ਭਾਰਤ ਦੇ ਉੱਤਰ-ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ਦਾ ਖ਼ੂਬਸੂਰਤ ਜ਼ਿਲ੍ਹਾ ਹੈ ਤਾਵਾਂਗ। ਹਰੀਆਂ-ਭਰੀਆਂ ਪਹਾੜੀਆਂ ਨਾਲ ਘਿਰੇ ਤਾਵਾਂਗ ਨੂੰ ਇਕ ਪਾਸੇ ਚੀਨ ਲੱਗਦਾ ਹੈ ਤੇ ਦੱਖਣ-ਪੱਛਮ ਵਿਚ ਭੁਟਾਨ ਦੀ ਸੀਮਾ ਲੱਗਦੀ ਹੈ। ਤਾਵਾਂਗ ਦਾ ਅਰਥ ਸਮਝੀਏ ਤਾਂ ‘ਤਾ’ ਮਤਲਬ ਘੋੜਾ ਅਤੇ ‘ਵਾਂਗ’ ਚੁਣੀ ਹੋਈ ਜਗ੍ਹਾ ਨੂੰ ਕਿਹਾ ਜਾਂਦਾ ਹੈ।

ਭਾਰਤ ਦੇ ਉੱਤਰ-ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ਦਾ ਖ਼ੂਬਸੂਰਤ ਜ਼ਿਲ੍ਹਾ ਹੈ ਤਾਵਾਂਗ। ਹਰੀਆਂ-ਭਰੀਆਂ ਪਹਾੜੀਆਂ ਨਾਲ ਘਿਰੇ ਤਾਵਾਂਗ ਨੂੰ ਇਕ ਪਾਸੇ ਚੀਨ ਲੱਗਦਾ ਹੈ ਤੇ ਦੱਖਣ-ਪੱਛਮ ਵਿਚ ਭੁਟਾਨ ਦੀ ਸੀਮਾ ਲੱਗਦੀ ਹੈ। ਤਾਵਾਂਗ ਦਾ ਅਰਥ ਸਮਝੀਏ ਤਾਂ ‘ਤਾ’ ਮਤਲਬ ਘੋੜਾ ਅਤੇ ‘ਵਾਂਗ’ ਚੁਣੀ ਹੋਈ ਜਗ੍ਹਾ ਨੂੰ ਕਿਹਾ ਜਾਂਦਾ ਹੈ। ਮੁਕੰਮਲ ਅਰਥ ‘ਘੋੜੇ ਵੱਲੋਂ ਚੁਣੀ ਜਗ੍ਹਾ’ ਹੈ, ਜਿਸ ਦੇ ਪਿੱਛੇ ਇਕ ਮਿੱਥ ਕੰਮ ਕਰਦੀ ਹੈ। ਲੇਹ-ਲੱਦਾਖ ਦੇ ਥਿਕਸੇ ਮੱਠ ਵਾਂਗ ਤਾਵਾਂਗ ਵੀ 10 ਹਜ਼ਾਰ ਫੁੱਟ ਉੱਚੀ ਪਹਾੜੀ ਉਪਰ ਸਥਿਤ ਹੈ। ਇੱਥੋਂ ਦੀ ਬਹੁਤੀ ਵਸੋਂ ਬੁੱਧ ਧਰਮ ਦੀ ਅਨੁਯਾਈ ਮੋਨਪਾ ਜਾਤੀ ਦੀ ਹੈ। 2011 ਦੀ ਜਨਗਣਨਾ ਅਨੁਸਾਰ ਵਸੋਂ ਸਿਰਫ਼ 50 ਹਜ਼ਾਰ ਸੀ, ਜਿਸ ’ਚ 70 ਫ਼ੀਸਦੀ ਬੋਧੀ ਸਨ। ਇਹ ਗਿਣਤੀ ਹੁਣ ਜ਼ਿਆਦਾ ਹੋਵੇਗੀ।

ਭਾਰਤ ਦਾ ਸਭ ਤੋਂ ਵੱਡਾ ਬੋਧੀ ਮੱਠ
ਤਿੱਬਤ ਦੇ ਲ੍ਹਾਸਾ ਦੇ ਪੋਟਾਲਾ ਪੈਲੇਸ ਤੋਂ ਬਾਅਦ ਵਿਸ਼ਵ ਦਾ ਦੂਜਾ ਅਤੇ ਭਾਰਤ ਦਾ ਸਭ ਤੋਂ ਵੱਡਾ ਬੋਧੀ ਮੱਠ ਹੈ ਤਾਵਾਂਗ ਮੱਠ। ਮੱਠ ਬੁੱਧ ਧਰਮ ਦੇ ਅਨੁਯਾਈਆਂ ਲਈ ਆਪਣੇ ਇਸ਼ਟ ਯਾਨਿ ਬੁੱਧ ਧਰਮ ਦੀ ਪੂਜਾ ਸਾਧਨਾ ਕਰਕੇ ਅੰਤਰ ਧਿਆਨ ਹੋਣ ਦਾ ਪਵਿੱਤਰ ਸਥਾਨ ਹੈ। 1680-81 ’ਚ ਲੋਦਰੇ ਗਿਆਤਸੂ ਨੇ ਆਪਣੇ ਸਮਕਾਲੀ ਪੰਜਵੇਂ ਦਲਾਈਲਾਮਾ ਦੀ ਇੱਛਾ ਅਨੁਸਾਰ ਇਸ ਦੀ ਨੀਂਹ ਰੱਖੀ ਸੀ। ਤਾਵਾਂਗ ਮੱਠ ਤਿੱਬਤੀ ਤੇ ਭਾਰਤੀ ਭਵਨ ਸ਼ੈਲੀ ਦੇ ਸੁਮੇਲ ਨਾਲ ਪਹਾੜੀ ’ਤੇ ਬਣਾਇਆ ਗਿਆ ਹੈ। 282 ਮੀਟਰ ਦੇ ਘੇਰੇ ’ਚ ਬਣੇ ਇਸ ਮੱਠ ਵਿਚ 65 ਰਿਹਾਇਸ਼ੀ ਇਮਾਰਤਾਂ ਹਨ। ਇਥੋਂ ਦੇ ਪ੍ਰਮੁੱਖ ਲਾਮਾ ਨੇ ਦੱਸਿਆ ਕਿ ਮੱਠ ਵਿਚ 700 ਦੇ ਕਰੀਬ ਭਿਖਸ਼ੂ ਆਰਾਮ ਨਾਲ ਰਹਿ ਸਕਦੇ ਹਨ ਪਰ ਇਸ ਵੇਲੇ ਤਕਰੀਬਨ 450 ਭਿਖਸ਼ੂ ਹੀ ਰਿਹਾਇਸ਼ ਕਰ ਰਹੇ ਹਨ। ਇਸ ਮੱਠ ਚ 17 ਗੋਂਪਾ ਹਨ। ਇਹ ਮੱਠ ਲੇਹ ਦੇ ਥਿਕਸੇ ਮੱਠ ਦੀ ਤਰ੍ਹਾਂ ਗੇਲੁਗ ਸੰਪਰਦਾਇ ਨਾਲ ਜੁੜਿਆ ਹੈ। ਸੁਰੱਖਿਆ ਦੇ ਪੱਖ ਤੋਂ ਇਸ ਮੱਠ ਨੂੰ ਇਕ ਉੱਚੀ ਪਹਾੜੀ ’ਤੇ ਕਿਲ੍ਹੇਨੁਮਾ ਬਣਾਇਆ ਗਿਆ ਹੈ। 1914 ਤਕ ਇਹ ਖਿੱਤਾ ਤਿੱਬਤ ਦੇ ਕੰਟਰੋਲ ਅਧੀਨ ਸੀ ਪਰ 1913-14 ਦੇ ਸ਼ਿਮਲਾ ਸਮਝੌਤੇ ਤਹਿਤ ਇਹ ਖੇਤਰ ਬ੍ਰਿਟਿਸ਼ ਰਾਜ ਅਧੀਨ ਆ ਗਿਆ। 1962 ਵਿਚ ਚੀਨ ਨੇ ਹਮਲਾ ਕਰ ਕੇ ਤਾਵਾਂਗ ਨੂੰ ਆਪਣੇ ਕਬਜ਼ੇ ਚ ਲੈ ਲਿਆ ਸੀ। ਚੀਨ ਦਾ ਕਬਜ਼ਾ ਲਗਪਗ ਛੇ ਮਹੀਨੇ ਰਿਹਾ। ਲੜਾਈ ਤੋਂ ਪਹਿਲਾਂ ਚੌਦਵੇਂ ਦਲਾਈਲਾਮਾ ਨੇ ਜਦੋਂ ਤਿੱਬਤ ਛੱਡਿਆ ਤਾਂ ਉਹ 31 ਮਾਰਚ 1959 ਨੂੰ ਭਾਰਤ ਪ੍ਰਵੇਸ਼ ਕਰ ਗਏ। ਤੇਜ਼ਪੁਰ ਜਾਣ ਤੋਂ ਪਹਿਲਾਂ ਕੁਝ ਦਿਨ ਉਹ ਤਾਵਾਂਗ ਦੇ ਇਸ ਮੱਠ ਚ ਹੀ ਠਹਿਰੇ ਸਨ। ਇਸੇ ਕਰਕੇ ਇਸ ਮੱਠ ਦੀ ਮਾਨਤਾ ਬਹੁਤ ਹੈ।
ਪ੍ਰਸ਼ਾਸਨ ਕੋਲੋਂ ਪਰਮਿਟ ਲੈਣਾ ਪੈਂਦਾ
ਅਸੀਂ ਦਿੱਲੀ ਤੋਂ ਜਹਾਜ਼ ਰਾਹੀਂ ਤੜਕੇ ਗੁਹਾਟੀ ਪਹੁੰਚਣ ਤੇ ਕਾਮਾਖਿਆ ਮੰਦਰ ਜਾ ਕੇ ਰਾਤ ਉਫਨਦੀ ਬ੍ਰਹਮਪੁੱਤਰ ਨਦੀ ’ਤੇ ਕਰੂਜ਼ ਦਾ ਆਨੰਦ ਮਾਣਨ ਉਪਰੰਤ ਸਵੇਰੇ ਅਸਾਮ ਦੇ ਤੇਜ਼ਪੁਰ ਵੱਲ ਚਾਲੇ ਪਾ ਦਿੱਤੇ। ਤੇਜ਼ਪੁਰ ਗੁਹਾਟੀ ਤੋਂ 185 ਕਿਲੋਮੀਟਰ ਦੀ ਦੂਰੀ ’ਤੇ ਹੈ। ਚਾਰੇ ਪਾਸੇ ਹਰਿਆਲੀ ਤਾਂ ਬਹੁਤ ਦਿਖਾਈ ਦਿੰਦੀ ਹੈ ਪਰ ਬਾਰਿਸ਼ ਕਰਕੇ ਹੁੰਮਸ ਜ਼ਿਆਦਾ ਹੈ। ਤੇਜ਼ਪੁਰ ਤੋਂ ਤਾਵਾਂਗ ਕੋਈ ਸਾਢੇ ਤਿੰਨ ਸੌ ਕਿਲੋਮੀਟਰ ਅਰੁਣਾਚਲ ਰਾਜ ਚ ਪੈਂਦਾ ਹੈ। ਤਾਵਾਂਗ ਅਤੇ ਉਪਰ ਗੁਰਦੁਆਰਾ ਤੀਸਰੀ ਉਦਾਸੀ ਤੇ ਚੀਨ ਸੀਮਾ ਤਕ ਜਾਣ ਲਈ ਪ੍ਰਸ਼ਾਸਨ ਕੋਲੋਂ ਪਰਮਿਟ ਲੈਣਾ ਪੈਂਦਾ ਹੈ। ਅਰੁਣਾਚਲ ਪ੍ਰਦੇਸ਼ ਦਾ ਬਾਰਡਰ ਆਉਂਦਿਆਂ ਪਹਾੜੀ ਰਸਤਾ ਸ਼ੁਰੂ ਹੋ ਜਾਂਦਾ ਹੈ, ਜਿਸ ਕਰਕੇ ਤਾਵਾਂਗ ਇਕ ਦਿਨ ਵਿਚ ਪੁੱਜਣਾ ਬਹੁਤ ਔਖਾ ਹੈ। ਰਸਤੇ ’ਚ ਛੋਟੀਆਂ-ਛੋਟੀਆਂ ਨਦੀਆਂ, ਝਰਨਿਆਂ ਦਾ ਨਜ਼ਾਰਾ ਲੈਂਦਿਆਂ ਰਾਤ ਦੀਰਾਂਘ ਰੁਕ ਕੇ ਅਗਲੇ ਦਿਨ ਸ਼ਾਮ ਤਾਵਾਂਗ ਪਹੁੰਚੇ।
ਤਿੱਬਤੀ ਭਵਨ ਕਲਾ ਸ਼ੈਲੀ ’ਚ ਬਣਿਆ ਝੌਂਪੜੀਨੁਮਾ ਦਰਵਾਜ਼ਾ
ਤਾਵਾਂਗ ਦੇ ਆਈਟੀਬੀਪੀ ਅਫ਼ਸਰ ਮੈਸ ਤੋਂ ਨਿਕਲੇ ਤਾਂ ਵਲ਼-ਵਲ਼ੇਵੇਂ ਖਾਂਦੀ ਸੜਕ ਤੋਂ ਪਹਾੜੀ ਦੇ ਬਿਲਕੁਲ ਉਪਰ ਪਹੁੰਚ ਗਏ ਤਾਂ ਤਿੱਬਤੀ ਭਵਨ ਕਲਾ ਸ਼ੈਲੀ ’ਚ ਬਣਿਆ ਇਕ ਰੰਗ-ਬਿਰੰਗਾ ਵਿਸ਼ਾਲ ਝੌਂਪੜੀਨੁਮਾ ਦਰਵਾਜ਼ਾ, ਜਿਸ ਨੂੰ ਤਿੱਬਤੀ ਭਾਸ਼ਾ ਵਿੱਚ ਕਾਕਾਲਿੰਗ ਕਹਿੰਦੇ ਹਨ, ਅੰਦਰ ਆਉਣ ਲਈ ਸਵਾਗਤ ਕਰਦਾ ਹੈ। ਕਾਕਾਲਿੰਗ ਦੀ ਦੱਖਣੀ ਕੰਧ ’ਤੇ ਨਿੰਗਮੇਕਹਨ ਦਾ ਚਿੱਤਰ ਵਿਸ਼ੇਸ਼ ਤੌਰ ’ਤੇ ਚਿਤਰਿਆ ਗਿਆ ਹੈ। ਸਥਾਨਕ ਨਿਵਾਸੀਆਂ ਦਾ ਮੰਨਣਾ ਹੈ ਕਿ ਇਹ ਤਾਵਾਂਗ ਦਾ ਰੱਖਿਅਕ ਹੈ। ਕਾਕਾਲਿੰਗ ਦੀਆਂ ਕੰਧਾਂ ’ਤੇ ਚਿੱਤਰ ਰੂਪ ’ਚ ਬਣੇ ਬੋਧੀਸਤਵ ਤੇ ਸੰਤਾਂ ਦੇ ਚਿੱਤਰ ਦੇਖ ਕੇ ਇੰਜ ਲੱਗਦਾ ਹੈ ਕਿ ਜਿਵੇਂ ਉਹ ਆਸ਼ੀਰਵਾਦ ਦੇ ਰਹੇ ਹੋਣ। ਅਜਿਹੇ ਰੰਗ-ਬਿਰੰਗੇ ਕਾਕਾਲਿੰਗ ਮੈਂ ਲੱਦਾਖ ਦੇ ਮੱਠਾਂ ਵਿਚ ਵੀ ਵੇਖੇ ਸਨ। ਦੋ ਵਾਰ ਲੱਦਾਖ ਜਾ ਕੇ ਇਨ੍ਹਾਂ ਮੱਠਾਂ ਨੂੰ ਦੇਖਣ ’ਤੇ ਮਨ ’ਚ ਖ਼ਾਹਿਸ਼ ਸੀ ਕਿ ਭਾਰਤ ਦਾ ਸਭ ਤੋਂ ਵੱਡਾ ਮੱਠ ਤੇ ਉਸ ਦੇ ਕੰਧ ਚਿੱਤਰ ਦੇਖੇ ਜਾਣ। ਅਫ਼ਸਰ ਭਰਾ ਐੱਸਐੱਸ ਗਿੱਲ ਦੀ ਮਿਹਰਬਾਨੀ ਨਾਲ ਖ਼ਾਹਿਸ਼ ਨੂੰ ਬੂਰ ਪਿਆ ਤਾਂ ਕਾਕਾਲਿੰਗ ਤੋਂ ਅੰਦਰ ਦਾਖ਼ਲ ਹੁੰਦਿਆਂ ਮੱਠ ਦੇ ਪ੍ਰਮੁੱਖ ਲਾਮਾ ਸਫ਼ੈਦ ਰੰਗ ਦੇ ਬੋਧੀ ਸਿਰੋਪਾਓ ਲੈ ਕੇ ਜੀ ਆਇਆਂ ਲਈ ਖੜ੍ਹੇ ਸਨ। ਉਨ੍ਹਾਂ ਦਾ ਸਤਿਕਾਰ ਪ੍ਰਵਾਨ ਕਰਦਿਆਂ ਜਦੋਂ ਅਸੀਂ ਮੁੱਖ ਪ੍ਰਾਰਥਨਾ ਹਾਲ ਵਿਚ ਦਾਖ਼ਲ ਹੋਣ ਲੱਗਦੇ ਹਾਂ ਤਾਂ ਸਾਨੂੰ ਦੁਖਾਂਗ ਦਰਵਾਜ਼ੇ ਤੋਂ ਲੰਘ ਕੇ ਅੰਦਰ ਜਾਣਾ ਹੁੰਦਾ ਹੈ। ਦੁਖਾਂਗ ਯਾਨਿ ‘ਦੁ’ ਅਤੇ ‘ਖਾਂਗ’। ‘ਦੁ’ ਦਾ ਅਰਥ ਹੈ, ਇਕੱਠ ਅਤੇ ‘ਖਾਂਗ’ ਦਾ ਅਰਥ ਹੈ ਇਮਾਰਤ, ਜਿਥੇ ਇਕੱਠੇ ਹੋਣਾ ਹੈ। ਲਾਮਾ ਦਾ ਕਹਿਣਾ ਸੀ ਕਿ 1860-61 ਵਿਚ ਇਹ ਦੁਖਾਂਗ ਯਾਨਿ ਅਸੈਂਬਲੀ ਹਾਲ ਬਣਾਇਆ ਗਿਆ ਸੀ। ਅੰਦਰੋਂ ਅੰਦਰ ਇਹ ਹਾਲ ਤਿੰਨ ਮੰਜ਼ਿਲਾ ਹੈ।
ਦਲਾਈਲਾਮਾ ਦੇ ਬੈਠੇ ਹੋਣ ਦਾ ਹੋਇਆ ਅਹਿਸਾਸ
ਦੁਖਾਂਗ ਅੰਦਰ ਦਾਖ਼ਲ ਹੁੰਦਿਆਂ ਲੱਦਾਖ ਦੇ ਮੱਠਾਂ ਵਾਂਗ ਸਾਹਮਣੇ ਪਦਮ ਆਸਣ ਦੀ ਮੁਦਰਾ ’ਚ ਬੈਠੇ ਮਹਾਤਮਾ ਬੁੱਧ ਦੀ 18 ਫੁੱਟ ਉੱਚੀ ਵਿਸ਼ਾਲ ਸੁਨਹਿਰੀ ਮੂਰਤੀ ਦੇ ਦਰਸ਼ਨ ਹੁੰਦੇ ਹਨ। ਕਮਲ ਦੇ ਫੁੱਲ ਰੂਪੀ ਇਕ ਉੱਚੇ ਥੜ੍ਹੇ ’ਤੇ ਬਿਰਾਜਮਾਨ ਮਹਾਤਮਾ ਦੇ ਤਿੱਖੇ ਨੈਣ ਨਕਸ਼ ਅਤੇ ਸਿਰ ’ਤੇ 108 ਘੋਗਿਆਂ ਦਾ ਕਾਲਾ ਕਪਾਲਾ ਹੈ। ਉਨ੍ਹਾਂ ਦੇ ਹੱਥ ਵਿਚ ਬ੍ਰਹਮ ਅੰਮ੍ਰਿਤ ਦਾ ਪਿਆਲਾ ਹੈ, ਜੋ ਚਿੱਟੇ ਕੱਪੜੇ ਨਾਲ ਢਕਿਆ ਗਿਆ ਹੈ। ਕਈ ਇਸ ਭਾਂਡੇ ਨੂੰ ਭਿੱਖਿਆ ਵਾਲਾ ਭਾਂਡਾ ਕਹਿੰਦੇ ਹਨ। ਆਸ ਪਾਸ ਰੱਖਿਅਕ ਬੋਧੀਸਤਵਾਂ ਦੀਆਂ ਮੂਰਤੀਆਂ ਹਨ। ਬੁੱਧ ਦੀ ਗੋਦ ’ਚ ਚੌਦਵੇਂ ਤੇਨਜ਼ਿਨ ਗਿਆਤਸੋ ਦਲਾਈ ਲਾਮਾ ਦਾ ਰੰਗੀਨ ਕੱਟ-ਆਊਟ ਪਿਆ ਹੈ, ਜੋ ਦੇਖਣ ਵਿਚ ਏਨਾ ਜੀਵੰਤ ਲੱਗਦਾ ਹੈ ਕਿ ਦਲਾਈਲਾਮਾ ਖ਼ੁਦ ਬਿਰਾਜਮਾਨ ਹੋਣ। ਜਦੋਂ ਅਸੀਂ ਸਾਰੇ ਪ੍ਰਾਰਥਨਾ ਹਾਲ ’ਚ ਦਾਖ਼ਲ ਹੋਏ ਤਾਂ ਦਲਾਈਲਾਮਾ ਦੇ ਸੱਚਮੁੱਚ ਉਥੇ ਬੈਠੇ ਹੋਣ ਦਾ ਅਹਿਸਾਸ ਹੋਇਆ।
ਤਿੱਬਤ ਦੀ ਕਲਾ ਤੋਂ ਪ੍ਰਭਾਵਿਤ ਹੈ ਚਿੱਤਰ ਸ਼ੈਲੀ
ਦੁਖਾਂਗ ਦੇ ਅੰਦਰ ਇਕ ਵੱਖਰੀ ਤਰ੍ਹਾਂ ਦੀ ਜੰਨਤ ਦਾ ਅਹਿਸਾਸ ਹੁੰਦਾ ਹੈ। ਦੁਖਾਂਗ ਯਾਨਿ ਮੁੱਖ ਉਪਾਸਨਾ ਗ੍ਰਹਿ ਨੂੰ ਮਹਾਤਮਾ ਬੁੱਧ ਦੇ ਜੀਵਨ ਦੀਆਂ ਅਨੇਕਾਂ ਘਟਨਾਵਾਂ ਨੂੰ ਲੈ ਕੇ ਫਰੈਂਸਕੋ ਚਿੱਤਰਾਂ ਨਾਲ ਅਤੇ ਹਾਲ ਦੇ ਕੇਂਦਰ ਨੂੰ ਥੰਗਕਾ ਚਿੱਤਰਾਂ (ਕੱਪੜੇ ਉਤੇ ਬਣਾਏ ਚਿੱਤਰ) ਨਾਲ ਸਜਾਇਆ ਗਿਆ ਹੈ। ਇਨ੍ਹਾਂ ਚਿੱਤਰਾਂ ਦੀ ਸ਼ੈਲੀ ਤਿੱਬਤ ਦੀ ਕਲਾ ਤੋਂ ਪ੍ਰਭਾਵਿਤ ਹੈ, ਜਿਨ੍ਹਾਂ ਵਿੱਚ ਚਟਕੀਲੇ ਰੰਗਾਂ ਦਾ ਪ੍ਰਯੋਗ ਕੀਤਾ ਗਿਆ ਹੈ। ਪ੍ਰਾਰਥਨਾ ਹਾਲ ਦੇ ਥਮਲਿਆਂ ’ਤੇ ਵੀ ਚਿੱਤਰਕਾਰੀ ਕੀਤੀ ਗਈ ਹੈ। ਲੱਦਾਖ ਦੇ ਮੱਠਾਂ ਵਾਂਗ ਇਸ ਦੀ ਛੱਤ ਉਤੇ ਵੀ ਖ਼ੂਬਸੂਰਤ ਚਿੱਤਰ ਬਣਾਏ ਗਏ ਹਨ, ਜਿਸ ਨੂੰ ਤਿੱਬਤੀ ਵਿੱਚ ‘ਮੰਡਾਲਾ’ ਕਹਿੰਦੇ ਹਨ। ਦਰਅਸਲ ਮਹਾਯਾਨ ਬੁੱਧ ਧਰਮ ਵਿੱਚ ਆਪਣੇ ਇਸ਼ਟ ਨੂੰ ਚਿੱਤਰਾਂ, ਮੂਰਤੀਆਂ ਵਿੱਚ ਦੇਖਣ ਤੇ ਮਹਿਸੂਸ ਕਰਨ ਵਿੱਚ ਕੋਈ ਮਨਾਹੀ ਨਹੀਂ। ਇਸੇ ਕਰਕੇ ਮਹਾਤਮਾ ਬੁੱਧ ਦੀਆਂ ਵਿਸ਼ਾਲ ਮੂਰਤੀਆਂ ਅਤੇ ਚਿੱਤਰਾਂ ਵਿੱਚੋਂ ਬੋਧੀਆਂ ਨੂੰ ਬੁੱਧ ਦੀ ਆਤਮਾ ਨਜ਼ਰ ਆਉਂਦੀ ਹੈ। ਚਿੱਤਰਾਂ ਨਾਲ ਸਜਿਆ ਤਾਵਾਂਗ ਮੱਠ ਤਿੱਬਤੀ ਬੁੱਧ ਧਰਮ ਦੇ ਚਾਰ ਪ੍ਰਮੁੱਖ ਸੰਪਰਦਾਵਾਂ ਵਿੱਚੋਂ ਸਭ ਤੋਂ ਪੁਰਾਤਨ ਨਿਯੰਗਮਾ ਸੰਪਰਦਾਇ ਦੀਆਂ ਸਿੱਖਿਆਵਾਂ ਅਤੇ ਉਸ ਦੀਆਂ ਰਸਮਾਂ\ਪ੍ਰੰਪਰਾਵਾਂ ਦਾ ਅਨੁਸਰਨ ਕਰਦਾ ਹੈ। ਇਹ ਸੰਪਰਦਾ ਗੁਰੂ ਪਦਮਾਸੰਭਵ, ਜਿਸ ਨੂੰ ਰਿੰਮਪੋਚੇ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਲਈ ਕਹਿੰਦਾ ਹੈ। ਇਹ ਪਦਮਾਸੰਭਵ ਹੀ ਸਨ, ਜਿਨ੍ਹਾਂ ਤਿੱਬਤ ਵਿਚ ਬੁੱਧ ਧਰਮ ਦੀ ਸਥਾਪਤੀ ਦੀ ਪਹਿਲ ਕੀਤੀ ਸੀ। ਮੁੱਖ ਉਪਾਸਨਾ ਗ੍ਰਹਿ ਤੋਂ ਬਾਹਰ ਆਈਏ ਤਾਂ ਸਾਹਮਣੇ ਇਕ ਪਾਰਖਾਂਗ ਨਾਮੀ ਤਿੰਨ ਮੰਜ਼ਿਲਾ ਇਮਾਰਤ ਹੈ, ਜਿਸ ਵਿਚ ਅਜਾਇਬ ਘਰ ਹੈ। ਇੱਥੇ ਬੁੱਧ ਧਰਮ ਨਾਲ ਸਬੰਧਿਤ 200 ਦੇ ਕਰੀਬ ਪੁਰਾਤਨ ਪਾਵਨ ਹੱਥ ਲਿਖਤਾਂ ਅਤੇ ਕੁਝ ਹੋਰ ਬੋਧੀ ਹੱਥ ਲਿਖਤਾਂ, ਸ਼ਸਤਰ, ਔਜ਼ਾਰ, ਭਾਂਡੇ ਅਤੇ ਪਿਛਲੇ ਲਾਮਾ ਗੁਰੂਆਂ ਵੱਲੋਂ ਵਰਤੀਆਂ ਵਸਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇੱਥੇ ਕਈ ਪ੍ਰਕਾਰ ਦੇ ਮਖੌਟੇ ਵੀ ਰੱਖੇ ਗਏ ਹਨ।
ਸਿਖਾਈ ਜਾਂਦੀ ਤਿੱਬਤੀ ਭਾਸ਼ਾ
ਮੱਠ ਵਿੱਚ ਭਿਖਸ਼ੂ ਬਣਨ ਦੀ ਦੀਖਿਆ ਦਿੱਤੀ ਜਾਂਦੀ ਹੈ। ਇਕ ਪੁਰਾਤਨ ਬੋਧੀ ਰਵਾਇਤ ਅਨੁਸਾਰ ਤਿੰਨੇ ਪੁੱਤਰਾਂ ਵਾਲੇ ਪਰਿਵਾਰ ਵਿੱਚੋਂ ਵਿਚਕਾਰਲਾ ਪੁੱਤਰ ਮੱਠ ਵਿੱਚ ਭਿਖਸ਼ੂ ਬਣਨ ਲਈ ਭੇਜਿਆ ਜਾਂਦਾ ਸੀ। ਜੇ ਦੋ ਪੁੱਤਰ ਹੋਣ ਤਾਂ ਛੋਟਾ ਪੁੱਤਰ ਮੱਠ ਵਿੱਚ ਜਾਂਦਾ ਸੀ। ਮੱਠ ਵਿਚ ਗ੍ਰੰਥ ਪੜ੍ਹਨ ਲਈ ਸਥਾਨਕ ਤਿੱਬਤੀ ਭਾਸ਼ਾ ਸਿਖਾਈ ਜਾਂਦੀ ਹੈ। ਪੜ੍ਹਾਈ ਕਰਨ ਲਈ ਮੱਠ ਦੇ ਅੰਦਰ ਹੀ ਇਕ ਸਕੂਲ ਹੈ, ਜਿਥੇ ਬੁੱਧ ਧਰਮ ਦੀ ਸਿੱਖਿਆ ਤੋਂ ਇਲਾਵਾ ਹਿਸਾਬ, ਹਿੰਦੀ, ਵਿਗਿਆਨ ਆਦਿ ਵਿਸ਼ੇ ਪੜ੍ਹਾਏ ਜਾਂਦੇ ਹਨ। ਜੇ ਕੋਈ ਭਿਖਸ਼ੂ ਮੱਠ ਛੱਡਣਾ ਚਾਹੁੰਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਲਗਾਇਆ ਜਾਂਦਾ ਹੈ ਕਿਉਂਕਿ ਭਿਖਸ਼ੂ ਬਣਨ ਲਈ ਸਭ ਤੋਂ ਪਹਿਲੀ ਸ਼ਰਤ ਹੀ ਇਹੀ ਹੁੰਦੀ ਹੈ ਕਿ ਉਹ ਆਜੀਵਨ ਪ੍ਰਤੀਬੱਧ ਹੋ ਕੇ ਮੱਠ ਨਾਲ ਜੁੜਿਆ ਰਹੇ। ਭਿਖਸ਼ੂਆਂ ਲਈ ਪ੍ਰਾਰਥਨਾ ਗ੍ਰਹਿ ਵਿੱਚ ਜਾ ਕੇ ਬੁੱਧ ਦੀ ਮੂਰਤੀ ਸਾਹਮਣੇ ਮੰਤਰਾਂ ਦਾ ਜਾਪ ਕਰਨ ਨਾਲ ਦਿਨ ਦੀ ਸ਼ੁਰੂਆਤ ਹੁੰਦੀ ਹੈ। ਭਿਖਸ਼ੂ ਇੱਕੋ ਜਿਹੇ ਉਨ੍ਹਾਭੀ ਰੰਗ ਦੇ ਵਸਤਰ ਪਹਿਨਦੇ ਹਨ, ਜੋ ਉਨ੍ਹਾਂ ਦੀ ਨਿਮਨ ਸਮਾਜਿਕ ਸਥਿਤੀ ਨੂੰ ਦਰਸਾਉਂਦੇ ਹਨ ਪਰ ਅੱਜ-ਕੱਲ੍ਹ ਅਜਿਹਾ ਨਹੀਂ।
ਛੇ ਮਹੀਨੇ ਰਿਹਾ ਚੀਨ ਦਾ ਕਬਜ਼ਾ
ਮੱਠ ਵਿੱਚ ਇਕ ਲਾਇਬ੍ਰੇਰੀ ਵੀ ਹੈ। ਲਾਇਬ੍ਰੇਰੀ ਵਿਚ ਕਾਂਗਯੂਰ ਤੇ ਤੇਂਗਯੂਰ ਨਾਮੀ ਬਹੁਮੁੱਲੇ ਹੱਥ ਲਿਖਤ ਗ੍ਰੰਥ ਹਨ। ਅਸਲ ਵਿਚ ਤਾਵਾਂਗ ਕਦੇ ਦੱਖਣੀ ਤਿੱਬਤ ਦਾ ਹਿੱਸਾ ਸੀ। ਚੀਨ ਵੀ ਇਸ ਜਗ੍ਹਾ ’ਤੇ ਹੱਕ ਜਤਾਉਂਦਾ ਹੈ। 1962 ਦੀ ਭਾਰਤ-ਚੀਨ ਜੰਗ ਦੌਰਾਨ ਮੱਠ ਦੀ ਲਾਇਬ੍ਰੇਰੀ ਨੂੰ ਕਾਫ਼ੀ ਨੁਕਸਾਨ ਪੁੱਜਾ ਤੇ ਕਈ ਕੀਮਤੀ ਹੱਥ ਲਿਖਤਾਂ ਗੁੰਮ ਗਈਆਂ ਤੇ ਕੁਝ ਚੀਨੀ ਸੈਨਿਕ ਜਾਣ ਲੱਗਿਆਂ ਲੈ ਗਏ ਕਿਉਂਕਿ ਜੰਗ ਦੌਰਾਨ ਚੀਨ ਤਾਵਾਂਗ ਤਕ ਪਹੁੰਚ ਗਿਆ ਸੀ। ਮੱਠ ਉਪਰ ਵੀ ਛੇ ਮਹੀਨੇ ਚੀਨ ਦਾ ਕਬਜ਼ਾ ਰਿਹਾ। ਮੱਠ ਵਿੱਚ ਇਕ ਦੋ ਮੰਜ਼ਿਲਾ ਇਮਾਰਤ ‘ਰੁਮਖਾਂਗ’ ਹੈ, ਜਿਸ ਨੂੰ ਅਸੀਂ ‘ਲੰਗਰ ਘਰ’ ਕਹਿ ਸਕਦੇ ਹਾਂ। ਰੁਮਖਾਂਗ ਵਿਚ ਤਿਉਹਾਰਾਂ ਦੇ ਮੌਕੇ ਰਸਮਾਂ ਨਾਲ ਪਾਵਨ ਖਾਣਾ ਬਣਦਾ ਹੈ, ਜਿਸ ਨੂੰ ਭਿਖਸ਼ੂ ਗ੍ਰਹਿਣ ਕਰਦੇ ਹਨ। ਮੱਠ ਵਿਚ ਵਿਸ਼ਾਲ ਪ੍ਰਾਰਥਨਾ ਹਾਲ ਤੋਂ ਇਲਾਵਾ ਦਸ ਹੋਰ ਰਿਹਾਇਸ਼ਾਂ ਵੀ ਹਨ, ਜਿਥੇ ਮੱਠ ਦੇ ਸਕੂਲ ਵਿਦਿਆਰਥੀ, ਲਾਮਾ (ਗ੍ਰਹਿਸਥ ਨਾ ਕਰਨ ਵਾਲੇ) ਅਤੇ ਭਿਖਸ਼ੂ ਰਹਿੰਦੇ ਹਨ। ਤਾਵਾਂਗ ਵਿਚ ਇਕ ਹੋਰ ਮੱਠ ਅਰਗਲਿੰਗ ਹੈ, ਜਿੱਥੇ ਕਿਹਾ ਜਾਂਦਾ ਹੈ ਕਿ ਦਲਾਈਲਾਮਾ ਦਾ ਜਨਮ ਹੋਇਆ। ਸ਼ਹਿਰ ਤੋਂ ਬਾਹਰ ਕੇਵਲ ਮਹਿਲਾਵਾਂ ਲਈ ਇਕ ਮਠ ਹੈ, ਜਿਸ ਨੂੰ ਅਨੀ ਗੋਂਪਾ ਕਿਹਾ ਜਾਂਦਾ ਹੈ।
ਜੋਸ਼ੋ-ਖਰੋਸ਼ ਨਾਲ ਮਨਾਉਂਦੇ ਤਿਉਹਾਰ
ਬੋਧੀ ਲੋਕ ਉਨ੍ਹਾਭੀ ਰੰਗ ਦੀ ਚਾਦਰ ਲਈ ਸਿਰਫ਼ ਪੂਜਾ-ਪਾਠ ਜਾਂ ਧਿਆਨ ਵਿਚ ਹੀ ਮਗਨ ਨਹੀਂ ਰਹਿੰਦੇ ਸਗੋਂ ਤਿਉਹਾਰਾਂ ਨੂੰ ਵੀ ਜੋਸ਼ੋ-ਖਰੋਸ਼ ਨਾਲ ਮਨਾਉਂਦੇ ਹਨ। ਚੌਕਸਰ, ਲੋਸਰ, ਅਜਿਲਾਮੂ ਤੇ ਤੋਰਗਿਆ ਇੱਥੋਂ ਦੇ ਬਹੁਤ ਮਸ਼ਹੂਰ ਤਿਉਹਾਰ ਹਨ। ਤਿਉਹਾਰਾਂ ਦੇ ਮੌਕੇ ’ਤੇ ਮਖੌਟੇ ਪਹਿਨ ਕੇ ਕਈ ਤਰ੍ਹਾਂ ਦੇ ਲੋਕ ਨਾਚ ਕੀਤੇ ਜਾਂਦੇ ਹਨ। ਹਰੇਕ ਨਾਚ ਬੋਧੀ ਮਿੱਥਾਂ ਨੂੰ ਦਰਸਾਉਂਦਾ ਹੈ ਅਤੇ ਪਹਿਰਾਵਾ ਤੇ ਮਖੌਟੇ ਜਿਵੇਂ ਗਾਂ, ਸ਼ੇਰ, ਭੇਡ, ਬਾਂਦਰ ਆਦਿ ਪਸ਼ੂਆਂ ਦਾ ਪ੍ਰਤੀਨਿਧਤਵ ਕਰਦੇ ਹਨ। ਤਿਉਹਾਰ ਮੌਕੇ ਪ੍ਰੰਪਰਕ ਰਸਮਾਂ\ਅਨੁਸ਼ਠਾਨ ਨਿਭਾਉਂਦੇ ਲੋਕ ਯਾਕ ਦੇ ਮੱਖਣ ਦੇ ਦੀਵੇ ਵੀ ਜਗਾਉਂਦੇ ਹਨ। ਇਨ੍ਹਾਂ ਦੇ ਤਿਉਹਾਰ ਖੇਤੀ, ਧਰਮ ਅਤੇ ਦੁਸ਼ਟ ਪ੍ਰਭਾਵੀ ਆਤਮਾਵਾਂ ਤੋਂ ਮੁਕਤੀ ਪਾਉਣ ਨਾਲ ਜੁੜੇ ਹੋਏ ਹਨ। ਪਹਾੜਾਂ ’ਤੇ ਬਚੀ ਥਾਂ ਉਪਰ ਫ਼ਸਲ ਬੀਜਣ ਅਤੇ ਕੱਟਣ ਸਮੇਂ ਰਸਮਾਂ ਤੇ ਅਨੁਸ਼ਠਾਨ ਵੀ ਕੀਤੇ ਜਾਂਦੇ ਹਨ।
ਭਾਰਤ ਦੇ ਮੈਦਾਨੀ ਇਲਾਕੇ ਲੁੰਬਨੀ (ਹੁਣ ਨੇਪਾਲ) ਵਿਚ ਬੁੱਧ ਦਾ ਜਨਮ ਹੋਇਆ ਪਰ ਇਹ ਧਰਮ ਭਾਰਤ ਦੇ ਪਹਾੜੀ ਇਲਾਕਿਆਂ ਜਿਵੇਂ ਲੇਹ-ਲੱਦਾਖ, ਹਿਮਾਚਲ ਦੇ ਧਰਮਸ਼ਾਲਾ, ਮੇਘਾਲਿਆ ਦੇ ਸ਼ਿਲਾਂਗ, ਅਰੁਣਾਚਲ ਦੇ ਤਾਵਾਂਗ ਵਿਚ ਵਧਿਆ ਫੁੱਲਿਆ। ਅਹਿੰਸਾ ਨੂੰ ਮੰਨਣ ਵਾਲੇ ਇਸ ਧਰਮ ਦੇ ਮੱਠ ਹਮੇਸ਼ਾ ਪਹਾੜਾਂ ਦੀਆਂ ਉਚਾਈਆਂ ’ਤੇ ਬਣੇ। ਤਾਵਾਂਗ ਮੱਠ ਨੂੰ ਗੇਡਨ ਨਮਗਿਆਲ ਲ੍ਹਾਤਸੇ ਦੇ ਰਵਾਇਤੀ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਦਾ ਅਰਥ ‘ਸਾਫ਼ ਰਾਤ ਵਿਚ ਦੈਵੀ ਸਵਰਗ।’ ਇਸ ਸਵਰਗ ਨੂੰ ਦੇਖਣ ਲਈ ਸਭ ਤੋਂ ਵਧੀਆ ਸਮਾਂ ਅਪ੍ਰੈਲ ਤੋਂ ਅਕਤੂਬਰ ਤਕ ਦਾ ਹੈ, ਬਾਅਦ ਵਿੱਚ ਇਥੇ ਚਾਰੇ ਪਾਸੇ ਬਰਫ ਹੀ ਬਰਫ਼ ਹੁੰਦੀ ਹੈ।
- ਡਾ. ਜਸਵਿੰਦਰ ਸਿੰਘ ਭੁੱਲਰ