ਪਹਾੜਾਂ ’ਤੇ ਇੱਧਰ-ਉੱਧਰ ਘੁੰਮਣ ਜਾਂਦਿਆਂ ਆਉਣ-ਜਾਣ ਸਮੇਂ ਅਸੀਂ ਖ਼ੂਬਸੂਰਤ ਘਾਟੀ ’ਚ ਵਸਿਆ ਛੋਟਾ ਜਿਹਾ ਪਿੰਡ ਦੇਖਿਆ, ਜਿਸ ਨੂੰ ਦੇਖਦਿਆਂ ਉੱਥੋਂ ਲੰਘਦਿਆਂ ਪੰਜਾਬੀ ਲੋਕ-ਕਾਵਿ ਯਾਦ ਆਇਆ, ‘ਮਿੱਤਰਾਂ ਦਾ ਪਿੰਡ ਲੰਘ ਕੇ ਸਾਡਾ ਪੈਰ ਪਿਛਾਂਹ ਨੂੰ ਜਾਵੇ।’ ਮੇਰੀ ਉਸ ਪਿੰਡ ਨੂੰ ਦੇਖਣ ਦੀ ਬਹੁਤ ਰੀਝ ਸੀ ਤੇ ਬੱਚੇ ਵੀ ਕਾਰਾਂ ਵਿੱਚੋਂ ਮੁੜ-ਮੁੜ ਦੇਖਦੇ ਰਹਿੰਦੇ ਪਰ ਅੱਗੇ ਜਾਣ ਕਾਰਨ ਅਸੀਂ ਮਨ ਮਾਰ ਕੇ ਲੰਘ ਜਾਂਦੇ।

ਪਹਾੜਾਂ ’ਤੇ ਇੱਧਰ-ਉੱਧਰ ਘੁੰਮਣ ਜਾਂਦਿਆਂ ਆਉਣ-ਜਾਣ ਸਮੇਂ ਅਸੀਂ ਖ਼ੂਬਸੂਰਤ ਘਾਟੀ ’ਚ ਵਸਿਆ ਛੋਟਾ ਜਿਹਾ ਪਿੰਡ ਦੇਖਿਆ, ਜਿਸ ਨੂੰ ਦੇਖਦਿਆਂ ਉੱਥੋਂ ਲੰਘਦਿਆਂ ਪੰਜਾਬੀ ਲੋਕ-ਕਾਵਿ ਯਾਦ ਆਇਆ, ‘ਮਿੱਤਰਾਂ ਦਾ ਪਿੰਡ ਲੰਘ ਕੇ ਸਾਡਾ ਪੈਰ ਪਿਛਾਂਹ ਨੂੰ ਜਾਵੇ।’ ਮੇਰੀ ਉਸ ਪਿੰਡ ਨੂੰ ਦੇਖਣ ਦੀ ਬਹੁਤ ਰੀਝ ਸੀ ਤੇ ਬੱਚੇ ਵੀ ਕਾਰਾਂ ਵਿੱਚੋਂ ਮੁੜ-ਮੁੜ ਦੇਖਦੇ ਰਹਿੰਦੇ ਪਰ ਅੱਗੇ ਜਾਣ ਕਾਰਨ ਅਸੀਂ ਮਨ ਮਾਰ ਕੇ ਲੰਘ ਜਾਂਦੇ। ਇਸ ਜੰਗਲੀ ਤੇ ਪਹਾੜੀ ਯਾਤਰਾ ਦੇ ਅਖ਼ੀਰਲੇ ਦਿਨ ਅਸੀਂ ਉਸੇ ਪਾਸੇ ਨੂੰ ਤੁਰ ਪਏ। ਉੱਚੇ ਪਹਾੜਾਂ ਤੋਂ ਲੰਘ ਕੇ ਢਲਾਣ ਉੱਤੇ ਵਸਿਆ ਇਹ ‘ਰੋਲਦਾਲ’ ਨਾਮੀਂ ਪਿੰਡ ਮੈਨੂੰ ਤਾਂ ਸਵਰਗ ਦਾ ਹਿੱਸਾ ਹੀ ਜਾਪਿਆ। ਜੇ ਕਿਧਰੇ ਸਵਰਗ ਹੈ ਤਾਂ ਯਕੀਨਨ ਇਹ ਪਿੰਡ ਉਸ ਨਾਲੋਂ ਵੱਧ ਸੁੰਦਰ ਹੋਵੇਗਾ, ਘੱਟ ਨਹੀਂ। ਪਿੰਡ ਵੜਦਿਆਂ ਨੂੰ ਸੜਕ ਕਿਨਾਰੇ ਉੱਚੀ ਸਾਰੀ ਚਰਚ ਦੀ ਇਮਾਰਤ ਨਜ਼ਰ ਆਈ। ਕੋਲ ਪੁੱਜ ਕੇ ਦੇਖਿਆ ਕਿ ਇਹ ਕਬਰਿਸਤਾਨ ਸੀ, ਜੋ ਛੋਟੇ-ਵੱਡੇ ਪੇੜ-ਪੌਦਿਆਂ ਨਾਲ ਤੇ ਸੁੰਦਰ ਫੁੱਲਾਂ ਨਾਲ ਭਰਿਆ ਕਿਸੇ ਪਾਰਕ ਵਰਗਾ ਜਾਪਦਾ ਸੀ। ਅਸੀਂ ਕਾਰਾਂ ਖੜ੍ਹੀਆਂ ਕਰ ਕੇ ਉੱਥੇ ਹੀ ਰੁਕ ਗਏ। ਕਬਰਾਂ ਦੇ ਕੋਲ ਤੇ ਸਾਰੇ ਕਬਰਸਤਾਨ ਵਿਚ ਖਿੜੇ ਫੁੱਲ ਜਿਵੇਂ ਮੌਤ ਦਾ ਨਹੀਂ, ਜ਼ਿੰਦਗੀ ਦਾ ਸੁਨੇਹਾ ਦਿੰਦੇ ਸਨ।
ਦੇਖਣ ਨੂੰ ਮਿਲੀਆਂ ਬੂਬੀਲ
ਪਹਾੜਾਂ ਦੀ ਗੋਦ ’ਚ ਗਿਣਤੀ ਦੇ ਘਰਾਂ ਵਾਲਾ ਇਹ ਪਿੰਡ ਕਿਸਾਨਾਂ ਦਾ ਜਾਪਦਾ ਸੀ ਕਿਉਂਕਿ ਹਰੇ ਚਾਰੇ ਜਾਂ ਘਾਹ ਦੀਆਂ ਬੰਨ੍ਹ ਕੇ ਰੱਖੀਆਂ ਪੰਡਾਂ ਹਰ ਘਰ ਦੇ ਨੇੜੇ ਪਈਆਂ ਸਨ। ਘਾਹ ਦੇ ਕੁਦਰਤੀ ਕਾਲੀਨ ਉੱਤੇ ਸੈਲਾਨੀਆਂ ਨੇ ਘਰਾਂ ਦੇ ਨਜ਼ਦੀਕ ਖ਼ਾਲੀ ਥਾਂ ਉੱਤੇ ਤੰਬੂ ਲਾ ਕੇ ਆਰਜ਼ੀ ਪਰ ਸੁੰਦਰ ਘਰ ਬਣਾਏ ਹੋਏ ਸਨ, ਜਿਨ੍ਹਾਂ ਵਿਚ ਰੌਸ਼ਨਦਾਨ ਤੇ ਖਿੜਕੀਆਂ ਵੀ ਸਨ। ਕੋਈ ਬਾਹਰ ਮੇਜ਼-ਕੁਰਸੀਆਂ ਲਾ ਕੇ ਖਾ-ਪੀ ਰਿਹਾ ਸੀ ਤੇ ਕੋਈ ‘ਰੱਬ ਦੇ ਕਾਲੀਨ’ ਉੱਤੇ ਬੈਠ ਕੇ। ਬੱਚੇ ਮਸਤੀ ਨਾਲ ਖੇਡ ਰਹੇ ਸਨ। ਪਹਾੜ ਦੇ ਬਿਲਕੁਲ ਨਾਲ ਲੱਗਵੇਂ ਹਰਿਆਲੀ ਭਰੇ ਥਾਂ ਉੱਤੇ ਕੁਝ ‘ਬੂਬੀਲ’ ਵੀ ਦੇਖਣ ਨੂੰ ਮਿਲੀਆਂ। ਨੋਰਵੀਯੀਅਨ ਭਾਸ਼ਾ ਵਿਚ ‘ਬੂ’ ਤੋਂ ਭਾਵ ਹੈ ਰਹਿਣਾ ਤੇ ‘ਬੀਲ’ ਤੋਂ ਗੱਡੀ। ਬੂਬੀਲ ਬਾਹਰੋਂ ਕਿਸੇ ਬੱਸ ਵਰਗੀ ਜਾਪਦੀ ਹੈ ਪਰ ਅੰਦਰੋਂ ਛੋਟਾ ਜਿਹਾ ਘਰ ਹੁੰਦਾ ਹੈ। ਇਹ ‘ਚੱਲਦਾ ਫਿਰਦਾ’ ਘਰ ਨਾਰਵੇ ਵਿਚ ਬਹੁਤ ਸਾਰੇ ਲੋਕਾਂ ਦੇ ਘਰਾਂ ਅੱਗੇ ਖੜ੍ਹਾ ਦਿਸਦਾ ਹੈ। ਇਸ ’ਚ ਅਗਲੇ ਪਾਸੇ ਰਸੋਈ ਤੇ ਪਿਛਲੇ ਪਾਸੇ ਛੋਟਾ ਜਿਹਾ ਗੁਸਲਖਾਨਾ (ਵਾਸ਼ਰੂਮ) ਵੀ ਹੁੰਦਾ ਹੈ। ਵਿਚਕਾਰ ਸੀਟਾਂ ਇਸ ਢੰਗ ਨਾਲ ਬਣੀਆਂ ਹੁੰਦੀਆਂ ਹਨ ਕਿ ਇਨ੍ਹਾਂ ’ਤੇ ਬੈਠਣ ਸਮੇਂ ਸੋਫਾ, ਸੌਣ ਵੇਲੇ ਆਰਾਮਦਾਇਕ ਬੈੱਡ ਅਤੇ ਖਾਣੇ ਸਮੇਂ ਖਾਣੇ ਵਾਲਾ ਮੇਜ਼ ਬਣ ਜਾਂਦਾ ਹੈ। ਇਹ ਲੋਕ ਪਰਿਵਾਰ ਸਮੇਤ ਇਸ ’ਚ ਜੰਗਲਾਂ ਤੇ ਪਹਾੜਾਂ ਵਿੱਚ ਖ਼ਾਸ ਤੌਰ ’ਤੇ ਕਿਸੇ ਨਦੀ ਜਾਂ ਦਰਿਆ ਕਿਨਾਰੇ ਡੇਰਾ ਲਾ ਲੈਂਦੇ ਹਨ। ਮੈਂ ਬੂਬੀਲ ਅੰਦਰ ਵੜ ਕੇ ਪੂਰਾ ਨਿਰੀਖਣ ਕੀਤਾ। ਉਸ ਦੇ ਮਾਲਕ ਨੇ ਮੈਨੂੰ ਦੱਸਿਆ ਕਿ ਅਸੀਂ ਕਈ-ਕਈ ਦਿਨ ਆਪਣੇ ਇਸ ਘਰ ’ਚ ਸ਼ਹਿਰੋਂ ਦੂਰ ਸ਼ਾਂਤ ਵਾਤਾਵਰਣ ਵਿਚ ਬਿਤਾਉਂਦੇ ਹਾਂ। ਇਹ ਲੋਕ ਆਪਣੀਆਂ ਬਹੁਤੀਆਂ ਛੁੱਟੀਆਂ ਆਪਣੀ ਬੂਬੀਲ ’ਚ ਬਾਹਰ ਰਹਿ ਕੇ ਗੁਜ਼ਾਰਦੇ ਹਨ। ਕਈ ਲੋਕਾਂ ਨੇ ਬੂਬੀਲ ਦੇ ਪਿੱਛੇ ਛੋਟੀ ਜਿਹੀ ਟਰਾਲੀ ਲਗਾਈ ਹੁੰਦੀ ਹੈ, ਜਿਸ ਨੂੰ ਉਹ ‘ਤਿਲ ਹੈਂਗਰ’ ਕਹਿੰਦੇ ਹਨ। ਬਹੁਤੇ ਦਿਨ ਰਹਿਣ ਲਈ ਇਹ ਉਸ ਵਿਚ ਆਪਣੀਆਂ ਤੰਬੋਟੀਆਂ ਜਾਂ ਹੋਰ ਸਾਮਾਨ ਰੱਖ ਲੈਂਦੇ ਹਨ। ਇਕ ਹੋਰ ਗੱਲ ਦੇਖਣ ’ਚ ਆਉਂਦੀ ਹੈ ਕਿ ਬੂਬੀਲ ਜ਼ਿਆਦਾਤਰ ਗੋਰਿਆਂ ਕੋਲ ਹੀ ਹੁੰਦੀ ਹੈ, ਆਪਣੇ ਲੋਕਾਂ ਕੋਲ ਨਹੀਂ ਦੇਖੀ। ਇਸ ਦਾ ਕਾਰਨ ਇਹ ਜਾਪਦਾ ਹੈ ਕਿ ਸਾਡੇ ਲੋਕ ਇਨ੍ਹਾਂ ਵਾਂਗੂੰ ਮਸਤ-ਮਲੰਗਾਂ ਵਾਲਾ ਜੀਵਨ ਨਹੀਂ ਜਿਉਂਦੇ। ਉਨ੍ਹਾਂ ਲੋਕਾਂ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਸਾਡੇ ਲੋਕਾਂ ਨਾਲੋਂ ਬਹੁਤ ਵੱਖਰਾ ਹੈ। ਇਹ ਵਰਤਮਾਨ ਵਿਚ ਜਿਉਂਦੇ ਹਨ। ਨਾ ਅਤੀਤ ਪਰਛਾਵਾਂ ਇਨ੍ਹਾਂ ਦੇ ਮਨਾਂ ਉੱਤੇ ਹੁੰਦਾ ਹੈ ਤੇ ਨਾ ਭਵਿੱਖ ਦਾ ਫ਼ਿਕਰ ਕਰਦੇ ਹਨ।
ਕਣ-ਕਣ ’ਚ ਵਸਿਆ ਜਾਪਦਾ ਸਿਰਜਣਹਾਰਾ
ਅਗਸਤ ਮਹੀਨੇ ’ਚ ਅਸੀਂ ਭਾਰੇ ਗਰਮ ਕੋਟ-ਜੈਕੇਟਾਂ ਪਹਿਨ ਕੇ ਵੀ ਕੰਬ ਰਹੇ ਸਾਂ ਪਰ ਇਹ ਵਿਦੇਸ਼ੀ ਲੋਕ ਆਮ ਕੱਪੜਿਆਂ ਵਿਚ ਤੁਰੇ ਫਿਰਦੇ ਸਨ। ਅਸੀਂ ਕਿੰਨੀ ਹੀ ਦੇਰ ਕਾਦਰ ਦੇ ਕ੍ਰਿਸ਼ਮਿਆਂ ਨੂੰ ਦੇਖਦੇ ਹੋਏ ਇਹ ਭੁੱਲ ਗਏ ਕਿ ਵਾਪਸ ਵੀ ਜਾਣਾ ਹੈ। ਪਿੰਡ ਦੇ ਇਕ ਪਾਸੇ ਬੱਦਲਾਂ ਨੇ ਪਹਾੜਾਂ ਨੂੰ ਸੁਰਮਈ ਸਾਲੂ ਵਾਂਗ ਕੱਜਿਆ ਹੋਇਆ ਸੀ। ਕਿਣਮਿਣ ਵਿਚ ਭਿੱਜਦੇ ਵੀ ਅਸੀਂ ਉੱਥੋਂ ਤੁਰਨਾ ਨਹੀਂ ਸੀ ਚਾਹੁੰਦੇ। ਦੂਜੇ ਪਾਸੇ ਕੋਲੋਂ ਲੰਘਦੀ ਨਦੀ, ਚਾਰੇ ਪਾਸੇ ਹਰਿਆਲੀ ਵਿਚ ਖਿੜੇ ਰੰਗ-ਬਿਰੰਗੇ ਫੁੱਲ ਅਤੇ ਨਦੀ ਦੇ ਨਾਲ ਲੱਗਵੇਂ ਪਹਾੜ ਵਾਲੇ ਅਲੌਕਿਕ ਦ੍ਰਿਸ਼ ਨੇ ਪੈਰਾਂ ਦੇ ਨਾਲ ਸੁਰਤੀ-ਬਿਰਤੀ ਨੂੰ ਵੀ ਕੀਲ ਲਿਆ ਸੀ। ਆਲੇ-ਦੁਆਲੇ ਦੇਖਦੀ ਮੈਂ ਸੋਚਦੀ ਰਹੀ ਕਿ ਇਸ ਮੁਲਕ ਉੱਤੇ ਕੁਦਰਤ ਕਿੰਨੀ ਮਿਹਰਬਾਨ ਹੈ। ਨਾ ਉੱਥੇ ਕੋਈ ਖ਼ਰੀਦੋ-ਫ਼ਰੋਖਤ ਕਰਨ ਵਾਲਾ ਬਾਜ਼ਾਰ ਸੀ ਤੇ ਨਾ ਕੋਈ ਦੇਖਣ ਵਾਲੀ ਖ਼ਾਸ ਥਾਂ ਪਰ ਇਹ ਪਿੰਡ ਸਾਰੇ ਦਾ ਸਾਰਾ ਹੀ ਸਾਡੇ ਲਈ ਖ਼ਾਸਕਰ ਮੇਰੇ ਲਈ ਦਿਲ ਨੂੰ ਧੂਹ ਪਾਉਣ ਵਾਲਾ ਸੀ। ਜ਼ਿੰਦਗੀ ਦੇ ਸਫ਼ਰ ਵਿਚ ਅਜਿਹੇ ਪੜਾਅ ਸਬੱਬ ਨਾਲ ਹੀ ਆਉਂਦੇ ਹਨ, ਜਿੱਥੇ ਰੁਕ ਕੇ ਅਸੀਂ ਆਪੇ ਨੂੰ ਕੁਦਰਤ ਅਤੇ ਕਾਦਰ ਦੇ ਬਹੁਤ ਨੇੜੇ ਹੋ ਕੇ ਮਾਣਦੇ ਹਾਂ। ਇਹ ਧਰਤ ਸਾਨੂੰ ਸੱਚੀਂ ਸੁਹਾਵੀ ਜਾਪਦੀ ਹੈ। ਇਸ ਦੇ ਕਣ-ਕਣ ’ਚ ਸਾਨੂੰ ਸਿਰਜਣਹਾਰਾ ਵਸਿਆ ਜਾਪਦਾ ਹੈ। ਕਾਇਨਾਤ ਨੇ ਇਸ ਪਿੰਡ ਨੂੰ ਇਉਂ ਆਪਣੀ ਗੋਦ ਵਿਚ ਲਿਆ ਹੋਇਆ ਹੈ, ਜਿਵੇਂ ਮਾਂ ਆਪਣੇ ਨਿੱਕੇ ਜਿਹੇ ਬਾਲ ਨੂੰ ਸੀਨੇ ਨਾਲ ਲਾਈ ਬੈਠੀ ਹੋਵੇ। ਕੁਦਰਤ ਦਾ ਕਰਮ ਹੈ ਕਿ ਉਸ ਨੇ ਇਨ੍ਹਾਂ ਲੋਕਾਂ ਨੂੰ ਵੀ ਰੱਜਵੀਂ ਖ਼ੂਬਸੂਰਤੀ ਬਖ਼ਸ਼ੀ ਹੈ। ਇਸ ਖ਼ੂਬਸੂਰਤ ਵਾਦੀ ਵਿਚ ਵਸੇ ਪਿੰਡ ਨੂੰ ਦੇਖ-ਦੇਖ ਰੂਹ ਨੂੰ ਰੱਜ ਨਹੀਂ ਸੀ ਆ ਰਿਹਾ ਪਰ ਬੱਚੇ ਹੋਰ ਪਾਸੇ ਵੀ ਘੁੰਮਣਾ ਚਾਹੁੰਦੇ ਸਨ। ਭਾਈ ਗੁਰਦਾਸ ਜੀ ਦੀ ਉਚਾਰੀ ਤੁਕ ਨਾਲ ਮਨ ਨੂੰ ਸਮਝਾਉਂਦਿਆਂ ਮੈਂ ਵੀ ਕਾਰ ’ਚ ਆ ਬੈਠੀ ਕਿ, ‘ਅਖਿ ਵੇਖਿ ਨ ਰਜੀਆਂ, ਬਹੁ ਰੰਗ ਤਮਾਸੇ।’
ਰੂਹ ਨੂੰ ਨਸ਼ਿਆ ਦਿੰਦਾ ਝਰਨਿਆਂ ਦਾ ਸੰਗੀਤ
ਰਸਤੇ ਵਿਚ ਅਸੀਂ ਇਕ ਪਹਾੜੀ ਝਰਨੇ ਕੋਲੋਂ ਲੰਘੇ ਸੀ ਪਰ ਬਹੁਤ ਭੀੜ ਹੋਣ ਕਾਰਨ ਅਸੀਂ ਚਾਹੁੰਦੇ ਹੋਏ ਵੀ ਉੱਥੇ ਰੁਕ ਨਾ ਸਕੇ ਕਿਉਂਕਿ ਕਾਰਾਂ ਖੜ੍ਹੀਆਂ ਕਰਨ ਲਈ ਕਾਫ਼ੀ ਦੂਰ ਤੱਕ ਥਾਂ ਨਹੀਂ ਸੀ। ਵਾਪਸੀ ਸਮੇਂ ਅਸੀਂ ਉਥੇ ਰੁਕ ਗਏ। ਸਾਨੂੰ ਕੁਦਰਤ ਦਾ ਸੁਹੱਪਣ ਇਉਂ ਰੋਕ ਲੈਂਦਾ, ਜਿਵੇਂ ਕਿਸੇ ਮੁਕੱਦਸ ਸਥਾਨ ਨੂੰ ਦੇਖ ਕੇ ਮੱਲੋਮੱਲੀ ਸਿਰ ਝੁਕ ਜਾਂਦਾ ਹੈ। ਪਹਾੜ ਦੇ ਪੈਰਾਂ ਵਿੱਚੋਂ ਲੰਘਦੀ ਸੜਕ ਕਿਨਾਰੇ ‘ਲੋਤੇਫਾਸ’ ਨਾਂ ਦੇ ਝਰਨੇ ਨੇ ਸਾਨੂੰ ਰੋਕ ਲਿਆ। ਨਦੀ ਉੱਤੇ ਬਣੇ ਪੁਲ ਦੇ ਬਿਲਕੁਲ ਨਾਲ ਇਸ ਝਰਨੇ ਦਾ ਪਾਣੀ ਡਿੱਗਦਾ ਸੀ। ਦਰਅਸਲ ਪਰਬਤ ਦੀ ਚੋਟੀ ਤੋਂ ਆਪਸ ਵਿਚ ਦੋ-ਤਿੰਨ ਕੁ ਮੀਟਰ ਦੀ ਵਿੱਥ ਨਾਲ ਚਾਂਦੀ ਰੰਗੇ ਪਾਣੀ ਦੇ ਦੋ ਝਰਨੇ ਫੁੱਟਦੇ ਹਨ। ਬਹੁਤ ਜ਼ੋਰ ਸ਼ੋਰ ਨਾਲ ਵਗਦੇ ਇਹ ਝਰਨੇ ਪਹਾੜ ਦੇ ਪੈਰਾਂ ਵਿਚ ਵਗਦੀ ਨਦੀ ਕੋਲ ਆ ਕੇ ਪੱਥਰਾਂ ਨਾਲ ਟਕਰਾਉਂਦੇ ਇਕ-ਦੂਜੇ ਵਿਚ ਵਿਲੀਨ ਹੋ ਕੇ ਨਦੀ ਵਿੱਚ ਸਮਾ ਜਾਂਦੇ ਹਨ। ਇਨ੍ਹਾਂ ਝਰਨਿਆਂ ਦਾ ਸੰਗੀਤ ਰੂਹ ਨੂੰ ਨਸ਼ਿਆ ਦਿੰਦਾ ਹੈ।
ਸੈਲਾਨੀਆਂ ਲਈ ਸਹੂਲਤ
ਸੈਲਾਨੀਆਂ ਦੀ ਸਹੂਲਤ ਤੇ ਆਵਾਜਾਈ ਦੇ ਸਹੀ ਢੰਗ ਨਾਲ ਚੱਲਣ ਲਈ ਪੁਲ ਦੇ ਦੋਵੇਂ ਪਾਸੇ ਸੁਰੱਖਿਆ ਕਰਮਚਾਰੀ ਥੋੜ੍ਹੀ ਦੇਰ ਇਕ ਪਾਸਿਓਂ ਤੇ ਫਿਰ ਦੂਜੇ ਪਾਸਿਓਂ ਵਾਹਨਾਂ ਨੂੰ ਰੋਕ ਰੱਖਦੇ ਹਨ ਤਾਂ ਜੋ ਪੁਲ ਦੇ ਉੱਪਰ ਅਤੇ ਨੇੜੇ ਖੜ੍ਹੇ ਲੋਕਾਂ ਦੇ ਮਨੋਰੰਜਨ ਵਿਚ ਕੋਈ ਵਿਘਨ ਨਾ ਪਵੇ। ਅਸੀਂ ਪੁਲ ਉੱਪਰ ਖੜ੍ਹੇ ਕੁਦਰਤ ਦੇ ਕ੍ਰਿਸ਼ਮੇ ਨੂੰ ਦੇਖਦੇ ਮੰਤਰ-ਮੁਗਧ ਹੋ ਰਹੇ ਸੀ। ਝਰਨਿਆਂ ਵਾਲੇ ਪਹਾੜ ਦੀ ਚੋਟੀ ਉੱਤੇ ਗਿਣਤੀ ਦੇ ਕੁਝ ਪੇੜ ਇਉਂ ਸਜੇ ਹੋਏ ਸਨ, ਜਿਵੇਂ ਕਿਸੇ ਰਾਜੇ ਦਾ ਮੁਕਟ ਹੋਵੇ। ਮੈਂ ਇਕ ਬੈਂਚ ਉੱਤੇ ਬੈਠੀ ਕਰਤਾ ਦੇ ਵਰਤਾਰਿਆਂ ਨੂੰ ਦੇਖਦੀ ਕੁਰਬਾਨ ਜਾਂਦੀ ਸੋਚ ਰਹੀ ਸਾਂ ਕਿ ਦੂਰੋਂ ਚਾਂਦੀ ਵਾਂਗ ਚਮਕਦਾ ਐਨਾ ਪਾਣੀ ਪਰਬਤ ਦੀ ਚੋਟੀ ਤੋਂ ਕਿਸ ਸੋਮੇ ਵਿੱਚੋਂ ਫੁੱਟ ਰਿਹਾ ਹੈ? ਕਿੱਥੇ ਛੁਪਿਆ ਬੈਠਾ ਇੰਦਰ ਦੇਵਤਾ ਪਾਣੀ ਦੀਆਂ ਇਹ ਅਮੁੱਕ ਪੰਡਾਂ ਖੋਲ੍ਹ ਰਿਹਾ ਹੈ? ਮੇਰੀ ਸੋਚ ਇੱਥੇ ਆ ਕੇ ਰੁਕ ਜਾਂਦੀ ਕਿ ‘ਤੇਰਾ ਅੰਤੁ ਨ ਪਾਰਾਵਾਰਿਆ।’
ਯਾਦਗਾਰੀ ਪਲਾਂ ਨੂੰ ਕੈਮਰੇ ’ਚ ਸਾਂਭ ਰਹੇ ਸਨ ਬੱਚੇ
ਬੱਚੇ ਝਰਨੇ ਦੇ ਨਾਲ ਲੱਗਦੇ ਪੱਥਰਾਂ ਉਪਰੋਂ ਲੰਘਦੇ ਪਹਾੜ ਦੀ ਢਲਾਣ ਉੱਤੇ ਖੜ੍ਹੇ ਇਨ੍ਹਾਂ ਯਾਦਗਾਰੀ ਪਲਾਂ ਨੂੰ ਕੈਮਰੇ ਵਿੱਚ ਸਾਂਭ ਰਹੇ ਸਨ। ਪਹਾੜਾਂ-ਪੱਥਰਾਂ ਉੱਤੇ ਚੜ੍ਹਨ ਲਈ ਇਹ ਸਥਾਨਕ ਲੋਕ ਸਾਡੇ ਲੋਕਾਂ ਨਾਲੋਂ ਵੱਧ ਫੁਰਤੀਲੇ ਦਿਸ ਰਹੇ ਸਨ। ਸਾਡੇ ਪਰਿਵਾਰ ਨੂੰ ਉਹ ਹੈਰਾਨ ਹੁੰਦੇ ਧਿਆਨ ਨਾਲ ਦੇਖ ਰਹੇ ਸਨ। ਮੇਰਾ ਪਹਿਨਿਆ ਪੰਜਾਬੀ ਸੂਟ ਤੇ ਦੁਪੱਟਾ, ਦੋਹਤੇ ਅਤੇ ਦਾਮਾਦ ਦੇ ਬੰਨ੍ਹੀਆਂ ਸੋਹਣੀਆਂ ਪੱਗਾਂ ਦੇ ਨਾਲ ਦੋਹਤੀਆਂ ਦੀਆਂ ਗਜ਼-ਗਜ਼ ਲੰਮੇ ਕਾਲੇ ਸ਼ਾਹ ਵਾਲ ਉਨ੍ਹਾਂ ਸੁਨਹਿਰੇ-ਭੂਰੇ ਵਾਲਾਂ ਵਾਲੇ ਗੋਰਿਆਂ ਨੂੰ ਹੈਰਾਨ ਕਰ ਰਹੇ ਸਨ। ਉੱਥੇ ਇਕ ਛੋਟੀ ਜਿਹੀ ਦੁਕਾਨ ਵੀ ਸੀ, ਜਿਸ ਵਿੱਚੋਂ ਸੈਲਾਨੀ ਤੋਹਫ਼ੇ ਖ਼ਰੀਦ ਰਹੇ ਸਨ। ਅਸੀਂ ਵੀ ਉੱਥੋਂ ਚਾਬੀਆਂ ਵਾਲੇ ਛੱਲੇ ਤੇ ਪੈੱਨ ਖ਼ਰੀਦੇ। ਦੁਕਾਨ ਵਾਲੀ ਗੋਰੀ ਨੇ ਮੇਰੀਆਂ ਦੋਹਤੀਆਂ ਦੇ ਵਾਲਾਂ ਨੂੰ ਹੱਥਾਂ ’ਚ ਲੈ ਕੇ ਬੜੇ ਪਿਆਰ ਨਾਲ ਪੁੱਛਿਆ ਕਿ ਤੁਸੀਂ ਵਾਲਾਂ ਲਈ ਕਿਹੜਾ ਸ਼ੈਂਪੂ ਤੇ ਤੇਲ ਵਰਤਦੀਆਂ ਹੋ? ਆਪਣੀਆਂ ਜੜ੍ਹਾਂ ਨਾਲ ਜੁੜੇ ਸਾਡੇ ਬੱਚੇ ਸਾਡਾ ਮਾਣ ਬਣਦੇ ਹਨ। ਸੋਹਣੀਆਂ ਯਾਦਾਂ ਤੇ ਸੁੰਦਰ ਨਜ਼ਾਰਿਆਂ ਨੂੰ ਜ਼ਿਹਨ ਵਿਚ ਸਾਂਭੀ ਅਸੀਂ ਮੁੜ-ਮੁੜ ਪਿੱਛੇ ਨੂੰ ਦੇਖਦੇ ਆਪਣੇ ਆਲ੍ਹਣੇ ਵੱਲ ਤੁਰ ਪਏ।
- ਪਰਮਜੀਤ ਕੌਰ ਸਰਹਿੰਦ