- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਡੇ ਪੰਜਾਬੀਆਂ ਦੇ ਦਿਨ, ਮਹੀਨੇ, ਤਿੱਥ, ਤਿਉਹਾਰ, ਅਖਾਣ, ਕਹਾਵਤਾਂ, ਟੱਪੇ, ਬੋਲੀਆਂ ਤੇ ਲੋਕ ਗੀਤ ਸਭ ਆਪਸ 'ਚ ਜੁੜੇ ਹੋਏ ਹਨ। ਸਾਡੇ ਕਈ ਸੂਫ਼ੀ-ਸੰਤ, ਫ਼ਕੀਰਾਂ ਨੇ ਤਿੱਥ ਤੇ ਤਿਉਹਾਰਾਂ ਤੋਂ ਇਲਾਵਾ ਸਾਲ ’ਚ ਆਉਂਦੇ ਦੇਸੀ ਮਹੀਨਿਆਂ ’ਤੇ ਵੀ ਬਹੁਤ ਕੁਝ ਫਰਮਾਇਆ ਹੈ। ਉਨ੍ਹਾਂ ਦੀਆ ਲਿਖੀਆਂ ਤੇ ਕਹੀਆਂ ਗੱਲਾਂ ’ਚ ਅਲੱਗ ਹੀ ਕਿਸਮ ਦਾ ਨਿੱਘ ਅੱਜ ਵੀ ਮਿਲਦਾ ਹੈ।

ਇਹ ਮਾਘ ਮਾਹ ਦੇਸੀ ਮਹੀਨੇ ਦਾ ਗਿਆਰਵਾਂ ਮਹੀਨਾ ਬਣਦਾ ਹੈ ਤੇ ਅੰਗਰੇਜ਼ੀ ਮਹੀਨੇ ਅਨੁਸਾਰ ਮਾਘ ਮਾਹ ਅੱਧ ਜਨਵਰੀ ਤੋਂ ਸ਼ੁਰੂ ਹੋ ਅੱਧ ਫਰਵਰੀ ਤਕ ਦਾ ਹੁੰਦਾ ਹੈ। ਮਾਘ ਮਾਹ ਤੋਂ ਪਹਿਲਾਂ ਆਏ ਪੋਹ ਮਹੀਨੇ ਦੀ ਆਖ਼ਰੀ ਰਾਤ ਨੂੰ ਬਣਾਈ ਖਿਚੜੀ, ਖੀਰ ਆਦਿ ਮਾਘ ਮਾਹ ਚੜ੍ਹਦਿਆਂ ਲੋਕ ਸਵੇਰੇ ਸੁੱਚੇ ਮੂੰਹ ਖਾਂਦੇ ਤੇ ਇਸ ਨੂੰ ਇਉਂ ਬਿਆਨਦੇ, ‘ਪੋਹ ਰਿੱਧੀ ਮਾਘ ਖਾਧੀ।’
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥
ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥
ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ॥
ਮਾਘ ਮਾਹ ਨੂੰ ਆਧਾਰ ਬਣਾ ਕੇ ਮਾਝ ਰਾਗ ’ਚ ਦਰਜ ਬਾਰਹਮਾਹ ਮਹਲਾ ੫ ’ਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਨੁੱਖਤਾ ਨੂੰ ਸੋਝੀ ਕਰਵਾਉਂਦਿਆਂ ਫਰਮਾਉਂਦੇ ਹਨ ਕਿ ਮਾਘ ਮਾਹ ’ਚ ਤੀਰਥ ਆਦਿ ’ਤੇ ਲੋਕ ਇਸ਼ਨਾਨ ਕਰਨ ਨੂੰ ਪੁੰਨ ਸਮਝਦੇ ਹਨ। ਹੇ ਮਨੁੱਖ ਤੂੰ ਗੁਰਮੁਖਾ ਦੀ ਸੰਗਤ ਕਰ, ਹਰਿ ਪ੍ਰਭੂ ਦਾ ਨਾਮ ਧਿਆ, ਤਾਂ ਜੋ ਤੇਰੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ ਤੇਰੇ ਮਨ ਤੋਂ ਲਹਿ ਜਾਵੇ ਅਤੇ ਤੇਰਾ ਅਹੰਕਾਰ ਤੇਰੇ ਤੋਂ ਦੂਰ ਹੋ ਜਾਵੇ। ਪ੍ਰਭੂ ਦਾ ਨਾਮ ਸਿਮਰਨ ਨਾਲ ਕਾਮ, ਕ੍ਰੋਧ ਅਤੇ ਲੋਭ ਤੋਂ ਮੁਕਤੀ ਮਿਲ ਜਾਂਦੀ ਹੈ। ਇਸ ਸੱਚੇ ਰਸਤੇ ’ਤੇ ਚੱਲਣ ਕਾਰਨ ਇਹ ਜਹਾਨ ਵੀ ਸੋਭਾ ਕਰਦਾ ਹੈ। ਸਭ ਤੀਰਥ , ਇਸ਼ਨਾਨ, ਪੁੰਨ ਕਰਮ ਪ੍ਰਭੂ ਸਿਮਰਨ ਨਾਲ ਪ੍ਰਵਾਨ ਹੋ ਜਾਂਦੇ ਹਨ। ਪਰਮਾਤਮਾ ਜਿਸ ਨੂੰ ਸਿਮਰਨ ਦੀ ਦਾਤ ਬਖਸ਼ਦਾ ਹੈ, ਉਸ ਨੂੰ ਜੀਵਨ ਰੂਪੀ ਰਸਤੇ ਦੀ ਸੋਝੀ ਹੋ ਜਾਂਦੀ ਹੈ। ਹੇ ਨਾਨਕ ਜਿਨ੍ਹਾਂ ਨੂੰ ਪ੍ਰਭੂ, ਪਰਮਾਤਮਾ ਮਿਲ ਗਿਆ ਹੈ, ਮੈਂ ਉਨ੍ਹਾਂ ਤੋਂ ਸਦਕੇ ਜਾਂਦਾ ਹਾਂ, ਮਾਘ ਮਾਹ ’ਚ ਉਹ ਸੁੱਚੇ ਅਖਵਾਉਂਦੇ ਹਨ, ਜਿਨ੍ਹਾਂ ਉੱਤੇ ਪ੍ਰਭੂ, ਪਰਮਾਤਮਾ ਦਿਆਲ ਹੁੰਦਾ ਹੈ ।
ਸਾਡੇ ਪੰਜਾਬੀਆਂ ਦੇ ਦਿਨ, ਮਹੀਨੇ, ਤਿੱਥ, ਤਿਉਹਾਰ, ਅਖਾਣ, ਕਹਾਵਤਾਂ, ਟੱਪੇ, ਬੋਲੀਆਂ ਤੇ ਲੋਕ ਗੀਤ ਸਭ ਆਪਸ 'ਚ ਜੁੜੇ ਹੋਏ ਹਨ। ਸਾਡੇ ਕਈ ਸੂਫ਼ੀ-ਸੰਤ, ਫ਼ਕੀਰਾਂ ਨੇ ਤਿੱਥ ਤੇ ਤਿਉਹਾਰਾਂ ਤੋਂ ਇਲਾਵਾ ਸਾਲ ’ਚ ਆਉਂਦੇ ਦੇਸੀ ਮਹੀਨਿਆਂ ’ਤੇ ਵੀ ਬਹੁਤ ਕੁਝ ਫਰਮਾਇਆ ਹੈ। ਉਨ੍ਹਾਂ ਦੀਆ ਲਿਖੀਆਂ ਤੇ ਕਹੀਆਂ ਗੱਲਾਂ ’ਚ ਅਲੱਗ ਹੀ ਕਿਸਮ ਦਾ ਨਿੱਘ ਅੱਜ ਵੀ ਮਿਲਦਾ ਹੈ। ਰੁੱਤਾਂ, ਬਹਾਰਾਂ, ਮੌਸਮ ਤੇ ਤਿਉਹਾਰਾਂ ਦੇ ਆਪਸੀ ਸਬੰਧਾਂ ਬਾਬਤ ਉਨ੍ਹਾਂ ਬੜੀ ਸੂਝ-ਬੂਝ ਨਾਲ ਆਪਣੇ ਢੰਗ ਨਾਲ ਸਮਝਾਇਆ ਹੈ। ਜਿਵੇਂ ਚੱਲ ਰਹੇ ਮਾਘ ਮਾਹ ’ਚ ਪੈ ਰਹੇ ਪਾਲੇ ਦਾ ਜ਼ਿਕਰ ਕਰਦਿਆਂ ਬਜ਼ੁਰਗ ਬਹੁਤ ਵਧੀਆ ਅਖਾਣ ਰੂਪ ’ਚ ਜ਼ਿਕਰ ਕਰਦੇ ਹਨ ਕਿ ‘ਪਾਲਾ ਪੋਹ ਦਾ ਨਾ ਮਾਘ ਦਾ, ਪਾਲਾ ਵਾਓ ਦਾ।’ ਮਾਘ ਮਾਹ ’ਚ ਪਾਲਾ ਘਟਣ ਦੇ ਆਸਾਰ ਬਣਦੇ ਹਨ ਕਿਉਂਕਿ ਇਸ ਮਹੀਨੇ ਵਿਚ ਸੂਰਜ ਦੀ ਹਾਜ਼ਰੀ ਥੋੜ੍ਹੀ ਵਧਣ ਕਾਰਨ ਕੋਸੀ-ਕੋਸੀ ਧੁੱਪ ਦਾ ਆਨੰਦ ਮਾਣਦਿਆਂ ਚੌਗਿਰਦਾ ਖਿਲ ਉੱਠਦਾ ਹੈ ਪਰ ਜੇ ਕਿਤੇ ਮਾਘ ਮਾਹ ’ਚ ਮੀਂਹ ਪੈ ਜਾਵੇ ਤੇ ਨਾਲ ਹੀ ਹਵਾ ਚੱਲ ਪਵੇ ਤਾਂ ਇਹ ਮਾਘ ਮਾਹ ਵੀ ਭਰ ਸਿਆਲੂ ਦਾ ਮਹੀਨਾ ਹੋ ਨਿੱਬੜਦਾ ਹੈ। ਮਾਘ ਮਾਹ ਇਹ ਜਾਂਦੀ-ਜਾਂਦੀ ਸਿਆਲੂ ਰੁੱਤ ਮਨੁੱਖੀ ਮਨ ’ਚ ਮਿਲਾਪ ਦੀ ਤਾਂਘ ਪੈਦਾ ਕਰਦੀ ਜਾਪਦੀ ਹੈ, ਇਹ ਮਿਲਾਪ ਦੀ ਤਾਂਘ ਦੁਨਿਆਵੀ ਵੀ ਹੋ ਸਕਦੀ ਹੈ ਤੇ ਰੂਹਾਨੀ ਵੀ। ਇਹ ਮਨੁੱਖੀ ਮਨ ਦੀ ਅਵਸਥਾ ’ਤੇ ਨਿਰਭਰ ਕਰਦਾ ਹੈ।
ਮਾਘ ਮਾਹ ਦੀ ਪਹਿਲੀ ਤਾਰੀਕ ਮਾਘ ਦੀ ਸੰਗਰਾਂਦ ਅਖਵਾਉਂਦੀ ਹੈ ਤੇ ਇਸੇ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ, ਜੋ ਪੰਜਾਬ ਦੀ ਧਰਤੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਤਿਹਾਸਕ ਪੱਖ ਤੋਂ ਇੱਥੇ ਮਾਘ ਦੇ ਪਹਿਲੇ ਦਿਨ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਸ਼ਹੀਦੀ ਜੋੜ ਮੇਲਾ ਲੱਗਦਾ ਹੈ, ਜਿੱਥੇ ਲੱਖਾਂ ਸ਼ਰਧਾਲੂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹਨ। ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ’ਤੇ ਸ਼ਹੀਦੀ ਜਾਮ ਪੀਣ ਵਾਲੇ ਇਹ ਸ਼ਹੀਦ (ਮੁਕਤੇ) ਉਹੀ ਸਿੰਘ ਸਨ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਮੁਗ਼ਲਾਂ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨਾਲ ਮੁਕਾਬਲਾ ਕਰ ਰਹੇ ਹੁੰਦੇ ਹਨ ਤਾਂ ਮੁਗ਼ਲਾਂ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਕਿਲ੍ਹੇ ਦੀ ਘੇਰਾਬੰਦੀ ਕਰ ਲੈਂਦੀਆਂ ਹਨ। ਮੁਗ਼ਲਾਂ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਵੱਲੋਂ ਕੀਤੀ ਕਿਲ੍ਹੇ ਦੀ ਇਹ ਘੇਰਾਬੰਦੀ ਕਈ ਮਹੀਨੇ ਜਾਰੀ ਰਹਿੰਦੀ ਹੈ ਤਾਂ ਉਸ ਸਮੇਂ ਮਾਝੇ ਦੇ ਸਿੰਘਾਂ ਨੇ ਗੁਰੂ ਜੀ ਨੂੰ ਛੱਡ ਘਰ ਵਾਪਸੀ ਦਾ ਮਨ ਬਣਾ, ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਘਰਾਂ ਨੂੰ ਵਾਪਸ ਚਲੇ ਜਾਂਦੇ ਹਨ ਪ੍ਰੰਤੂ ਘਰ ਗਿਆਂ ਨੂੰ ਜਦੋਂ ਮਾਈ ਭਾਗੋ ਤੇ ਹੋਰਨਾਂ ਨੇ ਚੂੜੀਆਂ ਪਾ ਲੈਣ ਦਾ ਮਿਹਣਾ ਦਿੱਤਾ ਤਾਂ ਇਹ ਸਿੰਘ ਗੁਰੂ ਸਾਹਿਬ ਤੋਂ ਮੁਆਫ਼ੀ ਮੰਗ ਕੇ ਭੁੱਲ ਬਖਸ਼ਾਉਣ ਲਈ ਤਿਆਰ ਹੋ ਗਏ। ਦੂਜੇ ਪਾਸੇ ਗੁਰੂ ਜੀ ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ, ਆਲਮਗੀਰ, ਰਾਏਕੋਟ, ਦੀਨਾ ਹੁੰਦੇ ਹੋਏ ਜਦੋਂ ਕੋਟਕਪੂਰੇ ਪੁੱਜੇ, ਇੱਥੇ ਵੀ ਮੁਗ਼ਲ ਫੌਜ ਗੁਰੂ ਜੀ ਦਾ ਪਿੱਛਾ ਕਰ ਪਹੁੰਚ ਗਈ। ਗੁਰੂ ਗੋਬਿੰਦ ਸਿੰਘ ਜੀ ਖਿਦਰਾਨੇ ਦੀ ਢਾਬ ਤੋਂ ਥੋੜ੍ਹਾ ਜਿਹਾ ਅੱਗੇ ਜਾ ਬੈਠੇ ਤਾਂ ਜੋ ਉੱਚੀ ਟੀਸੀ ’ਤੇ ਬੈਠ ਕੇ ਯੋਜਨਾਬੱਧ ਢੰਗ ਨਾਲ ਮੁਗ਼ਲ ਫ਼ੌਜਾਂ ਦਾ ਮੁਕਾਬਲਾ ਕੀਤਾ ਜਾ ਸਕੇ। ਮੁਕਤਸਰ ਦਾ ਪੁਰਾਣਾ ਨਾਂ ਖਿਦਰਾਣਾ ਹੁੰਦਾ ਸੀ। ਇੱਥੇ ਹੀ ਜਿਹੜੇ ਸਿੰਘ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਬੇਦਾਵਾ ਲਿਖ ਕੇ ਘਰਾਂ ਨੂੰ ਵਾਪਸ ਗਏ ਸਨ, ਉਹ ਚਾਲੀ ਸਿੰਘਾਂ ਦਾ ਜੱਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ’ਤੇ ਆ ਪਹੁੰਚਿਆ ਤੇ ਮੁਗ਼ਲ ਫ਼ੌਜਾਂ ਵਿਰੁੱਧ ਮੋਰਚਾ ਸੰਭਾਲ ਲਿਆ। ਮਾਈ ਭਾਗੋ ਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਦੁਸ਼ਮਣ ਫ਼ੌਜ ’ਤੇ ਹੱਲਾ ਬੋਲ ਦਿੱਤਾ। ਖਿਦਰਾਣੇ ਦੀ ਢਾਬ ਤੋਂ ਗੁਰੂ ਸਾਹਿਬ ਨੇ ਇਨ੍ਹਾਂ ਸਿੰਘਾਂ ਨੂੰ ਵੀਰਤਾ ਨਾਲ ਲੜਦਿਆਂ ਵੇਖਿਆ ਤੇ ਮੁਗ਼ਲ ਸੈਨਿਕ ਇਨ੍ਹਾਂ ਸਿੰਘਾ ਅੱਗੇ ਟਿਕ ਨਾ ਸਕੇ ਤੇ ਮੁਗ਼ਲ ਸੈਨਿਕ ਮੈਦਾਨ ਛੱਡ ਕੇ ਭੱਜ ਗਏ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਨੂੰ ਮਿਲੇ ਤਾਂ ਭਾਈ ਮਹਾਂ ਸਿੰਘ ਨੇ ਅਨੰਦਪੁਰ ਦੀ ਧਰਤੀ ’ਤੇ ਲਿਖ ਕੇ ਦਿੱਤਾ ਬੇਦਾਵਾ ਪਾੜ ਦੇਣ ਦੀ ਬੇਨਤੀ ਗੁਰੂ ਸਾਹਿਬ ਨੂੰ ਕੀਤੀ ਤਾਂ ਗੁਰੂ ਸਾਹਿਬ ਨੇ ਭਾਈ ਮਹਾਂ ਸਿੰਘ ਦਾ ਸਿਰ ਆਪਣੀ ਗੋਦ ਵਿਚ ਰੱਖ ਬੇਦਾਵਾ ਪਾੜ ਦਿੱਤਾ। ਉਨ੍ਹਾਂ ਨੇ ਇਨ੍ਹਾਂ ਚਾਲੀ ਸਿੰਘਾਂ ਨੂੰ ਬੇਦਾਵੇ ਤੋਂ ਮੁਕਤ ਕਰ ਕੇ ਟੁੱਟੀ ਸਿੱਖੀ ਨੂੰ ਮੁੜ ਗੰਢਣ ਦਾ ਵਚਨ ਦਿੱਤਾ। ਗੁਰੂ ਸਾਹਿਬ ਨੇ ਆਪਣੇ ਹੱਥੀਂ ਇਨ੍ਹਾਂ ਸਿੰਘਾਂ ਦਾ ਦਾਹ-ਸੰਸਕਾਰ ਕੀਤਾ ਤੇ ਇਸ ਥਾਂ ਦਾ ਨਾਂ ਮੁਕਤਸਰ ਰੱਖਿਆ। ਹੁਣ ਇਸ ਅਸਥਾਨ ’ਤੇ ਸਰੋਵਰ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਥਿਤ ਹੈ। ਬੇਦਾਵੀਏ ਸਿੰਘਾਂ ਦੀ ਗੁਰੂ ਸਾਹਿਬ ਹੱਥੋਂ ਮੁਕਤੀ ਹੋਣ ਦੀ ਗੱਲ ਇਤਿਹਾਸ ਦੇ ਪੰਨਿਆਂ ’ਤੇ ਇਉਂ ਦਰਜ ਹੈ:
ਖਿਦਰਾਣਾ ਕਰ ਮੁਕਤਸਰ, ਮੁਕਤ ਮੁਕਤ ਸਭ ਕੀਨ।
ਹੋਇ ਸਾਬਤ ਜੂਝੈ ਜਬੈ, ਬਡੋ ਮਰਤਬੋ ਲੀਨ।
ਜਿੱਥੇ ਪੋਹ ਮਹੀਨੇ ਦੇ ਆਖ਼ਰੀ ਦਿਨ ਲੋਹੜੀ ਹੁੰਦੀ ਹੈ, ਉੱਥੇ ਮਾਘ ਮਾਹ ਦੇ ਪਹਿਲੇ ਦਿਨ ਮਾਘੀ ਮਨਾਈ ਜਾਂਦੀ ਹੈ। ਮਾਘ ਮਹੀਨੇ ਦੇ ਇਸ ਪਹਿਲੇ ਦਿਨ ਨੂੰ ਪੰਜਾਬ ਦੇ ਨਾਲ-ਨਾਲ ਭਾਰਤ ਦੇਸ਼ ਦੇ ਕਈ ਸੂਬਿਆਂ ’ਚ ਵੀ ਮਨਾਇਆ ਜਾਦਾਂ ਹੈ, ਜਿਵੇਂ ਤਾਮਿਲਨਾਡੂ ’ਚ ਇਸ ਨੂੰ ਪੋਂਗਲ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਕਰਨਾਟਕ, ਕੇਰਲ ਤੇ ਆਂਧਰਾ ਪ੍ਰਦੇਸ਼ ’ਚ ਇਸ ਨੂੰ ਸੰਕਰਾਂਤੀ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਅਤੇ ਗੋਆ, ਓਡੀਸ਼ਾ, ਹਰਿਆਣਾ, ਬਿਹਾਰ, ਝਾਰਖੰਡ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਜੰਮੂ ਆਦਿ ਰਾਜਾਂ ਵਿਚ ਇਸ ਨੂੰ ਮਕਰ ਸੰਕਰਾਂਤੀ ਕਿਹਾ ਜਾਂਦਾ ਹੈ। ਇਲਾਹਾਬਾਦ ਵਿਚ ਗੰਗਾ, ਯਮੁਨਾ ਤੇ ਸਰਸਵਤੀ ਦੇ ਸੰਗਮ ’ਤੇ ਹਰੇਕ ਸਾਲ ਇਕ ਮਹੀਨੇ ਤਕ ਮਾਘ ਮੇਲਾ ਲੱਗਦਾ ਹੈ, ਜਿਸ ਨੂੰ ਮਾਘ ਮੇਲੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮਹਾਰਾਸ਼ਟਰ ਵਿਚ ਇਸ ਦਿਨ ਸਾਰੀਆਂ ਨਵੀਆਂ ਵਿਆਹੀਆਂ ਔਰਤਾਂ ਆਪਣੀ ਪਹਿਲੀ ਸੰਕ੍ਰਾਂਤੀ ’ਤੇ ਕਪਾਹ, ਤੇਲ ਤੇ ਨਮਕ ਆਦਿ ਚੀਜ਼ਾਂ ਦੂਜੀਆਂ ਸੁਹਾਗਣ ਔਰਤਾਂ ਨੂੰ ਦਾਨ ਕਰਦੀਆਂ ਹਨ। ਮਾਘੀ ਵਾਲੇ ਦਿਨ ਸਿਰਫ਼ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ’ਚ ਹੀ ਲੋਕ ਪਵਿੱਤਰ ਸਰੋਵਰਾਂ, ਝਰਨਿਆਂ, ਨਦੀਆਂ, ਨਹਿਰਾਂ, ਦਰਿਆਵਾਂ, ਝੀਲਾਂ ’ਚ ਇਸ਼ਨਾਨ ਕਰ ਕੇ ਮਾਘੀ ਮਨਾਉਂਦੇ ਹਨ ਤੇ ਬਾਰਾਂਮਾਹ ’ਚ ਬਾਬਾ ਬੁੱਲ੍ਹੇ ਸ਼ਾਹ ਜੀ ਦੋਹਰਾ ਲਿਖਦੇ ਹਨ:
ਮਾਘੀ ਨਹਾਵਣ ਮੈਂ ਚੱਲੀ ਜੋ ਤੀਰਥ ਕਰ ਸਮਿਆਨ।
ਗੱਜ ਗੱਜ ਬਰਸੇ ਮੇਘਲਾ ਮੈਂ ਰੋ ਰੋ ਕਰਾਂ ਇਸ਼ਨਾਨ।
ਅੱਧਾ ਮਾਘ ਤੋਂ ਬਾਦ ਆਈ ਬਹਾਰ ਦੀ ਰੁੱਤ ਬਸੰਤ ਦੀ ਆਮਦ ਨਾਲ ਵਾਤਾਵਰਨ ’ਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ, ਸਰਦ ਰੁੱਤ ਨੂੰ ਅਲਵਿਦਾ ਕਹਿ ਮੌਸਮ ਗਰਮ ਰੁੱਤ ਵੱਲ ਵਧਣ ਲੱਗਦਾ ਹੈ। ਇਸ ਬਸੰਤ ਰੁੱਤ ਦੀ ਆਮਦ ਨਾਲ ਫੁੱਲ, ਬੂਟਿਆਂ ’ਤੇ ਨਿਖਾਰ ਆਉਣ ਨਾਲ ਚੌਗਿਰਦਾ ਮਹਿਕ ਉੱਠਦਾ ਹੈ ਅਤੇ ਕੁਦਰਤ ਚਹੂ ਪਾਸੇ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਨਜ਼ਰ ਆਉਂਦੀ ਹੈ, ਖੇਤਾਂ ਵਿਚ ਪੂਰੇ ਜੌਬਨ ’ਤੇ ਆਈਆਂ ਫ਼ਸਲਾਂ ਵਾਤਾਵਰਨ ’ਚ ਆਪਣੀ ਖ਼ੂਬਸੂਰਤੀ ਵਿਛਾ ਰਹੀਆਂ ਹੁੰਦੀਆਂ ਹਨ, ਸਰ੍ਹੋਂ ਦੀ ਫ਼ਸਲ ‘ਆਈ ਬਸੰਤ ਪਾਲਾ ਉਡੰਤ’ ਦਾ ਸੁਨੇਹਾ ਦਿੰਦੀ ਜਾਪਦੀ ਹੈ, ਹਰੀਆਂ ਕਣਕਾਂ ਬਦਲਦੇ ਮੌਸਮ ’ਚ ਸੋਨੇ ਰੰਗੀ ਹੋਣ ਲਈ ਝੂਮਦੀਆਂ ਨਜ਼ਰੀਂ ਆਉਂਦੀਆਂ ਹਨ। ਮਾਘ ਮਾਹ ਵਿਚ ਬਨਸਪਤੀ ਤੇ ਫ਼ਸਲਾਂ ਮੇਲਣ ਲੱਗਦੀਆਂ ਹਨ ਤੇ ਚੜ੍ਹਦਾ ਮਾਘ ਮਾਹ ਸਰਦ ਰੁੱਤ ਤੋਂ ਗਰਮ ਰੁੱਤ ਵੱਲ ਵਧਣ ਦਾ ਮੌਸਮੀ ਤਬਦੀਲੀ ਦਾ ਸੂਚਕ ਬਣਦਾ ਹੈ।
- ਹਰਮਨਪ੍ਰੀਤ ਸਿੰਘ