- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਇਦ ਇਹ ਸਿਰਲੇਖ ਅਜੀਬ ਲੱਗੇ ਕਿ ਪਹਿਲਾਂ ਕਿਹੜਾ ਕੀੜੀਆਂ ਨੂੰ ਕਦੇ ਸੁੱਤਿਆਂ ਵੇਖਿਆ ਹੈ। ਸਹੀ ਹੈ ਕਿ ਅਸੀਂ ਆਮ ਤੌਰ ’ਤੇ ਕੀੜਿਆਂ-ਮਕੌੜਿਆਂ ਨੂੰ ਸੁੱਤਿਆਂ ਨਹੀਂ ਦੇਖਦੇ ਕਿਉਂਕਿ ਉਨ੍ਹਾਂ ਦੇ ਸਰੀਰ ਦੇ ਅੰਦਰਲੀ ਜੈਵਿਕ ਘੜੀ ਸਾਡੇ ਅੰਦਰਲੀ ਜੈਵਿਕ ਘੜੀ ਨਾਲੋਂ ਵੱਖਰੇ ਸੁਭਾਅ ਵਾਲੀ ਹੁੰਦੀ ਹੈ।

ਸ਼ਾਇਦ ਇਹ ਸਿਰਲੇਖ ਅਜੀਬ ਲੱਗੇ ਕਿ ਪਹਿਲਾਂ ਕਿਹੜਾ ਕੀੜੀਆਂ ਨੂੰ ਕਦੇ ਸੁੱਤਿਆਂ ਵੇਖਿਆ ਹੈ। ਸਹੀ ਹੈ ਕਿ ਅਸੀਂ ਆਮ ਤੌਰ ’ਤੇ ਕੀੜਿਆਂ-ਮਕੌੜਿਆਂ ਨੂੰ ਸੁੱਤਿਆਂ ਨਹੀਂ ਦੇਖਦੇ ਕਿਉਂਕਿ ਉਨ੍ਹਾਂ ਦੇ ਸਰੀਰ ਦੇ ਅੰਦਰਲੀ ਜੈਵਿਕ ਘੜੀ ਸਾਡੇ ਅੰਦਰਲੀ ਜੈਵਿਕ ਘੜੀ ਨਾਲੋਂ ਵੱਖਰੇ ਸੁਭਾਅ ਵਾਲੀ ਹੁੰਦੀ ਹੈ। ਬਹੁਤੇ ਕੀੜੇ-ਮਕੌੜਿਆਂ ਤੋਂ ਇਲਾਵਾ ਡੱਡੂ, ਕੋਹੜ ਕਿਰਲੀ ਤੇ ਰਿੱਛ ਵਰਗੇ ਕੁਝ ਜਾਨਵਰਾਂ ਦੀ ਅੰਦਰੂਨੀ ਸਮਾਂ ਸਾਰਣੀ ਵੀ ਮਨੁੱਖਾਂ ਦੇ ਮੁਕਾਬਲੇ ਵੱਖਰੇ ਸੁਭਾਅ ਵਾਲੀ ਹੁੰਦੀ ਹੈ। ਇਸੇ ਕਰਕੇ ਸਰਦੀਆਂ ਵਿਚ ਆਮ ਤੌਰ ’ਤੇ ਘਰਾਂ ਵਿਚ ਨਜ਼ਰ ਆਉਣ ਵਾਲੇ ਕੀੜੇ-ਮਕੌੜੇ ਨਜ਼ਰ ਨਹੀਂ ਆਉਂਦੇ। ਜੀਵ ਵਿਗਿਆਨਕ ਸ਼੍ਰੇਣੀ ਵੰਡ ਅਨੁਸਾਰ ਇਹ ਕੀੜੇ-ਮਕੌੜੇ ਆਰਥਰੋਪੋਡਾ ਵਰਗ ਦੀ ਅਰੈੱਕਨਿੱਡਾ (Arachnida) ਜਮਾਤ ਨਾਲ ਸਬੰਧਿਤ ਹੁੰਦੇ ਹਨ। ਇਨ੍ਹਾਂ ਦੀਆਂ ਲੱਤਾਂ ਵਧੇਰੇ ਜੋੜਾਂ ਵਾਲੀਆਂ ਹੁੰਦੀਆਂ ਹਨ, ਜਿਵੇਂ ਮੱਕੜੀ, ਬਿੱਛੂ, ਕਾਕਰੋਚ ਤੇ ਕੀੜੀਆਂ ਆਦਿ। ਇਨ੍ਹਾਂ ਜੀਵਾਂ ਦਾ ਜੀਵਨ ਚੱਕਰ ਦੂਜੇ ਜਾਨਵਰਾਂ ਤੋਂ ਵੱਖਰਾ ਹੁੰਦਾ ਹੈ ਪਰ ਇਸ ਵਰਗ ਤੋਂ ਬਿਨਾਂ ਦੂਸਰੇ ਵਰਗਾਂ ਦੇ ਕਈ ਜੀਵਾਂ, ਜਿਵੇਂ ਡੱਡੂ ਤੇ ਰਿੱਛ ਦੇ ਅੰਦਰਲੀ ਜੈਵਿਕ ਘੜੀ ਵਿਚ ਵੀ ਇਨ੍ਹਾਂ ਕੀਟਾਂ ਦੇ ਅੰਦਰੂਨੀ ਪ੍ਰਬੰਧਨ ਵਾਲੇ ਗੁਣ ਹੁੰਦੇ ਹਨ। ਇਹ ਜੀਵ ਗਰਮੀਆਂ ਵਿਚ ਖ਼ੂਬ ਚੁਸਤ-ਦਰੁਸਤ ਹੁੰਦੇ ਹਨ। ਭਰਪੂਰ ਖਾਂਦੇ, ਬੱਚੇ ਪੈਦਾ ਕਰਦੇ ਤੇ ਸਰਦੀਆਂ ’ਚ ਲੰਬੀ ਨੀਂਦੇ ਸੌਂ ਜਾਂਦੇ ਹਨ।
ਹੁਣ ਭਾਵੇਂ ਸ਼ਹਿਰਾਂ ਵਿੱਚੋਂ ਡੱਡੂ ਗਾਇਬ ਹਨ ਪਰ ਪਹਿਲਾਂ ਇਹ ਗਰਮੀਆਂ ਵਿਚ ਅਕਸਰ ਨਜ਼ਰ ਆਉਂਦੇ ਸਨ ਤੇ ਸਰਦੀਆਂ ਵਿਚ ਗਾਇਬ ਹੋ ਜਾਂਦੇ ਸਨ। ਉਦੋਂ ਕਈ ਨੀਵੀਆਂ ਥਾਵਾਂ ’ਤੇ ਬਰਸਾਤ ਦਾ ਪਾਣੀ ਜਮ੍ਹਾ ਹੋ ਜਾਂਦਾ ਸੀ। ਉਂਜ ਵੀ ਫ਼ਸਲਾਂ ਵਾਲੀ ਜ਼ਮੀਨ ਤੋਂ ਆਸੇ-ਪਾਸੇ ਕਈਆਂ ਥਾਵਾਂ ’ਤੇ ਛੋਟੇ-ਮੋਟੇ ਟੋਭੇ ਹੁੰਦੇ ਹੀ ਸਨ। ਬਹੁਤੀ ਠੰਢ ਦੇ ਮਹੀਨਿਆਂ ਵਿਚ ਡੱਡੂ ਇਨ੍ਹਾਂ ਟੋਭਿਆਂ ਦੇ ਚਿੱਕੜ ਦੀ ਡੂੰਘਾਈ ਵਿਚ ਧਸ ਕੇ ਪੂਰੀਆਂ ਸਰਦੀਆਂ ਸੁੱਤੇ ਰਹਿੰਦੇ ਸਨ। ਇਨ੍ਹਾਂ ਵਾਂਗ ਹੀ ਕਾਕਰੋਚ, ਕੀੜੀਆਂ, ਠੂੰਹੇਂ (ਬਿੱਛੂ) ਤੇ ਕਿਰਲੀਆਂ ਵੀ ਸਰਦੀਆਂ ’ਚ ਜ਼ਮੀਨ ਹੇਠ ਆਪਣੇ ਟਿਕਾਣਿਆਂ ਅੰਦਰ ਸੁੱਤੇ ਰਹਿੰਦੇ ਸਨ। ਤਕਰੀਬਨ ਫਰਵਰੀ ਦੇ ਅੱਧ ਦੇ ਆਸ-ਪਾਸ ਜਦੋਂ ਮੌਸਮ ਬਦਲਦਾ ਤਾਂ ਹੌਲੀ-ਹੌਲੀ ਸੋਮਨ ਹੋ ਕੇ ਸਾਰੇ ਆਪਣੀਆਂ ਨੀਂਦ-ਗਾਹਾਂ ਵਿੱਚੋਂ ਬਾਹਰ ਆ ਜਾਂਦੇ ਸਨ। ਉਨ੍ਹੀਂ ਦਿਨੀ ਸ਼ਿਵਰਾਤਰੀ ਦਾ ਤਿਉਹਾਰ ਆਉਂਦਾ ਹੈ। ਦੇਵਤਾ ਸ਼ਿਵਜੀ ਬਾਰੇ ਕਥਾ ਕਹਾਣੀਆਂ ’ਚ ਇੰਜ ਹੀ ਮੰਨਿਆ ਜਾਂਦਾ ਹੈ ਕਿ ਇਸ ਕਿਸਮ ਦੇ ਸਾਰੇ ਜੀਵ ਸ਼ਿਵਜੀ ਮਹਾਰਾਜ ਦੇ ਹੁਕਮਾਂ ਅਨੁਸਾਰ ਗਾਇਬ ਹੁੰਦੇ ਜਾਂ ਨਜ਼ਰ ਆਉਣ ਲੱਗਦੇ ਹਨ। ਪਰ ਹੁਣ ਇਹ ਸਿਲਸਿਲਾ ਇਸ ਤਰ੍ਹਾਂ ਦਾ ਨਹੀਂ ਰਿਹਾ। ਦਸੰਬਰ ਦੇ ਮਹੀਨੇ ਵੀ ਰਸੋਈਆਂ ਵਿੱਚੋਂ ਕੀੜੀਆਂ ਨਿਕਲਦੀਆਂ ਰਹੀਆਂ ਹਨ, ਜਦੋਂਕਿ ਕੁਦਰਤ ਦੇ ਮੌਸਮੀ ਨਿਯਮਾਂ ਮੁਤਾਬਿਕ ਬਾਈ ਦਸੰਬਰ ਤੋਂ ਸੂਰਜ ਤੇ ਧਰਤੀ ਦੀ ਆਪਸੀ ਕੋਣ ਵਿਚਕਾਰ ਤਬਦੀਲੀ ਆਉਂਦੀ ਹੈ ਤੇ ਦਿਨ ਵੱਡੇ ਹੋਣ ਵੱਲ ਤੁਰ ਪੈਂਦੇ ਹਨ। ਭਾਵੇਂ ਧਰਤੀ ਠਰੀ ਹੋਈ ਹੋਣ ਕਾਰਨ ਅਜੇ ਸਰਦੀ ਦਾ ਅਸਰ ਰਹਿਣਾ ਹੁੰਦਾ ਹੈ ਪਰ ਅਸਲ ’ਚ ਸਰਦੀ ਵਧਣ ਦਾ ਚੱਕਰ ਵਾਪਸੀ ਵੱਲ ਤੁਰ ਪੈਂਦਾ ਹੈ।
ਹੁਣ ਜੇ ਸਰਦੀਆਂ ’ਚ ਲੰਬੀ ਨੀਂਦ ਵਿਚ ਉਤਰ ਜਾਣ ਵਾਲੇ ਜੀਵਾਂ ਬਾਰੇ ਸੋਚਿਆ ਜਾਵੇ ਤਾਂ ਦਸੰਬਰ ਦਾ ਤੀਜਾ ਹਫ਼ਤਾ ਇਨ੍ਹਾਂ ਦੀ ਗਹਿਰੀ ਨੀਂਦ ਦਾ ਸਮਾਂ ਹੋਣਾ ਹੁੰਦਾ ਹੈ ਕਿਉਂਕਿ ਹੋਰ ਡੇਢ ਮਹੀਨੇ ਅਰਥਾਤ ਫਰਵਰੀ ਦੇ ਅੱਧ ਤੱਕ ਤਾਂ ਇਨ੍ਹਾਂ ਦੇ ਜਾਗਣ ਦਾ ਸਮਾਂ ਹੋ ਜਾਂਦਾ ਹੈ ਪਰ ਦਸੰਬਰ ਤਕ ਇਸ ਵਾਰ ਤਕ ਕੀੜੀਆਂ ਨਹੀਂ ਸੁੱਤੀਆਂ, ਕਾਕਰੋਚ ਵੀ ਗਾਹੇ-ਬਗਾਹੇ ਨਿਕਲ ਹੀ ਆਉਂਦੇ ਹਨ। ਹੋਰ ਕੀਟ ਵੀ ਕਦੇ-ਕਦਾਈਂ ਨਜ਼ਰ ਆ ਰਹੇ ਹਨ। ਅਖ਼ਬਾਰਾਂ ’ਚ ਖ਼ਬਰਾਂ ਪੜ੍ਹ ਰਹੇ ਹਾਂ ਕਿ ਰਿੱਛ ਆਪਣੀ ਰਿਹਾਇਸ਼ ਦੀਆਂ ਨੇੜਲੀਆਂ ਥਾਵਾਂ ’ਤੇ ਲੋਕਾਂ ਉੱਤੇ ਹਮਲੇ ਕਰ ਰਹੇ ਹਨ ਕਿਉਂਕਿ ਉਹ ਬੇਚੈਨ ਹਨ ਕਿਉਂਕਿ ਉਹ ਆਪਣੀ ਇਨ੍ਹਾਂ ਦਿਨਾਂ ਵਾਲੀ ਗਹਿਰੀ ਨੀਂਦ ਵਿਚ ਸੌਂ ਨਹੀਂ ਸਕੇ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਓਨੀ ਠੰਢ ਨਹੀਂ ਮਿਲ ਰਹੀ, ਜਿਸ ਵਿਚ ਉਨ੍ਹਾਂ ਦੇ ਅੰਦਰੂਨੀ ਹਾਰਮੋਨ ਸਹੀ ਤਰ੍ਹਾਂ ਕੰਮ ਕਰ ਸਕਣ ਤੇ ਉਨ੍ਹਾਂ ਨੂੰ ਨੀਂਦ ਵਾਲੀ ਅਵਸਥਾ ਵਿਚ ਪਹੁੰਚਾ ਸਕਣ। ਠੰਢ ਕਿਉਂ ਨਹੀਂ ਮਿਲ ਰਹੀ ਕਿਉਂਕਿ ਮਨੁੱਖ ਦੀ ਲਗਾਤਾਰ ਬਦਲਦੀ ਤੇ ਸਿਰਫ਼ ਆਪਣੇ ਬਾਰੇ ਸੋਚ ਕੇ ਦੁਨੀਆ ਨੂੰ ਵਿਉਂਤਣ ਦੀ ਹਫੜਾ-ਤਫੜੀ ਵਾਲੀ ਜੀਵਨ-ਜਾਚ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਇਹ ਵੱਧ ਰਿਹਾ ਤਾਪਮਾਨ ਧਰੁਵਾਂ ਤੇ ਸਦੀਆਂ ਤੋਂ ਪਈਆਂ ਬਰਫ਼ਾਂ ਨੂੰ ਪਿਘਲਾ ਰਿਹਾ ਹੈ, ਵੱਡੇ ਗਲੇ਼ਸ਼ੀਅਰ ਤੋੜ ਰਿਹਾ ਹੈ ਤੇ ਬਰਫ਼ ਵਿਚ ਰਹਿਣ, ਪਲਣ ਤੇ ਲੁਕਣ ਵਾਲੇ ਜੀਵਾਂ ਦੀਆਂ ਨਸਲਾਂ ਤੇ ਕੁਦਰਤੀ ਬਨਸਪਤੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਕਰਕੇ ਘਰਾਂ ਦੇ ਅੰਦਰ ਤੇ ਆਸ-ਪਾਸ ਵੀ ਫਰਸ਼, ਸੀਮੈਂਟ ਜਾਂ ਸੰਗਮਰਮਰ ਨਾਲ ਪੱਕੇ ਹੋ ਰਹੇ ਹਨ ਤੇ ਜੀਵਾਂ ਦੀਆਂ ਲੁਕਣਗਾਹਾਂ ਖ਼ਤਮ ਹੋ ਗਈਆਂ ਹਨ। ਘਰਾਂ ਦੇ ਅੰਦਰ ਤੇ ਦਫ਼ਤਰਾਂ ਵਿਚ ਚੱਲਣ ਵਾਲੇ ਏਅਰ ਕੰਡੀਸ਼ਨਰ, ਹੀਟਰ ਤੇ ਹੋਰ ਯੰਤਰ ਵੀ ਤਾਪਮਾਨ ਵਿਚ ਨਿਰੰਤਰ ਵਾਧਾ ਕਰ ਰਹੇ ਹਨ। ਕਾਰਖ਼ਾਨਿਆਂ ਵਿੱਚੋਂ ਪੈਦਾ ਹੋ ਕੇ ਹਵਾਵਾਂ ਵਿਚ ਰਿਸਦੀ ਗਰਮੀ, ਹਵਾਈ ਜਹਾਜ਼, ਗੱਡੀਆਂ, ਬੱਸਾਂ ਤੇ ਕਾਰਾਂ ਦੀ ਆਵਾਜਾਈ ਇਸ ਵਿਚ ਵੱਡਾ ਹਿੱਸਾ ਪਾਈ ਜਾ ਰਹੀ ਹੈ। ਬਹੁਤ ਸਾਰੇ ਜੰਗਲ ਕੱਟੇ ਜਾਣ ਕਾਰਨ ਉੱਥੇ ਰਹਿਣ ਵਾਲੇ ਜੀਵ ਬੇਘਰ ਹੋ ਜਾਂਦੇ ਹਨ। ਫਿਰ ਉਹ ਗੁੱਸੇ ਵਿਚ ਆ ਕੇ ਬਸਤੀਆਂ ਵੱਲ ਦੌੜਨ ਲੱਗਦੇ ਹਨ ਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਹੁਣ ਤਾਂ ਬਹੁਤ ਵੱਧ ਚੁੱਕੇ ਸ਼ਹਿਰੀਕਰਨ ਨਾਲ ਬਹੁਤੀਆਂ ਥਾਵਾਂ ਪੱਕੀਆਂ ਹੋ ਗਈਆਂ ਹਨ ਤੇ ਬਹੁਤ ਸਾਰੇ ਜੰਗਲੀ ਪੌਦੇ ਤਾਂ ਖ਼ਤਮ ਹੋਏ ਹੀ ਹਨ, ਨਾਲ ਹੀ ਉਨ੍ਹਾਂ ਦੇ ਵਿਚ-ਵਿਚਾਲੇ ਰਹਿੰਦੇ ਛੋਟੇ ਮੋਟੇ ਜੀਵ ਵੀ ਗਾਇਬ ਹੋ ਚੁੱਕੇ ਹਨ। ਇਹ ਵਰਤਮਾਨ ਹਾਲਾਤ ਦੀ ਬਹੁਤ ਨਿੱਕੀ ਜਿਹੀ ਤਸਵੀਰ ਹੈ।
ਇਸ ਵੇਲੇ ਉਪਰੋਕਤ ਤਸਵੀਰ ਮੁਤਾਬਿਕ ਪੰਜਾਬ ਨੇ ਵੀ ਆਪਣੇ ਵਾਤਾਵਰਨ ਨੂੰ ਆਪ ਹੀ ਰੱਜ ਕੇ ਤਬਾਹ ਕੀਤਾ ਹੈ। ਵੱਧਦੀ ਆਬਾਦੀ ਤੇ ਮਨੁੱਖੀ ਲਾਲਸਾ ਨੇ ਬਹੁਤ ਸਾਰੀ ਖੇਤੀ ਯੋਗ ਜ਼ਮੀਨ ਤੇ ਬੇਹਿਸਾਬ ਗਿਣਤੀ ਵਿਚ ਮਕਾਨਾਂ ਦੀ ਉਸਾਰੀ ਕਰ ਕੇ ਕੰਕਰੀਟ ਦਾ ਦਾਇਰਾ ਵਧਾ ਲਿਆ ਹੈ ਤੇ ਇਹ ਵਰਤਾਰਾ ਨਿਰੰਤਰ ਜਾਰੀ ਹੈ। ਇਸ ਨਾਲ ਹਰਿਆਵਲ ਦਾ ਖੇਤਰ ਘਟਿਆ ਤੇ ਅਜੇ ਹੋਰ ਘਟ ਰਿਹਾ ਹੈ। ਨਵੀਆਂ ਆਬਾਦੀਆਂ ਦੀਆਂ ਲੋੜਾਂ ਮੁਤਾਬਿਕ ਨਵੀਆਂ ਸੜਕਾਂ ਬਣਦੀਆਂ ਹਨ ਤੇ ਇਸ ਵਾਸਤੇ ਬਹੁਤ ਸਾਰੇ ਦਰੱਖ਼ਤ ਵੀ ਕੱਟੇ ਜਾਂਦੇ ਹਨ। ਪਿੰਡਾਂ ਦੇ ਬਹੁਤੇ ਦਰੱਖ਼ਤ ਤਾਂ ਉਂਜ ਵੀ ਕਿਸਾਨਾਂ ਨੇ ਖੇਤੀ ਹੇਠਲਾ ਇਲਾਕਾ ਵਧਾਉਣ ਵਾਸਤੇ ਮੁਕਾ ਦਿੱਤੇ ਸਨ।
ਪਿਛਲੇ ਕੁਝ ਦਹਾਕਿਆਂ ਦੌਰਾਨ ਪੈਦਾ ਕੀਤੇ ਗਏ ਹਰੇ ਇਨਕਲਾਬ ਨੇ ਇਕ ਵਾਰ ਤਾਂ ਕਿਸਾਨਾਂ ਦੀ ਆਮਦਨ ਨੂੰ ਵੱਡਾ ਹੁਲਾਰਾ ਦਿੱਤਾ ਸੀ। ਕੇਂਦਰ ਦੇ ਪਰਮਾਰਸ਼ ਤੇ ਪੰਜਾਬ ਦੇ ਕਿਸਾਨ ਦੇਸ਼ ਵਾਸਤੇ ਸਿਰਫ਼ ਕਣਕ ਤੇ ਝੋਨਾ ਬੀਜਣ ਲੱਗ ਪਏ ਕਿਉਂਕਿ ਇਨ੍ਹਾਂ ਫ਼ਸਲਾਂ ਦਾ ਵੱਡਾ ਹਿੱਸਾ ਕੇਂਦਰ ਸਰਕਾਰ ਖ਼ਰੀਦ ਲੈਂਦੀ ਹੈ। ਭਾਵੇਂ ਸਰਕਾਰ ਵੱਲੋਂ ਹੋਰ ਉਪਜਾਂ ਦੇ ਸਮਰਥਨ ਮੁੱਲਾਂ ਦਾ ਐਲਾਨ ਵੀ ਕੀਤਾ ਗਿਆ ਹੋਇਆ ਹੈ ਪਰ ਹਕੀਕਤ ਵਿਚ ਉਹ ਖ਼ਰੀਦੀਆਂ ਨਹੀਂ ਜਾਂਦੀਆਂ। ਇਸ ਕਰਕੇ ਪੰਜਾਬ ਦੇ ਕਿਸਾਨ ਲਗਾਤਾਰ ਤੇ ਵਧੇਰੇ ਕਰਕੇ ਉਪਰੋਕਤ ਦੋਵੇਂ ਫ਼ਸਲਾਂ ਬੀਜਦੇ ਆ ਰਹੇ ਹਨ ਕਿਉਂਕਿ ਪੈਸੇ ਦੀ ਜ਼ਰੂਰਤ ਤਾਂ ਹੁੰਦੀ ਹੀ ਹੈ। ਫਿਰ ਵੱਧ ਤੋਂ ਵੱਧ ਫ਼ਸਲ ਲੈਣ ਵਾਸਤੇ ਬੇਤਹਾਸ਼ਾ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਨਤੀਜੇ ਵਜੋਂ ਪੰਜਾਬ ਦੇ ਪਾਣੀ ਤੇ ਧਰਤੀ ਤਾਂ ਦੂਸ਼ਿਤ ਹੋਏ ਹੀ ਹਨ, ਪੰਜਾਬ ਕੈਂਸਰ ਤੇ ਹੋਰ ਰੋਗਾਂ ਦਾ ਵੀ ਘਰ ਬਣ ਗਿਆ ਹੈ। ਸਿਆਣਿਆਂ ਦੇ ਕਹਿਣ ’ਤੇ ਵੀ ਕਿਸਾਨ ਫ਼ਸਲੀ ਚੱਕਰ ਬਦਲਣ ਵਾਸਤੇ ਤਿਆਰ ਨਹੀਂ ਹੋ ਰਹੇ ਕਿਉਂਕਿ ਇਹ ਫਸਲਾਂ ਵਿਕ ਜਾਂਦੀਆਂ ਹਨ। ਕੇਂਦਰ ਸਰਕਾਰ ਦੂਜੀਆਂ ਫ਼ਸਲਾਂ ਵਾਸਤੇ ਵੀ ਕਿਸਾਨਾਂ ਨੂੰ ਉਤਸ਼ਾਹਿਤ ਕਰੇ ਤਾਂ ਫ਼ਸਲੀ ਚੱਕਰ ਬਦਲ ਸਕਣ ਦੀ ਉਮੀਦ ਕੀਤੀ ਜਾ ਸਕਦੀ ਹੈ। ਪੰਜਾਬ ਵਿਚ ਵੱਡਾ ਤੇ ਖ਼ਤਰਨਾਕ ਮਸਲਾ ਪਾਣੀਆਂ ਦਾ ਧਰਤੀ ਦੀਆਂ ਉਪਰਲੀਆਂ ਤਹਿਆਂ ਤੋਂ ਖ਼ਤਮ ਹੋ ਜਾਣ ਦਾ ਹੈ, ਜਿਸ ਕਰਕੇ ਪੰਜਾਬ ਦੇ ਮਾਰੂਥਲ ਬਣਨ ਦਾ ਖ਼ਦਸ਼ਾ ਵੀ ਮਾਹਿਰਾਂ ਨੂੰ ਸਤਾ ਰਿਹਾ ਹੈ ਪਰ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਵੱਲ ਕੇਂਦਰ ਸਰਕਾਰ ਦੀ ਅਜੇ ਰੁਚੀ ਨਹੀਂ ਹੈ।
ਪੰਜਾਬ ਦੇ ਉਪਰੋਕਤ ਹਾਲਾਤ ਧਰਤੀ ਉੱਤੇ ਕੁਦਰਤ ਦੇ ਵਿਧਾਨ ਵਿੱਚ ਹੋ ਰਹੀਆਂ ਨਾਂਹ-ਪੱਖੀ ਤਬਦੀਲੀਆਂ ਦਾ ਸਿਰਫ ਇਕ ਹਿੱਸਾ ਹੈ। ਇਹ ਸਾਰੀ ਦੁਨੀਆ ਦਾ ਮਸਲਾ ਹੈ। ਸਵਿਟਜ਼ਰਲੈਂਡ ਵਿਚ ਗਲੇਸ਼ੀਅਰਾਂ ਨੂੰ ਧੁੱਪ ਕਾਰਨ ਪਿਘਲਣ ਤੋਂ ਬਚਾਉਣ ਵਾਸਤੇ ਮੋਟੇ ਕੱਪੜਿਆਂ ਨਾਲ ਢਕਿਆ ਜਾ ਰਿਹਾ ਹੈ ਪਰ ਸਾਡੇ ਦੇਸ਼ ਦੇ ਬਹੁਤੇ ਲੋਕ ਅਜੇ ਇਸ ਮਾਹੌਲ ਦਾ ਇਲਾਜ ਕਰਨ ਵੱਲ ਬਹੁਤੀ ਰੁਚੀ ਨਹੀਂ ਦਿਖਾ ਰਹੇ। ਤੇਜ਼ੀ ਨਾਲ ਉਸਰ ਰਹੀਆਂ ਕਾਲੋਨੀਆਂ ਤੇ ਘਰਾਂ ਕਾਰਨ ਸ਼ਹਿਰਾਂ ਵਿਚ ਕੱਚੀਆਂ ਥਾਵਾਂ ਖ਼ਤਮ ਹੋ ਰਹੀਆਂ ਹਨ। ਵਧੇਰੇ ਕੰਕਰੀਟ ਭਰੇ ਚਾਰ-ਚੁਫ਼ੇਰੇ ਕਰਕੇ ਗਰਮੀ ਤਾਂ ਵਧਦੀ ਹੀ ਹੈ, ਬਿਰਖਾਂ ਦੀਆਂ ਜੜ੍ਹਾਂ ਹੇਠਲੀ ਮਿੱਟੀ ਦੀ ਪਰਤ ਵੀ ਹੌਲੀ-ਹੌਲੀ ਘਟਦੀ ਜਾਂਦੀ ਹੈ । ਵੇਖਿਆ ਗਿਆ ਹੈ ਕਿ ਘੱਟ ਰਫ਼ਤਾਰ ਵਾਲੀ ਹਨੇਰੀ ਕਾਰਨ ਵੀ ਬਹੁਤ ਸਾਰੇ ਬਿਰਖ ਡਿੱਗ ਰਹੇ ਹਨ। ਇਸ ਨੂੰ silent erosion ਜਾਂ ਖਾਮੋਸ਼ ਭੂਮੀ ਖੋਰ ਕਿਹਾ ਜਾਂਦਾ ਹੈ। ਅਜਿਹੀਆਂ ਸਥਿਤੀਆਂ ’ਚ ਬਾਰਿਸ਼ਾਂ ਦਾ ਪਾਣੀ ਵੀ ਬਿਰਖਾਂ ਦੀਆਂ ਜੜ੍ਹਾਂ ਤਕ ਨਹੀਂ ਪਹੁੰਚਦਾ। ਇਸ ਵਰਤਾਰੇ ਦਾ ਮਾਰੂ ਅਸਰ ਦਿੱਲੀ ਐਨਸੀਆਰ ਵਿਚ ਦੇਖਿਆ ਗਿਆ ਹੈ। ਇਹ ਵਰਤਾਰਾ ਬਹੁਤ ਤੇਜ਼ੀ ਨਾਲ ਪੰਜਾਬ ’ਚ ਵੀ ਪੱਸਰ ਰਿਹਾ ਹੈ। ਭਾਵੇਂ ਅਜਿਹੇ ਨੁਕਸਾਨ ਬਾਰੇ ਫ਼ਿਕਰ ਕਰਨ ਵਾਲੇ ਲੋਕ ਸਾਡੇ ਦੇਸ਼ ਵਿਚ ਅਜੇ ਵੀ ਬਹੁਤ ਥੋੜ੍ਹੇ ਹਨ ਪਰ ਵਾਤਾਵਰਨ ਬਾਰੇ ਜਾਗਰੂਕ ਕੁਝ ਲੋਕਾਂ ਨੇ ਅੱਤ ਦੀਆਂ ਖ਼ਰਾਬ ਸਥਿਤੀਆਂ ਵਿਚ ਵੀ ਹਿੰਮਤ ਦਾ ਪੱਲਾ ਨਹੀਂ ਛੱਡਿਆ ਤੇ ਸਥਿਤੀਆਂ ਨੂੰ ਬਦਲਣ ਵਿਚ ਹਿੱਸਾ ਪਾਇਆ ਹੈ। ਉਨ੍ਹਾਂ ਤੋਂ ਸਾਨੂੰ ਸਾਰਿਆਂ ਨੂੰ ਸਿੱਖਣ ਦੀ ਲੋੜ ਹੈ। ਕਰਨਾਟਕ ਦੇ ਦਾਵਣਗੋਰਾ, ਸ਼ਿਮੋਗਾ ਤੇ ਹਨੋਲੀ ਜ਼ਿਲ੍ਹਿਆਂ ਵਿਚ ਸੰਨ 1990-2000 ਵਿਚ ਬਾਰਿਸ਼ ਨਾ ਹੋਣ ਕਾਰਨ ਬੰਜਰ ਹੋਣ ਵਰਗੇ ਹਾਲਾਤ ਪੈਦਾ ਹੋ ਗਏ ਸਨ। ਲੋਕਾਂ ਨੂੰ ਫ਼ਿਕਰ ਹੋਇਆ ਤਾਂ ਬਾਰ੍ਹਾਂ ਪਿੰਡਾਂ ਦੇ 4500 ਬੰਦਿਆਂ ਨੇ ਮਿਲ ਕੇ ਆਲੇ-ਦੁਆਲੇ ਦੀਆਂ ਬੰਜਰ ਪਹਾੜੀਆਂ ’ਤੇ ਇਕ ਕਰੋੜ ਤੋਂ ਵਧੇਰੇ ਦਰੱਖ਼ਤ ਲਾਏ। ਇਨ੍ਹਾਂ ਦਰੱਖ਼ਤਾਂ ਦੀ ਰਾਖੀ ਕੀਤੀ ਤੇ ਉਨ੍ਹਾਂ ਦੀ ਕਟਾਈ ਨੂੰ ਰੋਕਿਆ। ਇਸ ਤਰ੍ਹਾਂ ਤਿੰਨ ਹਜ਼ਾਰ ਏਕੜ ਤੋਂ ਵੀ ਵੱਡਾ ਜੰਗਲ ਬਣ ਗਿਆ। ਹੌਲੀ-ਹੌਲੀ ਉਸ ਇਲਾਕੇ ਵਿਚ ਕਾਫ਼ੀ ਪਾਣੀ ਜਮ੍ਹਾ ਹੋਣ ਲੱਗ ਪਿਆ ਤੇ ਫਿਰ ਉੱਥੇ ਪੰਛੀ,ਕੀਟ ਪਤੰਗੇ ਤੇ ਜੰਗਲੀ ਜਾਨਵਰ ਵੀ ਆ ਗਏ। ਹੁਣ ਉਹ ਬਾਰ੍ਹਾਂ ਥਾਵਾਂ ’ਤੇ ਡੈਮ ਬਣਾ ਕੇ ਪਾਣੀ ਸੰਭਾਲਣ ਦੇ ਆਹਰ ਵਿਚ ਹਨ।
ਇਸੇ ਤਰ੍ਹਾਂ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਵਿਚ ਰੇਤਲੀ ਧਰਤੀ ’ਤੇ ਵਸਿਆ ਬੜੋਪਲ ਪਿੰਡ ਹੈ। ਉੱਥੇ ਬਾਰਿਸ਼ ਦਾ ਪਾਣੀ ਸੰਭਾਲੇ ਜਾਣ ਨਾਲ 250 ਪ੍ਰਜਾਤੀਆਂ ਦੇ ਪੰਛੀ ਵੀ ਆਉਣ ਲੱਗ ਪਏ ਹਨ। ਕਿਸਾਨਾਂ ਦੇ ਇਸੇ ਤਰ੍ਹਾਂ ਦੇ ਕੀਤੇ ਯਤਨ ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਵਿਚ ਵੀ ਸਫਲ ਹੋਏ ਹਨ , ਜਿੱਥੇ ਉਹ ਤਿੰਨ ਪਰਤੀ ਖੇਤੀ ਕਰ ਕੇ ਖ਼ੁਸ਼ਹਾਲ ਹੋ ਰਹੇ ਹਨ। ਇਸ ਤਰ੍ਹਾਂ ਦੇ ਯਤਨ ਧਰਤੀ ਦੀ ਬਨਸਪਤੀ, ਜੀਵ-ਜੰਤੂਆਂ ਤੇ ਪਾਣੀ ਨੂੰ ਤਾਂ ਬਚਾਉਣਗੇ ਹੀ, ਇਨਸਾਨ ਦੇ ਜਿਊਣ ਵਾਸਤੇ ਵੀ ਹਾਂ-ਪੱਖੀ ਮਾਹੌਲ ਸਿਰਜਣ ਵਿਚ ਸਹਾਈ ਹੋਣਗੇ।
- ਅਰਤਿੰਦਰ ਸੰਧੂ
98153-02081