ਨੈਤਿਕਤਾ ਮਨੁੱਖੀ ਜੀਵਨ ਦਾ ਮੂਲ ਧੁਰਾ ਹੈ। ਅਸਲ ’ਚ ਨੈਤਿਕਤਾ ਸੱਚ, ਇਮਾਨਦਾਰੀ, ਦਇਆ, ਸਬਰ, ਤਿਆਗ, ਮਦਦ, ਸਤਿਕਾਰ ਅਤੇ ਜ਼ਿੰਮੇਵਾਰੀ ਵਰਗੀਆਂ ਕਦਰਾਂ-ਕੀਮਤਾਂ ਦਾ ਸਮੂਹ ਹੈ ਪਰ ਇਹ ਸਭ ਕੁਝ ਮਨੁੱਖੀ ਜੀਵਨ ਵਿੱਚੋਂ ਮਨਫ਼ੀ ਹੁੰਦਾ ਜਾ ਰਿਹਾ ਹੈ। ਨੈਤਿਕਤਾ ਬਿਨਾਂ ਇਨਸਾਨੀਅਤ ਅਧੂਰੀ ਹੈ ਤੇ ਇਨਸਾਨੀਅਤ ਤੋਂ ਬਗ਼ੈਰ ਸੰਸਾਰ ਬੇ-ਰੂਹ ਬਣ ਜਾਂਦਾ ਹੈ।

ਨੈਤਿਕਤਾ ਮਨੁੱਖੀ ਜੀਵਨ ਦਾ ਮੂਲ ਧੁਰਾ ਹੈ। ਅਸਲ ’ਚ ਨੈਤਿਕਤਾ ਸੱਚ, ਇਮਾਨਦਾਰੀ, ਦਇਆ, ਸਬਰ, ਤਿਆਗ, ਮਦਦ, ਸਤਿਕਾਰ ਅਤੇ ਜ਼ਿੰਮੇਵਾਰੀ ਵਰਗੀਆਂ ਕਦਰਾਂ-ਕੀਮਤਾਂ ਦਾ ਸਮੂਹ ਹੈ ਪਰ ਇਹ ਸਭ ਕੁਝ ਮਨੁੱਖੀ ਜੀਵਨ ਵਿੱਚੋਂ ਮਨਫ਼ੀ ਹੁੰਦਾ ਜਾ ਰਿਹਾ ਹੈ। ਨੈਤਿਕਤਾ ਬਿਨਾਂ ਇਨਸਾਨੀਅਤ ਅਧੂਰੀ ਹੈ ਤੇ ਇਨਸਾਨੀਅਤ ਤੋਂ ਬਗ਼ੈਰ ਸੰਸਾਰ ਬੇ-ਰੂਹ ਬਣ ਜਾਂਦਾ ਹੈ। ਅੱਜ ਦੇ ਦੌਰ ਵਿਚ ਇਨਸਾਨ ਭੌਤਿਕ ਤੌਰ ’ਤੇ ਬਹੁਤ ਅੱਗੇ ਵੱਧ ਗਿਆ ਹੈ ਪਰ ਨੈਤਿਕਤਾ ਦੇ ਪੱਖ ਤੋਂ ਉਹ ਹੌਲੀ-ਹੌਲੀ ਅੰਦਰੋਂ ਖੋਖਲਾ ਹੁੰਦਾ ਜਾ ਰਿਹਾ ਹੈ। ਨੈਤਿਕਤਾ ਤੋਂ ਬਗ਼ੈਰ ਮਨੁੱਖ ਚੱਲਦੀ ਫਿਰਦੀ ਮਸ਼ੀਨ ਵਾਂਗ ਹੈ, ਜਿਸ ਕੋਲ ਭਾਵਨਾਵਾਂ ਦਾ ਵੇਗ ਨਹੀਂ ਹੁੰਦਾ। ਅੱਜ ਦਾ ਮਨੁੱਖ ਵਿਗਿਆਨ ਤੇ ਤਕਨੀਕੀ ਯੁੱਗ ਵਿਚ ਤੇਜ਼ੀ ਨਾਲ ਅੱਗੇ ਜ਼ਰੂਰ ਵੱਧ ਰਿਹਾ ਹੈ ਪਰ ਇਸ ਦੌੜ ’ਚ ਉਹ ਨੈਤਿਕ ਕਦਰਾਂ-ਕੀਮਤਾਂ ਨੂੰ ਪਿੱਛੇ ਛੱਡਦਾ ਜਾ ਰਿਹਾ ਹੈ।
ਤਕਨਾਲੋਜੀ ਤੇ ਸੋਸ਼ਲ ਮੀਡੀਆ ਦਾ ਪ੍ਰਭਾਵ
ਅਜੋਕੇ ਸਮੇਂ ’ਚ ਲਾਲਚ ਅਤੇ ਸਵਾਰਥ ਨੇ ਮਨੁੱਖੀ ਸੋਚ ਨੂੰ ਇਸ ਤਰ੍ਹਾਂ ਘੇਰ ਲਿਆ ਹੈ ਕਿ ‘ਮੈਂ’ ਸਭ ਤੋਂ ਉੱਪਰ ਆ ਗਈ ਹੈ, ਜਦੋਂਕਿ ‘ਅਸੀਂ’ ਦਾ ਫ਼ਲਸਫ਼ਾ ਬਹੁਤ ਪਿੱਛੇ ਰਹਿ ਗਿਆ ਹੈ। ਸਫਲਤਾ ਨੂੰ ਹੁਣ ਸਿਰਫ਼ ਧਨ, ਰੁਤਬੇ ਜਾਂ ਸ਼ਕਤੀ ਨਾਲ ਤੋਲਿਆ ਜਾਂਦਾ ਹੈ। ਇਸ ਕਾਰਨ ਝੂਠ, ਧੋਖਾਧੜੀ ਤੇ ਅਨਿਆਂ ਆਦਿ ਵਰਤਾਰੇ ਆਮ ਹੋ ਗਏ ਹਨ। ਅਸਲ ’ਚ ਨੈਤਿਕਤਾ ਵਿਚ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਲਾਲਚ ਅਤੇ ਸਵਾਰਥ ਹੈ। ਵਧੇਰੇ ਮਨੁੱਖ ਹੁਣ ਆਪਣੀ ਸੁੱਖ-ਸੁਵਿਧਾ ਲਈ ਹਰ ਹੱਦ ਤਕ ਜਾਣ ਲਈ ਤਿਆਰ ਹਨ। ਦੂਜੇ ਦੀ ਪੀੜ, ਹੱਕ ਜਾਂ ਭਾਵਨਾ ਉਸ ਨੂੰ ਘੱਟ ਮਹੱਤਵਪੂਰਨ ਲੱਗਦੀ ਹੈ। ਤਕਨਾਲੋਜੀ ਅਤੇ ਸੋਸ਼ਲ ਮੀਡੀਆ ਨੇ ਵੀ ਨੈਤਿਕਤਾ ’ਤੇ ਡੂੰਘਾ ਪ੍ਰਭਾਵ ਪਾਇਆ ਹੈ। ਜਿੱਥੇ ਪਹਿਲਾਂ ਰਿਸ਼ਤੇ ਰੂ-ਬ-ਰੂ ਗੱਲਬਾਤ ਤੇ ਭਾਵਨਾਵਾਂ ਨਾਲ ਬਣਦੇ ਸਨ, ਉੱਥੇ ਹੁਣ ਲਾਈਕ, ਫਾਲੋਅਰ ਤੇ ਵਰਚੁਅਲ ਪ੍ਰਸ਼ੰਸਾ ਨੇ ਅਸਲੀ ਸੰਵੇਦਨਾਵਾਂ ਦੀ ਥਾਂ ਲੈ ਲਈ ਹੈ।
ਤਿੜਕਣ ਲੱਗ ਪਏ ਹਨ ਰਿਸ਼ਤੇ
ਕਿਸੇ ਸਮੇਂ ਪਰਿਵਾਰ ਨੈਤਿਕ ਸਿੱਖਿਆ ਦੀ ਪਹਿਲੀ ਪਾਠਸ਼ਾਲਾ ਮੰਨਿਆ ਜਾਂਦਾ ਰਿਹਾ ਹੈ ਪਰ ਅੱਜ ਇਹ ਪਾਠਸ਼ਾਲਾ ਖ਼ੁਦ ਸੰਕਟ ’ਚ ਹੈ। ਮਾਪਿਆਂ ਕੋਲ ਪਹਿਲਾਂ ਵਾਂਗ ਬੱਚਿਆਂ ਲਈ ਸਮਾਂ ਨਹੀਂ, ਜਿਸ ਕਰਨ ਬੱਚੇ ਜ਼ਿਆਦਾ ਮੋਬਾਈਲ ਤੇ ਟੀਵੀ ਦੇ ਹਵਾਲੇ ਕਰ ਦਿੱਤੇ ਜਾਂਦੇ ਹਨ। ਨਤੀਜੇ ਵਜੋਂ ਆਦਰ, ਅਨੁਸ਼ਾਸਨ ਤੇ ਸੰਜਮ ਵਰਗੀਆਂ ਕਦਰਾਂ-ਕੀਮਤਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਰਹੀਆਂ ਹਨ। ਸਮਾਜ ਵਿਚ ਅਸਹਿਣਸ਼ੀਲਤਾ, ਗੁੱਸਾ, ਸਾੜਾ ਅਤੇ ਹਿੰਸਾ ਵੱਧ ਰਹੀ ਹੈ। ਛੋਟੀ-ਛੋਟੀ ਗੱਲ ’ਤੇ ਟਕਰਾਅ, ਝਗੜੇ ਅਤੇ ਅਪਰਾਧ ਆਮ ਹੋ ਗਏ ਹਨ। ਇਨਸਾਨ ਆਪਣੀ ਅੰਤਰ-ਆਤਮਾ ਦੀ ਆਵਾਜ਼ ਸੁਣ ਕੇ ਜਿਊਣਾ ਛੱਡ ਚੁੱਕਿਆ ਹੈ। ਸਮਾਜਿਕ ਰਿਸ਼ਤਿਆਂ ’ਚ ਵੀ ਇਹ ਗਿਰਾਵਟ ਸਪਸ਼ਟ ਦੇਖੀ ਜਾ ਸਕਦੀ ਹੈ। ਜਿੱਥੇ ਕਦੇ ਵੱਡਿਆਂ ਦਾ ਆਦਰ ਅਤੇ ਛੋਟਿਆਂ ਨਾਲ ਪਿਆਰ ਜੀਵਨ ਦਾ ਪ੍ਰਮੁੱਖ ਅੰਗ ਸੀ, ਉੱਥੇ ਹੁਣ ਬੇਪਰਵਾਹੀ ਅਤੇ ਅਸਹਿਣਸ਼ੀਲਤਾ ਵੱਧ ਰਹੀ ਹੈ। ਸੋਸ਼ਲ ਮੀਡੀਆ ਨੇ ਭਾਵੇਂ ਸੰਪਰਕ ਸੌਖਾ ਕੀਤਾ ਹੈ ਪਰ ਇਸ ਨੇ ਅਸਲੀ ਸੰਵੇਦਨਾ ਤੇ ਸੰਵਾਦ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਕਿ ਰਿਸ਼ਤੇ ਤਿੜਕਣ ਲੱਗ ਪਏ ਹਨ।
ਮੁਕਾਬਲੇ ਦੀ ਦੌੜ
ਸਿੱਖਿਆ ਪ੍ਰਣਾਲੀ ’ਚ ਵੀ ਅੰਕਾਂ ਅਤੇ ਨੌਕਰੀ ਦੀ ਦੌੜ ਨੇ ਚਰਿੱਤਰ ਨਿਰਮਾਣ ਨੂੰ ਪਿੱਛੇ ਧੱਕ ਦਿੱਤਾ ਹੈ। ਜਦੋਂ ਤਕ ਸਕੂਲਾਂ ’ਚ ਮਿਆਰੀ ਨੈਤਿਕ ਸਿੱਖਿਆ ਨਹੀਂ ਮਿਲੇਗੀ, ਉਦੋਂ ਤਕ ਸਮਾਜ ਵਿਚ ਸੰਤੁਲਨ ਬਣ ਸਕਣਾ ਔਖਾ ਹੈ। ਅੱਜ ਦੀ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਨੂੰ ਨੌਕਰੀਯੋਗ ਬਣਾਉਣ ’ਤੇ ਤਾਂ ਧਿਆਨ ਦੇ ਰਹੀ ਹੈ ਪਰ ਚੰਗਾ ਇਨਸਾਨ ਬਣਾਉਣ ’ਤੇ ਨਹੀਂ। ਅੰਕ, ਡਿਗਰੀਆਂ ਅਤੇ ਮੁਕਾਬਲੇ ਦੀ ਦੌੜ ਨੇ ਮਨੁੱਖੀ ਕਦਰਾਂ-ਕੀਮਤਾਂ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਹੈ। ਜਦੋਂ ਤੱਕ ਚਰਿੱਤਰ ਨਿਰਮਾਣ ਤੇ ਨੈਤਿਕਤਾ ਨੂੰ ਸਿੱਖਿਆ ਨਾਲ ਨਹੀਂ ਜੋੜਿਆ ਜਾਂਦਾ, ਉਦੋਂ ਤਕ ਚੰਗੇਰੇ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪ੍ਰਾਚੀਨ ਸਮਿਆਂ ਵਿਚ ਧਰਮ ਵੀ ਮਨੁੱਖ ਨੂੰ ਨੈਤਿਕਤਾ ਦਾ ਰਾਹ ਦਿਖਾਉਂਦਾ ਰਿਹਾ ਹੈ ਪਰ ਅੱਜ ਧਰਮ ਦੇ ਰਾਹ ’ਤੇ ਚੱਲਣ ਤੇ ਇਸ ਸਿੱਖਿਆ ਨੂੰ ਹਾਸਿਲ ਕਰਨ ਲਈ ਕੋਈ ਤਿਆਰ ਹੀ ਨਹੀਂ।
ਆਤਮ-ਸੁਧਾਰਾਂ ਦੀ ਲੋੜ
ਨੈਤਿਕਤਾ ਦੀ ਗਿਰਾਵਟ ਤੋਂ ਬਚਣ ਲਈ ਕਿਸੇ ਇਨਕਲਾਬ ਦੀ ਨਹੀਂ ਸਗੋਂ ਆਤਮ-ਸੁਧਾਰਾਂ ਦੀ ਲੋੜ ਹੈ। ਇਸ ਮੰਤਵ ਦੀ ਪੂਰਤੀ ਲਈ ਹਰ ਇਨਸਾਨ ਨੂੰ ਆਪਣੇ ਤੋਂ ਸ਼ੁਰੂਆਤ ਕਰਨੀ ਪਵੇਗੀ। ਪਰਿਵਾਰ ਤੋਂ ਲੈ ਕੇ ਸਕੂਲ ਅਤੇ ਸਮਾਜ ਤਕ ਨੈਤਿਕ ਕਦਰਾਂ-ਕੀਮਤਾਂ ਨੂੰ ਮਨੁੱਖੀ ਜੀਵਨ ਵਿਚ ਉਤਾਰਨਾ ਪਵੇਗਾ। ਪਰਿਵਾਰਾਂ ’ਚ ਬੱਚਿਆਂ ਨੂੰ ਕਹਾਣੀਆਂ ਤੇ ਸੰਵਾਦ ਨਾਲ ਜੋੜਨਾ ਪਵੇਗਾ, ਜਦੋਂਕਿ ਵੱਡਿਆਂ ਨੂੰ ਖ਼ੁਦ ਮਿਸਾਲ ਬਣ ਕੇ ਨੈਤਿਕ ਸਿੱਖਿਆ ਦੇਣ ਲਈ ਉਪਰਾਲੇ ਕਰਨੇ ਪੈਣਗੇ। ਸਕੂਲਾਂ ਵਿਚ ਵੀ ਇਸ ਸਿੱਖਿਆ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣਾ ਪਵੇਗਾ ਅਤੇ ਅੱਜ ਦੀ ਪੀੜ੍ਹੀ ਨੂੰ ਸੱਚ, ਨਿਆਂ ਤੇ ਮਨੁੱਖਤਾ ਦੀ ਆਵਾਜ਼ ਉਠਾਉਣ ਲਈ ਤਿਆਰ ਕਰਨਾ ਪਵੇਗਾ। ਸੱਚ ਬੋਲਣਾ, ਦੂਜੇ ਦੀ ਪੀੜ ਸਮਝਣਾ, ਨਿਆਂ ਲਈ ਖੜ੍ਹੇ ਹੋਣਾ ਇਹ ਸਭ ਅਜਿਹੇ ਛੋਟੇ-ਛੋਟੇ ਕਦਮ ਹਨ, ਜਿਹੜੇ ਵੱਡਾ ਬਦਲਾਅ ਲਿਆ ਸਕਦੇ ਹਨ। ਇਨਸਾਨੀਅਤ ਦੀ ਅਸਲ ਪਹਿਚਾਣ ਨੈਤਿਕ ਮੁੱਲਾਂ ਨਾਲ ਹੀ ਬਣੀ ਰਹਿ ਸਕਦੀ ਹੈ।
ਜੇ ਇਨਸਾਨ ਨੇ ਹਾਲੇ ਵੀ ਨੈਤਿਕਤਾ ਦਾ ਪਾਠ ਨਾ ਪੜ੍ਹਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਜੋਕੇ ਦੌਰ ਵਿਚਲੇ ਤਰੱਕੀ ਦੇ ਸਾਰੇ ਸਾਧਨ ਉਸ ਨੂੰ ਅੰਦਰੋਂ ਖੋਖਲਾ ਕਰ ਦੇਣਗੇ। ਦੇਸ਼, ਸਮਾਜ ਤੇ ਪਰਿਵਾਰ ਦਾ ਅਸਲੀ ਵਿਕਾਸ ਤਾਂ ਹੀ ਹੈ, ਜੇ ਦਿਮਾਗ਼ੀ ਤੇ ਆਰਥਿਕ ਵਿਕਾਸ ਦੇ ਨਾਲ-ਨਾਲ ਦਿਲਾਂ ਅੰਦਰ ਸਾਂਝ ਵੀ ਵਧੇ।
- ਮਨਪ੍ਰੀਤ ਸਿੰਘ ਰੂਬੀ