ਦੋਸਤੋ ਕਹਾਵਤ ਹੈ ਕਿ ਵਸਦਿਆਂ ਦੇ ਸੌ ਤੇ ਉੱਜੜਿਆਂ ਦਾ ਕੋਈ ਨਹੀਂ ਬਣਦਾ। ਕਹਿਣ ਦਾ ਭਾਵ ਹੈ ਕਿ ਮੰਨ ਲਉ ਕਿ ਤੁਹਾਡੇ ਕੋਲ ਸਕੂਟਰ ਹੈ ਉਹ ਅਚਾਨਕ ਖ਼ਰਾਬ ਹੋ ਜਾਵੇ ਤੇ ਤੁਹਾਨੂੰ ਜ਼ਰੂਰਤ ਪੈ ਜਾਵੇ। ਤੁਸੀਂ ਆਪਣੇ ਗੁਆਂਢੀ ਕੋਲ ਜਾ ਕੇ ਉਸ ਦਾ ਮੋਟਰਸਾਈਕਲ ਮੰਗੋਗੇ ਤਾਂ ਉਹ ਤੁਹਾਨੂੰ ਹੱਸਦਿਆਂ ਦੇ ਦੇਵੇਗਾ ਪਰ ਜੇ ਤੁਹਾਡੇ ਕੋਲ ਸਾਇਕਲ ਹੈ। ਜੇ ਉਹ ਖ਼ਰਾਬ ਹੋ ਜਾਵੇ ਤਾਂ ਤੁਸੀਂ ਗੁਆਂਢੀ ਤੋਂ ਮੋਟਰਸਾਈਕਲ ਮੰਗੋਗੇ ਤਾਂ ਲਗਪਗ ਤੈਅ ਹੈ ਕਿ ਗੁਆਂਢੀ ਮਨ੍ਹਾ ਕਰ ਦੇਵੇਗਾ।

ਦੋਸਤੋ ਕਹਾਵਤ ਹੈ ਕਿ ਵਸਦਿਆਂ ਦੇ ਸੌ ਤੇ ਉੱਜੜਿਆਂ ਦਾ ਕੋਈ ਨਹੀਂ ਬਣਦਾ। ਕਹਿਣ ਦਾ ਭਾਵ ਹੈ ਕਿ ਮੰਨ ਲਉ ਕਿ ਤੁਹਾਡੇ ਕੋਲ ਸਕੂਟਰ ਹੈ ਉਹ ਅਚਾਨਕ ਖ਼ਰਾਬ ਹੋ ਜਾਵੇ ਤੇ ਤੁਹਾਨੂੰ ਜ਼ਰੂਰਤ ਪੈ ਜਾਵੇ। ਤੁਸੀਂ ਆਪਣੇ ਗੁਆਂਢੀ ਕੋਲ ਜਾ ਕੇ ਉਸ ਦਾ ਮੋਟਰਸਾਈਕਲ ਮੰਗੋਗੇ ਤਾਂ ਉਹ ਤੁਹਾਨੂੰ ਹੱਸਦਿਆਂ ਦੇ ਦੇਵੇਗਾ ਪਰ ਜੇ ਤੁਹਾਡੇ ਕੋਲ ਸਾਇਕਲ ਹੈ। ਜੇ ਉਹ ਖ਼ਰਾਬ ਹੋ ਜਾਵੇ ਤਾਂ ਤੁਸੀਂ ਗੁਆਂਢੀ ਤੋਂ ਮੋਟਰਸਾਈਕਲ ਮੰਗੋਗੇ ਤਾਂ ਲਗਪਗ ਤੈਅ ਹੈ ਕਿ ਗੁਆਂਢੀ ਮਨ੍ਹਾ ਕਰ ਦੇਵੇਗਾ। ਤੁਹਾਡੀ ਜੇਬ ’ਚ ਕੁਝ ਦਮੜੀਆਂ ਰਹਿੰਦੀਆਂ ਹਨ। ਤੁਹਾਡੇ ਗੁਆਂਢੀਆਂ ਤੇ ਵਾਕਿਫ਼ਕਾਰਾਂ ਨੂੰ ਇਸ ਬਾਰੇ ਪਤਾ ਹੈ। ਤੁਹਾਨੂੰ ਕਦੇ ਐਮਰਜੈਂਸੀ ਵਿਚ ਕੁਝ ਦਮੜੀਆਂ ਦੀ ਲੋੜ ਪੈ ਗਈ ਤਾਂ ਉਹ ਤੁਹਾਨੂੰ ਉਧਾਰ ਦੇਣ ’ਚ ਕੋਈ ਜ਼ਿਆਦਾ ਆਨਾਕਾਨੀ ਨਹੀਂ ਕਰੇਗਾ ਪਰ ਜੇ ਤੁਹਾਡੀ ਗ਼ਰੀਬੀ ਪਹਿਲਾਂ ਹੀ ਜੱਗ-ਜ਼ਾਹਿਰ ਹੈ ਤਾਂ ਕੋਈ ਵੀ ਤੁਹਾਨੂੰ ਪੈਸੇ ਉਧਾਰ ਦੇਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੇਗਾ। ਸਿਆਣਿਆਂ ਇਹ ਵੀ ਕਿਹਾ ਹੈ ਕਿ ਆਪਣੀ ਛੱਤ ਹੇਠਾਂ ਬੈਠੇ ਤੇ ਅਸਮਾਨ ਹੇਠਾਂ ਬੈਠੇ ਬੰਦੇ ਪ੍ਰਤੀ ਲੋਕਾਂ ਦਾ ਨਜ਼ਰੀਆ ਤੇ ਰਵੱਈਆ ਵੱਖ-ਵੱਖ ਹੁੰਦਾ ਹੈ।
ਹੋਰ ਵੀ ਬਹੁਤ ਉਦਾਹਰਨਾਂ ਹਨ, ਜੋ ਉਪਰੋਕਤ ਕਹਾਵਤ ਨੂੰ ਸਾਬਿਤ ਕਰਦੀਆਂ ਹਨ। ਸੋ ਕਹਿਣ ਦਾ ਭਾਵ ਇਹ ਹੈ ਕਿ ਜੋ ਤੁਹਾਡੇ ਕੋਲ ਪਰਿਆਪਤ ਹੈ, ਉਸ ’ਚ ਹੀ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰੋ ਯਾਨੀ ਜਿਹੜਾ ਸ਼ਿਕਾਰ ਤੁਹਾਡੇ ਹੱਥ ਵਿਚ ਹੈ, ਉਸ ਨੂੰ ਹੀ ਆਪਣਾ ਸਮਝੋ ਕਿਉਂਕਿ ਉੱਡਦੇ ਸ਼ਿਕਾਰ ਪਿੱਛੇ ਭੱਜਣ ਨਾਲ ਫ਼ਾਇਦਾ ਕੋਈ ਨਹੀਂ ਹੁੰਦਾ ਸਗੋਂ ਦੌੜਦੇ ਹੋਏ ਡਿੱਗਣ ਤੇ ਸੱਟ-ਫੇਟ ਲੱਗਣ ਦੇ ਮੌਕੇ ਜ਼ਿਆਦਾ ਵੱਧ ਜਾਂਦੇ ਹਨ। ਇਸ ਵਰਤਾਰੇ ਨਾਲ ਸਬੰਧਿਤ ਬਚਪਨ ’ਚ ਮੇਰੇ ਮਰਹੂਮ ਤਾਇਆ ਜੀ ਇਕ ਬਾਤ ਸੁਣਾਉਂਦੇ ਹੁੰਦੇ ਸੀ। ਪੁਰਾਣੇ ਸਮਿਆਂ ਦੀ ਗੱਲ ਹੈ। ਪਿੰਡ ਦੇ ਇਕ ਘਰ ’ਚ ਪਤੀ-ਪਤਨੀ ਤੇ ਉਨ੍ਹਾਂ ਦੇ ਦੋ ਬੱਚੇ ਸਨ। ਪਤੀ ਤਰਖਾਣਾ ਕੰਮ ਕਰਦਾ ਸੀ। ਪਤਨੀ ਘਰ ਨੂੰ ਸੰਭਾਲਦੀ ਸੀ। ਉਨ੍ਹਾਂ ਦੀ ਘਰ-ਗ੍ਰਹਿਸਤੀ ਠੀਕ ਚੱਲ ਰਹੀ ਸੀ। ਕਈ ਵਾਰ ਕਾਰੋਬਾਰ ਚੰਗਾ ਚੱਲ ਜਾਂਦਾ ਤੇ ਕਈ ਵਾਰ ਕੋਈ ਖ਼ਾਸ ਨਹੀਂ। ਫਿਰ ਐਸਾ ਸਮਾਂ ਵੀ ਆਇਆ ਕਿ ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਘਰ ਦੇ ਮਾਲੀ ਹਾਲਾਤ ਵਿਗੜਦੇ ਜਾ ਰਹੇ ਸਨ। ਵਿਆਹ ਨੂੰ ਛੇ-ਸੱਤ ਸਾਲ ਹੋ ਚੁੱਕੇ ਸਨ। ਇਸ ਤੰਗੀ ਤੁਰਸ਼ੀ ਦੇ ਚੱਲਦਿਆਂ ਪਤਨੀ ਨੇ ਪਤੀ ਨਾਲ ਨਿੱਤ ਝਗੜੇ ਕਰਨਾ ਸ਼ੁਰੂ ਕਰ ਦਿੱਤੇ। ‘ਮੈਂ ਸੋਹਣੀ ਸੁਨੱਖੀ ਸੀ, ਮੇਰਾ ਵਿਆਹ ਤਾਂ ਸਰਕਾਰੀ ਨੌਕਰੀ ਵਾਲੇ ਮੁੰਡੇ ਨਾਲ ਹੋਣਾ ਸੀ, ਮੇਰੀ ਤਾਂ ਕਿਸਮਤ ਹੀ ਮਾੜੀ ਸੀ ਕਿ ਉਸ ਮੁੰਡੇ ਦਾ ਸਾਕ ਤਦ ਆਇਆ, ਜਦੋਂ ਮੇਰਾ ਤੇਰੇ ਵਰਗੇ ਨਾਲ ਵਿਆਹ ਧਰਿਆ ਜਾ ਚੁੱਕਾ ਸੀ, ਨਹੀਂ ਤਾਂ ਮੈਂ ਮੌਜਾਂ ਕਰਨੀਆਂ ਸੀ।’ ਪਤਨੀ ਨੇ ਪਤੀ ਨੂੰ ਰੋਜ਼ਾਨਾ ਇਸ ਤਰ੍ਹਾਂ ਦੇ ਤਾਅਨੇ ਮਾਰਨਾ ਸ਼ੁਰੂ ਕਰ ਦਿੱਤੇ। ‘ਭਲੀਏ ਲੋਕੇ ਕੋਸ਼ਿਸ਼ ਤਾਂ ਕਰ ਰਿਹਾਂ, ਥੋੜ੍ਹਾ ਹੌਸਲਾ ਰੱਖ, ਹਾਲਾਤ ਇੱਕੋ ਜਿਹੇ ਨਹੀਂ ਰਹਿੰਦੇ, ਆਪੇ ਸੁਧਰ ਜਾਣਗੇ।’ ਬੇਚਾਰਾ ਪਤੀ ਬਸ ਇੰਨਾ ਹੀ ਬੋਲਦਾ ਪਰ ਜ਼ਿਆਦਾਤਰ ਮੌਕਿਆਂ ਉੱਪਰ ਚੁੱਪ ਹੀ ਰਹਿੰਦਾ।
ਪਤਨੀ ਨੇ ਝਗੜੇ ਕਰਨੇ ਜਾਰੀ ਰੱਖੇ। ਅਖ਼ੀਰ ਗੱਲ ਤਲਾਕ ਤਕ ਪਹੁੰਚ ਗਈ। ਪਤੀ ਤਾਂ ਨਹੀਂ ਚਾਹੁੰਦਾ ਸੀ ਕਿ ਤਲਾਕ ਹੋਵੇ ਪਰ ਪਤਨੀ ਅੜ ਗਈ। ਉਸ ਨੇ ਇਹ ਵੀ ਪਤਾ ਲਗਾ ਲਿਆ ਸੀ ਕਿ ਉਹ ਸਰਕਾਰੀ ਨੌਕਰੀ ਵਾਲੇ ਮੁੰਡੇ ਦਾ ਅਜੇ ਵੀ ਵਿਆਹ ਨਹੀਂ ਹੋਇਆ ਸੀ। ਉਸ ਨੇ ਸੋਚਿਆ ਕਿ ਤਲਾਕ ਲੈ ਕੇ ਮੈਂ ਉਸ ਮੁੰਡੇ ਨਾਲ ਵਿਆਹ ਕਰਵਾ ਲਵਾਂਗੀ। ਉਸ ਨੇ ਤਲਾਕ ਦੀ ਜ਼ਿੱਦ ਫੜ ਲਈ। ‘ਤਲਾਕ ਮੈਂ ਤੈਨੂੰ ਦੇ ਦੇਵਾਂਗਾ ਪਰ ਮੇਰੀ ਇਕ ਸ਼ਰਤ ਹੈ’? ਹਾਰ ਕੇ ਇਕ ਦਿਨ ਪਤੀ ਨੇ ਪਤਨੀ ਨੂੰ ਕਿਹਾ। ‘ਕੀ ਸ਼ਰਤ ਹੈ’? ‘ਤੂੰ ਇਕ ਸਾਲ ਆਪਣੇ ਮਾਪਿਆਂ ਘਰ ਜਾ ਕੇ ਰਹਿ ਪਰ ਤੈਨੂੰ ਘਰ ਵਾਲਿਆਂ, ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਆਦਿ ਨੂੰ ਦੱਸਣਾ ਹੋਵੇਗਾ ਕਿ ਤੇਰਾ ਮੇਰੇ ਨਾਲ ਤਲਾਕ ਹੋ ਗਿਆ ਹੈ। ਸਾਲ ਬਾਅਦ ਆ ਜਾਵੀਂ, ਮੈਂ ਬਿਨਾਂ ਸੁਆਲ ਕੀਤਿਆਂ ਤੈਨੂੰ ਤਲਾਕ ਦੇ ਦਿਆਂਗਾ। ਫਿਰ ਤੂੰ ਜੋ ਕਰਨਾ ਹੋਵੇਗਾ ਕਰ ਲਵੀਂ, ਜਿਸ ਨਾਲ ਵਿਆਹ ਕਰਵਾਉਣਾ ਕਰਵਾ ਲਵੀਂ’, ਪਤੀ ਬੋਲਿਆ। ਪਤਨੀ ਨੂੰ ਪਤੀ ਦੀ ਸ਼ਰਤ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਲੱਗੀ। ਉਸ ਨੇ ਸੋਚਿਆ ਕਿ ਤਲਾਕ ਵਾਸਤੇ ਕਚਹਿਰੀਆਂ ਦੇ ਲੰਮੇ ਚੱਕਰਾਂ ਨਾਲੋਂ ਤਾਂ ਇਹ ਸ਼ਰਤ ਬਹੁਤ ਆਸਾਨ ਹੈ। ਸਾਲ ਦੇ ਦਿਨ ਵੀ ਐਵੇਂ ਹੀ ਬੀਤ ਜਾਣੇ ਨੇ। ਸ਼ਰਤ ਮੁਤਾਬਿਕ ਉਹ ਆਪਣੇ ਮਾਪੇ ਚਲੇ ਗਈ।
ਉੱਥੇ ਘਰ ਪਹੁੰਚ ਕੇ ਆਪਣੇ ਮਾਤਾ-ਪਿਤਾ ਨੂੰ ਜਿਵੇਂ ਹੀ ਉਸ ਨੇ ਦੱਸਿਆ ਕਿ ਉਹ ਤਾਂ ਤਲਾਕ ਲੈ ਕੇ ਆ ਗਈ ਹੈ ਤਾਂ ਇਹ ਸੁਣਦਿਆਂ ਸਾਰ ਹੀ ਵਿਚਾਰੇ ਦੋਨੋਂ ਇਸੇ ਗ਼ਮ ’ਚ ਬਿਮਾਰ ਹੋ ਗਏ। ਪਿਉ ਦਾ ਬੀਪੀ ਵੱਧ ਗਿਆ ਤੇ ਮਾਂ ਦਾ ਘਟ ਗਿਆ। ਭਰਾਵਾਂ ਨੇ ਕਿਹਾ ਕਿ ਸਾਡੇ ਤਾਂ ਆਪਣੇ ਮਾਲੀ ਹਾਲਾਤ ਮਾੜੇ ਹੋਏ ਪਏ ਨੇ ਤੇ ਤੂੰ ਤਲਾਕ ਲੈ ਕੇ ਬੱਚਿਆਂ ਸਮੇਤ ਘਰ ਆ ਗਈ ਐਂ। ਹੁਣ ਅਸੀਂ ਆਪਣਾ ਟੱਬਰ ਪਾਲਾਂਗੇ ਕਿ ਤੇਰਾ? ਨਿੱਕੀਆਂ-ਵੱਡੀਆਂ ਭਰਜਾਈਆਂ ਨੇ ਨੱਕ ਮੂੰਹ ਚੜ੍ਹਾਉਣੇ ਸ਼ੁਰੂ ਕਰ ਦਿੱਤੇ। ਉਸ ਦੀਆਂ ਸਹੇਲੀਆਂ ਜੋ ਪਹਿਲਾਂ ਉਸ ਨਾਲ ਖਿੜੇ ਮੱਥੇ ਮਿਲਦੀਆਂ ਹੁੰਦੀਆਂ ਸੀ, ਉਨ੍ਹਾਂ ਵੀ ਕੰਨੀਂ ਕਤਰਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਹੋਰਾਂ ਨੂੰ ਵੀ ਸਮਝਾਉਣਾ ਸ਼ੁਰੂ ਕਰ ਦਿੱਤਾ ਕਿ ਉਸ ਨੇੜੇ ਨਾ ਜਾਇਆ ਕਰੋ। ਉਸ ਨੇ ਜਿਵੇਂ ਆਪਣਾ ਤੇ ਮਾਪਿਆਂ ਦਾ ਘਰ ਬਰਬਾਦ ਕੀਤਾ ਹੈ, ਇਸ ਨੇ ਉਸੇ ਤਰ੍ਹਾਂ ਤੁਹਾਡਾ ਵੀ ਕਰ ਦੇਣਾ ਹੈ। ਗਲੀ-ਮੁਹੱਲੇ ਵਾਲੇ ਵੀ ਉਸ ਤੋਂ ਦੂਰੀਆਂ ਬਣਾਉਣ ਲੱਗ ਪਏ। ਮਹੀਨੇ ਕੁ ਬਾਅਦ ਉਸ ਨੂੰ ਤੇ ਉਸ ਦੇ ਬੱਚਿਆਂ ਨੂੰ ਰੋਟੀ ਵੀ ਵਕਤ ਸਿਰ ਮਿਲਣੀ ਬੰਦ ਹੋ ਗਈ। ਪੈਸੇ-ਧੇਲੇ ਦੀ ਮਦਦ ਵੀ ਰੁਕ ਗਈ। ਉਸ ਨੇ ਸੋਚਿਆ ਕਿ ਪਹਿਲਾਂ ਜਦੋਂ ਉਹ ਸਹੁਰੇ ਘਰੋਂ ਮਾਪੇ ਆਉਂਦੀ ਹੁੰਦੀ ਸੀ ਤਾਂ ਘਰ ਤੇ ਬਾਹਰ ਦੇ ਸਾਰੇ ਲੋਕ ਉਸ ਨਾਲ ਕਿਵੇਂ ਗਲਵੱਕੜੀਆਂ ਪਾ ਕੇ ਖਿੜੇ ਮੱਥੇ ਮਿਲਦੇ ਹੁੰਦੇ ਸਨ ਤੇ ਹੁਣ ਸਾਰਿਆਂ ਦਾ ਉਸ ਨਾਲ ਵਿਹਾਰ ਤੇ ਰਵੱਈਆ ਬਦਲ ਗਿਆ ਹੈ। ਜਿਸ ਸਰਕਾਰੀ ਨੌਕਰੀ ਵਾਲੇ ਮੁੰਡੇ ਨਾਲ ਉਸ ਨੇ ਵਿਆਹ ਕਰਨ ਬਾਰੇ ਸੋਚਿਆ ਸੀ ਤਾਂ ਜਦੋਂ ਉਸ ਮੁੰਡੇ ਨੂੰ ਪਤਾ ਲੱਗਿਆ ਕਿ ਉਹ ਤਲਾਕ ਲੈ ਕੇ ਆ ਗਈ ਹੈ ਤਾਂ ਉਸ ਨੇ ਵੀ ਝੱਟ ਹੀ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਦੀ ਹਾਮੀ ਭਰ ਦਿੱਤੀ। ਅਖੇ ਜਿਹੜੀ ਪਹਿਲੇ ਵਾਲੇ ਦੇ ਘਰ ਨਹੀਂ ਵਸੀ, ਉਹ ਮੇਰੇ ਕਿੱਥੇ ਵਸੇਗੀ?
ਪਤਨੀ ਨੂੰ ਸਾਰੀ ਹਕੀਕਤ ਸਮਝ ਆ ਗਈ ਕਿ ਜਿਹੜੇ ਸੁਪਨੇ ਉਸ ਨੇ ਤਲਾਕ ਤੋਂ ਬਾਅਦ ਸੋਚੇ ਸਨ, ਉਹ ਤਾਂ ਸਾਰੇ ਟੁੱਟਦੇ ਜਾ ਰਹੇ ਹਨ। ਉਸ ਨੇ ਮਹੀਨੇ ਬਾਅਦ ਹੀ ਇਕ ਦਿਨ ਸਵੇਰੇ ਆਪਣੇ ਘਰਦਿਆਂ ਨੂੰ ਬਿਨਾਂ ਦੱਸੇ ਰੇਲਗੱਡੀ ਫੜੀ ਤੇ ਬੱਚਿਆਂ ਸਮੇਤ ਆਪਣੇ ਪਤੀ ਕੋਲ ਵਾਪਸ ਆ ਗਈ। ਉਸ ਨੇ ਆਪਣੀ ਗ਼ਲਤੀ ਮੰਨ ਲਈ ਤੇ ਪਤੀ ਨੇ ਵੀ ਖਿੜੇ ਮੱਥੇ ਉਸ ਨੂੰ ਕਬੂਲ ਕਰ ਲਿਆ। ਫਿਰ ਪਤਨੀ ਨੇ ਵੀ ਕੁਝ ਨਿੱਕੇ-ਮੋਟੇ ਕੰਮਕਾਜ ਜਿਵੇਂ ਕੱਪੜੇ ਸਿਉਣਾ ਆਦਿ ਕਰ ਕੇ ਕੁਝ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਘਰ ਦੇ ਮਾਲੀ ਤੇ ਪਰਿਵਾਰਕ ਹਾਲਾਤ ਸੁਖਾਵੇਂ ਹੋ ਗਏ ਤੇ ਫਿਰ ਉਹ ਤਾਮਾਮ ਵਧੀਆ ਜੀਵਨ ਜਿਊਣ ਲੱਗ ਪਏ।
- ਗੋਵਰਧਨ ਗੱਬੀ