ਚਿੱਲੇ ਦੀ ਖਾਸੀਅਤ ਇਹ ਹੈ ਕਿ ਇਹ ਬਾਹਰੋਂ ਬਿਲਕੁਲ ਕ੍ਰਿਸਪੀ ਹੁੰਦਾ ਹੈ ਤੇ ਇਸ ਦੇ ਅੰਦਰ ਆਲੂ-ਸਾਬੂਦਾਣਾ ਦੀ ਮਸਾਲੇਦਾਰ ਸਟੱਫਿੰਗ ਤੁਹਾਡੇ ਸਵਾਦ ਨੂੰ ਦੁੱਗਣਾ ਕਰ ਦੇਵੇਗੀ। ਆਓ, ਬਿਨਾਂ ਦੇਰੀ ਕੀਤੇ ਇਸ ਨੂੰ ਬਣਾਉਣ ਦੀ ਆਸਾਨ ਵਿਧੀ ਜਾਣੋ...

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਜੇਕਰ ਤੁਸੀਂ ਇਸ ਵਾਰ ਮਹਾਸ਼ਿਵਰਾਤਰੀ ਦੇ ਵਰਤ 'ਤੇ ਕੁਝ ਕੁਰਕੁਰਾ ਤੇ ਨਵਾਂ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ 'ਕੁੱਟੂ-ਸਾਬੂਦਾਣਾ ਸਟੱਫਡ ਚਿੱਲਾ' ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਹ ਬਾਹਰੋਂ ਬਿਲਕੁਲ ਕ੍ਰਿਸਪੀ ਹੁੰਦਾ ਹੈ ਤੇ ਇਸ ਦੇ ਅੰਦਰ ਆਲੂ-ਸਾਬੂਦਾਣਾ ਦੀ ਮਸਾਲੇਦਾਰ ਸਟੱਫਿੰਗ ਤੁਹਾਡੇ ਸਵਾਦ ਨੂੰ ਦੁੱਗਣਾ ਕਰ ਦੇਵੇਗੀ। ਆਓ, ਬਿਨਾਂ ਦੇਰੀ ਕੀਤੇ ਇਸ ਨੂੰ ਬਣਾਉਣ ਦੀ ਆਸਾਨ ਵਿਧੀ ਜਾਣੋ...
ਕੁੱਟੂ ਦਾ ਆਟਾ: 1 ਕੱਪ
ਸੇਂਧਾ ਨਮਕ: ਸੁਆਦ ਅਨੁਸਾਰ
ਹਰੀ ਮਿਰਚ ਅਤੇ ਅਦਰਕ ਦਾ ਪੇਸਟ: 1 ਚਮਚ
ਪਾਣੀ: ਘੋਲ ਬਣਾਉਣ ਲਈ
ਘਿਓ/ਮੂੰਗਫਲੀ ਦਾ ਤੇਲ: ਸੇਕਣ ਲਈ
ਉਬਲੇ ਹੋਏ ਆਲੂ: 2-3 (ਮੈਸ਼ ਕੀਤੇ ਹੋਏ)
ਸਾਬੂਦਾਣਾ: ਅੱਧਾ ਕੱਪ (2 ਘੰਟੇ ਭਿੱਜਿਆ ਹੋਇਆ)
ਭੁੰਨੀ ਹੋਈ ਮੂੰਗਫਲੀ: 2 ਚਮਚ (ਦਰਦਰੀ ਕੁੱਟੀ ਹੋਈ)
ਹਰਾ ਧਨੀਆ: ਬਾਰੀਕ ਕੱਟਿਆ ਹੋਇਆ
ਕਾਲੀ ਮਿਰਚ ਪਾਊਡਰ: ਅੱਧਾ ਚਮਚ
ਜੀਰਾ: ਅੱਧਾ ਚਮਚ
ਸਟੱਫਿੰਗ ਤਿਆਰ ਕਰੋ: ਸਭ ਤੋਂ ਪਹਿਲਾਂ ਇਕ ਪੈਨ 'ਚ ਥੋੜ੍ਹਾ ਜਿਹਾ ਘਿਓ ਗਰਮ ਕਰੋ ਤੇ ਉਸ ਵਿਚ ਜੀਰਾ ਪਾਓ। ਹੁਣ ਇਸ ਵਿਚ ਭਿੱਜਿਆ ਹੋਇਆ ਸਾਬੂਦਾਣਾ ਪਾ ਕੇ 2 ਮਿੰਟ ਭੁੰਨੋ ਤਾਂ ਜੋ ਉਹ ਹਲਕਾ ਪਾਰਦਰਸ਼ੀ (transparent) ਹੋ ਜਾਵੇ। ਇਸ ਤੋਂ ਬਾਅਦ ਇਸ ਵਿਚ ਮੈਸ਼ ਕੀਤੇ ਆਲੂ, ਦਰਦਰੀ ਮੂੰਗਫਲੀ, ਸੇਂਧਾ ਨਮਕ, ਕਾਲੀ ਮਿਰਚ ਤੇ ਹਰਾ ਧਨੀਆ ਮਿਲਾਓ। ਸਭ ਕੁਝ ਚੰਗੀ ਤਰ੍ਹਾਂ ਮਿਕਸ ਕਰੋ ਤੇ 2-3 ਮਿੰਟ ਪਕਾ ਕੇ ਇਕ ਕੌਲੀ 'ਚ ਕੱਢ ਲਓ। ਤੁਹਾਡੀ ਸਵਾਦੀ ਸਟੱਫਿੰਗ ਤਿਆਰ ਹੈ।
ਘੋਲ ਤਿਆਰ ਕਰੋ: ਫਿਰ, ਇਕ ਭਾਂਡੇ 'ਚ ਕੁੱਟੂ ਦਾ ਆਟਾ ਲਓ। ਇਸ ਵਿਚ ਥੋੜ੍ਹਾ-ਥੋੜ੍ਹਾ ਪਾਣੀ ਪਾਉਂਦੇ ਹੋਏ ਇਕ ਸੰਘਣਾ ਘੋਲ ਤਿਆਰ ਕਰੋ (ਜਿਵੇਂ ਡੋਸੇ ਜਾਂ ਸਾਧਾਰਨ ਚਿੱਲੇ ਦਾ ਹੁੰਦਾ ਹੈ)। ਇਸ ਵਿੱਚ ਅਦਰਕ-ਮਿਰਚ ਦਾ ਪੇਸਟ ਤੇ ਸੇਂਧਾ ਨਮਕ ਪਾ ਕੇ ਚੰਗੀ ਤਰ੍ਹਾਂ ਫੈਂਟ ਲਓ ਤਾਂ ਜੋ ਕੋਈ ਗੰਢ ਨਾ ਰਹੇ।
ਚਿੱਲਾ ਬਣਾਓ: ਹੁਣ ਇਕ ਨਾਨ-ਸਟਿੱਕ ਤਵਾ ਗਰਮ ਕਰੋ ਤੇ ਉਸ ਨੂੰ ਘਿਓ ਨਾਲ ਹਲਕਾ ਚਿਕਣਾ ਕਰ ਲਓ। ਅੱਗ ਨੂੰ ਦਰਮਿਆਨੀ ਰੱਖੋ ਤੇ ਇਕ ਵੱਡਾ ਚਮਚ ਘੋਲ ਤਵੇ ਦੇ ਵਿਚਕਾਰ ਪਾ ਕੇ ਹੌਲੀ-ਹੌਲੀ ਗੋਲਾਈ 'ਚ ਫੈਲਾਓ। ਚਿੱਲੇ ਦੇ ਕਿਨਾਰਿਆਂ 'ਤੇ ਥੋੜ੍ਹਾ ਜਿਹਾ ਘਿਓ ਪਾਓ ਤਾਂ ਜੋ ਉਹ ਕੁਰਕੁਰਾ ਬਣੇ।
ਸਰਵ ਕਰੋ: ਜਦੋਂ ਚਿੱਲਾ ਥੱਲਿਓਂ ਸੁਨਹਿਰੀ ਤੇ ਕ੍ਰਿਸਪੀ ਦਿਖਣ ਲੱਗੇ ਤਾਂ ਉਸ ਨੂੰ ਪਲਟ ਦਿਓ। ਦੂਜਾ ਪਾਸਾ ਵੀ ਹਲਕਾ ਸੇਕਣ ਤੋਂ ਬਾਅਦ ਇਸ ਨੂੰ ਫਿਰ ਤੋਂ ਪਲਟੋ ਤੇ ਵਿਚਕਾਰ ਤਿਆਰ ਕੀਤੀ ਆਲੂ-ਸਾਬੂਦਾਣਾ ਸਟੱਫਿੰਗ ਦੀ ਇਕ ਤਹਿ ਰੱਖੋ। ਹੁਣ ਚਿੱਲੇ ਨੂੰ ਅੱਧਾ ਮੋੜ ਦਿਓ ਜਾਂ ਰੋਲ ਕਰ ਲਓ। ਹੁਣ ਇਸ ਨੂੰ ਗਰਮਾ-ਗਰਮ ਵਰਤ ਵਾਲੀ ਹਰੀ ਚਟਨੀ ਜਾਂ ਦਹੀਂ ਨਾਲ ਪਰੋਸੋ। ਸਾਬੂਦਾਣੇ ਦੀ ਸਟੱਫਿੰਗ ਕਾਰਨ ਇਹ ਚਿੱਲਾ ਕਾਫ਼ੀ ਦੇਰ ਤਕ ਤੁਹਾਡਾ ਪੇਟ ਭਰਿਆ ਰੱਖੇਗਾ ਅਤੇ ਤੁਹਾਨੂੰ ਕਮਜ਼ੋਰੀ ਮਹਿਸੂਸ ਨਹੀਂ ਹੋਵੇਗੀ।