ਸਾਡੀਆਂ ਲੋਕ ਸਿਆਣਪਾਂ ਵਿਚ ਜੀਵਨ ਲਈ ਬਹੁਤ ਮੁੱਲਵਾਨ ਗੱਲਾਂ ਪਈਆਂ ਹਨ। ਜ਼ਿੰਦਗੀ ’ਚ ਜੇ ਮਨੁੱਖ ਉਨ੍ਹਾਂ ਨੂੰ ਅਪਣਾ ਲਵੇ ਤਾਂ ਜੀਵਨ ਦੀ ਤੋਰ ਨੂੰ ਸੁਖਾਵਾਂ ਬਣਾਇਆ ਜਾ ਸਕਦਾ ਹੈ। ਜੇ ਮਨੁੱਖ ਬੋਲਾਂ ਤੋਂ ਸੱਖਣਾ ਹੁੰਦਾ ਤਾਂ ਇਹ ਜਹਾਨ ਬਹੁਤ ਅਜੀਬ ਜਿਹਾ ਨਜ਼ਰ ਆਉਣਾ ਸੀ। ਕਿਸੇ ਬੋਲੀ ਦੇ ਸ਼ਬਦਾਂ ਨੇ ਮਨੁੱਖੀ ਜੀਵਨ ਨੂੰ ਖ਼ੁਸ਼ਗਵਾਰ ਤੇ ਅਹਿਸਾਸਮੰਦ ਬਣਾਉਣ ਵਿਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ।

ਸਾਡੀਆਂ ਲੋਕ ਸਿਆਣਪਾਂ ਵਿਚ ਜੀਵਨ ਲਈ ਬਹੁਤ ਮੁੱਲਵਾਨ ਗੱਲਾਂ ਪਈਆਂ ਹਨ। ਜ਼ਿੰਦਗੀ ’ਚ ਜੇ ਮਨੁੱਖ ਉਨ੍ਹਾਂ ਨੂੰ ਅਪਣਾ ਲਵੇ ਤਾਂ ਜੀਵਨ ਦੀ ਤੋਰ ਨੂੰ ਸੁਖਾਵਾਂ ਬਣਾਇਆ ਜਾ ਸਕਦਾ ਹੈ। ਜੇ ਮਨੁੱਖ ਬੋਲਾਂ ਤੋਂ ਸੱਖਣਾ ਹੁੰਦਾ ਤਾਂ ਇਹ ਜਹਾਨ ਬਹੁਤ ਅਜੀਬ ਜਿਹਾ ਨਜ਼ਰ ਆਉਣਾ ਸੀ। ਕਿਸੇ ਬੋਲੀ ਦੇ ਸ਼ਬਦਾਂ ਨੇ ਮਨੁੱਖੀ ਜੀਵਨ ਨੂੰ ਖ਼ੁਸ਼ਗਵਾਰ ਤੇ ਅਹਿਸਾਸਮੰਦ ਬਣਾਉਣ ਵਿਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ। ਇਸ ਧਰਤੀ ਉੱਤੇ ਬੋਲੀ ਦਾ ਹੁਨਰ ਕੇਵਲ ਮਨੁੱਖ ਦੇ ਹੀ ਹਿੱਸੇ ਆਇਆ ਹੈ। ਮਨੁੱਖ ਬੋਲੀ ਦੇ ਮਾਧਿਅਮ ਰਾਹੀਂ ਹੀ ਇਕ-ਦੂਜੇ ਨਾਲ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦਾ ਹੈ। ਖ਼ੁਸ਼ੀ, ਹਾਸਾ, ਗ਼ਮੀ, ਉਦਾਸੀ ਤੇ ਅਜਿਹੇ ਹੋਰ ਅਹਿਸਾਸਾਂ ਨੂੰ ਪ੍ਰਗਟ ਕਰਨ ਲਈ ਮਨੁੱਖੀ ਬੋਲ ਹੀ ਸਭ ਤੋਂ ਸ਼ਕਤੀਸ਼ਾਲੀ ਕਿਰਿਆ ਹੈ। ਭਾਵੇਂ ਗੂੰਗਾ ਵਿਅਕਤੀ ਵੀ ਇਨ੍ਹਾਂ ਅਹਿਸਾਸਾਂ ਨੂੰ ਸਰੀਰਕ ਸੰਕੇਤਾਂ ਜਾਂ ਚਿਹਰੇ ਦੇ ਹਾਵਾਂ-ਭਾਵਾਂ ਨਾਲ ਦਰਸਾ ਦਿੰਦਾ ਹੈ ਪਰ ਜੋ ਗੱਲ ਬੋਲਾਂ ਦੁਆਰਾ ਪ੍ਰਗਟਾਈ ਜਾ ਸਕਦੀ ਹੈ, ਉਸ ਦਾ ਕੋਈ ਬਦਲ ਨਹੀਂ। ਕੋਈ ਵਿਅਕਤੀ ਆਪਣੇ ਘਰ, ਪਰਿਵਾਰ, ਦਫ਼ਤਰ, ਅਦਾਰੇ, ਦੁਕਾਨ ’ਤੇ ਮਿਲਣ ਵਾਲੇ ਕਿਸੇ ਵੀ ਮਨੁੱਖ ਨਾਲ ਕਿਹੋ ਜਿਹੀ ਬੋਲੀ ਤੇ ਕਿਸ ਤਰ੍ਹਾਂ ਦੇ ਲਹਿਜ਼ੇ ਵਿਚ ਗੱਲ ਕਰਦਾ ਹੈ, ਇਸ ਤੋਂ ਉਸ ਦੀ ਸ਼ਖ਼ਸੀਅਤ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।
ਹਰੇਕ ਦਾ ਮਨ ਮੋਹ ਲੈਂਦੇ ਮਿੱਠ-ਬੋਲੜੇ ਵਿਅਕਤੀ
ਮਿੱਠੇ ਬੋਲਾਂ ’ਚ ਅਜਿਹਾ ਜਾਦੂ ਹੁੰਦਾ ਹੈ ਕਿ ਗੁੱਸੇਖੋਰ, ਅੜੀਅਲ ਤੇ ਜ਼ਿੱਦੀ ਵਿਅਕਤੀ ਵੀ ਮੋਮ ਬਣਨ ਲਈ ਮਜਬੂਰ ਹੋ ਜਾਂਦਾ ਹੈ। ਮਨੁੱਖੀ ਆਪੇ ਦੀ ਅਸਲ ਪਛਾਣ ਉਸ ਦੇ ਦੂਜਿਆਂ ਪ੍ਰਤੀ ਵਿਹਾਰ ਤੋਂ ਹੀ ਲਗਾਈ ਜਾ ਸਕਦੀ ਹੈ। ਜਿਹੜਾ ਵਿਅਕਤੀ ਦੂਜਿਆਂ ਨੁੰ ਮਿਲਣ ਸਮੇਂ ਚਿਹਰੇ ’ਤੇ ਮੁਸਕਰਾਹਟ ਲਿਆ ਕੇ ਮਿਸ਼ਰੀ ਵਰਗੇ ਮਿੱਠੇ ਬੋਲਾਂ ਨਾਲ ਮੁਖ਼ਾਤਿਬ ਹੁੰਦਾ ਹੈ, ਉਹ ਹਰ ਇਕ ਨੂੰ ਆਪਣਾ ਦੋਸਤ ਬਣਾ ਲੈਂਦਾ ਹੈ। ਆਮ ਜ਼ਿੰਦਗੀ ਵਿਚ ਵਿਚਰਦਿਆਂ ਵੀ ਆਲੇ-ਦੁਆਲੇ ਨਜ਼ਰ ਮਾਰੀਏ ਤਾਂ ਦੇਖਿਆ ਜਾ ਸਕਦਾ ਹੈ ਕਿ ਮਿੱਠ-ਬੋਲੜੇ ਵਿਅਕਤੀ ਹਰ ਇਕ ਦਾ ਮਨ ਮੋਹ ਲੈਂਦੇ ਹਨ। ਸੱਭਿਅਕ ਤੌਰ-ਤਰੀਕੇ ਤੇ ਬੋਲਾਂ ਦੀ ਮਿਠਾਸ ਕਿਸੇ ਵੀ ਵਿਅਕਤੀ ਦੀ ਸ਼ਖ਼ਸੀਅਤ ਨੂੰ ਚਾਰ-ਚੰਨ ਲਾ ਦਿੰਦੀ ਹੈ। ਬਾਹਰੀ ਤੌਰ ’ਤੇ ਕੋਈ ਕਿੰਨਾ ਵੀ ਸੋਹਣਾ-ਸੁਨੱਖਾ ਤੇ ਸਜਿਆ-ਫਬਿਆ ਹੋਵੇ ਪਰ ਜੇ ਉਸ ਦੇ ਬੋਲਾਂ ਵਿਚ ਕੁੜੱਤਣ ਤੇ ਖਰਵਾਪਣ ਹੋਵੇਗਾ ਤਾਂ ਉਸ ਦੀ ਖ਼ੂਬਸੂਰਤੀ ਵੀ ਕਿਸੇ ਕੰਮ ਨਹੀਂ ਆਉਂਦੀ। ਸੋਹਣਾ ਉਹੀ ਹੁੰਦਾ ਹੈ, ਜੋ ਸੋਹਣਾ ਵਰਤਾਓ ਕਰਦਾ ਹੈ। ਜਿਹੜਾ ਪਤੀ ਹਰ ਸਮੇਂ ਖਿਝਿਆ ਦੁਖਿਆ ਘਰ ਪਰਤਦਾ ਹੈ, ਉਹ ਨਾ ਪਤਨੀ ਦਾ ਪਿਆਰ ਹਾਸਿਲ ਕਰ ਸਕਦਾ ਹੈ ਤੇ ਨਾ ਬੱਚਿਆਂ ਦਾ। ਇਸ ਉਕਾਊ ਮਾਹੌਲ ਕਾਰਨ ਘਰ ਦੇ ਜੀਆਂ ਦਾ ਆਪਸੀ ਮੋਹ, ਪਿਆਰ ਤੇ ਅਪਣੱਤ ਲੋਪ ਹੋ ਜਾਂਦੀ ਹੈ।
ਘਰ ਦੀ ਰੂਹ ਹੁੰਦੀ ਸੁਆਣੀ
ਘਰ ਦੀ ਸੁਆਣੀ ਸਹੀ ਅਰਥਾਂ ਵਿਚ ਘਰ ਦੀ ਰੂਹ ਹੁੰਦੀ ਹੈ। ਉਸ ਦਾ ਖਿੜਿਆ ਚਿਹਰਾ ਤੇ ਸ਼ਹਿਦ ਭਰੇ ਬੋਲ ਘਰ ਦੀ ਆਭਾ ਨੂੰ ਚਾਰ ਚੰਨ ਲਾ ਦਿੰਦੇ ਹਨ। ਗੁਰੂਆਂ, ਪੀਰਾਂ, ਫ਼ਕੀਰਾਂ ਤੇ ਉੱਚ ਧਾਰਮਿਕ ਹਸਤੀਆਂ ਨੇ ਮਨੁੱਖਤਾ ਨੂੰ ਆਪਸੀ ਪਿਆਰ ਮੁਹੱਬਤ ਤੇ ਮਿਲਵਰਤਣ ਦਾ ਸੰਦੇਸ਼ ਦਿੱਤਾ ਹੈ। ਕੋਈ ਵਿਅਕਤੀ ਕਿੰਨਾ ਵੀ ਧਾਰਮਿਕ ਹੋਵੇ ਪਰ ਜੇ ਉਹ ਮਨੁੱਖਤਾ ਨਾਲ ਪਿਆਰ ਨਹੀਂ ਕਰਦਾ, ਮੋਹ ਭਰੇ ਬੋਲਾਂ ਨਾਲ ਵਿਹਾਰ ਨਹੀਂ ਕਰਦਾ ਤਾਂ ਉਹ ਨਾਂ ਦਾ ਹੀ ਧਾਰਮਿਕ ਕਿਹਾ ਜਾ ਸਕਦਾ ਹੈ। ਗੁਰਬਾਣੀ ਵਿਚ ਮਿਠਾਸ ਨੂੰ ਵਿਅਕਤੀ ਦੇ ਗੁਣਾਂ ਤੇ ਚੰਗਿਆਈਆ ਦਾ ਤੱਤ ਕਿਹਾ ਗਿਆ ਹੈ। ਕਿਸੇ ਨਾਲ ਕੌੜੇ ਜਾਂ ਫਿੱਕੇ ਬੋਲ ਬੋਲਣ ਵਾਲੇ ਦਾ ਤਨ ਤੇ ਮਨ ਵੀ ਅਸ਼ਾਂਤ ਹੋ ਜਾਂਦਾ ਹੈ। ਬਾਬਾ ਫ਼ਰੀਦ ਦਾ ਕਥਨ ਹੈ, ‘ਕਿਸੇ ਨੂੰ ਕੌੜੇ ਬੋਲ ਨਾ ਬੋਲ ਸਭ ਵਿਚ ਉਸ ਸੱਚੇ ਪਰਮਾਤਮਾ ਦੀ ਜੋਤ ਹੈ।’
ਤਲਖ਼ੀ ਦਾ ਵਾਤਾਵਰਣ ਪੈਦਾ ਕਰਦੇ ਕੌੜੇ ਬੋਲ
ਜੇ ਗਾਹਕ ਨੂੰ ਦੁਕਾਨਦਾਰ ਦੇ ਵਿਹਾਰ ਵਿਚੋਂ ਫਿੱਕਾਪਨ ਨਜ਼ਰ ਆਵੇਗਾ ਤਾ ਉਹ ਕਿਸੇ ਵੀ ਵਸਤੂ ਨੂੰ ਖ਼ਰੀਦਣ ਵਲ ਰੁਚਿਤ ਨਹੀਂ ਹੋਵੇਗਾ। ਗਾਹਕਾਂ ਨਾਲ ਲੜਨ ਵਾਲਾ ਦੁਕਾਨਦਾਰ ਕੋਈ ਖੱਟੀ ਕਮਾਈ ਨਹੀਂ ਕਰ ਸਕਦਾ। ਜਿਹੜਾ ਅਧਿਆਪਕ ਹਰ ਸਮੇਂ ਆਪਣੇ ਵਿਦਿਆਰਥੀਆਂ ਨੂੰ ਕੌੜੇ-ਫਿੱਕੇ ਬੋਲਾਂ ਦੇ ਤੀਰਾਂ ਨਾਲ ਵਿੰਨ੍ਹਦਾ ਰਹਿੰਦਾ ਹੈ, ਉੋਹ ਉਨ੍ਹਾਂ ਦੇ ਮਨ ਦੀ ਤਹਿ ਤਕ ਨਹੀਂ ਪਹੁੰਚ ਸਕਦਾ। ਪਿਆਰ ਭਰੇ ਬੋਲਾਂ ਦਾ ਬੱਚਿਆਂ ਦੇ ਮਨ ਉੱਤੇ ਗਹਿਰਾ ਪ੍ਰਭਾਵ ਪੈਂਦਾ ਹੈ ਤੇ ਉਹ ਅਧਿਆਪਕ ਦੁਆਰਾ ਸਮਝਾਈ ਗੱਲ ਨੂੰ ਸਮਝਣ ਵੱਲ ਰੁਚਿਤ ਹੋ ਜਾਂਦੇ ਹਨ। ਸਖ਼ਤ ਰਵੱਈਆ ਤੇ ਕੌੜੇ ਬੋਲ ਮਾਹੌਲ ਵਿਚ ਕੁੜੱਤਣ ਤੇ ਤਲਖ਼ੀ ਦਾ ਵਾਤਾਵਰਣ ਪੈਦਾ ਕਰਦੇ ਹਨ, ਜਦੋਂਕਿ ਮਿੱਠੇ ਬੋਲਾਂ ਨਾਲ ਖ਼ੁਸ਼ਗਵਾਰ ਮਾਹੌਲ ਬਣਿਆ ਰਹਿੰਦਾ ਹੈ।
ਸੁਣਨ ਦੀ ਪ੍ਰਵਿਰਤੀ ਹੁੰਦੀ ਜਾ ਰਹੀ ਲੋਪ
ਇਹ ਵੀ ਬਹੁਤ ਅਜੀਬ ਗੱਲ ਹੈ ਕਿ ਹਰ ਕੋਈ ਸ਼ਹਿਦ ਵਰਗੇ ਮਿੱਠੇ ਬੋਲ ਸੁਣਨ ਲਈ ਤਾਂਘਦਾ ਹੈ ਪਰ ਆਪ ਦੂਜਿਆਂ ਨਾਲ ਕੌੜੇ ਤੇ ਤਲਖ਼ੀ ਭਰੇ ਬੋਲਾਂ ਨਾਲ ਮੁਖਾਤਿਬ ਹੁੰਦਾ ਹੈ। ਸਿਆਣੇ ਕਹਿੰਦੇ ਹਨ ਕਿ ਤਲਵਾਰ ਦਾ ਫੱਟ ਤਾਂ ਸਮਾਂ ਪਾ ਕੇ ਮਿਟ ਜਾਂਦਾ ਹੈ ਪਰ ਬੋਲਾਂ ਦਾ ਜ਼ਖਮ ਕਦੇ ਨਹੀਂ ਮਿਟਦਾ। ਤੋਲ ਕੇ ਬੋਲਣ ਵਾਲੇ ਵਿਅਕਤੀ ਤਾਂ ਵਿਰਲੇ ਹੀ ਹੁੰਦੇ ਹਨ ਪਰ ਬੋਲਣ ਤੋਂ ਬਾਅਦ ਸੋਚਣ ਵਾਲਿਆਂ ਦੀ ਗਿਣਤੀ ਬੇਸ਼ੁਮਾਰ ਹੈ। ਮਿੱਠੇ ਬੋਲਾਂ ਨਾਲ ਵਿਹਾਰ ਕਰਨ ਵਾਲੇ ਵਿਅਕਤੀ ਦੀ ਅਪਣੱਤ ਦਾ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਪਰ ਜੇ ਕਿਸੇ ਸਵਾਰਥ ਦੀ ਸਿੱਧੀ ਲਈ ਬੋਲਾਂ ਵਿਚ ਖ਼ੁਸ਼ਾਮਦੀ ਲਹਿਜ਼ਾ ਹੋਵੇ ਤਾਂ ਬੰਦਾ ਆਪਣੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਹੀ ਪਛਾਣਿਆ ਜਾਂਦਾ ਹੈ। ਅਜੋਕੇ ਸਮਿਆਂ ਵਿਚ ਤਲਖ਼ੀ ਤੇ ਅਸਹਿਣਸ਼ੀਲਤਾ ਬਹੁਤ ਵੱਧ ਗਈ ਹੈ। ਗੁਰੂਆਂ ਪੀਰਾਂ, ਦੇਵੀ-ਦੇਵਤਿਆਂ ਦੀ ਇਸ ਭੂਮੀ ’ਤੇ ਅਸਹਿਣਸ਼ੀਲਤਾ ਇਸ ਕਦਰ ਭਾਰੂ ਹੋ ਗਈ ਹੈ ਕਿ ਦੂਜੇ ਦੇ ਵਿਚਾਰਾਂ ਨੂੰ ਸਹਿਜਤਾ ਨਾਲ ਸੁਣਨ ਦੀ ਪ੍ਰਵਿਰਤੀ ਅਲੋਪ ਹੁੰਦੀ ਜਾ ਰਹੀ ਹੈ। ਜਿਹੜੇ ਬੋਲਾਂ ਨੇ ਮਨੁੱਖੀ ਹਿਰਦਿਆਂ ਨੂੰ ਸ਼ਾਂਤ ਕਰ ਕੇ ਠੰਢਕ ਪਹੁੰਚਾਉਣੀ ਹੁੰਦੀ ਹੈ, ਉਨ੍ਹਾਂ ਦੀ ਥਾਂ ਬੋਲਾਂ ਦੇ ਤਿੱਖੇ ਨਸ਼ਤਰ ਹਿਰਦਿਆਂ ਨੂੰ ਵਲੂੰਧਰ ਸੁੱਟਦੇ ਹਨ। ਬਹੁਤੀਆਂ ਦੁਖਦਾਈ ਘਟਨਾਵਾਂ ਕੌੜੇ ਬੋਲਾਂ ਦੇ ਸਿੱਟੇ ਵਜੋਂ ਹੀ ਵਾਪਰਦੀਆਂ ਹਨ।
ਮਿੱਠੇ ਬੋਲਾਂ ਨਾਲ ਵਿਹਾਰ ਕਰਨਾ
ਥੱਕਿਆ-ਹਾਰਿਆ ਬੰਦਾ ਜਦੋਂ ਘਰ ਪਰਤਦਾ ਹੈ ਤਾਂ ਜੇ ਘਰ ਦੀ ਸੁਆਣੀ ਮੋਹ ਭਰੇ ਮਿੱਠੇ ਬੋਲਾਂ ਨਾਲ ਪਾਣੀ ਪਿਲਾਵੇ ਤਾਂ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਇਹ ਗੱਲ ਪਤੀ-ਪਤਨੀ ਦੋਵਾਂ ਲਈ ਜ਼ਰੂਰੀ ਹੈ। ਹਰ ਸਮੇਂ ਅੱਗ ਦੀ ਨਾਲ ਬਣੀ ਰਹਿਣ ਵਾਲੀ ਸੁਆਣੀ ਪਤੀ ਦੇ ਦਿਲ ਵਿਚ ਨਹੀਂ ਵਸ ਸਕਦੀ। ਸੱਸ-ਨੂੰਹ ਦੀ ਲੜਾਈ ਦਾ ਆਧਾਰ ਵੀ ਬਹੁਤੀ ਵਾਰ ਪਿਆਰ ਤੇ ਅਪਣਤ ਤੋਂ ਸੱਖਣੇ ਬੋਲਾਂ ਕਾਰਨ ਹੀ ਹੂੰਦਾ ਹੈ। ਜਿਹੜੇ ਪਰਿਵਾਰਾਂ ਵਿਚ ਪਤੀ-ਪਤਨੀ ਇਕ-ਦੂਜੇ ਪ੍ਰਤੀ ਮਿਠਾਸ ਭਰੇ ਬੋਲਾਂ ਦਾ ਉਪਯੋਗ ਕਰਦੇ ਹਨ, ਉੱਥੇ ਸਵਰਗ ਦਾ ਵਾਸ ਹੁੰਦਾ ਹੈ। ਇਸ ਤਰ੍ਹਾਂ ਬੱਚੇ ਵੀ ਸੱਭਿਅਕ ਭਾਸ਼ਾ ਤੇ ਸਲੀਕਾ ਸਿੱਖ ਜਾਂਦੇ ਹਨ। ਨਿਮਰਤਾ, ਸਹਿਣਸ਼ੀਲਤਾ ਤੇ ਹਉਮੈ ਤੋਂ ਮੁਕਤ ਮਿੱਠੇ ਬੋਲਾਂ ਨਾਲ ਵਿਹਾਰ ਕਰਨਾ ਜ਼ਿੰਦਗੀ ਦਾ ਵੱਡਮੁੱਲਾ ਹਾਸਿਲ ਹੈ। ਅਜਿਹੇ ਗੁਣ ਵਿਰਲਿਆਂ ਦੇ ਹੀ ਹਿੱਸੇ ਆਉਂਦੇ ਹਨ ਪਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਮਿੱਠੇ ਬੋਲਾਂ ਵਿਚ ਪੱਥਰ ਨੂੰ ਵੀ ਮੋਮ ਕਰਨ ਦੀ ਸ਼ਕਤੀ ਹੁੰਦੀ ਹੈ। ਇਕ ਪਾਸੇ ਜੇ ਬੋਲਾਂ ਦੇ ਤਿੱਖੇ ਤੀਰਾਂ ਨਾਲ ਕਿਸੇ ਦੇ ਹਿਰਦੇ ਨੂੰ ਵਲੂੰਧਰਨਾ ਤਲਵਾਰ ਦੇ ਫੱਟ ਤੋਂ ਵੀ ਗਹਿਰਾ ਹੁੰਦਾ ਹੈ, ਤਾਂ ਦੂਜੇ ਪਾਸੇ ਸ਼ਹਿਦ ਭਰੇ ਸ਼ਬਦਾਂ ਨਾਲ ਕਿਸੇ ਦੇ ਮਨ ਨੂੰ ਜਿੱਤਿਆ ਵੀ ਜਾ ਸਕਦਾ ਹੈ।
- ਗੁਰਬਿੰਦਰ ਸਿੰਘ ਮਾਣਕ