਚਮਤਾ ਅਤੇ ਮਨੋ-ਕਾਮਨਾਵਾਂ ਦੀ ਉਚਮਤਾ। ਨਫ਼ਾਸਤ ਕਦੇ ਦਿਮਾਗ਼ ਵਿੱਚੋਂ ਨਹੀਂ ਪੈਦਾ ਹੁੰਦੀ ਕਿਉਂਕਿ ਨਫ਼ਾਸਤੀ ਲੋਕ ਹਿਸਾਬੀ-ਕਿਤਾਬੀ ਨਹੀਂ ਹੁੰਦੇ। ਉਨ੍ਹਾਂ ਲਈ ਜੀਵਨ ਦੇ ਛਾਬੇ ਵਿਚ ਸੁਖਨ ਅਤੇ ਸਕੂਨ ਦੀ ਹੀ ਤਲਾਸ਼ ਹੁੰਦੀ। ਉਹ ਧਨ, ਰੁੱਤਬੇ ਜਾਂ ਸ਼ਾਨੋ-ਸ਼ੌਕਤ ਦੇ ਮੁਰੀਦ ਨਹੀਂ ਹੁੰਦੇ। ਉਨ੍ਹਾਂ ਲਈ ਸਧਾਰਨਤਾ ਵਿੱਚੋਂ ਹੀ ਅਸਧਾਰਨਤਾ, ਨੀਵੇਂ ਰਹਿ ਕੇ ਉਚਾਈਆਂ ਛੂਹਣ ਅਤੇ ਭੁੱਖੇ ਰਹਿ ਕੇ ਰੱਜ ਮਹਿਸੂਸ ਕਰਨ ਦੀ ਅਦਾਅ ਹੁੰਦੀ। ਨਫ਼ਾਸਤ ਨੂੰ ਆਪਣਾ ਮੀਰੀ ਗੁਣ ਬਣਾਉਣ ਲਈ ਜ਼ਰੂਰੀ ਹੈ ਮਨੁੱਖ ਸਦਾ ਨਿਮਰ ਰਹੇ। ਉਸ ਲਈ ਦੁਨਿਆਵੀ ਲਾਭਾਂ ਤੋਂ ਦੂਰੀ ਬਣਾਉਣ ਦੀ ਹਿੰਮਤ ਹੋਵੇ। ਉਹ ਕੁਝ ਦੇ ਕੇ, ਬਹੁਤ ਕੁਝ ਪਾਉਣ ਦਾ ਮਾਣ ਮਹਿਸੂਸ ਕਰੇ। ਆਪਣੀ ਚੇਤਨਾ ਨੂੰ ਸੁੰਦਰ ਸੋਚਾਂ ਦੀਆਂ ਰਹਿਮਤਾਂ ਨਾਲ ਭਰੇ।
ਨਜ਼ਾਕਤ ਦਾ ਸੁਹਲ ਰੂਪ ਨਫ਼ਾਸਤ
ਨਫ਼ਾਸਤ, ਨਜ਼ਾਕਤ ਦਾ ਸੁਹਲ ਰੂਪ। ਸੁੱਘੜਤਾ, ਸੁੰਦਰਤਾ, ਸਾਦਗੀ ਅਤੇ ਸੁਹਜ ਦਾ ਸਿਆਣਾ ਤੇ ਸੰਜਮੀ ਰੂਪ ਹੈ ਨਫ਼ਾਸਤ। ਨਫ਼ਾਸਤ, ਅਰਧ-ਚੇਤਨਾ ਦਾ ਬਚਪਨੀ ਹਿੱਸਾ। 'ਕੇਰਾਂ ਇਕ ਬੱਚਾ ਦੁਕਾਨ 'ਤੇ ਆਈਸ ਕਰੀਮ ਖਾਣ ਲਈ ਜਾਂਦਾ ਹੈ। ਬੋਝੇ ਵਿਚ ਭਾਨ ਕੱਢਕੇ ਗਿਣਦਾ ਹੈ ਅਤੇ ਵੇਟਰਸ ਦੇ ਆਉਣ 'ਤੇ ਚਾਕਲੇਟ ਵਾਲੀ ਆਈਸ ਕਰੀਮ ਦਾ ਰੇਟ ਪੁੱਛਦਾ ਹੈ। ਫਿਰ ਸਿੱਕੇ ਗਿਣਦਾ ਹੈ ਅਤੇ ਦੁਬਾਰਾ ਵਾਪਸ ਆਈ ਵੇਟਰਸ ਕੋਲੋਂ ਵਨੀਲਾ ਆਈਸ ਕਰੀਮ ਦਾ ਰੇਟ ਪੁੱਛਦਾ ਹੈ ਜਿਹੜੀ ਕੁਝ ਸਸਤੀ ਹੈ। ਆਈਸ ਕਰੀਮ ਆਉਣ 'ਤੇ ਬੱਚਾ ਮਜ਼ੇ ਨਾਲ ਆਈਸ ਕਰੀਮ ਖਾ ਕੇ, ਆਈਸ ਕਰੀਮ ਦੀ ਕੀਮਤ ਦੇ ਨਾਲ ਵੇਟਰਸ ਲਈ ਟਿੱਪ, ਮੇਜ਼ 'ਤੇ ਰੱਖਦਾ ਹੈ। ਵੇਟਰਸ ਨੂੰ ਹੈਰਾਨੀ ਵਿਚ ਤੱਕਦਿਆਂ ਛੱਡ, ਬੱਚਾ ਬਾਹਰ ਆ ਜਾਂਦਾ ਹੈ। ਦਰਅਸਲ ਉਸਨੇ ਟਿੱਪ ਦੇਣ ਦੀ ਨਫ਼ਾਸਤ ਆਪਣੇ ਵਡੇਰਿਆਂ ਤੋਂ ਸਿੱਖੀ ਅਤੇ ਟਿੱਪ ਦੇ ਪੈਸੇ ਬਚਾਉਣ ਲਈ, ਸਸਤੀ ਆਈਸ ਕਰੀਮ ਖਾਣ ਨੂੰ ਤਰਜ਼ੀਹ ਦਿਤੀ। ਅਜਿਹੀ ਸੋਚ ਕੀ ਕਹੋਗੇ? ਅਜਿਹੇ ਨਫ਼ੀਸ ਲੋਕ ਹੀ ਜੀਵਨ ਦਾ ਸੁੱਚਮ ਹੁੰਦੇ।
- ਡਾ. ਗੁਰਬਖ਼ਸ਼ ਸਿੰਘ ਭੰਡਾਲ