- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਦੀਆਂ 'ਚ ਬੰਦ ਰਹਿਣ ਵਾਲਾ ਰੋਹਤਾਂਗ ਦੱਰਾ ਹੁਣ ਸੈਲਾਨੀਆਂ ਲਈ ਖੁੱਲ੍ਹ ਚੁੱਕਿਆ ਹੈ। ਇਸ ਮੌਸਮ 'ਚ ਬਰਫ਼ ਦੇ ਦੀਦਾਰ ਕਰਵਾਉਣ ਵਾਲਾ ਰੋਹਤਾਂਗ ਦੱਰਾ 13050 ਫੁੱਟ ਦੀ ਉਚਾਈ 'ਤੇ ਸਥਿਤ ਹੈ

ਮੈਦਾਨੀ ਇਲਾਕਿਆਂ 'ਚ ਪੈਂਦੀ ਗਰਮੀ ਤੋਂ ਬਚਣ ਲਈ ਸੈਲਾਨੀ ਅਜਿਹੀਆਂ ਥਾਵਾਂ ਵੱਲ ਰੁਖ਼ ਕਰਨ ਲੱਗੇ ਹਨ, ਜਿੱਥੇ ਉਨ੍ਹਾਂ ਨੂੰ ਸਰਦੀ ਦਾ ਅਹਿਸਾਸ ਹੋਵੇ। ਤਾਂ ਫਿਰ ਹਿਮਾਚਲ ਪ੍ਰਦੇਸ਼ 'ਚ ਸਥਿਤ ਰੋਹਤਾਂਗ ਤੋਂ ਬਿਹਤਰ ਕੀ ਹੋਵੇਗਾ? ਸਰਦੀਆਂ 'ਚ ਬੰਦ ਰਹਿਣ ਵਾਲਾ ਰੋਹਤਾਂਗ ਦੱਰਾ ਹੁਣ ਸੈਲਾਨੀਆਂ ਲਈ ਖੁੱਲ੍ਹ ਚੁੱਕਿਆ ਹੈ। ਇਸ ਮੌਸਮ 'ਚ ਵੀ ਬਰਫ਼ ਦੇ ਦੀਦਾਰ ਕਰਵਾਉਣ ਵਾਲਾ ਰੋਹਤਾਂਗ ਦੱਰਾ 13050 ਫੁੱਟ ਦੀ ਉਚਾਈ 'ਤੇ ਸਥਿਤ ਹੈ। ਵਧੀਆ ਗੱਲ ਇਹ ਹੈ ਕਿ ਇੱਥੇ ਗਰਮੀਆਂ 'ਚ ਵੀ ਸਰਦੀਆਂ ਦਾ ਅਹਿਸਾਸ ਹੁੰਦਾ ਹੈ। ਇਹ ਦੱਰਾ ਮਨਾਲੀ ਤੋਂ ਲਗਪਗ 51 ਕਿਲੋਮੀਟਰ ਦੂਰ ਹੈ। ਪਲ-ਪਲ ਰੰਗ ਬਦਲਣ ਨੂੰ ਲੈ ਕੇ ਮਸ਼ਹੂਰ ਰੋਹਤਾਂਗ 'ਚ 15 ਅਗਸਤ ਤੋਂ 15 ਜੂਨ ਤਕ ਅਚਾਨਕ ਬਰਫ਼ਬਾਰੀ ਹੋ ਜਾਂਦੀ ਹੈ। ਇੱਥੇ ਸੈਲਾਨੀ ਜੂਨ ਮਹੀਨੇ ਵੀ ਗੱਡੀਆਂ ਤੋਂ ਉਤਰ ਕੇ ਬਰਫ਼ ਨੂੰ ਹੱਥਾਂ ਨਾਲ ਛੂਹ ਸਕਦੇ ਹਨ। ਕੁੱਲੂ ਨੂੰ ਲਾਹੌਲ ਨਾਲ ਜੋੜਨ ਵਾਲਾ ਦੱਰਾ ਉਸ ਸਮੇਂ ਸੈਲਾਨੀਆਂ ਨੂੰ ਹੈਰਾਨ ਕਰ ਦਿੰਦਾ ਹੈ, ਜਦੋਂ ਜੁਲਾਈ-ਅਗਸਤ 'ਚ ਰੋਹਤਾਂਗ ਦੇ ਇਕ ਪਾਸੇ ਕੁੱਲੂ 'ਚ ਭਾਰੀ ਮੀਂਹ ਪੈਂਦਾ ਹੈ ਤੇ ਦੂਜੇ ਪਾਸੇ ਲਾਹੌਲ 'ਚ ਧੁੱਪ ਨਿਕਲੀ ਹੁੰਦੀ ਹੈ। ਰੋਹਤਾਂਗ 'ਤੇ ਆਕਸੀਜਨ ਦੀ ਕਮੀ ਰਹਿੰਦੀ ਹੈ। ਇਸ ਕਾਰਨ ਕਈ ਸੈਲਾਨੀਆਂ ਨੂੰ ਥੋੜ੍ਹੀ ਪ੍ਰੇਸ਼ਾਨੀ ਵੀ ਹੋ ਸਕਦੀ ਹੈ।
ਘੁੰਮਣ ਤੇ ਦੇਖਣਯੋਗ ਸਥਾਨ
ਮਨਾਲੀ ਤੋਂ ਰੋਹਤਾਂਗ ਦੇ ਰਸਤੇ 'ਚ ਨਹਿਰੂਕੁੰਡ, ਪਲਚਾਨ, ਕੋਠੀ, ਗੁਲਾਬਾ, ਰਾਹਲਾਫਾਲ, ਬਿਆਸਨਾਲਾ, ਮੜੀ, ਚੁੰਬਕ ਮੋੜ, ਰਾਹਨੀਨਾਲਾ ਜਿਹੇ ਖ਼ੂਬਸੂਰਤ ਸੈਰ-ਸਪਾਟਾ ਸਥਾਨ ਹਨ। ਵਾਪਸੀ 'ਚ ਸੋਲੰਗਨਾਲਾ 'ਚ ਘੁੰਮਣ ਦਾ ਆਨੰਦ ਲਿਆ ਜਾ ਸਕਦਾ ਹੈ। ਸੋਲੰਗਨਾਲਾ ਦਾ ਰੋਪਵੇਅ ਆਕਰਸ਼ਕ ਕੇਂਦਰ ਹੈ। ਰੋਹਤਾਂਗ ਤੋਂ ਪਹਾੜਾਂ ਅਤੇ ਗਲੇਸ਼ੀਅਰ ਦੇ ਸ਼ਾਨਦਾਰ ਦ੍ਰਿਸ਼ ਵੀ ਦੇਖਣ ਨੂੰ ਮਿਲਦੇ ਹਨ, ਜਿਸ ਨੂੰ ਆਪਣੇ ਕੈਮਰੇ 'ਚ ਕੈਦ ਕੀਤਾ ਜਾ ਸਕਦਾ ਹੈ। ਇਥੋਂ ਮਕਰਵੇਦ-ਸ਼ਿਕਰਵੇਦ, ਰਾਨੀ ਸੂਈ, ਇੰਦਰ ਕਿਲ੍ਹਾ ਹਾਮਟਾ, ਧੁੰਧੀ ਜੋਤ ਦੇ ਗਲੇਸ਼ੀਅਰਾਂ ਅਤੇ ਬਰਫ਼ ਨਾਲ ਭਰੇ ਪਹਾੜਾਂ ਦਾ ਨਜ਼ਾਰਾ ਵੀ ਦੇਖਿਆ ਹੀ ਬਣਦਾ ਹੈ।
ਅਡਵੈਂਚਰ ਦਾ ਲੁਤਫ਼
ਸੈਲਾਨੀ ਟ੍ਰੈਕਿੰਗ, ਮਾਊਂਟੇਨ ਬਾਈਕਿੰਗ, ਪੈਰਾਗਲਾਈਡਿੰਗ ਅਤੇ ਸਕੀਇੰਗ ਦਾ ਲੁਤਫ਼ ਵੀ ਲੈ ਸਕਦੇ ਹੋ। ਟ੍ਰੈਕਿੰਗ ਲਈ ਮਨਾਲੀ ਦੇ ਰਜਿਸਟਰਡ ਟ੍ਰੈਵਲ ਏਜੰਟਾਂ ਰਾਹੀਂ ਟ੍ਰੈਕਿੰਗ ਕਰ ਸਕਦੇ ਹੋ। ਪੈਰਾਗਲਾਈਡਿੰਗ ਸਮੇਤ ਮਾਊਂਟੇਨ ਬਾਈਕਿੰਗ ਅਤੇ ਸਕੀਇੰਗ ਲਈ ਸਥਾਨਕ ਯੂਨੀਅਨਾਂ ਰਾਹੀਂ ਦਲੇਰਾਨਾ ਖੇਡਾਂ ਦਾ ਸੁਰੱਖਿਅਤ ਆਨੰਦ ਲਿਆ ਜਾ ਸਕਦਾ ਹੈ। ਰੋਹਤਾਂਗ 'ਚ ਘੋੜਸਵਾਰੀ ਵੀ ਕਰ ਸਕਦੇ ਹੋ। ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਆਦੇਸ਼ ਤੋਂ ਬਾਅਦ ਦਲੇਰਾਨਾ ਗਤੀਵਿਧੀਆਂ ਹੁਣ ਮੜੀ 'ਚ ਹੁੰਦੀਆਂ ਹਨ।
ਛੇ ਮਹੀਨੇ ਬੰਦ ਰਹਿੰਦਾ ਹੈ ਦੱਰਾ
ਅਧਿਕਾਰਤ ਤੌਰ 'ਤੇ ਨਵੰਬਰ ਤੋਂ ਲੈ ਕੇ ਅਪ੍ਰੈਲ ਤਕ ਰੋਹਤਾਂਗ ਦੱਰਾ ਬੰਦ ਰਹਿੰੰਦਾ ਹੈ। ਰੋਹਤਾਂਗ ਵੈਸੇ ਤਾਂ ਹਰ ਸਾਲ ਮਈ ਮਹੀਨੇ 'ਚ ਸੈਲਾਨੀਆਂ ਲਈ ਖੁੱਲ੍ਹਦਾ ਹੈ, ਪਰ ਇਸ ਵਾਰ ਥੋੜ੍ਹੀ ਬਰਫ਼ਬਾਰੀ ਹੋਣ ਕਰਕੇ ਅਪ੍ਰੈਲ 'ਚ ਹੀ ਇਸ ਨੂੰ ਖੋਲ੍ਹ ਦਿੱਤਾ ਗਿਆ ਹੈ। ਸਰਦੀਆਂ 'ਚ ਦੱਰਾ 'ਤੇ ਜ਼ਿਆਦਾਤਰ 20 ਫੁੱਟ ਤਕ ਬਰਫ਼ ਡਿੱਗਦੀ ਹੈ।
ਬੀਆਰਓ 'ਤੇ ਵੱਡੀ ਜ਼ਿੰਮੇਵਾਰੀ
ਮਨਾਲੀ-ਲੇਹ ਮਾਰਗ 'ਤੇ ਸਥਿਤ ਰੋਹਤਾਂਗ ਨੂੰ ਬੀਆਰਓ ਬਹਾਲ ਕਰਦਾ ਹੈ। ਰੋਹਤਾਂਗ ਦੇ ਦੋਵੇਂ ਪਾਸੇ ਮਨਾਲੀ ਵੱਲ ਗੁਲਾਬਾ ਤੇ ਮੜੀ ਅਤੇ ਲਾਹੌਲ ਵਾਲੇ ਪਾਸੇ ਕੋਕਸਰ 'ਚ ਬੀਆਰਓ ਕੈਂਪ ਸਥਾਪਿਤ ਕੀਤੇ ਹਨ। ਬੀਆਰਓ ਹਰ ਸਾਲ ਮਾਰਚ ਦੇ ਪਹਿਲੇ ਹਫ਼ਤੇ ਰੋਹਤਾਂਗ ਦੇ ਦੋਵੇਂ ਪਾਸੇ ਮਾਰਗ ਦੀ ਬਹਾਲੀ ਦਾ ਕੰਮ ਸ਼ੁਰੂ ਕਰਦਾ ਹੈ। ਕਿਤੇ-ਕਿਤੇ ਹਿਮਸਖ਼ਲਨ ਤੋਂ 20 ਫੁੱਟ ਉੱਚੀ ਬਰਫ਼ ਦੀ ਦੀਵਾਰ ਖੜ੍ਹੀ ਹੋ ਜਾਂਦੀ ਹੈ, ਜਿਸ ਨੂੰ ਬੀਆਰਓ ਹਟਾ ਕੇ ਸੜਕ ਬਹਾਲ ਕਰਦਾ ਹੈ।
ਏਸ਼ੀਆ ਦੀ ਸਭ ਤੋਂ ਉੱਚੀ ਸੁਰੰਗ
ਸਾਲ 2002 'ਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਰੋਹਤਾਂਗ ਸੁਰੰਗ ਦੇ ਸਾਊਥ ਪੋਰਟਲ ਲਈ ਸੜਕ ਦਾ ਨੀਂਹ ਪੱਥਰ ਰੱਖਿਆ ਸੀ। ਯੂਪੀਏ ਪ੍ਰਧਾਨ ਸੋਨੀਆ ਗਾਂਧੀ ਨੇ ਜੂਨ 2012 'ਚ ਰੋਹਤਾਂਗ ਸੁਰੰਗ ਦੀ ਆਧਾਰਸ਼ਿਲਾ ਰੱਖੀ। ਇਹ ਸੁਰੰਗ 2019 'ਚ ਦੇਸ਼ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਲਗਪਗ 9 ਕਿਲੋਮੀਟਰ ਲੰਬੀ ਸੁਰੰਗ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਏਸ਼ੀਆ 'ਚ ਸਭ ਤੋਂ ਉੱਚੇ ਸਥਾਨ 'ਤੇ ਬਣਨ ਵਾਲੀ ਪਹਿਲੀ ਸੁਰੰਗ ਹੈ।
ਰੋਹਤਾਂਗ ਜਾਣ ਦੀ ਮਨਾਹੀ
ਬਿਨਾਂ ਮਨਜ਼ੂਰੀ ਰੋਹਤਾਂਗ ਨਹੀਂ ਜਾ ਸਕਦੇ। ਆਨਲਾਈਨ ਪਰਮਿਟ ਪ੍ਰਾਪਤ ਕਰਨ ਤੋਂ ਬਾਅਦ ਹੀ ਸੈਲਾਨੀ ਵਾਹਨ 'ਤੇ ਰੋਹਤਾਂਗ ਜਾ ਸਕਦੇ ਹਨ। ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਆਦੇਸ਼ਾਂ 'ਤੇ ਇਥੇ ਰੋਜ਼ 400 ਡੀਜ਼ਲ ਵਾਹਨ ਅਤੇ 800 ਪੈਟਰੋਲ ਇੰਜਣ ਵਾਹਨ ਰੋਹਤਾਂਗ ਜਾ ਸਕਦੇ ਹਨ।
ਰੁਕਣ ਲਈ ਵਿਵਸਥਾ
ਰੋਹਤਾਂਗ ਆਉਣ ਵਾਲੇ ਸੈਲਾਨੀਆਂ ਲਈ ਮਨਾਲੀ 'ਚ ਇਕ ਹਜ਼ਾਰ ਤੋਂ ਵੱਧ ਹੋਟਲ ਹਨ। ਇਥੇ 500 ਰੁਪਏ ਤੋਂ ਲੈ ਕੇ 15 ਹਜ਼ਾਰ ਰੁਪਏ ਤਕ ਕਮਰੇ ਉਪਲੱਬਧ ਹਨ। ਜ਼ਿਆਦਾਤਰ ਹੋਟਲਾਂ 'ਚ ਆਨਲਾਈਨ ਬੁਕਿੰਗ ਦੀ ਸੁਵਿਧਾ ਉਪਲੱਬਧ ਹੈ। ਸੈਲਾਨੀ 15 ਮਈ ਤੋਂ ਪਹਿਲਾਂ ਆਪਣੀ ਬੁਕਿੰਗ ਕਰਵਾ ਸਕਦੇ ਹਨ।
ਲਾਲ ਚਾਵਲ ਦਾ ਸਵਾਦ
ਕੁੱਲੂ-ਮਨਾਲੀ 'ਚ ਸੈਲਾਨੀ ਮਾਸਾਹਾਰੀ ਤੇ ਸ਼ਾਕਾਹਾਰੀ ਦੋਵਾਂ ਤਰ੍ਹਾਂ ਦੇ ਭੋਜਨਾਂ ਦਾ ਲੁਤਫ਼ ਲੈ ਸਕਦੇ ਹਨ। ਕੁੱਲੂ ਮਨਾਲੀ ਦੇ ਸਥਾਨਕ ਰਾਜਮਾਹ ਅਤੇ ਲਾਲ ਚੌਲ ਮੁੱਖ ਪਕਵਾਨ ਹਨ। ਸੈਲਾਨੀ ਮਾਲ ਰੋਡ ਤੋਂ ਚਾਈਨਜ਼ ਪਕਵਾਨ ਵੀ ਪਸੰਦ ਕਰਦੇ ਹਨ। ਮੋਮੋ, ਨੂਡਲ, ਪੀਜ਼ਾ, ਪਾਸਤਾ, ਇਟਾਲੀਅਨ ਡਿਸ਼, ਚਿਲੀ ਚਿਕਨ ਤੇ ਚਿਲੀ ਪਨੀਰ ਜਿਹੇ ਪਕਵਾਨ ਸੈਲਾਨੀ ਖੂਬ ਪਸੰਦ ਕਰਦੇ ਹਨ।
ਖਾਧ ਵਸਤੂਆਂ 'ਤੇ ਪਾਬੰਦੀ
ਰੋਹਤਾਂਗ ਦੱਰਾ 'ਚ ਖਾਧ ਵਸਤਾਂ 'ਤੇ ਪਾਬੰਦੀ ਹੈ। ਸੈਲਾਨੀ ਰੋਹਤਾਂਗ ਆਉਂਦੇ-ਜਾਂਦੇ ਸਮੇਂ ਮੜੀ ਮਾਰਕੀਟ ਤੋਂ ਖਾਣ-ਪੀਣ ਦਾ ਸਾਮਾਨ ਲਿਆ ਸਕਦੇ ਹਨ। ਐੱਨਜੀਟੀ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਮੜੀ 'ਚ ਈਕੋ ਫਰੈਂਡਲੀ ਮਾਰਕੀਟ ਦਾ ਨਿਰਮਾਣ ਕਰ ਰਿਹਾ ਹੈ।
ਕਿਵੇਂ ਪਹੁੰਚੀਏ ਰੋਹਤਾਂਗ
ਕੁੱਲੂ ਦੇ ਭੁੰਤਰ ਤਕ ਹਵਾਈ ਸੇਵਾ ਹੈ। ਉਸ ਤੋਂ ਅੱਗੇ ਟੈਕਸੀ ਨਾਲ ਪਹੁੰਚਿਆ ਜਾ ਸਕਦਾ ਹੈ। ਹਿਮਾਚਲ ਸਰਕਾਰ ਨੇ ਇਲੈਕਟ੍ਰਿਕ ਬੱਸ ਸੇਵਾ ਵੀ ਸ਼ੁਰੂ ਕੀਤੀ ਹੈ। ਸੈਲਾਨੀ ਐੱਚਆਰਟੀਸੀ 'ਚ ਬੁਕਿੰਗ ਕਰਵਾ ਕੇ ਵੀ ਰੋਹਤਾਂਗ ਜਾ ਸਕਦੇ ਹਨ।