- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਨੂੰ ਗੁਰਦੁਆਰੇ ’ਚ ਆਇਆਂ ਕੋਈ ਇਕ ਘੰਟੇ ਦਾ ਸਮਾਂ ਹੋ ਗਿਆ ਸੀ, ਫਿਰ ਅਸੀਂ ਉਸ ਚਸ਼ਮੇ ਦਾ ਵਗਦਾ ਪਾਣੀ ਵੇਖਿਆ। ਗੁਰੂ ਨਾਨਕ ਜੀ ਦੇ ਲੱਗੇ ਪੰਜੇ ਨੂੰ ਵੇਖਿਆ, ਸਾਡੇ ਨਾਲ ਗਏ ਯਾਤਰੀ ਇਸ ਬਾਰੇ ਪੁੱਛ ਰਹੇ ਸਨ। ਗ੍ਰੰਥੀ ਸਿੰਘ ਫਿਰ ਸਾਡੇ ਕੋਲ ਆਏ ਅਤੇ ਸਾਨੂੰ ਲੰਗਰ ਛਕਣ ਲਈ ਫਿਰ ਕਹਿਣ ਲੱਗੇ ਪਰ ਕਿਉਂ ਜੋ ਅਸੀਂ ਪਿਸ਼ਾਵਰ ਤੋਂ ਹੀ ਛਕ ਕੇ ਆਏ ਸਾਂ, ਲੋੜ ਨਹੀਂ ਸੀ।

ਅੱਜ ਐਤਵਾਰ ਸੀ ਤੇ 11 ਵਜੇ ਅਮੀਨ ਹੋਟਲ ’ਚ ਪਿਸ਼ਾਵਰ ਦੀ ਇਕ ਸੰਸਥਾ ‘ਔਰਤ’ ਦੀਆਂ ਪ੍ਰਤੀਨਿਧਾਂ ਨਾਲ ਮੀਟਿੰਗ ਸੀ। ਸਾਡੇ ਕੋਲ ਸਮਾਂ ਸੀ, ਇਸ ਲਈ ਅਸੀਂ ਪਿਸ਼ਾਵਰ ਦੇ ਬਾਜ਼ਾਰਾਂ ’ਚ ਘੁੰਮਣ ਲੱਗ ਪਏ। ਸਾਡੇ ਗਾਈਡ ਨੇ ਦੱਸਿਆ ਕਿ ਰਸਤੇ ’ਚ ਤੁਹਾਡੇ ਮਸ਼ਹੂਰ ਅਦਾਕਾਰ ਰਾਜਕਪੂਰ ਦਾ ਘਰ ਹੈ। ਉਹ ਵੇਖ ਲਓ ਤੇ ਉਹ ਸਾਨੂੰ ਉਸ ਘਰ ਦੇ ਅੱਗੇ ਲੈ ਗਿਆ। ਉਹ ਘਰ ਪੁਰਾਣੀ ਕਿਸਮ ਦਾ ਘਰ ਸੀ। ਉਸ ਦੇ ਤਿੰਨੇ ਪਾਸੇ ਹੀ ਕਮਰੇ ਸਨ ਤੇ ਅੱਗੇ ਖੁੱਲ੍ਹਾ ਵਿਹੜਾ ਸੀ। ਅੰਦਰ ਜਾਣ ਲਈ ਡਿਓੜੀ ਸੀ, ਜਿਸ ’ਤੇ ਰੰਗਦਾਰ ਸਲੈਬਾਂ ਲੱਗੀਆਂ ਹੋਈਆਂ ਸਨ ਅਤੇ ਦੋਵਾਂ ਪਾਸੇ ਬੈਠਣ ਲਈ ਸੰਗਮਰਮਰ ਦੀਆਂ ਸਲੇਟਾਂ ਲਾ ਕੇ ਜਗ੍ਹਾ ਬਣਾਈ ਹੋਈ ਸੀ। ਅਸੀਂ ਉਸ ਵਕਤ ਦੀ ਕਲਪਨਾ ਕੀਤੀ, ਜਦੋਂ ਪ੍ਰਿਥਵੀ ਰਾਜ ਕਪੂਰ ਨੇ ਜਾਂ ਉਸ ਦੇ ਬਾਪ ਨੇ ਸਦਾ ਰਹਿਣ ਲਈ ਇਹ ਘਰ ਬਣਾਇਆ ਸੀ। ਗਾਈਡ ਨੇ ਦੱਸਿਆ ਕਿ ਦਲੀਪ ਕੁਮਾਰ, ਜਿਸ ਦਾ ਅਸਲ ਨਾਂ ਯੂਸਫ਼ ਖਾਨ ਸੀ। ਉਸ ਦਾ ਘਰ ਵੀ ਪਿਸ਼ਾਵਰ ਹੈ ਪਰ ਉੱਥੇ ਜਾਣ ਲਈ ਸਮਾਂ ਲੱਗ ਜਾਵੇਗਾ, ਸੋ ਉਹ ਰਹਿਣ ਦਿੱਤਾ।
ਬਹੁਤ ਵਿਸ਼ਾਲ ਸੀ ਇਮਾਰਤ
ਅਜੇ ਕਾਫ਼ੀ ਸਮਾਂ ਸੀ। ਸਾਡੇ ਨਾਲ ਮਦਰਾਸ ਤੋਂ ਗਈ ਆਈ ਕੁਟੀਜਾਨ ਨੇ ਸਬੂਰ ਨੂੰ ਕਿਸੇ ਗਿਰਜ਼ਾ ਘਰ ’ਚ ਖੜ੍ਹਨ ਲਈ ਕਿਹਾ ਤਾਂ ਕਿ ਉਹ ਐਤਵਾਰ ਦੀ ਪ੍ਰਾਰਥਨਾ ਕਰ ਲਵੇ। ਸਬੂਰ ਸਾਡੀ ਬੱਸ ਨੂੰ ਇਕ ਗਿਰਜ਼ਾ ਘਰ ਦੇ ਸਾਹਮਣੇ ਲੈ ਗਿਆ। ਅਸਲ ’ਚ ਉੱਥੇ ਕਾਫ਼ੀ ਈਸਾਈ ਵਸੋਂ ਰਹਿੰਦੀ ਸੀ ਤੇ ਉਨ੍ਹਾਂ ਵੱਲੋਂ ਸਥਾਪਿਤ ਸਕੂਲ ਬਹੁਤ ਪ੍ਰਸਿੱਧ ਸਕੂਲਾਂ ਵਿੱਚੋਂ ਸਨ। ਗਿਰਜ਼ਾਘਰ ਦੇ ਨਾਲ ਹੀ ਕ੍ਰਿਸ਼ਚੀਅਨ ਸਕੂਲ ਦੀ ਦੋ ਮੰਜ਼ਿਲਾ ਵੱਡੀ ਇਮਾਰਤ ਸੀ। ਅਸੀਂ ਸਕੂਲ ਵੇਖਣ ਅੰਦਰ ਚਲੇ ਗਏ। ਇਸ ਦੀ ਇਮਾਰਤਸਾਜ਼ੀ ਮੇਰੇ ਧਾਰੀਵਾਲ ਵਾਲੇ ਮਿਸ਼ਨ ਸਕੂਲ ਵਰਗੀ ਹੀ ਸੀ ਪਰ ਇਹ ਇਮਾਰਤ ਬਹੁਤ ਵਿਸ਼ਾਲ ਸੀ, ਜਿਹੜੀਆਂ ਲਾਲ ਰੰਗ ਦੀਆਂ ਇੱਟਾਂ ਦੀ ਬਣੀ ਹੋਈ ਸੀ। ਸਾਡੇ ਨਾਲ ਸਰਹੱਦ ਪੁਲਿਸ ਦੀ ਇਸਕਾਰਟ ਵੀ ਜਾ ਰਹੀ ਸੀ।
ਦੋ ਘੰਟਿਆਂ ’ਚ ਪਹੁੰਚੇ ਹਸਨ ਅਬਦਾਲ ਸ਼ਹਿਰ
ਸਾਡੀ ਉਹ ਮੀਟਿੰਗ ਖ਼ਤਮ ਹੋਣ ’ਤੇ ਹੋਟਲ ’ਚ ਹੀ ਲੰਚ ਸੀ ਅਤੇ ਉਸ ਤੋਂ ਬਾਅਦ ਅਸੀਂ ਸੱਚਾ ਸੌਦਾ ਸਾਹਿਬ ਵੱਲ ਚੱਲਣਾ ਸੀ। ਇਸ ਲਈ ਅਸੀਂ ਤਕਰੀਬਨ 1:15 ’ਤੇ ਬੱਸ ਵਿਚ ਬੈਠੇ ਤੇ ਚੱਲ ਪਏ। ਇਹ ਵੀ ਲੰਮਾ ਸਫ਼ਰ ਸੀ। ਇਸ ਲਈ ਅਸੀਂ ਕੋਈ ਦੋ ਘੰਟਿਆਂ ਵਿਚ ਹਸਨ ਅਬਦਾਲ ਸ਼ਹਿਰ ਪਹੁੰਚ ਗਏ। ਉਸ ਦਿਨ ਭਾਵੇਂ ਐਤਵਾਰ ਸੀ ਪਰ ਸ਼ਹਿਰ ’ਚ ਬਹੁਤ ਚਹਿਲ-ਪਹਿਲ ਸੀ। ਸ਼ਹਿਰ ਵਿਚ ਸਾਡੀ ਬੱਸ ਮੁੜ ਕੇ ਗੁਰਦੁਆਰਾ ਪੰਜਾ ਸਾਹਿਬ ਦੇ ਬਾਹਰ ਖੜ੍ਹੀ ਹੋ ਗਈ। ਇਹ ਸੜਕ ਕਾਫ਼ੀ ਖੁੱਲ੍ਹੀ ਸੀ। ਗੁਰਦੁਆਰੇ ਦਾ ਗੇਟ ਬਹੁਤ ਉੱਚਾ ਸੀ। ਉਸ ਦਿਨ ਅੰਦਰ ਕੁਝ ਜ਼ਿਆਦਾ ਯਾਤਰੀ ਨਹੀਂ ਸਨ। ਗੁਰਦੁਆਰੇ ’ਚ ਪਾਣੀ ਦਾ ਇਕ ਚਸ਼ਮਾ ਚੱਲ ਰਿਹਾ ਸੀ। ਸਾਰਿਆਂ ਨੇ ਗੁਰਦੁਆਰੇ ਦੇ ਅੰਦਰ ਜਾ ਕੇ ਮੱਥਾ ਟੇਕਿਆ ਤੇ ਗ੍ਰੰਥੀ ਸਿੰਘ ਨੇ ਹਰ ਇਕ ਨੂੰ ਪ੍ਰਸਾਦ ਦਿੱਤਾ ਅਤੇ ਇਹ ਵੀ ਕਿਹਾ ਕਿ ਉਹ ਸਭ ਪਹਿਲਾਂ ਚਾਹ ਦਾ ਲੰਗਰ ਛਕਣ ਤੇ ਬਾਅਦ ਵਿਚ ਲੰਗਰ ਛਕ ਕੇ ਹੀ ਜਾਣ। ਅਸਲ ਵਿਚ ਡੈਲੀਗੇਸ਼ਨ ’ਚ ਅਸੀਂ ਤਿੰਨ ਹੀ ਵਿਅਕਤੀ ਪੰਜਾਬ ਤੋਂ ਸੀ, ਜੋ ਗੁਰਦੁਆਰੇ ਦਾ ਇਤਿਹਾਸ ਜਾਣਦੇ ਸੀ ਤੇ ਬਾਕੀ 29 ਵਿਅਕਤੀ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਸਨ, ਜਿਨ੍ਹਾਂ ਵਿੱਚੋਂ ਉਰਦੂ ਵੀ ਥੋੜ੍ਹੇ ਹੀ ਜਾਣਦੇ ਹਨ। ਇਨ੍ਹਾਂ ਵਿਚ ਤਾਮਿਲਨਾਡੂ, ਬੰਗਾਲ, ਹੈਦਰਾਬਾਦ, ਕੇਰਲਾ ਆਦਿ ਵਾਲੇ ਜਿਸ ਦਿਨ ਤੋਂ ਅਸੀਂ ਪਾਕਿਸਤਾਨ ਦੇ ਟੂਰ ’ਤੇ ਆਏ ਸਨ, ਪੰਜਾਬੀ ਜਾਂ ਉਰਦੂ ਬੋਲੀ ਦਾ ਗਿਆਨ ਨਾ ਹੋਣ ਕਰਕੇ ਉਹ ਮੁਸ਼ਕਿਲ ਵਿਚ ਹੀ ਰਹੇ ਸਨ, ਜਦੋਂਕਿ ਪਾਕਿਸਤਾਨ ਵਿਚ ਭਾਵੇਂ 80 ਫ਼ੀਸਦੀ ਲੋਕ ਪੰਜਾਬੀ ਸਮਝਦੇ ਸਨ ਪਰ ਉਰਦੂ ਨਾਲ ਵੀ ਕੰਮ ਚੱਲ ਜਾਂਦਾ ਸੀ। ਇਸ ਲਈ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਮੈਨੂੰ ਅੰਗਰੇਜ਼ੀ ਵਿਚ ਦੱਸਣਾ ਪਿਆ, ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਏ।
ਡੈਲੀਗੇਸ਼ਨ ਬਾਰੇ ਵਿਸਥਾਰ ਨਾਲ ਦੱਸਿਆ
ਇੰਨੇ ਚਿਰ ਨੂੰ ਅਸੀਂ ਵੇਖਿਆ ਕਿ ਗੁਰਦੁਆਰੇ ਦੇ ਬਾਹਰ ਪੰਜਾਬ ਪੁਲਿਸ ਦੀ ਜੀਪ ਖੜ੍ਹੀ ਹੋਈ ਤੇ ਉਸ ਵਿੱਚੋਂ ਕੁਝ ਜਵਾਨ ਨਿਕਲੇ, ਜਿਹੜੇ ਸਿਵਲ ਕੱਪੜਿਆਂ ਵਿਚ ਸਨ ਅਤੇ ਇਕ ਵਿਅਕਤੀ ਦੇ ਹੱਥ ’ਚ ਮੋਬਾਈਲ ਫੋਨ ਸੀ। ਉਹ ਕਿਸੇ ਨਾਲ ਗੱਲਾਂ ਕਰ ਰਿਹਾ ਸੀ, ਫਿਰ ਉਹ ਅੰਦਰ ਆ ਗਿਆ ਤੇ ਸਬੂਰ ਉਸ ਨੂੰ ਜਾ ਕੇ ਮਿਲਿਆ ਅਤੇ ਉਸ ਨੇ ਡੈਲੀਗੇਸ਼ਨ ਬਾਰੇ ਵਿਸਥਾਰ ਨਾਲ ਦੱਸਿਆ। ਉੱਥੇ ਕੁਝ ਹੋਰ ਸਿੱਖ ਪਰਿਵਾਰ ਆਏ ਹੋਏ ਸਨ, ਜਿਹੜੇ ਪਿਸ਼ਾਵਰ ਤੋਂ ਸਨ। ਉਹ ਔਰਤਾਂ ਤੇ ਮਰਦ ਸੀ, ਸਾਡੇ ਨਾਲ ਚਾਹ ਪੀ ਰਹੇ ਸਨ। ਇਕ ਸਿੱਖ ਲੜਕਾ ਮਨਜੀਤ ਸਿੰਘ ਮੇਰੇ ਕੋਲ ਆਇਆ। ਉਹ ਮਰਦਾਨ ਤੋਂ ਸੀ, ਜਿਹੜਾ ਪਿਸ਼ਾਵਰ ਤੋਂ 40 ਕੁ ਕਿਲੋਮੀਟਰ ’ਤੇ ਸੀ। ਉਸ ਨਾਲ ਗੱਲਾਂ ਕਰਦਿਆਂ ਮੈਨੂੰ ਬਾਵਾ ਬੁੱਧ ਸਿੰਘ ਯਾਦ ਆਇਆ, ਜਿਸ ਦੀ ਇਕ ਪੁਸਤਕ ਮੈਂ ਕਾਲਜ ਪੜ੍ਹਦਿਆਂ ਪੜ੍ਹੀ ਸੀ। ਉਹ ਦੱਸ ਰਿਹਾ ਸੀ ਕਿ ਹੋਤੀ ਮਰਦਾਨ ਬਹੁਤ ਖ਼ੂਬਸੂਰਤ ਇਲਾਕਾ ਹੈ, ਜਿਸ ’ਚ ਕਈ ਨਿੱਕੀਆਂ-ਨਿੱਕੀਆਂ ਨਦੀਆਂ ਵਗਦੀਆਂ ਹਨ ਤੇ ਉਹ ਬਾਅਦ ਵਿਚ ਆ ਕੇ ਕਾਬਲ ਦਰਿਆ ’ਚ ਮਿਲ ਜਾਂਦੀਆਂ ਹਨ। ਉਸ ਇਲਾਕੇ ਵਿਚ ਬਹੁਤ ਸਾਰੇ ਫ਼ਲਾਂ ਤੇ ਫੁੱਲਾਂ ਦੇ ਦਰੱਖ਼ਤ ਹਨ। ਉਹ ਫਲ ਤੇ ਫੁੱਲਾਂ ਦੇ ਦਰੱਖ਼ਤਾਂ ਦੀ ਕੋਈ ਕਾਸ਼ਤ ਨਹੀਂ ਕੀਤੀ ਜਾਂਦੀ, ਨਾ ਹੀ ਉਹ ਬੀਜੇ ਜਾਂਦੇ ਹਨ ਪਰ ਉਹ ਬੂਟੇ ਆਪ ਹੀ ਉੱਗ ਕੇ ਵੱਡੇ ਹੋ ਜਾਂਦੇ ਹਨ, ਜਿਹੜੇ ਉਸ ਇਲਾਕੇ ਦੀ ਖ਼ੂਬਸੂਰਤੀ ’ਚ ਵੱਡਾ ਵਾਧਾ ਕਰਦੇ ਹਨ। ਉਹ ਔਰਤਾਂ ਅਤੇ ਮਰਦ ਮੇਰੇ ਕੋਲੋਂ ਪੰਜਾਬ ਬਾਰੇ ਬਹੁਤ ਸਵਾਲ ਪੁੱਛ ਰਹੇ ਸਨ। ਇਸ ਤਰ੍ਹਾਂ ਲੱਗਦਾ ਸੀ, ਉਨ੍ਹਾਂ ਨੂੰ ਪੰਜਾਬ ਬਾਰੇ ਜਾਣਨ ਦੀ ਬਹੁਤ ਹੀ ਖ਼ਾਹਿਸ਼ ਸੀ। ਉਹ ਕਹਿ ਰਹੇ ਸਨ ਕਿ ਭਾਰਤ ਤਾਂ ਬਹੁਤ ਵੱਡਾ ਦੇਸ਼ ਹੈ। ਅਸੀਂ ਤਾਂ ਭਾਰਤ ਦੀਆਂ ਖ਼ਬਰਾਂ ਨੂੰ ਬੜੇ ਉਤਸ਼ਾਹ ਨਾਲ ਸੁਣਦੇ ਹਾਂ ਤੇ ਟੈਲੀਵਿਜ਼ਨ ’ਚ ਵੇਖਦੇ ਹਾਂ।
ਚਸ਼ਮੇ ਦਾ ਵਗਦਾ ਪਾਣੀ ਵੇਖਿਆ
ਸਾਨੂੰ ਗੁਰਦੁਆਰੇ ’ਚ ਆਇਆਂ ਕੋਈ ਇਕ ਘੰਟੇ ਦਾ ਸਮਾਂ ਹੋ ਗਿਆ ਸੀ, ਫਿਰ ਅਸੀਂ ਉਸ ਚਸ਼ਮੇ ਦਾ ਵਗਦਾ ਪਾਣੀ ਵੇਖਿਆ। ਗੁਰੂ ਨਾਨਕ ਜੀ ਦੇ ਲੱਗੇ ਪੰਜੇ ਨੂੰ ਵੇਖਿਆ, ਸਾਡੇ ਨਾਲ ਗਏ ਯਾਤਰੀ ਇਸ ਬਾਰੇ ਪੁੱਛ ਰਹੇ ਸਨ। ਗ੍ਰੰਥੀ ਸਿੰਘ ਫਿਰ ਸਾਡੇ ਕੋਲ ਆਏ ਅਤੇ ਸਾਨੂੰ ਲੰਗਰ ਛਕਣ ਲਈ ਫਿਰ ਕਹਿਣ ਲੱਗੇ ਪਰ ਕਿਉਂ ਜੋ ਅਸੀਂ ਪਿਸ਼ਾਵਰ ਤੋਂ ਹੀ ਛਕ ਕੇ ਆਏ ਸਾਂ, ਲੋੜ ਨਹੀਂ ਸੀ। ਇਸ ਲਈ ਅਸਾਂ ਸਾਰਿਆਂ ਨੇ ਮੁਆਫ਼ੀ ਮੰਗੀ, ਭਾਵੇਂ ਉਨ੍ਹਾਂ ਨੇ ਕਾਫ਼ੀ ਜ਼ੋਰ ਪਾਇਆ। ਜਦੋਂ ਅਸੀਂ ਬਾਹਰ ਆ ਰਹੇ ਸੀ ਤਾਂ ਗੁਰਦੁਆਰੇ ਦੀ ਡਿਓੜੀ ਵਿਚ ਇਕ ਜਵਾਨ ਵਿਅਕਤੀ, ਜਿਸ ਨੇ ਸਲਵਾਰ ਕਮੀਜ਼ ਪਾਈ ਹੋਈ ਸੀ, ਹੱਥ ਵਿਚ ਮੋਬਾਈਲ ਫੜ੍ਹਿਆ ਹੋਇਆ ਸੀ ਅਤੇ ਸਾਫ਼ ਲੱਗ ਰਿਹਾ ਸੀ ਕਿ ਉਹ ਸੀਆਈਡੀ ਦਾ ਮੁਲਾਜ਼ਮ ਹੈ। ਸਬੂਰ ਉਸ ਨਾਲ ਗੱਲਬਾਤ ਕਰ ਰਿਹਾ ਸੀ। ਅਸੀਂ ਅੱਗੇ ਆਏ ਤਾਂ ਸਬੂਰ ਮੈਨੂੰ ਕਹਿਣ ਲੱਗਿਆ ਕਿ ਇਹ ਸੀਆਈਡੀ ਵਾਲੇ ਦਾ ਧੰਨਵਾਦ ਕਰ ਦੇਣਾ। ਮੈਂ ਉਸ ਨੂੰ ਕਿਹਾ, ਧੰਨਵਾਦ ਤਾਂ ਮੈਂ ਕਰ ਦਿਆਂਗਾ ਪਰ ਕਿਸ ਗੱਲ ਦਾ ਕਰਾਂ ਤਾਂ ਸਬੂਰ ਤੇ ਮਥੁਰਾ ਤੋਂ ਗਏ ਚੱਢਾ ਸਾਹਿਬ ਉੱਚੀ-ਉੱਚੀ ਹੱਸ ਪਏ। ਗੁਰਦੁਆਰੇ ਦੇ ਸਾਹਮਣੇ ਵਲੀ ਕੰਧਾਰੀ ਦੀ ਉੱਚੀ ਪਹਾੜੀ ਸੀ। ਮੇਰਾ ਮਨ ਤਾਂ ਸੀ ਕਿ ਉਹ ਵੀ ਵੇਖ ਜਾਂਦੇ ਪਰ ਇਸ ਲਈ ਕਾਫ਼ੀ ਸਮਾਂ ਲੱਗ ਜਾਣਾ ਸੀ। ਇਸ ਲਈ ਅਸੀਂ ਬੱਸ ’ਚ ਬੈਠ ਕੇ ਇਸਲਾਮਾਬਾਦ ਵੱਲ ਚੱਲ ਪਏ।
- ਡਾ. ਸ.ਸ. ਛੀਨਾ