ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਜਿਸ ਨੂੰ ਗੁਰੂ ਤੇਗ ਬਹਾਦਰ ਜੀ ਵਲੋਂ ਜ਼ਮੀਨ ਮੁੱਲ ਲੈ ਕੇ ਵਸਾਇਆ ਗਿਆ ਸੀ ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ 32 ਸਾਲ ਦੇ ਕਰੀਬ ਰਹੇ ਸਨ। ਇਸ ਨਗਰੀ ਵਿਚ ਹੀ ਸੋਢੀ ਖ਼ਾਨਦਾਨ ਵੀ ਰਹਿੰਦੇ ਹਨ ਤੇ ਅੱਜ ਇਸੇ ਖ਼ਾਨਦਾਨ ’ਚੋਂ ਸੋਢੀ ਵਿਕਰਮ ਸਿੰਘ ਹਨ ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਬਾਰ੍ਹਵੀਂ ਪੀੜ੍ਹੀ ’ਚੋਂ ਹਨ।

ਸ਼ਹੀਦਾਂ ਦੇ ਸਿਰਤਾਜ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਿਲਕੁਲ ਨਜ਼ਦੀਕ ਸੋਢੀ ਖ਼ਾਨਦਾਨ ਦੀ ਪੁਰਾਤਨ ਹਵੇਲੀ ਹੈ ਜਿਸ ਦੀ ਸੰਭਾਲ ਸੋਢੀ ਵਿਕਰਮ ਸਿੰਘ ਵਲੋਂ ਕੀਤੀ ਜਾ ਰਹੀ ਹੈ। ਦੋ ਏਕੜ ਦੇ ਕਰੀਬ ਰਕਬੇ ਵਿਚ ਨਾਨਕਸ਼ਾਹੀ ਇੱਟ ਨਾਲ ਤਿਆਰ ਹੋਈ ਇਸ ਹਵੇਲੀ ਦੀ ਸਮੁੱਚੀ ਬਿਲਡਿੰਗ, ਦਰਵਾਜ਼ੇ, ਬਾਰੀਆਂ ਆਦਿ ਗੁਰੂ ਸਾਹਿਬ ਦੇ ਸਮੇਂ ਦੀਆਂ ਹਨ ਤੇ ਇੱਥੇ ਨੌਵੇਂ ਤੇ ਦਸਵੇਂ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਵੀ ਪਏ ਹੋਏ ਹਨ। ਹਵੇਲੀ ਦੀਆਂ ਚੌੜੀਆਂ ਕੰਧਾਂ, ਵੱਡੇ ਦਰਵਾਜ਼ੇ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਵੇਲੀ ਪੁਰਾਤਨ ਹੈ। ਹਵੇਲੀ ਦੇ ਬਾਹਰ ਦਾ ਵੱਡਾ ਦਰਵਾਜ਼ਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਹੈ ਜੋ ਹਾਥੀਆਂ ਦੇ ਲੰਘਣ ਲਈ ਤਿਆਰ ਕੀਤਾ ਗਿਆ ਸੀ ਤੇ ਅੱਜ ਵੀ ਇਸ ਦੀ ਬਨਾਵਟ ਇਸ ਗੱਲ ਦੀ ਗਵਾਹ ਹੈ ਕਿ ਇੱਥੇ ਹਾਥੀ, ਘੋੜੇ ਰੱਖੇ ਗਏ ਸਨ। ਸੋਢੀ ਵਿਕਰਮ ਸਿੰਘ ਨੇ ਦੱਸਿਆ ਕਿ ਸਾਡੇ ਬਜ਼ੁਰਗ ਹਾਥੀਆਂ ਦੀ ਸਵਾਰੀ ਕਰਦੇ ਸਨ ਤੇ ਉਨ੍ਹਾਂ ਦੇ ਨਾਲ ਹਰ ਸਮੇਂ ਘੋੜ ਸਵਾਰ ਹੰੁਦੇ ਸਨ। ਇਸ ਹਵੇਲੀ ਵਿਚ ਜਿੱਥੇ ਸੋਢੀ ਖ਼ਾਨਦਾਨ ਦੀ ਰਿਹਾਇਸ਼ ਰਹਿੰਦੀ ਸੀ ਉੱਥੇ 50 ਘੋੜਿਆਂ ਦੇ ਤਬੇਲੇ, 100 ਦੇ ਕਰੀਬ ਸੇਵਾਦਾਰਾਂ ਦੀ ਰਿਹਾਇਸ਼ ਵੀ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਸਾਡੇ ਬਜ਼ੁਰਗ ਇੱਥੇ ਕਚਹਿਰੀਆਂ ਲਗਾਉਂਦੇ ਸਨ ਤੇ ਦੂਰ ਦੁਰਾਡੇ ਤੋਂ ਲੋਕ ਇੱਥੇ ਪੁੱਜਦੇ ਸਨ। ਹਵੇਲੀ ਵਿਚ ਗੁਰੂ ਸਾਹਿਬ ਦੇ ਸਮੇ ਦਾ ਇਕ ਖੁੂਹ ਵੀ ਹੈ ਜਿਸ ’ਚੋਂ ਅੱਜ ਵੀ ਪਾਣੀ ਮਿਲਦਾ ਹੈ।

ਸੋਢੀ ਵਿਕਰਮ ਸਿੰਘ ਨੇ ਦੱਸਿਆ ਕਿ ਮੇਰਾ ਜਨਮ ਇਸੇ ਹਵੇਲੀ ਦਾ ਹੈ ਤੇ ਮੈਂ ਹੁਣ ਵੀ ਇੱਥੇ ਰਹਿੰਦਾ ਹਾਂ। ਉਨ੍ਹਾਂ ਦੱਸਿਆ ਕਿ ਜਦੋਂ ਸੀਮੈਂਟ ਦੀ ਸ਼ੁਰੂਆਤ ਹੋਈ ਸੀ ਤਾਂ ਬਜ਼ੁਰਗਾਂ ਵਲੋਂ ਹਵੇਲੀ ਦੀਆਂ ਕੁੱਝ ਥਾਵਾਂ ’ਤੇ ਸੀਮੈਂਟ ਲਗਾ ਦਿੱਤਾ ਗਿਆ ਸੀ ਪਰ ਮੈਂ ਹੁਣ ਸੀਮੈਂਟ ਉਤਰਵਾ ਕੇ ਦੁਬਾਰਾ ਉਸ ਜਗ੍ਹਾ ਦੀ ਪੁਰਾਤਨ ਦਿੱਖ ਬਹਾਲ ਕਰਵਾ ਰਿਹਾ ਹਾਂ ਤਾਂ ਜੋ ਇਸ ਦੀ ਪੁਰਾਤਨਤਾ ਨੂੰ ਦੇਖ ਕੇ ਸਾਨੂੰ ਗੁਰੂ ਸਾਹਿਬ ਦੇ ਸਮੇਂ ਦੀ ਯਾਦ ਤਾਜ਼ਾ ਹੁੰਦੀ ਰਹੇ। ਭਾਵੇਂ ਇਸ ਖ਼ਾਨਦਾਨ ਵਿਚ ਜਨਮ ਹੋਣ ਕਾਰਨ ਇਸ ਬਿਲਡਿੰਗ ਦੀ ਸੰਭਾਲ ਮੇਰੀ ਜ਼ਿੰਮੇਵਾਰੀ ਹੈ ਪਰ ਅਸੀਂ ਸਾਰੇ ਸਿੱਖ ਪਰਿਵਾਰ ਦੇ ਮੈਂਬਰ ਹਾਂ ਤੇ ਇਸ ਦੀ ਪੁਰਾਤਨਤਾ ਨੂੰ ਕਾਇਮ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਦੀ ਸੰਭਾਲ ਕਰੀਏ ਤਾਂ ਜੋ ਸਾਡੇ ਬੱਚੇ ਇਸ ਨੂੰ ਦੇਖ ਕੇ ਪੁਰਾਤਨਤਾ ਦਾ ਅਹਿਸਾਸ ਕਰਨ ਤੇ ਆਪਣੇ ਅਮੀਰ ਵਿਰਸੇ ਨਾਲ ਜੁੜ ਸਕਣ।

ਸੋਢੀ ਵਿਕਰਮ ਸਿੰਘ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਗੁਰੂ ਸਾਹਿਬਾਨ ਦੇ ਸਮੇਂ ਦੀਆਂ ਪੁਰਾਤਨ ਬਿਲਡਿੰਗਾਂ ਦਾ ਖ਼ਾਤਮਾ ਕਰ ਦਿੱਤਾ ਗਿਆ ਹੈ। ਅੱਜ ਹਰ ਪਾਸੇ ਇਕੋ ਤਰ੍ਹਾਂ ਦੇ ਗੁਰਦੁਆਰਿਆਂ ਦਾ ਨਿਰਮਾਣ ਹੋ ਗਿਆ ਹੈ ਜਿਸ ਕਰਕੇ ਇਤਿਹਾਸਕ ਅਸਥਾਨਾਂ ਦੀ ਪੁਰਾਤਨ ਦਿੱਖ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਾਰ ਸੇਵਾ ਦੇ ਨਾਂ ’ਤੇ ਜਿਸ ਤਰ੍ਹਾਂ ਪੁਰਾਤਨ ਬਿਲਡਿੰਗਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਉਹ ਬਹੁਤ ਦੁਖਦਾਈ ਹੈ।

ਸੋਢੀ ਵਿਕਰਮ ਸਿੰਘ ਨੇ ਦੱਸਿਆ ਕਿ ਉਹ ਸਮੁੱਚੀ ਬਿਲਡਿੰਗ ਨੂੰ ਦੁਬਾਰਾ ਸਹੀ ਕਰਵਾ ਰਹੇ ਹਨ ਤੇ ਬਹੁਤ ਜਲਦ ਇਸ ਨੂੰ ਪੁਰਾਤਨ ਰੂਪ ਵਿਚ ਪੂਰਾ ਪੰਜਾਬ ਦੇਖੇਗਾ। ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਇਸ ਬਿਲਡਿੰਗ ਦੇ ਦੀਦਾਰ ਕਰ ਕੇ ਗੁਰੂ ਸਾਹਿਬ ਦੇ ਸਮੇਂ ਦੀ ਯਾਦ ਤਾਜ਼ਾ ਕਰੇਗੀ ਤੇ ਗੁਰੂ ਸਾਹਿਬ ਦੇ ਨੇੜੇ ਹੋਣ ਦਾ ਅਹਿਸਾਸ ਕਰੇਗੀ। ਇਸ ਲਈ ਅਸੀਂ ਇਸ ਸਮੁੱਚੀ ਬਿਲਡਿੰਗ ਦਾ ਕੰਮ ਕਰਵਾ ਰਹੇ ਹਾਂ ਤਾਂ ਕਿ ਹੋਲੇ ਮਹੱਲੇ ਅਤੇ ਹੋਰ ਮੁਬਾਰਕ ਮੌਕਿਆਂ ’ਤੇ ਦੂਰ ਦੁਰਾਡੇ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਇਹ ਬਿਲਡਿੰਗ ਪ੍ਰਚਾਰ ਦਾ ਕੰਮ ਕਰੇ।

ਸੋਢੀ ਵਿਕਰਮ ਸਿੰਘ ਨੇ ਸਰਕਾਰ ’ਤੇ ਗਿਲਾ ਕਰਦਿਆਂ ਕਿਹਾ ਕਿ ਇਸ ਪੁਰਾਤਨ ਤੇ ਇਤਿਹਾਸਕ ਬਿਲਡਿੰਗ ਦੀ ਸੰਭਾਲ ਵੱਲ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਬਿਲਡਿੰਗ ਬਹੁਤ ਵੱਡੀ ਹੈ ਤੇ ਇਸ ਦੀ ਪੁਰਾਤਨ ਦਿੱਖ ਕਾਇਮ ਰੱਖਣ ਲਈ ਖ਼ਰਚਾ ਵੀ ਕਾਫ਼ੀ ਕਰਨਾ ਪੈਂਦਾ ਹੈ, ਇਸ ਲਈ ਹੌਲੀ- ਹੌਲੀ ਜਿੰਨਾ ਹੋ ਸਕੇ ਕੰਮ ਕਰਵਾਇਆ ਜਾ ਰਿਹਾ ਹੈ।

ਸੋਢੀ ਵਿਕਰਮ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਮੁੱਖ ਬਜ਼ਾਰ ਵਿਚ ਹੋਣ ਕਰਕੇ ਕਈ ਵਾਰ ਇੱਥੇ ਮਾਲ ਅਤੇ ਦੁਕਾਨਾਂ ਆਦਿ ਬਣਾਉਣ ਲਈ ਅਰਬ ਰੁਪਏ ਦੇ ਆਫਰ ਵੀ ਆਏ ਪਰ ਮੇਰੀ ਦਿਲੀਂ ਤਮੰਨਾ ਹੈ ਕਿ ਸ਼ਹਿਰ ’ਚ ਗੁਰੂ ਸਾਹਿਬ ਦੇ ਸਮੇਂ ਦੀ ਇਹ ਇਕੋ ਇਕ ਬਿਲਡਿੰਗ ਹੈ ਜਿਸ ਦੀ ਪੁਰਾਤਨਤਾ ਕਾਇਮ ਰੱਖਣੀ ਚਾਹੀਦੀ ਹੈ। ਇਸ ਲਈ ਮੈਂ ਇਸ ਦੀ ਸੰਭਾਲ ਕਰ ਰਿਹਾ ਹਾਂ ਤੇ ਮੈਂ ਚਾਹੁੰਦਾ ਹਾਂ ਕਿ ਪੰਜਾਬ ਹੀ ਨਹੀਂ ਸਗੋਂ ਸਮੁੱਚਾ ਭਾਰਤ ਗੁਰੂ ਨਗਰੀ ਦੀ ਇਸ ਪੁਰਾਤਨ ਹਵੇਲੀ ਨੂੰ ਦੇਖ ਕੇ ਗੁਰੂ ਸਾਹਿਬ ਦੇ ਸਮੇਂ ਦੀ ਯਾਦ ਤਾਜ਼ਾ ਕਰੇ।

- ਸੁਰਿੰਦਰ ਸਿੰਘ ਸੋਨੀ

Posted By: Harjinder Sodhi