ਸੂਚਨਾ ਤਕਨੀਕ ਦੇ ਆਧੁਨਿਕ ਨੈੱਟਵਰਕਾਂ ਦੇ ਨਾਲ ਜੁੜਿਆ ਹੋਇਆ ਅਜਿਹਾ ਡਿਜੀਟਲ ਘਰ ਮਨੁੱਖ ਦੇ ਅਦੇਸ਼ ਅਨੁਸਾਰ ਹੀ ਉਸ ਲਈ ਕੱਪੜੇ ਧੋ ਕੇ ਪ੍ਰੈੱਸ ਕਰਨ ਖਾਣਾ ਤਿਆਰ ਕਰਨ, ਸਫ਼ਾਈ ਕਰਨ ਤੋਂ ਲੈ ਕੇ ਬਿਸਤਰੇ ਵਿਛਾਉਣ ਦਾ ਕੰਮ ਵੀ ਕਰੇਗਾ। ਮੌਸਮ ਦੀ ਤਬਦੀਲੀ ਦੇ ਅਨੁਸਾਰ ਹੀ ਇਹ ਮਕਾਨ ਆਪਣੇ ਆਪ ਨੂੰ ਗਰਮ ਤੇ ਠੰਢਾ ਵੀ ਰੱਖ ਸਕਦਾ ਹੈ।

ਅਜੋਕਾ ਯੁੱਗ ਸੂਚਨਾ ਕ੍ਰਾਂਤੀ ਦਾ ਯੁੱਗ ਹੈ। ਸੂਚਨਾ ਦੇ ਪ੍ਰਸਾਰ ਤੇ ਪ੍ਰਚਾਰ ਦੇ ਨਾਲ-ਨਾਲ ਸਬੰਧਿਤ ਨਵੇਂ-ਨਵੇਂ ਤਰੀਕੇ ਸਾਹਮਣੇ ਆ ਰਹੇ ਹਨ। ਇਨ੍ਹਾਂ ਦੇ ਫਲਸਰੂਪ ਹੀ ਮਨੁੱਖੀ ਜੀਵਨ ’ਚ ਵੀ ਹੁਣ ਨਾਟਕੀ ਢੰਗ ਦੇ ਨਾਲ ਤਬਦੀਲੀਆਂ ਆ ਰਹੀਆਂ ਹਨ। ਉਦਾਹਰਨ ਦੇ ਤੌਰ ’ਤੇ ਵਿਗਿਆਨੀ ਹੁਣ ਵਿਵਿਧ ਤਕਨੀਕਾਂ ਦੀ ਸਹਾਇਤਾ ਨਾਲ ਅਜਿਹੇ ਘਰ ਤਿਆਰ ਕਰਨ ’ਚ ਰੁਝੇ ਹੋਏ ਹਨ, ਜਿਹੜੇ ਕੁਝ ਇਲੈਕਟ੍ਰਾਨਿਕ ਸੰਦੇਸ਼ਾਂ/ਅਦੇਸ਼ਾਂ ਦੀ ਸੂਚਨਾ ਪ੍ਰਾਪਤ ਹੁੰਦਿਆਂ ਹੀ ਵਿਅਕਤੀ ਦੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਫੌਰੀ ਤੌਰ ’ਤੇ ਪੂਰਾ ਕਰ ਦਿਆ ਕਰਨਗੇ। ਸਪੱਸ਼ਟ ਹੀ ਹੈ ਕਿ ਸਾਰਾ ਕੁਝ ਜਾਦੂਈ ਲੱਗੇਗਾ ਤੇ ਇਸ ਦੇ ਨਾਲ ਘਰ ਦੇ ਨਾਲ ਜੁੜੀਆਂ ਹੋਈਆਂ ਪਰਿਭਾਸ਼ਾਵਾਂ ਵੀ ਬਦਲ ਜਾਣਗੀਆਂ।
ਆਧੁਨਿਕ ਨੈੱਟਵਰਕਾਂ ਨਾਲ ਜੁੜਿਆ
ਸੂਚਨਾ ਤਕਨੀਕ ਦੇ ਆਧੁਨਿਕ ਨੈੱਟਵਰਕਾਂ ਦੇ ਨਾਲ ਜੁੜਿਆ ਹੋਇਆ ਅਜਿਹਾ ਡਿਜੀਟਲ ਘਰ ਮਨੁੱਖ ਦੇ ਅਦੇਸ਼ ਅਨੁਸਾਰ ਹੀ ਉਸ ਲਈ ਕੱਪੜੇ ਧੋ ਕੇ ਪ੍ਰੈੱਸ ਕਰਨ ਖਾਣਾ ਤਿਆਰ ਕਰਨ, ਸਫ਼ਾਈ ਕਰਨ ਤੋਂ ਲੈ ਕੇ ਬਿਸਤਰੇ ਵਿਛਾਉਣ ਦਾ ਕੰਮ ਵੀ ਕਰੇਗਾ। ਮੌਸਮ ਦੀ ਤਬਦੀਲੀ ਦੇ ਅਨੁਸਾਰ ਹੀ ਇਹ ਮਕਾਨ ਆਪਣੇ ਆਪ ਨੂੰ ਗਰਮ ਤੇ ਠੰਢਾ ਵੀ ਰੱਖ ਸਕਦਾ ਹੈ। ਆਪਣੀ ਸੁਰੱਖਿਆ ਦਾ ਪ੍ਰਬੰਧਨ ਵੀ ਇਹ ਆਪ ਹੀ ਕਰਨ ਦੀ ਯੋਗਤਾ ਰੱਖੇਗਾ। ਸਮਾਰਟ ਹੋਮ ਦੇ ਨਾਂ ਨਾਲ ਪ੍ਰਚੱਲਿਤ ਹੋਣ ਵਾਲਾ ਇਹ ਘਰ ਵਾਸਤਵਿਕ ਰੂਪ ’ਚ ਤਾਂ ਕਈ ਇਲੈਟ੍ਰਾਨਿਕ ਉਪਕਰਨਾਂ ਦਾ ਇਕ ਤਲਿਸਮੀ ਪ੍ਰਕਾਰ ਦਾ ਨੈੱਟਵਰਕ ਹੀ ਹੈ। ਇਹ ਨੈਟਵਰਕ ਘਰ ਦੇ ਮਾਲਕ ਤੋਂ ਆਦੇਸ਼ ਲੈਣ ਤੋਂ ਇਲਾਵਾ ਆਪਣੇ ਬਾਕੀ ਸਾਥੀਆਂ ਨਾਲ ਗੱਲਬਾਤ/ਸਲਾਹ ਕਰਨ ਦੀ ਯੋਗਤਾ ਵੀ ਰੱਖਦਾ ਹੈ। ਅਜਿਹੇ ਘਰ ਦੇ ਮਾਲਕ ਲਈ ਇਹ ਜ਼ਰੂਰੀ ਨਹੀਂ ਕਿ ਘਰੇਲੂ ਗਤੀਵਿਧੀਆਂ/ਕੰਮਕਾਜ ਦੇ ਦੌਰਾਨ ਉਹ ਘਰ ’ਚ ਮੌਜੂਦ ਰਹੇ। ਉਹ ਆਪਣੇ ਦਫ਼ਤਰ ਜਾਂ ਕਾਰ, ਬੱਸ, ਰੇਲ ਆਦਿ ਵਿਚ ਸਫ਼ਰ ਕਰਦਿਆਂ ਵੀ ਆਪਣੇ ਘਰ ’ਚ ਮਨਮਰਜ਼ੀ ਦਾ ਖਾਣਾ ਬਣਾਉਣ ਦਾ ਹੁਕਮ ਦੇ ਸਕਦਾ ਹੈ। ਜੇ ਉਹ ਆਪਣੇ ਪਰਿਵਾਰ ਨਾਲ ਕਿਸੇ ਦੂਰ- ਦੁਰਾਡੇ ਪਹਾੜੀ ਸਥਾਨ ’ਤੇ ਛੁੱਟੀਆਂ ਬਤੀਤ ਕਰ ਰਿਹਾ ਹੈ ਤਾਂ ਉਹ ਉੱਥੇ ਬੈਠਾ ਹੋਇਆ ਵੀ ਆਪਣੇ ਘਰ ਦੀ ਸੁਰੱਖਿਆ ਤੇ ਸੰਚਾਲਨ ਬਾਰੇ ਆਦੇਸ਼ ਦੇ ਸਕਦਾ ਹੈ। ਉਦਾਹਰਨ ਵਜੋਂ ਅਜਿਹੇ ਡਿਜੀਟਲ ਘਰ ਦਾ ਮੁਖੀ ਫੋਨ ਜਾਂ ਵੇਬ ਦੇ ਮਾਧਿਅਮ ਰਾਹੀਂ ਏਅਰ ਕੰਡੀਸ਼ਨਰ, ਫਰਿੱਜ, ਵਾਸ਼ਿੰਗ ਮਸ਼ੀਨ ਅਤੇ ਓਵਨ ਵਰਗੇ ਉਪਰਕਰਨਾਂ ਨੂੰ ਚਾਲੂ ਜਾਂ ਬੰਦ ਕਰਨ ਦੇ ਆਦੇਸ਼ ਦੇ ਸਕਦਾ ਹੈ।
ਹਰ ਗ਼ਲਤੀ ’ਚ ਕਰੇਗਾ ਸੁਧਾਰ
ਉਹ ਆਪਣੇ ਸੁਪਨਿਆਂ ਦੇ ਘਰ ਨੂੰ ਇਹ ਵੀ ਹੁਕਮ ਦੇ ਸਕਦਾ ਹੈ ਕਿ ਉਸ ਦੀ ਗ਼ੈਰ-ਹਾਜ਼ਰੀ ’ਚ ਉਹ ਉਸ ਦੇ ਕੱਪੜੇ ਧੋ ਕੇ ਪ੍ਰੈੱਸ ਕਰ ਕੇ ਰੱਖੇ। ਆਪਣੀ ਪਸੰਦੀਦਾ ਡਿਸ਼ ਨੂੰ ਲੰਚ ਜਾਂ ਰਾਤ ਦੇ ਖਾਣੇ ਦੇ ਸਮੇਂ ਤਿਆਰ ਕਰਨ ਸਬੰਧੀ ਵੀ ਉਹ ਆਪਣੇ ਘਰ ਨੂੰ ਹਦਾਇਤ ਕਰ ਸਕਦਾ ਹੈ। ਇਹ ਹੀ ਨਹੀਂ, ਜੇਕਰ ਘਰ ਦਾ ਮਾਲਕ ਕਿਸੇ ਵੀ ਘਰੇਲੂ ਵਸਤੂ ਜਿਵੇਂ ਕਿ ਓਵਨ, ਗੈਸ, ਟੀਵੀ, ਪ੍ਰੈਸ ਜਾਂ ਵਾਸ਼ਿੰਗ ਮਸ਼ੀਨ ਆਦਿ ਨੂੰ ਚਲਦੀ ਹੋਈ ਅਵਸਥਾ ਵਿੱਚ ਛੱਡ ਆਇਆ ਹੈ ਤਾਂ ਉਹ ਦੂਰ ਹੁੰਦਿਆਂ ਵੀ ਇਨ੍ਹਾਂ ਨੂੰ ਬੰਦ ਕਰਨ ਸਬੰਧੀ ਹੁਕਮ ਦੇ ਸਕਦਾ ਹੈ। ਉਸ ਨੂੰ ਆਪਣੀ ਗ਼ਲਤੀ ਸੁਧਾਰਨ ਲਈ ਘਰ ਵਾਪਸ ਆਉਣ ਦੀ ਕੋਈ ਲੋੜ ਹੀ ਨਹੀਂ ਹੈ, ਉਸ ਨੇ ਸਿਰਫ਼ ਆਪਣੀਆਂ ਉਂਗਲਾਂ ਨੂੰ ਹਰਕਤ ਵਿੱਚ ਲਿਆਉਣਾ ਹੈ ਤੇ ਉਸ ਦੇ ਸੁਪਨਿਆਂ ਦਾ ਘਰ ਉਸ ਦੀ ਹਰ ਗ਼ਲਤੀ ਵਿਚ ਸੁਧਾਰ ਕਰ ਦੇਵੇਗਾ।
ਵੱਜਣ ਲੱਗੇਗਾ ਅਲਾਰਮ ਕਲਾਕ
ਅੱਜ-ਕੱਲ੍ਹ ਵੱਡੇ-ਵੱਡੇ ਮਹਾਨਗਰਾਂ ’ਚ ਆਮ ਤੌਰ ’ਤੇ ਚੋਰੀ-ਡਕੈਤੀ ਸਬੰਧੀ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਪਰ ਜੇ ਤੁਸੀਂ ਕਿਸੇ ਡਿਜੀਟਲ ਘਰ ਦੇ ਮਾਲਕ ਹੋ ਤਾਂ ਫਿਰ ਤੁਹਾਨੂੰ ਇਸ ਤਰ੍ਹਾਂ ਦੀਆਂ ਖ਼ਬਰਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਮਹੀਨੇ ਭਰ ਤੋਂ ਆਪਣੇ ਘਰ ਤੋਂ ਦੂਰ ਰਹਿ ਸਕਦੇ ਹੋ, ਤਾਂ ਚੋਰ ਤੁਹਾਡੇ ਘਰ ਦੇ ਲਾਗੇ ਨਹੀਂ ਆ ਸਕਣਗੇ। ਇਸ ਦਾ ਕਾਰਨ ਇਹ ਹੈ ਕਿ ਸਬੰਧਿਤ ਮਕਾਨ ’ਚ ਅਜਿਹਾ ਪ੍ਰਬੰਧ ਕੀਤਾ ਗਿਆ ਹੈ ਕਿ ਤੁਹਾਡੀ ਗ਼ੈਰ-ਹਾਜ਼ਰੀ ਵਿਚ ਜੇਕਰ ਕੋਈ ਵੀ ਅਜਨਬੀ ਆਦਮੀ ਹੈ ਤਾਂ ਇਸ ਦਾ ਅਲਾਰਮ ਕਲਾਕ ਆਪਣੇ ਆਪ ਵੱਜਣ ਲੱਗੇਗਾ ਤੇ ਜ਼ਰੂਰਤ ਅਨੁਸਾਰ ਇਹ ਪੁਲਿਸ ਨੂੰ ਸੱਦਣ ਤੋਂ ਵੀ ਗੁਰੇਜ਼ ਨਹੀਂ ਕਰੇਗਾ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਤੁਹਾਡਾ ਸਮਾਰਟ ਘਰ ਕਿਸੇ ਵੀ ਪ੍ਰਕਾਰ ਦੀ ਗੁਸਤਾਖ਼ੀ ਤੋਂ ਕੰਮ ਲਵੇਗਾ। ਤੁਹਾਡੇ ਨਿੱਜੀ ਰਿਸ਼ਤੇਦਾਰ ਜਾਂ ਦੋਸਤ ਜੇ ਤੁਹਾਡੀ ਗ਼ੈਰ-ਹਾਜ਼ਰੀ ’ਚ ਤੁਹਾਡੇ ਦਰ ’ਤੇ ਆਉਂਦੇ ਹਨ ਤਾਂ ਇਹ ਉਨ੍ਹਾਂ ਦਾ ਪੂਰਾ ਸਤਿਕਾਰ ਕਰੇਗਾ। ਤੁਸੀਂ ਚਾਹੇ ਕਿੰਨੀ ਵੀ ਦੂਰ ਬੈਠੇ ਹੋਵੋ, ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਤੁਹਾਡੇ ਘਰ ਕੌਣ ਆਇਆ ਹੈ। ਲਿਹਾਜ਼ਾ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਦਰਵਾਜ਼ਾ ਬੰਦ ਕਰੀ ਰੱਖਣ ਜਾਂ ਖੋਲ੍ਹਣ ਸਬੰਧੀ ਹਦਾਇਤ ਕਰ ਸਕਦੇ ਹੋ। ਕੇਵਲ ਇੰਨਾ ਹੀ ਨਹੀਂ, ਤੁਸੀਂ ਆਪਣੇ ਡਿਜੀਟਲ ਘਰ ਨੂੰ ਮਹਿਮਾਨ ਦਾ ਸਵਾਗਤ ਕਰਨ ਲਈ ਉਸ ਨੂੰ ਚਾਹ-ਪਾਣੀ ਪੁੱਛਣ ਸਬੰਧੀ ਹੁਕਮ ਵੀ ਕਰ ਸਕਦੇ ਹੋ।
ਕੀ ਹੋਵੇਗੀ ਕਾਰਜ ਵਿਧੀ?
ਇਸ ਤਰ੍ਹਾਂ ਦੇ ਡਿਜੀਟਲ ਘਰ ਦੀ ਕਾਰਜ ਵਿਧੀ ਕੀ ਹੋਵੇਗੀ? ਦਰਅਸਲ ਇਸ ਦਾ ਮਾਲਕ ਇੰਟਰਨੈੱਟ ਉੱਤੇ ਇਕ ਪ੍ਰਾਈਵੇਟ ਇੰਟਰਨੈੱਟ ਹੋਮ ਪੇਜ਼ ਹੋਵੇਗਾ, ਜਿਹੜਾ ਪਾਸਵਰਡ ਤੇ ਫਾਇਰਵਾਲਜ਼ ਨਾਲ ਸੁਰੱਖਿਅਤ ਹੋਵੇਗਾ। ਘਰ ਦੇ ਸਾਰੇ ਬਿਜਲਈ ਤੇ ਇਲੈਟ੍ਰਾਨਿਕ ਯੰਤਰ ਆਪਸ ਵਿਚ ਨੈੱਟਵਰਕ ਨਾਲ ਜੁੜੇ ਹੋਏ ਹੋਣਗੇ ਤੇ ਉਨ੍ਹਾਂ ਨੂੰ ਰਿਮੋਟ ਰਾਹੀਂ ਸੰਦੇਸ਼ ਦੇਣ ਦੇ ਲਈ ਘਰ ’ਚ ਛੋਟਾ ਜਿਹਾ ਇਕ ਕਮਾਂਡ ਬਾਕਸ ਹੋਵੇਗਾ।
ਸੁਵਿਧਾਵਾਂ ਭਰਪੂਰ ਸੁਪਨਾ ਬਣੇਗਾ ਹਕੀਕਤ
ਇਹ ਸਮਾਰਟ ਹੋਮ ਕੰਮਕਾਜੀ ਔਰਤਾਂ-ਪੁਰਸ਼ਾਂ ਤੋਂ ਇਲਾਵਾ ਸਾਧਾਰਨ ਔਰਤਾਂ ਦਾ ਜੀਵਨ ਵੀ ਖ਼ੁਸ਼ੀਆਂ ਨਾਲ ਭਰ ਦੇਵੇਗਾ। ਹੁਣ ਘਰ ਦੀ ਮਾਲਕਣ ਲਈ ਇਹ ਜ਼ਰੂਰੀ ਨਹੀਂ ਕਿ ਖਾਣਾ ਬਣਾਉਣ, ਕੱਪੜੇ ਧੋਣ ਜਾਂ ਬਰਤਨ ਸਾਫ਼ ਕਰਨ ਲਈ ਉਹ ਰਸੋਈ ਜਾਂ ਬਾਥਰੂਮ ਦੇ ਹੀ ਚੱਕਰ ਕੱਟਦੀ ਰਹੇ, ਉਹ ਆਰਾਮ ਨਾਲ ਡਰਾਇੰਗ ਰੂਮ ’ਚ ਟੀਵੀ, ਮੋਬਾਈਲ ਫੋਨ ਵੇਖਦਿਆਂ ਹੁਕਮ ਕਰ ਸਕਦੀ ਹੈ ਕਿ ਕਿਹੜੀ ਸਬਜ਼ੀ ਲੋੜੀਂਦੀ ਹੈ ਜਾਂ ਕਿਸ ਪ੍ਰਕਾਰ ਦਾ ਖਾਣਾ ਤਿਆਰ ਕਰਨਾ ਹੈ। ਕੱਪੜੇ ਧੋਣ ਅਤੇ ਬਰਤਨ ਸਾਫ ਕਰਨ ਸਬੰਧੀ ਆਦੇਸ਼ ਹੀ ਦੇਣਾ ਹੈ, ਬਾਕੀ ਦੀ ਜ਼ਿੰਮੇਵਾਰੀ ਉਸ ਦੇ ਸੁਪਨਿਆਂ ਦੇ ਘਰ ਦੀ ਹੈ। ਇਸ ਤੋਂ ਇਲਾਵਾ ਘਰ ਦੀਆਂ ਜ਼ਰੂਰੀ ਚੀਜ਼ਾਂ ਲਿਆਉਣ ਲਈ ਤਾਂ ਪਹਿਲਾਂ ਹੀ ਟੈਲੀ ਸ਼ਾਪਿੰਗ ਅਤੇ ਥ੍ਰੀ-ਡੀ ਪ੍ਰਿੰਟ ਨੇ ਉਸ ਦੀਆਂ ਮੁਸ਼ਕਲਾਂ ਦੂਰ ਕੀਤੀਆਂ ਹੋਈਆਂ ਹਨ। ਲਿਹਾਜ਼ਾ ਇਨ੍ਹਾਂ ਸੁਵਿਧਾਵਾਂ ਦੇ ਹੁੰਦਿਆਂ ਹੋਇਆਂ ਉਹ ਦਿਨ ਦੂਰ ਨਹੀਂ, ਜਦੋਂ ਇਕ ਸਾਧਾਰਨ ਵਿਅਕਤੀ ਲਈ ਵੀ ਇਹ ਸੁਵਿਧਾਵਾਂ ਭਰਪੂਰ ਸੁਪਨਾ ਇਕ ਹਕੀਕਤ ਬਣ ਜਾਵੇਗਾ।
- ਸੁਖਮੰਦਰ ਸਿੰਘ ਤੂਰ