ਖ਼ੁਦ ਦੀ ਕਾਬਲੀਅਤ ਨੂੰ ਪਛਾਣੋ; ਹਰ ਅਨੁਭਵ ਸਫਲਤਾ ਵੱਲ ਵਧਣ ਦਾ ਕਦਮ
ਅੱਜ ਦੀ ਨੌਜਵਾਨ ਪੀੜ੍ਹੀ ਸਿਰਫ਼ ਉਮਰ ਦਾ ਪੜਾਅ ਨਹੀਂ, ਇਹ ਤਾਕਤ ਹੈ, ਜੋਸ਼ ਹੈ ਤੇ ਬਦਲਾਅ ਦੀ ਲਹਿਰ ਹੈ। ਹਰ ਨੌਜਵਾਨ ਅੰਦਰ ਇਕ ਚਮਕ ਹੁੰਦੀ ਹੈ, ਸੁਪਨਾ ਹੁੰਦਾ ਹੈ ਤੇ ਕੁਝ ਕਰ ਦਿਖਾਉਣ ਦੀ ਲਗਨ ਹੁੰਦੀ ਹੈ ਪਰ ਕਈ ਵਾਰ ਹਾਲਾਤ, ਨਿਰਾਸ਼ਾ ਜਾਂ ਦੂਜਿਆਂ ਨਾਲ ਤੁਲਨਾ ਸਾਨੂੰ ਆਪਣੀ ਕਾਬਲੀਅਤ ਭੁਲਾ ਦਿੰਦੀ ਹੈ। ਯਾਦ ਰੱਖੋ ਕਿ ਤੁਸੀਂ ਕਿਸੇ ਨਾਲ ਮੁਕਾਬਲਾ ਕਰਨ ਲਈ ਨਹੀਂ ਜੰਮੇ, ਤੁਸੀਂ ਆਪਣੀ ਪਛਾਣ ਬਣਾਉਣ ਲਈ ਜੰਮੇ ਹੋ।
Publish Date: Wed, 25 Mar 2026 11:02 AM (IST)
Updated Date: Wed, 25 Mar 2026 11:04 AM (IST)
ਅੱਜ ਦੀ ਨੌਜਵਾਨ ਪੀੜ੍ਹੀ ਸਿਰਫ਼ ਉਮਰ ਦਾ ਪੜਾਅ ਨਹੀਂ, ਇਹ ਤਾਕਤ ਹੈ, ਜੋਸ਼ ਹੈ ਤੇ ਬਦਲਾਅ ਦੀ ਲਹਿਰ ਹੈ। ਹਰ ਨੌਜਵਾਨ ਅੰਦਰ ਇਕ ਚਮਕ ਹੁੰਦੀ ਹੈ, ਸੁਪਨਾ ਹੁੰਦਾ ਹੈ ਤੇ ਕੁਝ ਕਰ ਦਿਖਾਉਣ ਦੀ ਲਗਨ ਹੁੰਦੀ ਹੈ ਪਰ ਕਈ ਵਾਰ ਹਾਲਾਤ, ਨਿਰਾਸ਼ਾ ਜਾਂ ਦੂਜਿਆਂ ਨਾਲ ਤੁਲਨਾ ਸਾਨੂੰ ਆਪਣੀ ਕਾਬਲੀਅਤ ਭੁਲਾ ਦਿੰਦੀ ਹੈ। ਯਾਦ ਰੱਖੋ ਕਿ ਤੁਸੀਂ ਕਿਸੇ ਨਾਲ ਮੁਕਾਬਲਾ ਕਰਨ ਲਈ ਨਹੀਂ ਜੰਮੇ, ਤੁਸੀਂ ਆਪਣੀ ਪਛਾਣ ਬਣਾਉਣ ਲਈ ਜੰਮੇ ਹੋ।
ਦੁਨੀਆ ਹਮੇਸ਼ਾ ਤੁਹਾਨੂੰ ਕਿਸੇ ਨਾ ਕਿਸੇ ਖਾਕੇ ਵਿਚ ਫਿੱਟ ਕਰਨ ਦੀ ਕੋਸ਼ਿਸ਼ ਕਰੇਗੀ ਪਰ ਸਫਲ ਉਹੀ ਹੁੰਦਾ ਹੈ, ਜੋ ਆਪਣਾ ਰਸਤਾ ਖ਼ੁਦ ਚੁਣਦਾ ਹੈ। ਜੇ ਤੁਹਾਡੇ ਅੰਦਰ ਕਲਾ ਹੈ, ਤਾਂ ਉਸ ਨੂੰ ਨਿਖਾਰੋ। ਜੇ ਵਿਗਿਆਨ ਵਿਚ ਰੁਚੀ ਹੈ ਤਾਂ ਉਸ ’ਚ ਅੱਗੇ ਵਧੋ। ਆਪਣੇ ਮਨ ਦੀ ਆਵਾਜ਼ ਸੁਣੋ। ਜੇ ਜੀਵਨ ਵਿਚ ਹਾਰ ਮਿਲਦੀ ਹੈ ਤਾਂ ਉਸ ਨੂੰ ਆਪਣੀ ਕਮਜ਼ੋਰੀ ਨਾ ਬਣਾਓ। ਹਾਰ ਸਾਨੂੰ ਸਿਖਾਉਂਦੀ ਹੈ ਕਿ ਕਿਹੜਾ ਰਸਤਾ ਸਹੀ ਨਹੀਂ। ਹਰ ਗ਼ਲਤੀ ਅਨੁਭਵ ਹੈ ਅਤੇ ਹਰ ਅਨੁਭਵ ਸਫਲਤਾ ਵਲ ਇਕ ਕਦਮ ਹੈ। ਨੌਜਵਾਨੀ ਉਹ ਸਮਾਂ ਹੈ, ਜਦੋਂ ਬੀਜ ਬੋਏ ਜਾਂਦੇ ਹਨ। ਜੇ ਅੱਜ ਮਿਹਨਤ ਦਾ ਬੀਜ ਬੀਜੋਗੇ, ਤਾਂ ਕੱਲ੍ਹ ਕਾਮਯਾਬੀ ਦਾ ਫਲ ਮਿਲੇਗਾ। ਸਮਾਂ ਵਾਪਸ ਨਹੀਂ ਆਉਂਦਾ, ਇਸ ਲਈ ਹਰ ਦਿਨ ਨੂੰ ਨਵਾਂ ਮੌਕਾ ਸਮਝੋ। ਜੀਵਨ ’ਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਸਕਾਰਾਤਮਿਕ ਸੋਚ ਤੁਹਾਨੂੰ ਹਰ ਹਾਲਤ ਵਿਚ ਮਜ਼ਬੂਤ ਬਣਾਈ ਰੱਖਦੀ ਹੈ। ਆਪਣੇ ਆਲੇ-ਦੁਆਲੇ ਉਨ੍ਹਾਂ ਲੋਕਾਂ ਨੂੰ ਰੱਖੋ, ਜੋ ਤੁਹਾਨੂੰ ਪ੍ਰੇਰਿਤ ਕਰਦੇ ਹਨ। ਮਜ਼ਬੂਤ ਮਨ ਤੇ ਤੰਦਰੁਸਤ ਸਰੀਰ ਸਫਲਤਾ ਦੀ ਨੀਹ ਹਨ। ਨਿਯਮਿਤ ਕਸਰਤ, ਪੜ੍ਹਨ ਦੀ ਆਦਤ ਤੇ ਅਨੁਸ਼ਾਸਿਤ ਜੀਵਨ ਤੁਹਾਨੂੰ ਹੋਰਾਂ ਤੋਂ ਵੱਖਰਾ ਬਣਾਉਂਦਾ ਹੈ।
ਸੋ ਆਪਣੇ ਅੰਦਰ ਦੀ ਤਾਕਤ ਨੂੰ ਪਛਾਣੋ। ਜ਼ਿੰਦਗੀ ਤੁਹਾਨੂੰ ਮੌਕੇ ਦੇਵੇਗੀ ਪਰ ਉਨ੍ਹਾਂ ਨੂੰ ਕਾਮਯਾਬੀ ਵਿਚ ਬਦਲਣਾ ਤੁਹਾਡੇ ਹੱਥ ਹੈ। ਆਪਣੀ ਕਹਾਣੀ ਕਿਸੇ ਹੋਰ ਤੋਂ ਨਾ ਲਿਖਾਓ, ਆਪਣੇ ਸੁਪਨਿਆਂ ਦੀ ਕਲਮ ਆਪਣੇ ਹੱਥ ਵਿਚ ਫੜੋ।
- ਅਵਨੀਤ ਕੌਰ