ਅਕਸਰ ਕਿਸੇ ਇਨਸਾਨ ਦੀਆਂ ਅੱਖਾਂ ਅਤੇ ਪਿਸ਼ਾਬ ਦਾ ਪੀਲਾ ਰੰਗ ਵੇਖ ਸਹਿਜੇ ਹੀ ਕੋਈ ਵੈਦ, ਹਕੀਮ ਜਾਂ ਡਾਕਟਰ ਉਸ ਨੂੰ ਪੀਲੀਆ ਰੋਗ ਹੋਣ ਦਾ ਅੰਦਾਜ਼ਾ ਲਾ ਲੈਂਦਾ ਹੈ ਪਰ ਪੀਲੀਆ ਬਿਮਾਰੀ ਬਾਰੇ ਲੋਕਾਂ ਅਤੇ ਮਰੀਜ਼ਾਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਸ਼ੰਕੇ ਅਤੇ ਮਿੱਥ ਹਨ, ਜਿਸ ਬਾਰੇ ਜਾਣਕਾਰੀ ਹੋਣਾ ਸਮੇਂ ਦੀ ਮੁੱਖ ਲੋੜ ਹੈ।

ਕੀ ਪੀਲੀਆ ਬਿਮਾਰੀ ਹੈ?

ਪੀਲੀਏ ਨੂੰ ਡਾਕਟਰੀ ਭਾਸ਼ਾ ਵਿਚ ਜਾਨਡਿਸ ਵੀ ਆਖਦੇ ਹਨ। ਦਰਅਸਲ ਖ਼ੂਨ ਦੇ ਲਾਲ ਕਣਾਂ 'ਰੈੱਡ ਬਲੱਡ ਕਾਰਪਸਲਜ਼' ਨੂੰ ਲਾਲ ਰੰਗ ਮੁਹੱਈਆ ਕਰਨ ਵਾਲੇ ਬੇਸ਼ਕੀਮਤੀ ਤੱਤ ਹੀਮੋਗਲੋਬਿਨ ਦੇ ਕਮਜ਼ੋਰ ਹੋਣ ਜਾਂ ਟੁੱਟਣ ਦੀ ਪ੍ਰਕਿਰਿਆ ਦੌਰਾਨ ਸਰੀਰ ਵਿਚ ਇਕੱਠੇ ਹੋਏ ਹਾਨੀਕਾਰਕ ਤੇ ਜ਼ਹਿਰੀਲੇ ਤੱਤ 'ਬਿਲਰਿਊਬਿਨ' ਦੇ ਸਰੀਰ ਵਿਚਲੇ ਤਰਲ 'ਚ ਵਾਧੂ ਮਾਤਰਾ 'ਚ ਇਕੱਠੇ ਹੋਣ ਦੀ ਅਵਸਥਾ ਨੂੰ ਪੀਲੀਆ ਕਿਹਾ ਜਾਂਦਾ ਹੈ।

ਕਾਰਨ

ਬਿਲਰਿਊਬਿਨ ਹੀਮੋਗਲੋਬਿਨ ਦੇ ਟੁੱਟਣ ਦੀ ਪ੍ਰਕਿਰਿਆ ਦਾ ਇਕ ਪੜਾਅ ਹੈ ਤੇ ਇਹ ਹੀਮੋਗਲੋਬਿਨ ਖ਼ੁਦ ਖ਼ੂਨ ਦੇ ਲਾਲ ਕਣਾਂ ਦੇ ਕੁਦਰਤੀ ਜਾਂ ਗ਼ੈਰ-ਕੁਦਰਤੀ ਤਰੀਕੇ ਨਾਲ ਟੁੱਟਣ ਤੋਂ ਬਾਅਦ ਸਰੀਰ ਵਿਚ ਆਪਣੀ ਹਾਜ਼ਰੀ ਦਰਜ ਕਰਵਾਉਂਦਾ ਹੈ। ਇਸ ਲਈ ਬਿਲਰਿਊਬਿਨ ਦੇ ਬਣਨ ਦੇ ਆਧਾਰ 'ਤੇ ਪੀਲੀਆ ਰੋਗ ਦੇ ਕਾਰਨਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ।

- ਖ਼ੂਨ ਦੇ ਲਾਲ ਕਣਾਂ ਦਾ ਅਸਧਾਰਨ ਜਾਂ ਗ਼ੈਰ-ਕੁਦਰਤੀ ਤਰੀਕੇ ਢੰਗ ਨਾਲ ਤੇਜ਼-ਤੇਜ਼ ਟੁੱਟਣਾ।

- ਜਿਗਰ ਦੀ ਖ਼ਰਾਬੀ ਜਾਂ ਜਿਗਰ ਦੇ ਸੈੱਲਾਂ ਦਾ ਸਹੀ ਤਰੀਕੇ ਨਾਲ ਕੰਮ ਨਾ ਕਰਦੇ ਹੋਣਾ।

- ਜਿਗਰ ਤੋਂ ਸਰੀਰ ਲਈ ਲੋੜੀਂਦੇ ਅਤਿ ਖ਼ਾਸ ਤਰਲ 'ਬਾਈਲ' ਰਾਹੀਂ ਬਿਲਰਿਊਬਿਨ ਨੂੰ ਅੰਤੜੀਆਂ ਰਾਹੀਂ ਸਰੀਰ ਵਿੱਚੋਂ ਬਾਹਰ ਕੱਢਣ ਲਈ ਲੋੜੀਂਦੇ 'ਬਾਈਲ ਨਲੀ' ਵਿਚ ਰੁਕਾਵਟ ਪੈਦਾ ਹੋਣਾ।

ਉਕਤ ਤਿੰਨਾਂ ਸ਼੍ਰੇਣੀਆਂ ਰਾਹੀਂ ਪੀਲੀਆ ਹੋਣ ਦੇ ਮੁੱਖ ਕਾਰਨਾਂ 'ਚ ਲਾਲ ਕਣਾਂ ਲਈ ਲੋੜੀਂਦੇ ਕੁਝ ਅਹਿਮ ਰਸਾਇਣਾਂ ਦੀ ਸਰੀਰ ਵਿੱਚ ਜਮਾਂਦਰੂ ਘਾਟ ਹੋਣੀ, ਸ਼ਰਾਬ ਦਾ ਇਸਤੇਮਾਲ, ਜਿਗਰ ਦੀ ਸੋਜ਼, ਹੈਪੇਟਾਈਟਸ ਆਦਿ ਜਿਗਰ ਦੇ ਰੋਗ, ਪਿੱਤੇ ਦੀ ਪੱਥਰੀ ਦਾ ਤਿਲਕ ਕੇ ਬਾਈਲ ਨਲੀ ਵਿਚ ਚਲੇ ਜਾਣਾ ਅਤੇ ਜਿਗਰ ਲਈ ਹਾਨੀਕਾਰਕ ਕੁਝ ਦਵਾਈਆਂ ਦੀ ਬੇਲੋੜੀ ਵਰਤੋਂ ਆਦਿ ਅਨੇਕਾਂ ਕਾਰਨ ਹਨ, ਜੋ ਪੀਲੀਆ ਰੋਗ ਨੂੰ ਜਨਮ ਦਿੰਦੇ ਹਨ।

ਲੱਛਣ

ਅੱਖਾਂ ਅਤੇ ਸਰੀਰ ਦਾ ਰੰਗ ਪੀਲਾ ਪੈਣਾ, ਪਿਸ਼ਾਬ ਦਾ ਰੰਗ ਪੀਲਾ ਹੋਣਾ, ਪਾਖ਼ਾਨੇ ਦਾ ਗੂੜ੍ਹਾ ਪੀਲਾ, ਮਿੱਟੀ ਰੰਗਾ ਜਾਂ ਕਾਲਾ ਹੋਣਾ (ਬਿਮਾਰੀ ਦੀ ਅਵਸਥਾ ਅਨੁਸਾਰ), ਸਰੀਰ 'ਤੇ ਖਾਰਿਸ਼ ਹੋਣੀ ਆਦਿ ਪੀਲੀਏ ਦੇ ਲੱਛਣ ਹਨ।

ਲੋੜੀਂਦੇ ਟੈਸਟ

ਪੀਲੀਆ ਹੋਣ ਦੀ ਸੂਰਤ ਵਿਚ ਕਿਸੇ ਮਾਹਿਰ ਡਾਕਟਰ ਦੀ ਸਲਾਹ ਨਾਲ ਖ਼ੂਨ ਦੇ ਟੈਸਟਾਂ 'ਚ ਲਿਵਰ ਫੰਕਸ਼ਨ ਟੈਸਟ (ਐੱਲਐੱਫਟੀ), ਸੀਬੀਸੀ, ਸੀਟੀ-ਬੀਟੀ, ਵਿਟਾਮਿਨ ਕੇ (ਯੂਰਿਨ ਅਨੈਲੇਸਿਸ) ਟੈਸਟ, ਪੇਟ ਦੀ ਅਲਟਰਾਸੋਨੋਗ੍ਰਾਫੀ ਆਦਿ ਟੈਸਟ ਕਰਵਾ ਲੈਣੇ ਚਾਹੀਦੇ ਹਨ।

ਇਲਾਜ

ਪੀਲੀਆ ਹੋਣ 'ਤੇ ਘਬਰਾਉਣਾ ਨਹੀਂ ਚਾਹੀਦਾ। ਕਈ ਵਾਰ ਤਾਂ ਪੀਲੀਆ ਬਿਨਾਂ ਕਿਸੇ ਡਾਕਟਰੀ ਇਲਾਜ ਦੇ ਕੁਦਰਤੀ ਤਰੀਕੇ ਨਾਲ ਠੀਕ ਹੋ ਜਾਂਦਾ ਹੈ ਪਰ ਫਿਰ ਵੀ ਯੋਗ ਡਾਕਟਰ ਦੀ ਸਲਾਹ ਨਾਲ ਗੰਨੇ ਦਾ ਰਸ, ਸ਼ੱਕਰ, ਅੰਗੂਰਾਂ ਦੀ ਖੰਡ ਜਾਂ ਗੁਲੂਕੋਜ਼ ਆਦਿ ਦੀ ਵਰਤੋਂ ਲਾਹੇਵੰਦ ਹੈ।

- ਰੋਗੀ ਨੂੰ ਜ਼ਿਆਦਾ ਤਰਲ ਪਦਾਰਥ ਪੀਣ ਲਈ ਦੇਣੇ ਚਾਹੀਦੇ ਹਨ। ਸ਼ਰਾਬ ਦੇ ਸੇਵਨ ਨੂੰ ਪੂਰਨ ਤੌਰ 'ਤੇ ਬੰਦ ਕਰ ਦੇਣਾ ਚਾਹੀਦਾ ਹੈ।

- ਜ਼ਿਆਦਾ ਲੋੜ ਪੈਣ 'ਤੇ ਪੀਲੀਏ ਦੇ ਕਾਰਨਾਂ ਅਨੁਸਾਰ ਕਿਸੇ ਮਾਹਿਰ ਡਾਕਟਰ ਪਾਸੋਂ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ।

ਆਮ ਤੌਰ 'ਤੇ ਸਧਾਰਨ ਪੀਲੀਆ ਜਾਨਲੇਵਾ ਨਹੀਂ ਹੁੰਦਾ ਪਰ ਫਿਰ ਵੀ ਪੀਲੀਆ ਨੂੰ ਹਲਕਿਆਂ 'ਚ ਨਹੀ ਲੈਣਾ ਚਾਹੀਦਾ ਅਤੇ ਲੋੜ ਪੈਣ 'ਤੇ ਬਿਨਾਂ ਦੇਰੀ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਡਾ. ਸਤੀਸ਼ ਠੁਕਰਾਲ ਸੋਨੀ

94173-58393