ਬਾਰਬੀ ਦੀ ਨਿਰਮਾਤਾ ਰੂਥ ਹੈਂਡਲਰ ਸੀ, ਜਿਸ ਨੇ ਆਪਣੇ ਪਤੀ ਇਲੀਅਟ ਨਾਲ ਮਿਲ ਕੇ 'ਮੈਟਲ' (Mattel) ਕੰਪਨੀ ਦੀ ਸ਼ੁਰੂਆਤ ਕੀਤੀ ਸੀ। 1956 'ਚ ਜਦੋਂ ਰੂਥ ਆਪਣੀ ਧੀ ਬਾਰਬਰਾ ਨਾਲ ਸਵਿਟਜ਼ਰਲੈਂਡ ਘੁੰਮ ਰਹੀ ਸੀ ਤਾਂ ਉਸਦੀ ਨਜ਼ਰ ਇਕ ਜਰਮਨ ਡੌਲ 'ਬਿਲਡ ਲਿਲੀ' (Build Lilli) 'ਤੇ ਪਈ। ਉਸ ਸਮੇਂ ਦੀਆਂ ਜ਼ਿਆਦਾਤਰ ਗੁੱਡੀਆਂ ਬੱਚਿਆਂ ਵਰਗੀਆਂ ਦਿਖਦੀਆਂ ਸਨ, ਪਰ ਰੂਥ ਚਾਹੁੰਦੀ ਸੀ ਕਿ ਕੁੜੀਆਂ ਕੋਲ ਇਕ ਅਜਿਹੀ ਡੌਲ ਹੋਵੇ ਜੋ ਕਰੀਅਰ ਅਤੇ ਫੈਸ਼ਨ ਦੀ ਕਲਪਨਾ ਕਰ ਸਕੇ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਦੁਨੀਆ ਭਰ ਦੀਆਂ ਕਰੋੜਾਂ ਕੁੜੀਆਂ ਦੇ ਬਚਪਨ ਦਾ ਹਿੱਸਾ ਰਹੀ ਬਾਰਬੀ ਡੌਲ ਸਿਰਫ਼ ਇਕ ਖਿਡੌਣਾ ਨਹੀਂ, ਸਗੋਂ ਪ੍ਰੇਰਣਾ ਤੇ ਆਧੁਨਿਕ ਤਕਨੀਕ ਦਾ ਅਨੋਖਾ ਸੰਗਮ ਹੈ। ਪਰ ਕੀ ਤੁਸੀਂ ਜਾਣਦੇ ਹੋ ਬਾਰਬੀ ਡੌਲ ਨੂੰ ਬਣਾਉਣ ਦਾ ਵਿਚਾਰ ਕਿੱਥੋਂ ਆਇਆ ਸੀ?
ਦਰਅਸਲ, ਇਕ ਮਾਂ ਨੂੰ ਆਪਣੀ ਬੇਟੀ ਨੂੰ ਕਾਗਜ਼ ਦੀਆਂ ਗੁੱਡੀਆਂ ਨਾਲ ਖੇਡਦਿਆਂ ਦੇਖ ਕੇ ਬਾਰਬੀ ਬਣਾਉਣ ਦਾ ਖਿਆਲ ਆਇਆ। ਇਸ ਤੋਂ ਬਾਅਦ 13 ਫਰਵਰੀ 1959 ਨੂੰ ਟ੍ਰੇਡਮਾਰਕ ਰਜਿਸਟਰਡ ਹੋਣ ਤੋਂ ਲੈ ਕੇ ਅੱਜ ਤਕ ਬਾਰਬੀ ਦਾ ਸਫ਼ਰ ਰੋਮਾਂਚਕ ਕਿੱਸਿਆਂ ਨਾਲ ਭਰਿਆ ਰਿਹਾ ਹੈ। ਆਓ ਜਾਣੀਏ ਬਾਰਬੀ ਡੌਲ ਦੀ ਕਹਾਣੀ।
ਬਾਰਬੀ ਦੀ ਨਿਰਮਾਤਾ ਰੂਥ ਹੈਂਡਲਰ ਸੀ, ਜਿਸ ਨੇ ਆਪਣੇ ਪਤੀ ਇਲੀਅਟ ਨਾਲ ਮਿਲ ਕੇ 'ਮੈਟਲ' (Mattel) ਕੰਪਨੀ ਦੀ ਸ਼ੁਰੂਆਤ ਕੀਤੀ ਸੀ। 1956 'ਚ ਜਦੋਂ ਰੂਥ ਆਪਣੀ ਧੀ ਬਾਰਬਰਾ ਨਾਲ ਸਵਿਟਜ਼ਰਲੈਂਡ ਘੁੰਮ ਰਹੀ ਸੀ ਤਾਂ ਉਸਦੀ ਨਜ਼ਰ ਇਕ ਜਰਮਨ ਡੌਲ 'ਬਿਲਡ ਲਿਲੀ' (Build Lilli) 'ਤੇ ਪਈ। ਉਸ ਸਮੇਂ ਦੀਆਂ ਜ਼ਿਆਦਾਤਰ ਗੁੱਡੀਆਂ ਬੱਚਿਆਂ ਵਰਗੀਆਂ ਦਿਖਦੀਆਂ ਸਨ, ਪਰ ਰੂਥ ਚਾਹੁੰਦੀ ਸੀ ਕਿ ਕੁੜੀਆਂ ਕੋਲ ਇਕ ਅਜਿਹੀ ਡੌਲ ਹੋਵੇ ਜੋ ਕਰੀਅਰ ਅਤੇ ਫੈਸ਼ਨ ਦੀ ਕਲਪਨਾ ਕਰ ਸਕੇ। ਉਸਨੇ ਬਿਲਡ ਲਿਲੀ ਤੋਂ ਪ੍ਰੇਰਣਾ ਲੈ ਕੇ ਬਾਰਬੀ ਤਿਆਰ ਕੀਤੀ ਤੇ ਇਸਨੂੰ 9 ਮਾਰਚ 1959 ਨੂੰ ਨਿਊਯਾਰਕ ਦੇ ਟੌਏ ਫੇਅਰ 'ਚ ਲਾਂਚ ਕੀਤਾ। ਲਾਂਚ ਹੁੰਦੇ ਹੀ ਇਸ ਦੀਆਂ 3 ਲੱਖ ਤੋਂ ਵੱਧ ਯੂਨਿਟਸ ਵਿਕ ਗਈਆਂ।
ਬਾਰਬੀ ਨੂੰ ਵੱਖ-ਵੱਖ ਪੋਜ਼ ਦੇਣ ਦੇ ਕਾਬਲ ਬਣਾਉਣ ਪਿੱਛੇ ਇਕ ਮਿਜ਼ਾਈਲ ਇੰਜੀਨੀਅਰ ਦਾ ਦਿਮਾਗ ਸੀ। ਯੇਲ ਯੂਨੀਵਰਸਿਟੀ ਤੋਂ ਪੜ੍ਹੇ ਜੈਕ ਰਾਇਨ, ਜੋ ਪਹਿਲਾਂ ਪੈਂਟਾਗਨ ਲਈ ਮਿਜ਼ਾਈਲਾਂ ਡਿਜ਼ਾਈਨ ਕਰਦੇ ਸਨ, ਉਨ੍ਹਾਂ ਆਪਣੀ ਏਅਰੋਸਪੇਸ ਟੈਕਨਾਲੋਜੀ ਦੀ ਵਰਤੋਂ ਬਾਰਬੀ ਦੀ ਬਾਡੀ ਨੂੰ ਫਲੈਕਸੀਬਲ (ਲਚਕੀਲਾ) ਬਣਾਉਣ ਲਈ ਕੀਤੀ। ਇਸੇ ਤਕਨੀਕ ਕਾਰਨ ਇਹ 11 ਇੰਚ ਲੰਬੀ ਡੌਲ ਵੱਖ-ਵੱਖ ਪੁਜ਼ੀਸ਼ਨਾਂ 'ਚ ਖੜ੍ਹੀ ਹੋ ਸਕਦੀ ਸੀ ਜਿਵੇਂ ਕਿ ਆਪਣੇ ਹੱਥਾਂ ਨੂੰ ਲੱਕ 'ਤੇ ਰੱਖ ਕੇ ਖੜ੍ਹਨਾ।
ਬਾਰਬੀ ਨੇ ਹਮੇਸ਼ਾ ਕੁੜੀਆਂ ਨੂੰ ਵੱਡੇ ਸੁਪਨੇ ਦੇਖਣਾ ਸਿਖਾਇਆ। ਨੀਲ ਆਰਮਸਟ੍ਰਾਂਗ ਦੇ ਚੰਦਰਮਾ 'ਤੇ ਕਦਮ ਰੱਖਣ ਤੋਂ ਚਾਰ ਸਾਲ ਪਹਿਲਾਂ ਯਾਨੀ 1965 ਵਿਚ ਹੀ ਮੈਟਲ ਨੇ 'ਐਸਟ੍ਰੋਨਾਟ ਬਾਰਬੀ' ਲਾਂਚ ਕਰ ਦਿੱਤੀ ਸੀ। ਨਾਸਾ (NASA) ਦੇ ਸਹਿਯੋਗ ਨਾਲ ਬਣੀ ਇਸ ਡੌਲ ਦਾ ਮਕਸਦ ਕੁੜੀਆਂ ਨੂੰ ਇਹ ਦੱਸਣਾ ਸੀ ਕਿ ਉਹ ਪੁਲਾੜ ਯਾਤਰੀ ਵੀ ਬਣ ਸਕਦੀਆਂ ਹਨ। ਬਾਰਬੀ ਦਾ ਇਹ ਪੁਲਾੜ ਸਫ਼ਰ ਸਿਰਫ਼ ਕਲਪਨਾ ਤਕ ਸੀਮਤ ਨਹੀਂ ਰਿਹਾ; ਸਾਲ 2022 'ਚ ਨਾਸਾ ਦੇ 'ਆਰਟੇਮਿਸ-1' ਮਿਸ਼ਨ ਤਹਿਤ ਬਾਰਬੀ ਡੌਲ ਨੂੰ ਅਸਲੀਅਤ 'ਚ ਪੁਲਾੜ ਭੇਜਿਆ ਗਿਆ।
ਬਾਰਬੀ ਸਿਰਫ਼ ਬੱਚਿਆਂ ਦੀ ਖੇਡ ਨਹੀਂ ਬਲਕਿ ਕਲੈਕਟਰਾਂ ਲਈ ਨਿਵੇਸ਼ ਵੀ ਹੈ। ਦੁਨੀਆ ਦੀ ਸਭ ਤੋਂ ਮਹਿੰਗੀ ਬਾਰਬੀ ਦੀ ਕੀਮਤ ਕਰੀਬ 2.5 ਕਰੋੜ ਰੁਪਏ ਸੀ। ਆਸਟ੍ਰੇਲਿਆਈ ਜਵੈਲਰੀ ਡਿਜ਼ਾਈਨਰ ਸਟੇਫਾਨੋ ਕੈਂਟੂਰੀ ਦੀ ਬਣਾਈ ਗਈ ਇਸ ਡੌਲ ਦੇ ਗਲੇ 'ਚ 1 ਕੈਰੇਟ ਦਾ ਦੁਰਲੱਭ ਗੁਲਾਬੀ ਹੀਰਾ ਲੱਗਾ ਸੀ। ਇਸ ਨੂੰ ਇਕ ਨਿਲਾਮੀ 'ਚ ਵੇਚ ਕੇ ਪੂਰੀ ਰਾਸ਼ੀ ਕੈਂਸਰ ਰਿਸਰਚ ਨੂੰ ਦਾਨ ਕਰ ਦਿੱਤੀ ਗਈ ਸੀ।
ਹਾਲਾਂਕਿ, ਤਕਨੀਕ ਦੇ ਨਾਲ ਬਾਰਬੀ ਵਿਵਾਦਾਂ 'ਚ ਵੀ ਰਹੀ। 2015 'ਚ 'ਹੈਲੋ ਬਾਰਬੀ' ਨਾਂ ਦੀ ਇਕ ਹਾਈ-ਟੈਕ ਡੌਲ ਲਾਂਚ ਹੋਈ ਸੀ, ਜਿਸ ਵਿਚ ਵਾਈ-ਫਾਈ ਤੇ ਮਾਈਕ੍ਰੋਫ਼ੋਨ ਸੀ। ਕਈ ਮਾਹਿਰਾਂ ਨੇ ਇਸ ਨੂੰ ਜਾਸੂਸੀ ਦਾ ਸੰਦ ਕਰਾਰ ਦਿੱਤਾ ਕਿਉਂਕਿ ਇਹ ਬੱਚਿਆਂ ਦੀਆਂ ਗੱਲਾਂ ਰਿਕਾਰਡ ਕਰ ਕੇ ਸਰਵਰ 'ਤੇ ਭੇਜਦੀ ਸੀ, ਜਿਸ ਨਾਲ ਪ੍ਰਾਈਵੇਸੀ (ਨਿੱਜਤਾ) ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਸਨ।