ਸਰਵੇਖਣ ਮੁਤਾਬਕ, ਬ੍ਰਿਟੇਨ 'ਚ 25% ਯੂਜ਼ਰਜ਼ ਨੇ ਪਿਛਲੇ ਇਕ ਸਾਲ 'ਚ ਘੱਟੋ-ਘੱਟ ਇਕ ਸੋਸ਼ਲ ਮੀਡੀਆ ਐਪ ਡਿਲੀਟ ਕੀਤੀ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਜੈਨ-ਜ਼ੀ 'ਚ ਇਹ ਅੰਕੜਾ ਹੋਰ ਵੀ ਜ਼ਿਆਦਾ ਹੈ; ਲਗਪਗ ਇਕ-ਤਿਹਾਈ ਨੌਜਵਾਨ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਚੁੱਕੇ ਹਨ।

ਇਕ ਸਮਾਂ ਸੀ ਜਦੋਂ ਸੋਸ਼ਲ ਮੀਡੀਆ ਨੂੰ ਨੌਜਵਾਨਾਂ, ਖ਼ਾਸ ਕਰਕੇ ਜੈਨ-ਜ਼ੀ (Gen-Z) ਲਈ ਮਨੋਰੰਜਨ, ਸੰਪਰਕ ਤੇ ਪਛਾਣ ਦਾ ਸਭ ਤੋਂ ਵੱਡਾ ਜ਼ਰੀਆ ਮੰਨਿਆ ਜਾਂਦਾ ਸੀ। ਇਹ ਪੀੜ੍ਹੀ ਇੰਟਰਨੈੱਟ ਦੇ ਨਾਲ ਹੀ ਵੱਡੀ ਹੋਈ ਹੈ, ਇਸ ਲਈ ਇਨ੍ਹਾਂ ਦੀ ਸ਼ਖ਼ਸੀਅਤ 'ਚ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦਾ ਵੱਡਾ ਯੋਗਦਾਨ ਰਿਹਾ ਹੈ ਪਰ ਹੁਣ ਤਸਵੀਰ ਬਦਲ ਰਹੀ ਹੈ। ਦੁਨੀਆ ਭਰ ਦੇ ਨੌਜਵਾਨ ਹੁਣ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਰਹੇ ਹਨ। ਇਹ ਬਦਲਾਅ ਸਿਰਫ਼ ਆਦਤਾਂ ਦਾ ਨਹੀਂ, ਸਗੋਂ ਇਕ ਨਵੇਂ ਜੀਵਨ ਸ਼ੈਲੀ ਦੇ ਰੁਝਾਨ ਦਾ ਸੰਕੇਤ ਹੈ ਜਿਸ ਨੂੰ 'ਕਵਾਈਟ ਰਿਵੋਲਿਊਸ਼ਨ' (ਸ਼ਾਂਤ ਕ੍ਰਾਂਤੀ) ਕਿਹਾ ਜਾ ਰਿਹਾ ਹੈ।
ਇਸ ਰੁਝਾਨ ਬਾਰੇ 'ਡੈਲੋਇਟ ਕੰਜ਼ਿਊਮਰ ਟ੍ਰੈਂਡਸ' ਸਰਵੇਖਣ 'ਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਸਰਵੇਖਣ ਮੁਤਾਬਕ, ਬ੍ਰਿਟੇਨ 'ਚ 25% ਯੂਜ਼ਰਜ਼ ਨੇ ਪਿਛਲੇ ਇਕ ਸਾਲ 'ਚ ਘੱਟੋ-ਘੱਟ ਇਕ ਸੋਸ਼ਲ ਮੀਡੀਆ ਐਪ ਡਿਲੀਟ ਕੀਤੀ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਜੈਨ-ਜ਼ੀ 'ਚ ਇਹ ਅੰਕੜਾ ਹੋਰ ਵੀ ਜ਼ਿਆਦਾ ਹੈ; ਲਗਪਗ ਇਕ-ਤਿਹਾਈ ਨੌਜਵਾਨ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਚੁੱਕੇ ਹਨ। ਇਹ ਸਾਫ਼ ਸੰਕੇਤ ਹੈ ਕਿ ਨੌਜਵਾਨ ਹੁਣ ਡਿਜੀਟਲ ਦੁਨੀਆ ਦੇ ਹਰ ਰੁਝਾਨ ਨੂੰ ਬਿਨਾਂ ਸਵਾਲ ਕੀਤੇ ਅਪਣਾਉਣ ਦੇ ਮੂਡ 'ਚ ਨਹੀਂ ਹਨ।
ਸੋਸ਼ਲ ਮੀਡੀਆ 'ਤੇ ਸਮਾਂ ਬਿਤਾਉਣ ਦੀਆਂ ਆਦਤਾਂ 'ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਗਲੋਬਲ ਵੈੱਬ ਇੰਡੈਕਸ ਨੇ 50 ਤੋਂ ਵੱਧ ਦੇਸ਼ਾਂ ਦੇ 2.5 ਲੱਖ ਬਾਲਗਾਂ ਦਾ ਵਿਸ਼ਲੇਸ਼ਣ ਕੀਤਾ। ਇਸ ਰਿਪੋਰਟ 'ਚ ਸਾਹਮਣੇ ਆਇਆ ਕਿ ਸੋਸ਼ਲ ਮੀਡੀਆ 'ਤੇ ਬਿਤਾਇਆ ਜਾਣ ਵਾਲਾ ਔਸਤ ਸਮਾਂ 2022 ਦੇ ਸਿਖਰ ਤੋਂ ਬਾਅਦ ਕਰੀਬ 10% ਘਟ ਗਿਆ ਹੈ, ਯਾਨੀ ਲੋਕ ਹੁਣ ਪਹਿਲਾਂ ਦੇ ਮੁਕਾਬਲੇ ਸਕ੍ਰੀਨ 'ਤੇ ਘੱਟ ਸਮਾਂ ਬਿਤਾ ਰਹੇ ਹਨ। ਰਿਪੋਰਟ ਅਨੁਸਾਰ, 2024 ਦੇ ਅੰਤ ਤਕ 16 ਸਾਲ ਤੋਂ ਵੱਧ ਉਮਰ ਦੇ ਲੋਕ ਰੋਜ਼ਾਨਾ ਔਸਤਨ 2 ਘੰਟੇ 20 ਮਿੰਟ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬਿਤਾ ਰਹੇ ਸਨ। ਹਾਲਾਂਕਿ ਇਹ ਅੰਕੜਾ ਘੱਟ ਨਹੀਂ ਲੱਗਦਾ, ਪਰ ਸਭ ਤੋਂ ਵੱਡੀ ਗਿਰਾਵਟ ਟੀਨੇਜਰਜ਼ ਤੇ 20 ਸਾਲ ਦੀ ਉਮਰ ਦੇ ਯੂਜ਼ਰਜ਼ 'ਚ ਦਰਜ ਕੀਤੀ ਗਈ ਹੈ। ਇਹ ਉਹੀ ਉਮਰ ਹੈ ਜਿੱਥੇ ਸੋਸ਼ਲ ਮੀਡੀਆ ਦਾ ਪ੍ਰਭਾਵ ਸਭ ਤੋਂ ਡੂੰਘਾ ਮੰਨਿਆ ਜਾਂਦਾ ਹੈ, ਫਿਰ ਵੀ ਨੌਜਵਾਨਾਂ ਦਾ ਪਿੱਛੇ ਹਟਣਾ ਇਸ ਬਦਲਾਅ ਨੂੰ ਹੋਰ ਮਹੱਤਵਪੂਰਨ ਬਣਾ ਦਿੰਦਾ ਹੈ।
ਨੌਜਵਾਨਾਂ ਦੀ ਸੋਚ ਹੁਣ ਬਦਲ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਹੁਣ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਰਿਹਾ। ਹਰ ਪਾਸੇ ਬ੍ਰਾਂਡਸ, ਇਸ਼ਤਿਹਾਰ ਤੇ 'ਪਰਫੈਕਟ ਲਾਈਫ' ਦਿਖਾਉਣ ਦੀ ਹੋੜ ਹੈ, ਜੋ ਲਗਾਤਾਰ ਤੁਲਨਾ ਅਤੇ ਦਬਾਅ ਪੈਦਾ ਕਰਦੀ ਹੈ। ਜਿੱਥੇ ਪਹਿਲਾਂ ਸੋਸ਼ਲ ਮੀਡੀਆ ਮਜ਼ੇਦਾਰ ਅਤੇ ਜੁੜੇ ਹੋਣ ਦਾ ਅਹਿਸਾਸ ਕਰਵਾਉਂਦਾ ਸੀ, ਉੱਥੇ ਹੀ ਹੁਣ ਕਈ ਨੌਜਵਾਨਾਂ ਲਈ ਇਹ ਤਣਾਅ ਦਾ ਕਾਰਨ ਬਣਦਾ ਜਾ ਰਿਹਾ ਹੈ। ਡੈਲੋਇਟ ਸਰਵੇਖਣ 'ਚ ਐਪਸ ਡਿਲੀਟ ਕਰਨ ਵਾਲੇ ਲਗਪਗ ਇਕ-ਚੌਥਾਈ ਲੋਕਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਸੋਸ਼ਲ ਮੀਡੀਆ ਉਨ੍ਹਾਂ ਦੀ ਮਾਨਸਿਕ ਸਿਹਤ (Mental Health) 'ਤੇ ਬੁਰਾ ਅਸਰ ਪਾ ਰਿਹਾ ਸੀ। ਇਸ ਤੋਂ ਇਲਾਵਾ, ਕਈ ਨੌਜਵਾਨਾਂ ਨੇ ਇਹ ਵੀ ਮੰਨਿਆ ਕਿ ਸੋਸ਼ਲ ਮੀਡੀਆ ਉਨ੍ਹਾਂ ਦਾ ਬਹੁਤ ਜ਼ਿਆਦਾ ਸਮਾਂ ਬਰਬਾਦ ਕਰ ਰਿਹਾ ਸੀ, ਜਿਸ ਕਾਰਨ ਉਹ ਦੂਜੀਆਂ ਜ਼ਰੂਰੀ ਚੀਜ਼ਾਂ ਵੱਲ ਧਿਆਨ ਨਹੀਂ ਦੇ ਪਾ ਰਹੇ ਸਨ।