ਭਾਰਤੀ ਮੀਡੀਆ ਦਾ 100 ਸਾਲ ਦਾ ਸਫ਼ਰ ਬੜਾ ਦਿਲਚਸਪ, ਮਹੱਤਵਪੂਰਨ ਅਤੇ ਮਾਣਮੱਤਾ ਹੈ। ਸੌ ਸਾਲਾਂ ਦੌਰਾਨ ਇਸ ਨੇ ਅਨੇਕਾਂ ਉਤਰਾਅ-ਚੜ੍ਹਾਅ ਵੇਖੇ ਜਿਨ੍ਹਾਂ ਵਿਚ ਅਖ਼ਬਾਰਾਂ ਤੋਂ ਆਰੰਭ ਹੋ ਕੇ ਡਿਜੀਟਲ ਯੁੱਗ ਤੱਕ ਦੀਆਂ ਤਬਦੀਲੀਆਂ ਅਤੇ ਸ਼ੁਰੂਆਤ ਤੋਂ ਲੈ ਕੇ ਵਿਸ਼ਾਲ ਲੋਕਤੰਤਰ ਦੇ ਚੌਥੇ ਥੰਮ੍ਹ ਤੱਕ ਦੀ ਕਹਾਣੀ ਸ਼ਾਮਿਲ ਹੈ। ਭਾਰਤ ਵਿਚ ਪੱਤਰਕਾਰੀ ਦਾ ਆਰੰਭ 1780 ਵਿਚ ‘ਦਾ ਬੰਗਾਲ ਗ਼ਜ਼ਟ’ ਨਾਲ ਹੋਇਆ

ਭਾਰਤੀ ਮੀਡੀਆ ਦਾ 100 ਸਾਲ ਦਾ ਸਫ਼ਰ ਬੜਾ ਦਿਲਚਸਪ, ਮਹੱਤਵਪੂਰਨ ਅਤੇ ਮਾਣਮੱਤਾ ਹੈ। ਸੌ ਸਾਲਾਂ ਦੌਰਾਨ ਇਸ ਨੇ ਅਨੇਕਾਂ ਉਤਰਾਅ-ਚੜ੍ਹਾਅ ਵੇਖੇ ਜਿਨ੍ਹਾਂ ਵਿਚ ਅਖ਼ਬਾਰਾਂ ਤੋਂ ਆਰੰਭ ਹੋ ਕੇ ਡਿਜੀਟਲ ਯੁੱਗ ਤੱਕ ਦੀਆਂ ਤਬਦੀਲੀਆਂ ਅਤੇ ਸ਼ੁਰੂਆਤ ਤੋਂ ਲੈ ਕੇ ਵਿਸ਼ਾਲ ਲੋਕਤੰਤਰ ਦੇ ਚੌਥੇ ਥੰਮ੍ਹ ਤੱਕ ਦੀ ਕਹਾਣੀ ਸ਼ਾਮਿਲ ਹੈ। ਭਾਰਤ ਵਿਚ ਪੱਤਰਕਾਰੀ ਦਾ ਆਰੰਭ 1780 ਵਿਚ ‘ਦਾ ਬੰਗਾਲ ਗ਼ਜ਼ਟ’ ਨਾਲ ਹੋਇਆ। ਹਿੰਦੀ ਪੱਤਰਕਾਰੀ ਦੀ ਸ਼ੁਰੂਆਤ 1826 ਵਿਚ ‘ਉਦੰਤ ਮਾਰਤੰਡ’ ਨਾਲ ਹੋਈ। ਪੰਜਾਬੀ ਪੱਤਰਕਾਰੀ ਦਾ ਇਤਿਹਾਸਕ ਪਿਛੋਕੜ 1854 (ਦਾ ਪੰਜਾਬੀ) ਅਤੇ 1899 (ਖ਼ਾਲਸਾ ਸਮਾਚਾਰ) ਨਾਲ ਜਾ ਜੁੜਦਾ ਹੈ।
ਪਰੰਤੂ ਅਾਜ਼ਾਦੀ ਦੀ ਲੜਾਈ ਦੌਰਾਨ ਅਤੇ ਜ਼ਿਲ੍ਹਿਆ ਵਾਲੇ ਬਾਗ਼ ਦੀ ਘਟਨਾ ਉਪਰੰਤ ਨਿਭਾਈ ਭੂਮਿਕਾ ਨੇ ਭਾਰਤੀ ਮੀਡੀਆ ਨੂੰ ਰਾਸ਼ਟਰਵਾਦੀ ਭਾਵਨਾ ਅਤੇ ਰਾਸ਼ਟਰੀ ਚੇਤਨਾ ਨਾਲ ਓਤਪੋਤ ਕਰ ਦਿੱਤਾ। ਅੰਗਰੇਜ਼ਾਂ ਦੁਆਰਾ ਕੀਤੀ ਗਈ ਸਖ਼ਤੀ ਅਤੇ ਮੈਂਬਰਸ਼ਿਪ ਦੇ ਬਾਵਜੂਦ ਬਹੁਤ ਸਾਰੇ ਸੰਪਾਦਕਾਂ ਅਤੇ ਅਖ਼ਬਾਰਾਂ ਨੇ ਸੱਚ ਲਿਖਣਾ ਅਤੇ ਸੱਚਾਈ ਦੇ ਰਾਹ ’ਤੇ ਚੱਲਣਾ ਜਾਰੀ ਰੱਖਿਆ ਤਾਂ ਇਸ ਨਾਲ ਜਿੱਥੇ ਅਾਜ਼ਾਦੀ ਲਈ ਸੰਘਰਸ਼ ਨੂੰ ਮਜ਼ਬੂਤ ਮਿਲੀ ਉੱਥੇ ਭਾਰਤੀ ਪੱਤਰਕਾਰੀ ਵੀ ਪ੍ਰੈਸ ਦੀ ਅਾਜ਼ਾਦੀ ਪ੍ਰਤੀ ਚੇਤੰਨ ਹੋ ਗਈ। ਤਕਨੀਕ ਨੇ, ਪੱਤਰਕਾਰਾਂ ਨੇ, ਸੰਪਾਦਕਾਂ ਨੇ, ਡਾਇਰੈਕਟਰਾਂ ਨੇ, ਮੀਡੀਆ ਕਰਮੀਆਂ ਨੇ, ਮਾਹਿਰਾਂ ਨੇ ਇਸ ਨੂੰ ਇੱਥੋਂ ਤੱਕ ਪਹੁੰਚਾਇਆ ਹੈ, ਮੌਜੂਦਾ ਆਕਾਰ ਦਿੱਤਾ ਹੈ।
ਰੇਡੀਓ ਦੀ ਸ਼ੁਰੂਆਤ
ਰੇਡੀਓ, ਟੈਲੀਵਿਜ਼ਨ ਦੀ ਸ਼ੁਰੂਆਤ ਨਾਲ ਭਾਰਤੀ ਮੀਡੀਆ ਨੇ ਇਕ ਨਵੇਂ ਦਾਇਰੇ ਵਿਚ ਪ੍ਰਵੇਸ਼ ਕੀਤਾ। ਸਾਲ 1923 ਵਿਚ ਰੇਡੀਓ ਦਾ ਪ੍ਰਸਾਰਨ ਆਰੰਭ ਹੋਇਆ ਅਤੇ 1959 ਵਿਚ ਟੈਲੀਵਿਜ਼ਨ ਦੀ ਆਮਦ ਨਾਲ ਭਾਰਤੀ ਦਰਸ਼ਕਾਂ ਦੇ ਚਿਹਰੇ ਖਿੜ ਉੱਠੇ ।
ਭਾਵੇਂ ਭਾਰਤ ਵਿਚ ਰੇਡੀਓ ਦੀ ਕਹਾਣੀ ਬੜੀ ਲੰਮੀ, ਬੜੀ ਮਜ਼ਬੂਤ, ਬੜੀ ਕਾਰਮਰ, ਬੜੀ ਸਾਰਥਿਕ ਹੈ ਪਰ ਸਮੇਂ ਨਾਲ ਟੈਲੀਵਿਜ਼ਨ ਦਾ ਬੋਲਬਾਲਾ, ਦਬਦਬਾ ਵੱਧਦਾ ਗਿਆ। ਜਦ ਭਾਰਤੀ ਮੀਡੀਆ ਦੀ ਕਹਾਣੀ ਪੜ੍ਹਨ-ਫਿਰੋਲਣ ਲੱਗਦੇ ਹਾਂ ਤਾਂ ਪ੍ਰਿੰਟ ਮੀਡੀਆ, ਰੇਡੀਓ ਅਤੇ ਟੈਲੀਵਿਜ਼ਨ ਵਿਚੋਂ ਕੋਈ ਕਿਸੇ ਤੋਂ ਘੱਟ ਨਹੀਂ। ਤਿੰਨਾਂ ਦਾ ਦੇਸ਼ ਲਈ, ਸਮਾਜ ਲਈ, ਲੋਕਾਂ ਲਈ ਯੋਗਦਾਨ ਇਕ ਦੂਸਰੇ ਤੋਂ ਵੱਧ ਹੈ। ਲੰਮਾ ਸਮਾਂ ਇਹ ਜ਼ਿੰਮੇਵਾਰੀ ਰੇਡੀਓ ਨੇ ਨਿਭਾਈ।
ਰੇਡੀਓ ਥੋੜ੍ਹਾ ਮੱਧਮ ਪਿਆ ਤਾਂ ਇਹ ਜ਼ਿੰਮੇਵਾਰੀ ਦੂਰਦਰਸ਼ਨ ਨੇ ਆਪਣੇ ਮੋਢਿਆਂ ’ਤੇ ਚੁੱਕ ਲਈ। ਅਖ਼ਬਾਰਾਂ ਤਾਂ ਆਰੰਭ ਤੋਂ ਅੱਜ ਤੱਕ ਇਹ ਜ਼ਿੰਮੇਵਾਰੀ ਲਗਾਤਾਰ ਨਿਭਾ ਹੀ ਰਹੀਆਂ ਹਨ। ਅਖ਼ਬਾਰਾਂ ਹੀ ਜਿਨ੍ਹਾਂ ਸਦਕਾ ਭਾਰਤੀ ਮੀਡੀਆ ਵਿਚ ਇਕ ਬੈਲੈਂਸ ਬਣਿਆ ਹੋਇਆ ਹੈ ਕਿਉਂਕਿ ਟੈਲੀਵਿਜ਼ਨ ਨਿਊਜ਼ ਚੈਨਲਾਂ ਨੇ ਮੀਡੀਆ ਦੀ ਮਰਯਾਦਾ ਨੂੰ ਲਾਂਭੇ ਧਰ ਕੇ ਆਪੋ-ਆਪਣੀਆਂ ਮਰਜ਼ੀ ਮੁਤਾਬਿਕ ਚੈਨਲ ਚਲਾਉਣੇ ਆਰੰਭ ਕਰ ਦਿੱਤੇ ਹਨ।
ਚੁਣੌਤੀਆਂ ਵਧੀਆਂ
ਜਿਵੇਂ-ਜਿਵੇਂ ਮੀਡੀਆ ਦਾ ਪ੍ਰਚਾਰ ਪ੍ਰਸਾਰ ਵੱਧ ਰਿਹਾ ਹੈ ਤਿਵੇਂ-ਤਿਵੇਂ ਚੁਣੌਤੀਆਂ ਵੀ ਵੱਧਦੀਆਂ ਜਾ ਰਹੀਆਂ ਹਨ। ਡਿਜੀਟਲ ਕ੍ਰਾਂਤੀ ਆਪਣੇ-ਆਪ ਵਿਚ ਇਕ ਚੁਣੌਤੀ ਹੈ। ਸਮਾਰਟ ਫੋਨ ਅਤੇ ਇੰਟਰਨੈੱਟ ਦੇ ਤਾਲਮੇਲ ਨੇ ਸੂਚਨਾ ਤੇ ਸਮੱਗਰੀ ਦੇ ਅੰਬਾਰ ਲਾ ਦਿੱਤੇ ਹਨ। ਭਾਸ਼ਾ ਕੋਈ ਵੀ ਹੋਵੇ, ਸੂਚਨਾ ਤੇ ਸਮੱਗਰੀ ਦੀ ਕਮੀ ਨਹੀਂ ਰਹੀ। ਅਜੋਕੇ ਸਮਿਆਂ ਦਾ ਇਹ ਸਭ ਤੋਂ ਵੱਡਾ ਬਦਲਾਅ ਹੈ।
ਸਮਾਂ ਕੋਈ ਵੀ ਹੋਵੇ, ਹਾਲਾਤ ਕੋਈ ਵੀ ਹੋਣ ਮੀਡੀਆ ਦੇ ਮੋਢਿਆਂ ’ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਹਮੇਸ਼ਾ ਰਹਿੰਦੀ ਹੈ। ਅੱਜ ਮੀਡੀਆ ਦੀ ਪਹਿਲੀ ਤਰਜੀਹ ਟੀਆਰਪੀ ਬਣ ਗਈ ਹੈ। ਉਹ ਦੇ ਲਈ ਤਰ੍ਹਾਂ-ਤਰ੍ਹਾਂ ਦੇ ਹੱਥ-ਕੰਡੇ ਅਪਣਾਏ ਜਾਣ ਲੱਗੇ ਹਨ। ਨਤੀਜੇ ਵਜੋਂ ਭਾਰਤੀ ਮੀਡੀਆ ਵੱਖ-ਵੱਖ ਗਰੁੱਪਾਂ, ਵੱਖ-ਵੱਖ ਧੜਿਆਂ ਵਿਚ ਵੰਡਿਆ ਗਿਆ ਹੈ। ਪਾਠਕ ਨੂੰ, ਦਰਸ਼ਕ ਨੂੰ, ਲੋਕਾਂ ਨੂੰ ਸਹੀ ਜਾਣਕਾਰੀ ਦੀ ਥਾਂ ਸਨਸਨੀਖੇਜ਼ ਖ਼ਬਰਾਂ ਪਰੋਸੀਆਂ ਜਾ ਰਹੀਆਂ ਹਨ। ਸਹੀ, ਸੰਤੁਲਿਤ ਤੇ ਨਿਰਪੱਖ ਖ਼ਬਰਾਂ ਬੀਤੇ ਦੀ ਗੱਲ ਹੋ ਗਈ ਹੈ। ਅਜੋਕੇ ਮੀਡੀਆ ਦੌਰ ਦਾ ਇਹ ਸਭ ਤੋਂ ਵੱਡਾ, ਸਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲਾ ਦੁਖਾਂਤ ਹੈ।
ਸੰਘਰਸ਼ ਦੀ ਗਾਥਾ
ਭਾਵੇਂ ਇੰਟਰਨੈਟ ਮੀਡੀਆ ਪ੍ਰਗਟਾਵੇ ਦੀ ਅਾਜ਼ਾਦੀ ਨੂੰ ਨਵੀਆਂ ਉਚਾਈਆਂ ’ਤੇ ਲੈ ਗਿਆ ਹੈ ਪਰੰਤੂ ਇਸ ਦੀ ਦੁਰਵਰਤੋਂ ਅਤੇ ਬੇਤਹਾਸ਼ਾ ਗ਼ੈਰ-ਮਿਆਰੀ ਸਮੱਗਰੀ ਇਸਨੂੰ ਨਵੀਆਂ ਨਿਵਾਣਾਂ ਵੱਲ ਵੀ ਖਿੱਚ ਰਹੀ ਹੈ। ਇਸ ਸਮੱਸਿਆ ਕਾਰਨ ਜਿਥੇ ਨਿੱਜਤਾ ਦੇ ਅਧਿਕਾਰਾਂ ’ਤੇ ਸਵਾਲੀਆ ਚਿੰਨ੍ਹ ਲੱਗ ਗਏ ਹਨ ਉਥੇ ਸਾਡੇ ਸਮਾਜ ਲਈ ਵੀ ਅਨੇਕਾਂ ਚੁਣੌਤੀਆਂ ਪੈਦਾ ਹੋ ਗਈਆਂ ਹਨ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਭਾਰਤੀ ਮੀਡੀਆ ਦਾ ਬੀਤੇ 100 ਸਾਲ ਦਾ ਸਫ਼ਰ ਸਫਲਤਾ, ਸੰਘਰਸ਼ ਅਤੇ ਸਵੈ-ਮਾਣ ਦੀ ਮਾਣਮੱਤੀ ਗਾਥਾ ਹੈ। ਸਫਲਤਾ, ਸੰਘਰਸ਼ ਅਤੇ ਸਵੈ-ਮਾਣ ਦਾ ਇਹ ਸਫ਼ਰ ਅੱਜ ਵੀ ਜਾਰੀ ਹੈ ਪਰੰਤੂ ਸਮੁੱਚਾ ਦ੍ਰਿਸ਼ ਬਦਲ ਗਿਆ ਹੈ। ਅੱਜ ਇਕ ਪਾਸੇ ਇਸ ਨੇ ਮੀਡੀਆ ਮਰਯਾਦਾ ਨੂੰ ਨਿਭਾਉਣਾ ਹੈ ਦੂਸਰੇ ਪਾਸੇ ਆਪਣੀ ਹੋਂਦ ਦੀ ਲੜਾਈ ਲੜਨੀ ਹੈ। ਪੈਂਡਾ ਵੀ ਔਖਾ ਹੈ, ਮੰਜ਼ਿਲ ਵੀ ਦੂਰ ਹੈ। ਸਭ ਕਾਸੇ ਲਈ ਮਨੁੱਖ ਦੀ ਭੂਿਮਕਾ ਅਹਿਮ ਹੈ।
• ਪ੍ਰੋ. ਕੁਲਬੀਰ ਸਿੰਘ