ਕੋਈ ਹੀ ਅਜਿਹਾ ਮਨੁੱਖ ਹੋਵੇਗਾ, ਜਿਸ ਨੂੰ ਪਾਣੀ ਦੀ ਅਹਿਮੀਅਤ ਦਾ ਅੰਦਾਜ਼ਾ ਨਾ ਹੋਵੇ ਪਰ ਬਹੁੱਤੇ ਮਨੁੱਖ ਐਸੇ ਜ਼ਰੂਰ ਹਨ, ਜੋ ਇਹ ਸਭ ਜਾਣੇ ਹੋਏ ਵੀ ਪਾਣੀ ਦੀ ਬੇਕਦਰੀ ਰੱਜ ਕੇ ਕਰਦੇ ਹਨ ਅਤੇ ਫਿਰ ਤਕੀਆ ਕਲਾਮ, ‘ਕੋਈ ਨਾ ਸਾਰੀ ਦੁਨੀਆ ਦੇ ਨਾਲ ਹੀ ਹਾਂ ਆਪਾਂ ਵੀ’ ਕਹਿ ਕੇ ਆਪਣੀਆਂ ਗ਼ਲਤੀਆਂ ਉੱਤੇ ਪਰਦਾ ਪਾਉਣ ਦਾ ਯਤਨ ਕਰਦੇ ਹਨ।

ਕੋਈ ਹੀ ਅਜਿਹਾ ਮਨੁੱਖ ਹੋਵੇਗਾ, ਜਿਸ ਨੂੰ ਪਾਣੀ ਦੀ ਅਹਿਮੀਅਤ ਦਾ ਅੰਦਾਜ਼ਾ ਨਾ ਹੋਵੇ ਪਰ ਬਹੁੱਤੇ ਮਨੁੱਖ ਐਸੇ ਜ਼ਰੂਰ ਹਨ, ਜੋ ਇਹ ਸਭ ਜਾਣੇ ਹੋਏ ਵੀ ਪਾਣੀ ਦੀ ਬੇਕਦਰੀ ਰੱਜ ਕੇ ਕਰਦੇ ਹਨ ਅਤੇ ਫਿਰ ਤਕੀਆ ਕਲਾਮ, ‘ਕੋਈ ਨਾ ਸਾਰੀ ਦੁਨੀਆ ਦੇ ਨਾਲ ਹੀ ਹਾਂ ਆਪਾਂ ਵੀ’ ਕਹਿ ਕੇ ਆਪਣੀਆਂ ਗ਼ਲਤੀਆਂ ਉੱਤੇ ਪਰਦਾ ਪਾਉਣ ਦਾ ਯਤਨ ਕਰਦੇ ਹਨ। ਪਰ ਖ਼ਿਆਲ ਕਰਿਓ, ਅਸੀਂ ਪਾਣੀ ਦੀ ਬੇਕਦਰੀ ਨਹੀਂ ਕਰ ਰਹੇ ਸਗੋਂ ਭਵਿੱਖ ਦੀ ਮਨੁੱਖਾ ਜ਼ਿੰਦਗੀ ਨੂੰ ਕੁੱਖ ਵਿਚ ਹੀ ਬਰਬਾਦ ਕਰ ਰਹੇ ਹਾਂ।
ਸ੍ਰਿਸ਼ਟੀ ਦੀ ਉਤਪਤੀ ਪਾਣੀ ਤੋਂ ਹੋਈ
ਨਾ ਭੁੱਲਣ ਵਾਲੀ ਗੱਲ ਇਹ ਹੈ ਕਿ ਸਮੁੱਚੀ ਹੀ ਸ੍ਰਿਸ਼ਟੀ ਦੀ ਚੱਲ ਰਹੀ ਰੌਂ ਦਾ ਸੰਚਾਲਕ ਸਿਰਫ਼ ਤੇ ਸਿਰਫ਼ ਪਾਣੀ/ਜਲ ਹੈ। ਇਹੀ ਕਾਰਨ ਹੈ ਕਿ ਵੱਖ-ਵੱਖ ਧਰਮ ਗ੍ਰੰਥਾਂ ਸਮੇਤ ਗੁਰੂ ਨਾਨਕ ਸਾਹਿਬ ਦੁਆਰਾ ਰਚਿਤ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਪਾਣੀ ਦੀ ਅਹਿਮੀਅਤ ਨੂੰ ਧਾਰਮਿਕ ਤੌਰ ਉੱਤੇ ਦ੍ਰਿੜ ਕਰਵਾਉਂਦਿਆਂ ਸਮਾਜਿਕ ਅਤੇ ਸ੍ਰਿਸ਼ਟੀ ਰਚਨਾ ਦੇ ਸਬੰਧ ਵਿਚ ਅਹਿਮ ਜਾਣਕਾਰੀ ਦਿੰਦਿਆਂ ਗੁਰਬਾਣੀ ਅੰਦਰ ਥਾਂ-ਪੁਰ-ਥਾਂ ਸਮਝਾਇਆ ਗਿਆ ਹੈ ਕਿ ਸ੍ਰਿਸ਼ਟੀ ਦੀ ਉੱਤਪਤੀ ਹੀ ਪਾਣੀ ਤੋਂ ਹੋਈ ਹੈ ‘ਸਾਚੇ ਤੇ ਪਵਨਾ ਭਇਆ ਪਵਨੇ ਤੈ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥’ ਇਸੇ ਤਰ੍ਹਾਂ ਇਕ ਥਾਂ ਹੋਰ ਪਾਣੀ ਦੀ ਲੋੜ/ਮਹੱਤਤਾ ਨੂੰ ਸਮਝਾਉਂਦਿਆਂ ਹੋਇਆ ਬਚਨ ਕੀਤੇ ਕਿ ‘ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥’ ਭਾਵ ਪਾਣੀ ਤੋਂ ਹੀ ਜੀਵਨ ਪੈਦਾ ਹੋਇਆ ਹੈ ਅਤੇ ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੋ ਸਕਦਾ।
ਚਿੰਤਾ ’ਚ ਹਨ ਸਾਇੰਸਦਾਨ
ਇਸੇ ਕਰਕੇ ਸਾਲ 1992 ਵਿਚ ਸੰਯੁਕਤ ਰਾਸ਼ਟਰ ਵੱਲੋਂ ਵਾਤਾਵਰਨ ਅਤੇ ਵਿਕਾਸ ਸਬੰਧੀ ਹੋਈ ਕਾਨਫਰੰਸ ਵਿਚ ਸ਼ੁੱਧ ਅਤੇ ਸਾਫ਼ ਪਾਣੀ ਲਈ ਅੰਤਰਰਾਸ਼ਟਰੀ ਪਾਣੀ ਦਿਵਸ ਮਨਾਉਣ ਦੀ ਸਿਫਾਰਸ਼ ਕੀਤੀ ਗਈ, ਜਿਸ ਸਬੰਧੀ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 22 ਮਾਰਚ ਦਾ ਦਿਨ ‘ਅੰਤਰਰਾਸ਼ਟਰੀ ਜਲ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਲਿਆ। ਅੱਜ ਦੇ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਪਾਣੀ ਨੂੰ ਬਚਾਉਣ ਸਬੰਧੀ ਤੇ ਪੀਣਯੋਗ ਪਾਣੀ ਦੀ ਘੱਟ ਰਹੀ ਮਾਤਰਾ ਦੇ ਸਬੰਧ ਵਿਚ ਵਿਸ਼ਵ ਭਰ ਵਿਚ ਖੋਜੀ/ਸਾਇੰਸਦਾਨ ਭਾਰੀ ਚਿੰਤਾ ’ਚ ਹਨ, ਕਿਉਂਕਿ ਜਾਂ ਤਾਂ ਪਾਣੀ ਜ਼ਹਿਰੀਲਾ ਹੋਈ ਜਾ ਰਿਹਾ ਹੈ ਜਾਂ ਧਰਤੀ ਦੇ ਬਹੁਤ ਹੇਠਾਂ ਜਾਈ ਜਾ ਰਿਹਾ ਹੈ ਅਤੇ ਬਾਵਜੂਦ ਇਸ ਦੇ ਮਨੁੱਖਤਾ ਪਾਣੀ ਨੂੰ ਵਰਤਣ ਵਿਚ ਸੰਜਮਤਾ ਤਾਂ ਬਿਲਕੁਲ ਨਹੀਂ ਕਰ ਰਹੀ ਪਰ ਪਾਣੀ ਦੀ ਬੇਕਦਰੀ/ਬਰਬਾਦੀ ਕਰਨ ਵਿਚ ਨੰਬਰ ਇਕ ’ਤੇ ਜਾ ਰਹੀ ਹੈ, ਜਿਸ ਦੀਆਂ ਕਈ ਮਿਸਾਲਾਂ ਮਿਲ ਸਕਦੀਆਂ ਹਨ। ਹਾਲ ਹੀ ’ਚ ਇਕ ਰਿਪੋਰਟ ਅਨੁਸਾਰ 50 ਤੋਂ 500 ਲੀਟਰ ਤਕ ਪਾਣੀ ਦੀ ਬੇਕਦਰੀ ਅਸੀਂ ਕੇਵਲ ਆਪਣੇ ਵਾਹਨ ਮੋਟਰਸਾਈਕਲ, ਕਾਰ ਜਾਂ ਟਰੱਕ/ਬੱਸ ਆਦਿ ਨੂੰ ਧੋਣ ਵੇਲੇ ਹੀ ਕਰ ਦਿੰਦੇ ਹਾਂ ਅਤੇ ਕੁਝ ਲੋਕ ਤਾਂ ਅਜਿਹੇ ਹਨ, ਜਿਹੜੇ ਹਫ਼ਤੇ ਵਿਚ ਹੀ ਦੋ-ਦੋ ਵਾਰ ਆਪਣੀ ਕਾਰਾਂ/ਗੱਡੀਆਂ ਨੂੰ ਧੋ ਕੇ ਬੇਸ਼ਕੀਮਤੀ ਪਾਣੀ ਦੀ ਬੇਹਿਸਾਬੀ ਬਰਬਾਦੀ ਕਰਦੇ ਹਨ।
ਹੋਣਾ ਪਵੇਗਾ ਸੁਚੇਤ
ਇਹੋ ਜਿਹੇ ਹਾਲਤਾਂ ਨੂੰ ਵੇਖਦਿਆਂ ਹੀ ਇਸ ਗੱਲ ਦੇ ਕਿਆਸੇ ਲਗਾਏ ਜਾ ਰਹੇ ਹਨ ਕਿ ਅਗਲੀ ਸੰਸਾਰ ਜੰਗ ਜਦੋਂ ਵੀ ਹੋਈ ਤਾਂ ਪਾਣੀ ਨਾਲ ਸਬੰਧਿਤ ਹੋਵੇਗੀ। ਤਾਂ ਹੀ ਕਿਹਾ ਜਾਂਦਾ ਹੈ ਕਿ ਪਾਣੀ ਬਣਾਇਆ ਨਹੀਂ ਜਾ ਸਕਦਾ, ਬਚਾਇਆ ਜ਼ਰੂਰ ਜਾ ਸਕਦਾ ਹੈ ਪਰ ਇਹ ਤਾਂ ਹੀ ਸੰਭਵ ਹੋ ਸਕੇਗਾ ਕਿ ਜੇ ਇਕ ਪ੍ਰਾਣੀ-ਮਾਤਰ ਆਪਣੀ ਜ਼ਿੰਮੇਵਾਰੀ ਨੂੰ ਸਮਝੇਗਾ ਅਤੇ ਪਾਣੀ ਦੀ ਵਰਤੋਂ ਬਹੁਤ ਹੀ ਸੰਜਮਤਾ ਨਾਲ ਕਰੇਗਾ। ਯੂਐੱਨਓ ਵੱਲੋਂ ਕਰਵਾਏ ਇਕ ਸਰਵੇ ਮੁਤਾਬਿਕ 120 ਕਰੋੜ ਤੋਂ ਵੱਧ ਲੋਕਾਂ ਨੂੰ ਪੀਣਯੋਗ ਪਾਣੀ ਨਹੀਂ ਮਿਲ ਰਿਹਾ ਤੇ 50 ਲੱਖ ਦੇ ਕਰੀਬ ਮੌਤਾਂ ਜ਼ਹਿਰੀਲੇ ਪਾਣੀ ਕਰਕੇ ਹੋ ਰਹੀਆਂ ਹਨ। ਪਾਣੀ ਦੀ ਸਹੀ ਮਾਤਰਾ ਦਾ ਅੰਦਾਜ਼ਾ ਪਾਣੀ ਦੀ ਸ਼ੁੱਧਤਾ/ਨਿਰਮਲਤਾ ਤੋਂ ਪਤਾ ਲੱਗਦਾ ਹੈ ਪਰ ਅਫਸੋਸ ਧਰਮ ਦੀ ਆੜ ਹੇਠ ਵੀ ਵੱਡੇ ਪੱਧਰ ’ਤੇ ਪਾਣੀ ਦੀ ਬੇਕਦਰੀ ਕੀਤੀ ਜਾਂਦੀ ਹੈ। ਗੁਰਬਾਣੀ ਕਹਿੰਦੀ ਹੈ, ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ॥ ਭਾਵ ਪਾਣੀ ਤੋਂ ਸਾਰਾ ਸੰਸਾਰ ਬਣਿਆ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ। ਸੋ ਆਓ! ਪਾਣੀ ਬਾਰੇ ਆਪਣੇ ਬੱਚਿਆਂ, ਵੱਡਿਆਂ, ਬਜ਼ੁਰਗਾਂ ਨੂੰ ਸੁਚੇਤ ਕਰ ਕੇ ਭਵਿੱਖ ਦੀ ਮਨੁੱਖੀ ਨਸਲ ਨੂੰ ਬਚਾਉਣ ਲਈ ਉੱਦਮ ਕਰੀਏ।
- ਇਕਵਾਕ ਸਿੰਘ ਪੱਟੀ