ਮਾਹਿਲਪੁਰ ਹੁਸ਼ਿਆਰਪੁਰ ਤੋਂ 22 ਕੁ ਕਿਲੋਮੀਟਰ ਦੀ ਦੂਰੀ ’ਤੇ ਦੱਖਣ ਵੱਲ ਨੂੰ ਸ਼ਹਿਰਾਂ ਵਰਗਾ ਕਸਬਾਨੁਮਾ ਘੁੱਗ ਵੱਸਦਾ ਪਿੰਡ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ’ਚ ਹੁਸ਼ਿਆਰਪੁਰ-ਚੰਡੀਗੜ੍ਹ ਸ਼ਾਹਰਾਹ ’ਤੇ ਵੱਸਦੇ ਇਸ ਪਿੰਡ ਨੂੰ ਦੁਆਬੇ ਦਾ ਪ੍ਰਸਿੱਧ ਪਿੰਡ ਹੋਣ ਦਾ ਮਾਣ ਪ੍ਰਾਪਤ ਹੈ। ਪੰਜਾਬ ’ਚ ਤਿੰਨ ਸਥਾਨ ਅਜਿਹੇ ਹਨ, ਜੋ ਖੇਡਾਂ ਕਰਕੇ ਬਹੁਤ ਮਕਬੂਲੀਅਤ ਰੱਖਦੇ ਹਨ।

ਮਾਹਿਲਪੁਰ ਹੁਸ਼ਿਆਰਪੁਰ ਤੋਂ 22 ਕੁ ਕਿਲੋਮੀਟਰ ਦੀ ਦੂਰੀ ’ਤੇ ਦੱਖਣ ਵੱਲ ਨੂੰ ਸ਼ਹਿਰਾਂ ਵਰਗਾ ਕਸਬਾਨੁਮਾ ਘੁੱਗ ਵੱਸਦਾ ਪਿੰਡ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ’ਚ ਹੁਸ਼ਿਆਰਪੁਰ-ਚੰਡੀਗੜ੍ਹ ਸ਼ਾਹਰਾਹ ’ਤੇ ਵੱਸਦੇ ਇਸ ਪਿੰਡ ਨੂੰ ਦੁਆਬੇ ਦਾ ਪ੍ਰਸਿੱਧ ਪਿੰਡ ਹੋਣ ਦਾ ਮਾਣ ਪ੍ਰਾਪਤ ਹੈ। ਪੰਜਾਬ ’ਚ ਤਿੰਨ ਸਥਾਨ ਅਜਿਹੇ ਹਨ, ਜੋ ਖੇਡਾਂ ਕਰਕੇ ਬਹੁਤ ਮਕਬੂਲੀਅਤ ਰੱਖਦੇ ਹਨ। ਰਾਏਪੁਰ (ਪੇਂਡੂ ਮਿੰਨੀ ਓਲਪਿੰਕ), ਸੰਸਾਰਪੁਰ (ਹਾਕੀ ਦੀ ਨਰਸਰੀ) ਤੇ ਮਾਹਿਲਪੁਰ (ਫੁੱਟਬਾਲ ਦਾ ਮੱਕਾ), ਜਿੱਥੇ ਸੰਧੂਰੀ ਅੰਬਾਂ ਦੀ ਮਹਿਕ ਨਾਲ ਲਬਰੇਜ਼ ਇਸ ਧਰਤੀ ਤੋਂ ਹੀ ਪੰਜਾਬ ਦੇ ਫੁੱਟਬਾਲ ਦੀਆਂ ਕਰੂੰਬਲਾਂ ਫੁੱਟਦੀਆਂ ਹਨ। ਖੇਡਾਂ ਦੇ ਨਾਲ-ਨਾਲ ਵਿੱਦਿਅਕ, ਧਾਰਮਿਕ, ਸੱਭਿਆਚਾਰਕ, ਰਾਜਨੀਤੀ ’ਚ ਵੀ ਮਾਹਿਲਪੁਰ ਦਾ ਵੱਡਮੁੱਲਾ ਯੋਗਦਾਨ ਹੈ। ਹਿਮਾਚਲ ਦਾ ਪ੍ਰਸਿੱਧ ਸ਼ਹਿਰ ਊਨਾ ਇੱਥੋਂ 53 ਕਿਮੀ, ਫਗਵਾੜਾ 38 ਕਿਮੀ ਤੇ ਰਾਜਧਾਨੀ ਚੰਡੀਗੜ੍ਹ 120 ਕਿਮੀ ਦੀ ਦੂਰੀ ’ਤੇ ਸਥਿਤ ਹੈ। ਇੱਥੋਂ ਰੇਲਵੇ ਸਟੇਸ਼ਨ ਜੇਜੋਂ ਦੁਆਬਾ 14 ਕਿਲੋਮੀਟਰ ਤੇ ਹਿਮਾਚਲ ਬਾਰਡਰ 16 ਕਿਲੋਮੀਟਰ ਦੀ ਦੂਰੀ ’ਤੇ ਹੈ। ਮਾਹਿਲਪੁਰ ਦੇ ਗਲੀ-ਮੁਹੱਲਿਆਂ ’ਚ ਘੁੰਮਦਿਆਂ ਤੁਹਾਨੂੰ ਇਹ ਪਿੰਡ ਦਾ ਭੁਲੇਖਾ ਪਾਉਂਦਾ ਹੈ ਤੇ ਬਾਜ਼ਾਰਾਂ ਵਿੱਚੋਂ ਲੰਘਦਿਆਂ ਸ਼ਹਿਰ ਦਾ ਰੁਤਬਾ ਰੱਖਦਾ ਪ੍ਰਤੀਤ ਹੁੰਦਾ ਹੈ। ਮੌਜੂਦਾ ਸਮੇਂ ਮਾਹਿਲਪੁਰ ਦੇ ਬਾਜ਼ਾਰ ਦਾ ਰਕਬਾ ਤੇਜ਼ੀ ਨਾਲ ਵੱਧ ਰਿਹਾ ਹੈ। ਬ੍ਰਿਟਿਸ਼ ਰਾਜ ਸਮੇਂ ਲਿਖੀ ਗਈ ‘ਪੰਜਾਬ ਦੀ ਜੋਗਰਾਫਾਈ ਤਵਾਰੀਖ਼’ ਨਾਮਕ ਕਿਤਾਬ ਵਿਚ ਬੂਟੇ ਸ਼ਾਹ ਆਪਣੀ ਲਿਖਤ ’ਚ ਮਾਹਿਲਪੁਰ ਦੀ ਵੰਡਿਆਈ ਕਰਦਾ ਹੋਇਆ ਇੰਜ ਲਿਖਦਾ ਹੈ, ‘ਮਾਹਿਲਪੁਰ ਦੇ ਪਰਗਨੇ ਦੀ ਇਕਸਾਰ ਜ਼ਮੀਨ ਹੈ, ਉਸ ਦੀ ਆਬ ਹਵਾ ਬਹੁਤ ਚੌਖੀ ਔਰ ਚੰਗੀ ਹੈ। ਅੰਬਾਂ ਦੇ ਬੂਟੇ ਬਹੁਤ ਹਨ ਅਤੇ ਹਰ ਜਾਤ ਦਾ ਅਨਾਜ, ਹਰ ਪ੍ਰਕਾਰ ਦਾ ਕਮਾਦ ਉੱਥੇ ਪੈਦਾ ਹੁੰਦਾ ਹੈ ਅਤੇ ਪਾਣੀ ਨਾਲ ਵਗਦੇ ਹਨ। ਉੱਥੇ ਖੇਤੀ ਵਰਖਾ ਨਾਲ ਹੁੰਦੀ ਹੈ ਪਰ ਕਿਧਰੇ-ਕਿਧਰੇ ਚੜਸ ਨਾਲ ਸਿੰਜਦੇ ਹਨ। ਉੱਥੋਂ ਸਤਲੁਜ ਦਾ ਦਰਿਆ ਉੱਨੀ ਅਰ ਬਿਆਰ ਨਦੀ ਬੱਤੀ ਕੋਹ ਹੈ ਅਤੇ ਇਕ ਸੌ ਸਤਾਈ ਪਿੰਡ ਉਹਦੇ ਨਾਲ ਲੱਗਦੇ ਹਨ। ਬੂਟੇ ਸ਼ਾਹ ਦੀ ਇਹ ਲਿਖਤੀ ਮੂਲ ਰੂਪ ਵਿਚ ਫ਼ਾਰਸੀ ਭਾਸ਼ਾ ’ਚ ਸੀ, ਜਿਸ ਕਿ ਮੁਨਸ਼ੀ ਬਹਿਲੋਲ ਵੱਲੋਂ ਪੰਜਾਬੀ ਵਿਚ ਅਨੁਵਾਦ ਕੀਤਾ ਗਿਆ ਸੀ। ਮਾਹਿਲਪੁਰ ਦੀ ਇਸ ਵਿਸ਼ੇਸ਼ਤਾ ਕਾਰਨ ਹੀ ਇਹ ਆਮ ਲੋਕ ਬੋਲੀ ਸੁਣਨ ਨੂੰ ਮਿਲਦੀ ਸੀ, ‘ਅੰਬੀਆਂ ਨੂੰ ਤਰਸੇਂਗੀ, ਜਦੋਂ ਟੱਪ ਗਈ ਮਾਹਿਲਪੁਰ ਠਾਣਾ।’ 1957 ਵਿਚ ਮਾਹਿਲਪੁਰ ਨੂੰ ਬਲਾਕ ਦਾ ਦਰਜਾ ਦਿੱਤਾ ਗਿਆ। ਪਹਿਲਾਂ ਇਹ ਵਿਧਾਨ ਸਭਾ ਹਲਕਾ ਸੀ ਪ੍ਰੰਤੂ ਹੁਣ ਇਹ ਤਹਿਸੀਲ ਅਤੇ ਹਲਕੇ ਗੜ੍ਹਸ਼ੰਕਰ ਅਧੀਨ ਸਬ-ਤਹਿਸੀਲ ਹੈ। ਮਾਹਿਲਪੁਰ ਤੇ ਇਲਾਕੇ ਦੇ ਲੋਕਾਂ ਦੀ ਪੁਰਜ਼ੋਰ ਮੰਗ ਨੂੰ ਉਦੋਂ ਬੂਰ ਪਿਆ, ਜਦੋਂ ਪੰਜਾਬ ਸਰਕਾਰ ਨੇ ਮਾਹਿਲਪੁਰ ਨੂੰ 1997-98 ਵਿਚ ਸਬ-ਤਹਿਸੀਲ ਬਣਾਇਆ ਸੀ। ਪੰਚਾਇਤ ਐਕਟ ਅਨੁਸਾਰ ਸੰਨ 194 ਵਿਚ ਇਸ ਦੀ ਪਹਿਲੀ ਪੰਚਾਇਤ ਚੁਣੀ ਗਈ, ਜਿਸ ਵਿਚ ਬਾਬੂ ਗੁਰਬਖਸ਼ ਸਿੰਘ (ਪੱਤੀ ਚੱਕ ਵਾਲੀ) ਸਰਪੰਚ ਚੁਣੇ ਗਏ ਸਨ। 13 ਵਾਰਡਾਂ ਵਾਲੇ ਨਗਰ ਪੰਚਾਇਤ ਮਾਹਿਲਪੁਰ ਦੇ ਮੌਜੂਦਾ ਪ੍ਰਧਾਨ ਦਵਿੰਦਰ ਸਿੰਘ ਸੈਣੀ ਹਨ। ਜਾਮਨ ਵਾਲਾ ਚੌਕ ਮਾਹਿਲਪੁਰ ਦੀ ਅਮੀਰ ਵਿਰਾਸਤ ਦੀ ਨਿਸ਼ਾਨਦੇਹੀ ਕਰਦਾ ਹੈ।
ਕਿਵੇਂ ਪਿਆ ਨਾਂ?
ਇਤਿਹਾਸ ਨੂੰ ਫਰੋਲਦਿਆਂ ਮਾਹਿਲਪੁਰ ਉੱਪਰ ਵੱਡਾ ਕਾਰਜ ਕਰਨ ਵਾਲੇ ਲੇਖਕ ਹਰਕੇਵਲ ਸਿੰਘ ਸੈਲਾਨੀ ਇੰਜ ਲਿਖਦੇ ਹਨ ਕਿ ਗੁਆਂਢੀ ਮੁਲਕ ਚੀਨ ਦਾ ਯਾਤਰੂ ਹਿਊਨਸਾਂਗ, ਜੋ ਸੰਨ 643 ਈ: ਵਿਚ ਥਨੇਸਰ ਵਿਖੇ ਮਹਾਰਾਜਾ ਹਰਸ਼ਵਰਧਨ ਦਾ ਮਹਿਮਾਨ ਸੀ ਤੇ ਉਹ ਆਪਣੇ ਮੁਲਕ ਵਾਪਸ ਜਾਂਦਾ ਹੋਇਆ ਮਾਹਿਲਪੁਰ ਪਿੰਡ ਵੀ ਆਇਆ ਸੀ। ਉਸ ਨੇ ਆਪਣੇ ਸਫ਼ਰਨਾਮੇ ਵਿਚ ਇਸ ਪਿੰਡ ਨੂੰ ‘ਸਿਰੀ ਮਾਹਿਲਪੁਰ’ ਕਰਕੇ ਲਿਖਿਆ ਹੈ। ਉਨ੍ਹਾਂ ਅਨੁਸਾਰ ਇਹ ਪਿੰਡ ਸਮਰਾਟ ਹਰਸ਼ਵਰਧਨ ਦੇ ਬਜ਼ੁਰਗਾਂ ਦੀ ਪੈਦਾਇਸ਼ਗਾਹ ਸੀ। ਇਸ ਨਗਰ ਤੋਂ ਹੀ 400 ਈ: ਵਿਚ ਮਹਾਰਾਜਾ ਹਰਸ਼ਵਰਧਨ ਦੇ ਵੱਡੇ-ਵਡੇਰੇ ਬੈਂਸ ਬੰਸੀ ਪੁਸ਼ਪਭੂਤੀ ਨੇ ਆਪਣੇ ਵੰਸ਼ ਦੀ ਸਹਾਇਤਾ ਨਾਲ ਕੁਰੂਕੇਸ਼ਤਰ ਵਿਖੇ ਸ੍ਰੀ ਕੰਠ (ਥਨੇਸਰ) ਨੂੰ ਵਸਾਇਆ ਸੀ।
ਇਕ ਦੰਦ ਕਥਾ ਅਨੁਸਾਰ ਮਾਹਿਲਪੁਰ ਪਿੰਡ ਦਾ ਨਾਂ ਰਾਜ ਮਾਹਲ ਦੇਵ ਦੇ ਨਾਮ ਤੋਂ ਪਿਆ ਮੰਨਿਆ ਜਾਂਦਾ ਹੈ। ਸਵ: ਗਿਆਨੀ ਹਰਕੇਵਲ ਸਿੰਘ ਸੈਲਾਨੀ ਲਿਖਦੇ ਹਨ ਕਿ ਮਾਹਿਲਪੁਰੀਆਂ ਦੇ ਜੱਟਾਂ ਦੇ ਗੋਤ ਬੈਂਸ ਦਾ ਆਦਿ ਮਹਾਭਾਰਤ ਕਾਲ ਤੋਂ ਸ਼ੁਰੂ ਹੁੰਦਾ ਹੈ। ਜੇ ਉਸ ਆਧਾਰ ’ਤੇ ਮਾਹਿਲਪੁਰ ਦਾ ਮੁੱਢ ਬੱਝਿਆ ਮਹਾਭਾਰਤ ਕਾਲ ਦਾ ਮੰਨ ਲਈਏ ਤਾਂ ਇਹ ਗ਼ਲਤ ਬਿਆਨੀ ਨਹੀਂ ਹੋਵੇਗੀ। ਗੌਰਤਲਬ ਹੈ ਕਿ ਸਾਰੇ ਸੰਸਾਰ ਵਿਚ ਇਹ ਆਪਣੇ ਨਾਂ ਦਾ ਇੱਕੋ ਇਕ ਪਿੰਡ ਹੈ। ਡਿਸਟ੍ਰਿਕਟ ਗਜ਼ਟੀਅਰ ਜ਼ਿਲ੍ਹਾ ਹੁਸ਼ਿਆਰਪੁਰ (1904) ਵਿਚ ਮਾਹਿਲਪੁਰ ਨੂੰ ਜੱਟ ਬੈਂਸ ਕਬੀਲੇ ਦਾ ਹੈੱਡਕੁਆਰਟਰ ਲਿਖਿਆ ਹੈ। ਪੁਰਾਣੇ ਮਾਹਿਲਪੁਰ ਦੀਆਂ ਛੇ ਪੱਤੀਆਂ ਪੱਤੀ ਚੱਕ ਵਾਲੀ, ਪੱਤੀ ਦਾਸੋ ਵਾਲੀ, ਪੱਤੀ ਚਰਨਪੁਰ, ਪੱਤੀ ਲੱਧੇਵਾਲ, ਪੱਤੀ ਹਵੇਲੀ, ਪੱਤੀ ਹੱਸਣੀਆ ਸਨ। ਮਾਹਿਲਪੁਰ ਨੂੰ ਪੰਜਾਬ ਦਾ ਐੱਨਆਰਆਈ ਹੱਬ ਹੋਣ ਦਾ ਮਾਣ ਵੀ ਪ੍ਰਾਪਤ ਹੈ। ਦੇਸ ਦੀ ਆਜ਼ਾਦੀ ਦੇ ਨੌਂ ਸਾਲ ਬਾਅਦ ਇਹ 1956 ’ਚ ਬਿਜਲੀ ਦੀ ਸਪਲਾਈ ਨਾਲ ਰੋਸ਼ਨ ਹੋਇਆ। ਇੱਥੋਂ ਦੀ ਨਗਰ ਪੰਚਾਇਤ 1992-93 ਵਿਚ ਬਣਾਈ ਗਈ, ਜਿਸ ਦੇ ਪਹਿਲੇ ਪ੍ਰਧਾਨ ਪਿਰਥੀ ਸਿੰਘ ਬਣੇ।
ਇਤਿਹਾਸਕ ਪੱਖ
ਜੇ ਇਤਿਹਾਸਕ ਸਰੋਤਾਂ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਮਾਹਿਲਪੁਰ ਦੇ ਦੱਖਣ-ਪੱਛਮ ਮੁੰਜੀ ਢੱਕੀ ਵਿਚ 1757 ਦੇ ਦਸੰਬਰ ’ਚ ਜਲੰਧਰ ਦੇ ਫ਼ੌਜਦਾਰ ਸਰਫ਼ਰਾਜ਼ ਖ਼ਾਨ ਨਾਲ ਸਿੱਖਾਂ ਨਾਲ ਆਰ-ਪਾਰ ਦੀ ਜੰਗ ਹੋਈ, ਜਿਸ ਵਿਚ ਸਿੱਖਾਂ ਅੱਗੇ ਫ਼ੌਜਦਾਰ ਦੀਆਂ ਫ਼ੌਜਾਂ ਮੈਦਾਨ ਛੱਡ ਭੱਜ ਤੁਰੀਆਂ ਸਨ। ਪ੍ਰਸਿੱਧ ਇਤਿਹਾਸਕਾਰ ਖ਼ੁਸ਼ਵੰਤ ਸਿੰਘ ਇਸ ਬਾਰੇ ਇੰਜ ਲਿਖਦੇ ਹਨ, Jassa Singh Ahluwalia Called on the misldars to avenge the death of Deep Singh and the desecration of the shrines. They found a valuable ally in Adina Beg Khan, who suspected that the Afgans wanted to lay their hands on him. The Sikhs and Adina Beg's troops met the Afghans at Village Mahilpur in the district Hoshiarpur and Utterly defeated them.
ਮਾਹਿਲਪੁਰ ਦੀ ਲੜਾਈ ਦਸੰਬਰ 1757 ਵਿਚ ਦੁਰਾਨੀ ਸਾਮਰਾਜ ਵਿਰੁੱਧ ਸਿੱਖ ਮਿਸਲਾਂ ਤੇ ਅਦੀਨਾ ਬੇਗ਼ ਖ਼ਾਨ ਵਿਚਕਾਰ ਲੜੀ ਗਈ ਸੀ। ਅਦੀਨਾ ਬੇਗ਼ ਨੇ ਜੱਸਾ ਸਿੰਘ ਆਹਲੂਵਾਲੀਆ ਤੇ ਵਡਭਾਗ ਸਿੰਘ ਸੋਢੀ ਦੀ ਕਮਾਨ ਹੇਠ ਸਿੱਖਾਂ ਨਾਲ ਮਿਲਟਰੀ ਗਠਜੋੜ ਬਣਾਇਆ। ਲੜਾਈ ਦੇ ਨਤੀਜੇ ਵਜੋਂ ਅਦੀਨਾ ਬੇਗ਼ ਅਤੇ ਸਿੱਖਾਂ ਦੀ ਜਿੱਤ ਹੋਈ ਅਤੇ ਨਤੀਜੇ ਵਜੋਂ ਪੂਰੇ ਜਲੰਧਰ ਦੁਆਬੇ ’ਤੇ ਸਿੱਖ ਫ਼ੌਜਾਂ ਦਾ ਕਬਜ਼ਾ ਹੋ ਗਿਆ। ਵਿਸ਼ਵ ਪ੍ਰਸਿੱਧ ਜਲ੍ਹਿਆਂਵਾਲਾ ਬਾਗ਼ ਦਾ ਪਿਛੋਕੜ ਵੀ ਮਾਹਿਲਪੁਰ ਨਾਲ ਹੀ ਜੁੜਦਾ ਹੈ। ਇਤਿਹਾਸਕ ਵੇਰਵਿਆਂ ਮੁਤਾਬਿਕ ਇਸ ਬਾਗ ਦੀ ਸਥਾਪਨਾ ਸਰਦਾਰ ਹਿੰਮਤ ਸਿੰਘ ਬੈਂਸ ਨੇ ਕੀਤੀ ਸੀ, ਜਿਨ੍ਹਾਂ ਦੇ ਪਿਤਾ ਚੌਧਰੀ ਗੁਲਾਬ ਰਾਏ ਬੈਂਸ, ਮਾਹਿਲਪੁਰ ਦੇ ਖ਼ਾਨਦਾਨੀ ਮੁਗ਼ਲ ਚੌਧਰੀ (ਜਾਗੀਰਦਾਰ) ਦੇ ਨਾਲ-ਨਾਲ 1760 ਦੇ ਦਹਾਕੇ ਵਿਚ ਸਿੱਖ ਮਿਸਲਾਂ ਅਧੀਨ ਸਰਹਿੰਦ ਦੇ ਆਦਮਪੁਰ ਅਤੇ ਜੱਲ੍ਹਾ ਨੇੜੇ ਪਿੰਡ ਅੱਛਰਵਾਲ ਦੇ ਜਾਗੀਰਦਾਰ ਸਨ।
ਧਾਰਮਿਕ ਪੱਖ
ਜੇ ਧਾਰਮਿਕ ਪੱਖ ਦੀ ਗੱਲ ਕਰੀਏ ਤਾਂ ਗੁਰਦੁਆਰਾ ਸ਼ਹੀਦਾਂ ਲੱਧੇਵਾਲ, ਮਾਹਿਲਪੁਰ (ਹੁਸ਼ਿਆਰਪੁਰ) ਦਾ ਜ਼ਿਕਰ ਹੋਣਾ ਲਾਜ਼ਮੀ ਹੈ। ਇਹ ਪਾਵਨ ਪਵਿੱਤਰ ਅਸਥਾਨ ਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਹ ਪਵਿੱਤਰ ਅਸਥਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਕਸਬੇ ਵਿਚ ਮਾਹਿਲਪੁਰ-ਕਹਾਰਪੁਰ ਲਿੰਕ ਸੜਕ ’ਤੇ ਸਥਿਤ ਹੈ। ਇਸ ਅਸਥਾਨ ਦੀ ਹੁਸ਼ਿਆਰਪੁਰ ਤੋਂ ਦੂਰੀ ਤਕਰੀਬਨ 24 ਕਿਲੋਮੀਟਰ ਅਤੇ ਗੜ੍ਹਸ਼ੰਕਰ ਤੋਂ 20 ਕਿਲੋਮੀਟਰ ਹੈ। ਇਸ ਅਸਥਾਨ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਪਿੰਡ ਬਸੀਆਂ ਦਾ ਮਾਲਕ ਹਾਕਮ ਜਾਬਰ ਖ਼ਾਂ ਇਸ ਇਲਾਕੇ ਦੇ ਹਿੰਦੂਆਂ ’ਤੇ ਹਰ ਢੰਗ-ਤਰੀਕੇ ਨਾਲ ਜਬਰ-ਜ਼ੁਲਮ ਕਰਦਾ ਸੀ। ਉਹ ਨਵ-ਵਿਆਹੀਆਂ ਲੜਕੀਆਂ ਦੇ ਡੋਲੇ ਜਬਰੀ ਚੁੱਕ ਕੇ ਲੈ ਜਾਂਦਾ ਸੀ। ਇਸ ਪ੍ਰਸੰਗ ਵਿਚ ਜਾਬਰ ਖ਼ਾਂ ਨੇ ਜੇਜੋਂ ਸ਼ਹਿਰ ਦੇ ਗ਼ਰੀਬ ਬ੍ਰਾਹਮਣ ਦੇਵੀ ਦਾਸ ਦੀ ਧਰਮ ਪਤਨੀ ਦਾ ਡੋਲਾ ਜਬਰੀ ਆਪਣੇ ਮਹਿਲੀਂ ਲੈ ਗਿਆ। ਲਾਚਾਰ, ਬੇਵੱਸ ਅਤੇ ਦੁਖੀ ਬ੍ਰਾਹਮਣ ਦੇਵੀ ਦਾਸ ਨੇ ਆਪਣੀ ਘਰਵਾਲੀ ਨੂੰ ਵਾਪਸ ਲਿਆਉਣ ਲਈ ਕਈ ਥਾਂ ਮਿੰਨਤਾਂ-ਤਰਲੇ ਕੀਤੇ ਪਰ ਕਿਤੇ ਵੀ ਉਸ ਦੀ ਸੁਣਵਾਈ ਨਾ ਹੋਈ। ਅੰਤ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਪਣੀ ਫ਼ਰਿਆਦ ਲੈ ਕੇ ਪੁੱਜਿਆ। ਗੁਰੂ ਜੀ ਨੇ ਉਸ ਦੀ ਫ਼ਰਿਆਦ ਸੁਣ ਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਸਿੰਘਾਂ ਦੇ ਜਥੇ ਸਮੇਤ ਜਾਬਰ ਖਾਂ ਨੂੰ ਸੋਧਣ ਲਈ ਭੇਜਿਆ ਸੀ।
ਗੁਰਦੁਆਰਾ ਬੁੰਗਾ ਸਾਹਿਬ
ਇਹ ਗੁਰਦੁਆਰਾ ਸਾਹਿਬ ਲੰਗੇਰੀ ਰੋਡ ’ਤੇ ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤਕਰੀਬਨ 400 ਸਾਲ ਪੁਰਾਣਾ ਹੈ। ਇਸ ਸਥਾਨ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਇਸ ਦਾ ਸਬੰਧ ਬਾਬਾ ਨਗਾਹੀਆ ਜੀ ਨਾਲ ਹੈ, ਜਿਨ੍ਹਾਂ ਨੇ ਤੀਜੇ ਪਾਤਸ਼ਾਹਿ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਤੋਂ ਚਰਨਾਮ੍ਰਿਤ ਲਿਆ ਸੀ। ਅਗਾਂਹ ਇਹ ਬੁੰਗਾ ਬਾਬਾ ਫ਼ਤਿਹ ਸਿੰਘ ਜੀ ਤੋਂ ਪ੍ਰਸਿੱਧ ਹੋਇਆ।
ਸ਼ਿਵ ਦੁਆਲਾ
ਗੁਰਦੁਆਰਾ ਧਰਮਸ਼ਾਲਾ ਦੇ ਨਜ਼ਦੀਕ ਹੀ ਸ਼ਿਵ ਮੰਦਿਰ ਧਾਰਮਿਕ ਆਸਥਾ ਦਾ ਕੇਂਦਰ ਹੈ। ਸਿੱਧੀ ਝੰਡੀ, ਬਾਲਮੀਕਿ ਮੰਦਰ, ਗੁਰਦੁਆਰਾ ਗੁਰੂ ਰਵਿਦਾਸ, ਗੁਰਦੁਆਰਾ ਨਾਨਕਸਰ, ਈਦਗਾਹ, ਸ਼ਿਵ ਮੰਦਰ, ਰਾਧੇ ਕ੍ਰਿਸ਼ਨ ਮੰਦਰ, ਗੁਰਦੁਆਰਾ ਸਾਹਿਬ ਬਾਵਾ ਮਸਤ ਰਾਮ, ਵਿਸ਼ਵਕਰਮਾ ਭਵਨ, ਕੁਟੀਆ ਸੰਤ ਧਿਆਨ ਦਾਸ ਅਤੇ ਡੇਰਾ ਬਾਬਾ ਕੁੰਭ ਦਾਸ ਜੀ ਆਦਿ ਹੋਰ ਧਾਰਮਿਕ ਅਸਥਾਨ ਹਨ।
ਪੰਜਾਬੀ ਫੁੱਟਬਾਲ ਦੀ ਰਾਜਧਾਨੀ
ਮਾਹਿਲਪੁਰ ਦੇ ਫੁੱਟਬਾਲ ਦਾ ਆਪਣਾ ਸ਼ਾਨਮੱਤਾ ਇਤਿਹਾਸ ਹੈ। ਜਿਵੇਂ ਸੰਸਾਰਪੁਰ ਨੂੰ ਹਾਕੀ ਦੀ ਨਰਸਰੀ ਕਰਕੇ ਜਾਣਿਆ ਜਾਂਦਾ ਹੈ, ਉਸੇ ਤਰ੍ਹਾਂ ਮਾਹਿਲਪੁਰ ਦੀ ਪਛਾਣ ਫੁੱਟਬਾਲ ਹੈ। ਜੇ ਮਾਹਿਲਪੁਰ ਨੂੰ ਪੰਜਾਬੀ ਫੁੱਟਬਾਲ ਦੀ ਰਾਜਧਾਨੀ ਆਖ ਲਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਮਾਹਿਲਪੁਰ ਤੇ ਇਸ ਨਾਲ ਲੱਗਦੇ ਪਿੰਡਾਂ ਦੀਆਂ ਸੱਥਾਂ ਵਿਚ ਫੁੱਟਬਾਲ ਦੀ ਚਰਚਾ ਹੋਣੀ ਆਮ ਗੱਲ ਹੈ। ਸੰਧੂਰੀ ਅੰਬਾਂ ਦੀ ਮਹਿਕ ਨਾਲ ਲਬਰੇਜ਼ ਇਹ ਧਰਤੀ ਫੁੱਟਬਾਲ ਦੇ ਕਈ ਬਾਬੇ ਬੋਹੜ ਫੁੱਟਬਾਲ ਜਗਤ ਦੀ ਝੋਲੀ ਪਾ ਚੁੱਕੀ ਹੈ, ਜਿਹਨਾਂ ਵਿਚ ਅਰਜੁਨ ਐਵਾਰਡੀ ਜਰਨੈਲ ਸਿੰਘ ਅਤੇ ਗੁਰਦੇਵ ਸਿੰਘ ਗਿੱਲ ਪ੍ਰਮੁੱਖ ਹਨ। ਇਸ ਇਲਾਕੇ ਨੂੰ ਮਾਣ ਜਾਂਦਾ ਹੈ ਕਿ ਮਨਜੀਤ ਸਿੰਘ ਗਿੱਲ, ਯਸ਼ਪਾਲ ਜੱਸੀ, ਜੀਐੱਸ ਪਰਮਾਰ, ਮਦਨ ਲਾਲ ਮੱਦੋ, ਗੁਰਮੇਲ ਸਿੰਘ ਨਾਰਵੇ, ਜੀਤ ਸਿੰਘ ਖਾਬੜਾ, ਤਜਿੰਦਰ ਕੁਮਾਰ, ਪਰਮਿੰਦਰ ਸਿੰਘ ਦੇ ਨਾਲ-ਨਾਲ ਬਲਵੰਤ ਸਿੰਘ ਰਹੱਲੀ, ਹਰਮਨਜੋਤ ਸਿੰਘ ਖਾਬੜਾ, ਬਲਜੀਤ ਸਾਹਨੀ, ਅਮਰਿੰਦਰ ਸਿੰਘ ਨਮੋਲੀਆ, ਕਰਨਜੀਤ ਸਿੰਘ ਪਾਲਦੀ ਅਤੇ ਅਨਵਰ ਅਲੀ ਵਰਗੇ ਮੌਜੂਦਾ ਰਾਸ਼ਟਰੀ ਸਿਤਾਰੇ ਵੀ ਭਾਰਤੀ ਫੁੱਟਬਾਲ ਦੀ ਝੋਲੀ ਪਾਏ ਹਨ। ਮੌਜੂਦਾ ਚਰਚਿਤ ਮਹਿਲਾ ਫੁੱਟਬਾਲਰ ਸਨਸਨੀ ਮਨੀਸ਼ਾ ਕਲਿਆਣ ਵੀ ਮਾਹਿਲਪੁਰ ਦੀ ਹੀ ਦੇਣ ਹੈ, ਜੋ ਭਾਰਤੀ ਟੀਮ ਵਿਚ ਖੇਡ ਕੇ ਇਲਾਕੇ ਦਾ ਨਾਂ ਰੋਸ਼ਨ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ 1997-98 ਵਿਚ ਇੱਥੇ ਫੁੱਟਬਾਲ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਅਕੈਡਮੀ ਵਿਚ ਅੰਡਰ-14, 17,19 ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਇਲਾਕੇ ਦੇ ਖੇਡ ਪ੍ਰੇਮੀਆਂ ਦੀ ਮੰਗ ਹੈ ਕਿ ਮਾਹਿਲਪੁਰ ਦੀਆਂ ਫੁੱਟਬਾਲ ’ਚ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਇਸ ਦੇ ਮੁੱਖ ਚੌਕ ਦਾ ਨਾਂ ‘ਫੁੱਟਬਾਲ ਚੌਕ’ ਰੱਖਿਆ ਜਾਵੇ ਤਾਂ ਜੋ ਇਸ ਦੀ ਫੁੱਟਬਾਲ ਵਿਰਾਸਤ ਨੂੰ ਸਦੀਵੀ ਪਛਾਣ ਮਿਲ ਸਕੇ।
ਪ੍ਰਿੰ. ਹਰਭਜਨ ਸਿੰਘ ਯਾਦਗਾਰੀ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ
ਪ੍ਰਿੰਸੀਪਲ ਹਰਭਜਨ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੇ ਪਹਿਲੇ ਪ੍ਰਿੰਸੀਪਲ ਸਨ, ਜਿਨ੍ਹਾਂ ਦੇ ਵਿੱਦਿਅਕ ਅਤੇ ਖੇਡਾਂ ਦੇ ਖੇਤਰ ’ਚ ਪਾਏ ਗਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਯੋਗਦਾਨ ਨੂੰ ਸਿੱਜਦਾ ਕਰਨ ਲਈ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਹਰ ਸਾਲ ਫਰਵਰੀ ਮਹੀਨੇ ਜੋਸ਼ੋ-ਖਰੋਸ਼ ਨਾਲ ਕਰਵਾਇਆ ਜਾਂਦਾ ਹੈ, ਜਿਸ ਵਿਚ ਚੋਟੀ ਦੇ ਫੁੱਟਬਾਲ ਕਲੱਬ, ਐਕਡਮੀਆਂ ਅਤੇ ਕਾਲਜ ਸ਼ਮੂਲੀਅਤ ਕਰਦੇ ਹਨ। ਟੂਰਨਾਮੈਂਟ ਦੀ ਲੋਕਪ੍ਰਿਅਤਾ ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਪ੍ਰਸਿੱਧ ਫੁੱਟਬਾਲ ਟੂਰਨਾਮੈਂਟ ਨੂੰ ਵੇਖਣ ਲਈ ਖ਼ਾਸ ਤੌਰ ’ਤੇ ਪਰਵਾਸੀ ਪੰਜਾਬੀ ਵਿਦੇਸ਼ ਤੋਂ ਆ ਕੇ ਆਪਣੀ ਹਾਜ਼ਰੀ ਲਗਾਉਂਦੇ ਹਨ। ਮਾਹਿਲਪੁਰ ਇਨ੍ਹਾਂ ਦਿਨਾਂ ਵਿਚ ਫੁੱਟਬਾਲ ਦੇ ਰੰਗ ਵਿਚ ਰੰਗਿਆ ਨਜ਼ਰ ਆਉਂਦਾ ਹੈ। ਫੁੱਟਬਾਲ ਨਾਲ ਪਿਆਰ ਤੇ ਅੰਬਾਂ ਦੇ ਇਲਾਕੇ ਵਜੋਂ ਪ੍ਰਸਿੱਧ ਹੋਣ ਕਰਕੇ ਹੀ 1928 ਵਿਚ ਪ੍ਰਿੰਸੀਪਲ ਹਰਭਜਨ ਸਿੰਘ ਵੱਲੋਂ ‘ਮੈਂਗੋ ਸੀਜ਼ਨ ਟੂਰਨਾਮੈਂਟ’ ਸ਼ੁਰੂ ਕਰਵਾਇਆ ਗਿਆ ਸੀ, ਜੋ ਮੌਜੂਦਾ ਸਮੇਂ ਪ੍ਰਿੰਸੀਪਲ ਹਰਭਜਨ ਸਿੰਘ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਨਾਲ ਦੁਨੀਆ ਭਰ ਵਿਚ ਪ੍ਰਸਿੱਧ ਹੈ।
ਪੰਜਾਬ ਦੀ ਉਡਣ ਪਰੀ ਹਰਮਿਲਨ ਬੈਂਸ
ਫੁੱਟਬਾਲ ਦੇ ਗੜ੍ਹ ਮਾਹਿਲਪੁਰ ਵਿਚ ਅਜਿਹਾ ਪਰਿਵਾਰ ਵੀ ਹੈ, ਜਿਸ ਨੇ ਅਥਲੈਟਿਕਸ ਵਿਚ ਵਿਸ਼ਵ ਪੱਧਰ ਉੱਪਰ ਨਾਮਣਾ ਖੱਟਿਆ ਹੈ। ਜੀ ਹਾਂ ਜ਼ਿਕਰ ਕਰਦੇ ਹਾਂ ਇੱਥੋਂ ਦੇ ਮਾਣਮੱਤੇ ਬੈਂਸ ਪਰਿਵਾਰ ਦਾ, ਅਰਜੁਨ ਐਵਾਰਡੀ ਮਾਧੁਰੀ ਏ ਸਿੰਘ, ਜਿਨ੍ਹਾਂ ਬੁਸਾਨ ਏਸ਼ਿਆਈ ਖੇਡਾਂ ਵਿਚ 800 ਮੀਟਰ ਦੌੜ ਵਿਚ ਚਾਂਦੀ ਅਤੇ ਉਨ੍ਹਾਂ ਦੇ ਪਤੀ ਅਮਨਦੀਪ ਸਿੰਘ ਬੈਂਸ ਨੇ ਦੱਖਣ ਏਸ਼ਿਆਈ ਖੇਡਾਂ ਵਿਚ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਸੀ ਤੇ ਹੁਣ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ ਹਰਮਿਲਨ ਕੌਰ ਬੈਂਸ। ‘ਪੰਜਾਬ ਦੀ ਉਡਣ ਪਰੀ’ ਦੇ ਨਾਂ ਨਾਲ ਮਸ਼ਹੂਰ ਹਰਮਿਲਨ ਬੈਂਸ ਨੇ ਹਾਂਗਜ਼ੂ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿਚ 1500 ਮੀਟਰ ਅਤੇ 800 ਮੀਟਰ ਦੌੜ ਵਿਚ ਚਾਂਦੀ ਦੇ ਦੋ ਮੈਡਲ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਗੌਰਤਲਬ ਹੈ ਕਿ ਮਾਹਿਲਪੁਰ ਫੁੱਟਬਾਲ ਲਈ ਤਾਂ ਸੰਸਾਰ ਪ੍ਰਸਿੱਧ ਸੀ ਹੀ ਤੇ ਹੁਣ ਹਰਮਿਲਨ ਕਾਰਨ ਅਥਲੈਟਿਕ ਲਈ ਵੀ ਜਾਣਿਆ ਜਾਂਦਾ ਹੈ। ਰਿਕਾਰਡ-ਦਰ-ਰਿਕਾਰਡ ਤੋੜਨਾ ਤਾਂ ਜਿਵੇਂ ਹਰਮਿਲਨ ਦਾ ਸੁਭਾਅ ਹੀ ਬਣ ਗਿਆ ਹੈ। ਦੌੜਨ ਦੀਆਂ ਤਰੰਗਾਂ ਤਾਂ ਜਿਵੇਂ ਹਰਮਿਲਨ ਦੀ ਨਸ-ਨਸ ਵਿਚ ਭਰੀਆਂ ਪਈਆਂ ਹਨ। ਇੰਜ ਪ੍ਰਤੀਤ ਹੁੰਦਾ ਹੈ ਕਿ ਉਸ ਦਾ ਜਨਮ ਦੌੜਨ ਲਈ ਹੀ ਹੋਇਆ ਹੈ। ਉਸ ਦੇ ਦਾਦਾ ਜੀ ਉੱਘੇ ਲੇਖਕ ਅਤੇ ਨੈਸ਼ਨਲ ਐਵਾਰਡੀ ਅਧਿਆਪਕ ਸਨ ਅਤੇ ਦਾਦੀ ਗੁਰਮੀਤ ਕੌਰ ਵੀ ਆਦਰਸ਼ ਅਧਿਆਪਕਾ ਸਨ, ਜੋ ਮਾਹਿਲਪੁਰ ਨਗਰ ਪੰਚਾਇਤ ਦੇ ਪ੍ਰਧਾਨ ਵੀ ਰਹੇ ਸਨ।
ਅੰਬੀਆਂ ਦਾ ਦੇਸ਼
ਪਿੰਡ ਦਾ ਪੌਣ-ਪਾਣੀ ਆਮ ਦਰੱਖ਼ਤਾਂ ਤੇ ਬੂਟਿਆਂ ਦੇ ਵਧਣ-ਫੁੱਲਣ ਤੇ ਵਿਗਸਣ ਲਈ ਢੁੱਕਵਾਂ ਹੈ। ਖ਼ਾਸਕਰ ਅੰਬ, ਪਿੱਪਲ, ਜਾਮਨ, ਬੋਹੜ, ਟਾਹਲੀ, ਅਮਰੂਦ, ਤੂਤ ਆਦਿ ਲਈ। ਜ਼ਿਲ੍ਹਾ ਹੁਸ਼ਿਆਰਪੁਰ ਵਿਚ ਗੜ੍ਹਦੀਵਾਲਾ ਤੋਂ ਮਾਹਿਲਪੁਰ ਤਕ 32 ਮੀਲ ਲੰਬੀ ਤੇ 8 ਮੀਲ ਚੌੜੀ ਪੱਟੀ ਹੈ। ਇਹ ਧਰਤੀ ਅੰਬਾਂ ਲਈ ਬੜੀ ਰਾਸ ਹੈ। ਇਸ ਕਰਕੇ ਅੱਜ ਵੀ ਬਜ਼ੁਰਗ ਮਾਹਿਲਪੁਰ ਦੀ ‘ਅੰਬੀਆਂ ਦਾ ਦੇਸ਼’ ਕਹਿ ਕੇ ਤਾਰੀਫ਼ ਕਰਦੇ ਹਨ। ਹੁਣ ਦਰੱਖ਼ਤ ਖ਼ਾਸਕਰ ਅੰਬ ਬਹੁਤ ਘੱਟ ਹੀ ਰਹਿ ਗਏ ਹਨ। ਇਸੇ ਹੀ ਸੰਦਰਭ ਵਿਚ ‘ਦੋਆਬਾ ਵਾਤਾਵਰਣ ਪ੍ਰੇਮੀ ਕਮੇਟੀ’ ਇਲਾਕੇ ਵਿਚ ਹਰ ਦਿਨ-ਤਿਉਹਾਰ ਮੌਕੇ ਅੰਬਾਂ ਦੇ ਬੂਟੇ ਵੰਡ ਵੀ ਰਹੇ ਹੈ ਅਤੇ ਉਨ੍ਹਾਂ ਨੂੰ ਸੰਭਾਲਣ ਦਾ ਹੋਕਾ ਵੀ ਦੇ ਰਹੇ ਹੈ। ਪ੍ਰਿੰਸੀਪਲ ਹਰਭਜਨ ਸਿੰਘ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਵਿਚ ਵੀ ਸਤਿਕਾਰਤ ਸ਼ਖ਼ਸੀਅਤਾਂ ਦਾ ਸਨਮਾਨ ਅੰਬਾਂ ਦੇ ਬੂਟਿਆਂ ਨਾਲ ਕੀਤਾ ਜਾਂਦਾ ਹੈ, ਤਾਂ ਜੋ ਮਾਹਿਲਪੁਰ ਦੀ ਇਸ ਅਮੀਰ ਵਿਰਾਸਤ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।
ਬੈਂਸ ਕੋ-ਆਪਰੇਟਿਵ ਥ੍ਰਿਫਟ ਐਂਡ ਕ੍ਰੈਡਿਟ ਸੁਸਾਇਟੀ
ਮਾਹਿਲਪੁਰ/ਕੋ-ਆਪਰੇਟਿਵ ਬੈਂਸ ਬੈਂਕ 1904 ’ਚ ਹੋਂਦ ਵਿਚ ਆਈ। ਇਸ ਦੇ ਹਿੱਸੇਦਾਰ ਜੱਟ ਬੈਂਸ ਹੀ ਹਨ। ਇਸ ਲਈ ਇਸ ਨੂੰ ‘ਬੈਂਸ ਬੈਂਕ’ ਕਹਿ ਕੇ ਸਤਿਕਾਰਿਆ ਜਾਂਦਾ ਹੈ। ਇਸ ਦੀ ਸਥਾਪਨਾ ’ਚ ਸ. ਸ. ਚੌ. ਬਲਵੰਤ ਸਿੰਘ ਸਫ਼ੈਦਪੋਸ਼ ਨੇ ਮੁੱਖ ਭੂਮਿਕਾ ਨਿਭਾਈ। ਬੈਂਸ ਬੈਂਕ ਦਾ ਦਰਸ਼ਨੀ ਗੇਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ (ਮੁੰਡਿਆਂ) ਦੇ ਸਾਹਮਣੇ 1941 ਵਿਚ ਬਣਾਇਆ ਗਿਆ ਸੀ। ਇਸ ਦੇ ਪਹਿਲੇ ਪ੍ਰਧਾਨ ਸ. ਸ. ਚੌ. ਬਲਵੰਤ ਸਿੰਘ ਸਫ਼ੈਦਪੋਸ਼ ਸਨ ਤੇ ਹੁਣ ਵਰਤਮਾਨ ਪ੍ਰਧਾਨ ਅਮਰੀਕ ਸਿੰਘ ਬੈਂਸ ਦਾਸੋਵਾਲ ਹਨ।
ਸਿਹਤ ਸਹੂਲਤਾਂ
ਜੇ ਸਿਹਤ ਸਹੂਲਤਾਂ ਦੀ ਗੱਲ ਕਰੀਏ ਤਾਂ ਬਾਬਾ ਬਿਸ਼ਨ ਸਿੰਘ ਸਰਕਾਰੀ ਸਿਵਲ ਹਸਪਤਾਲ ਹੈ ਤਾਂ ਜ਼ਰੂਰ ਪਰ ਸਟਾਫ ਦੀ ਘਾਟ ਹਮੇਸ਼ਾ ਰੜਕਦੀ ਰਹਿੰਦੀ ਹੈ। ਐਮਰਜੈਂਸੀ ਕੇਸਾਂ ਨੂੰ ਤਾਂ ਬਹੁਤਾਤ ਵੇਲੇ ਹੁਸ਼ਿਆਰਪੁਰ ਹੀ ਰੈਫਰ ਕੀਤਾ ਜਾਂਦਾ ਹੈ। ਹੋਰ ਪ੍ਰਾਈਵੇਟ ਹਸਪਤਾਲਾਂ ਵਿਚ ਮਨਮੀਤ, ਨਵਜੋਤ ਅਤੇ ਜੇਡੀ ਪ੍ਰਾਈਵੇਟ ਦੇ ਨਾਂ ਜ਼ਿਕਰਯੋਗ ਹਨ।
ਸਿੱਖਿਆ ਖੇਤਰ
ਜੇਕਰ ਮਾਹਿਲਪੁਰ ਦਾ ਧੁਰਾ ਕਿਸੇ ਸੰਸਥਾ ਨੂੰ ਕਿਹਾ ਜਾ ਸਕਦਾ ਹੈ ਤਾਂ ਉਹ ਹੈ ਇੱਥੋਂ ਦਾ ਖ਼ਾਲਸਾ ਕਾਲਜ। ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਸਿੱਖਿਆ ਦੇ ਖੇਤਰ ਵਿਚ ਜਾਣਿਆ-ਪਛਾਣਿਆ ਨਾਂ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀ ਇਹ ਸੰਸਥਾ ਆਪਣੀਆਂ ਅਕਾਦਮਿਕ, ਸੱਭਿਆਚਾਰਕ ਤੇ ਖੇਡ ਸਰਗਰਮੀਆਂ ਕਾਰਨ ਸਿੱਖਿਆ ਜਗਤ ਦੀਆਂ ਮੂਹਰਲੀ ਸਿੱਖਿਆ ਸੰਸਥਾਵਾਂ ਵਿਚ ਸ਼ੁਮਾਰ ਹੈ। ਇਸ ਨੂੰ ਉੱਤਰ ਭਾਰਤ ਦੇ ਪ੍ਰਾਚੀਨ ਕਾਲਜਾਂ ਵਿਚ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੈ। ਮੌਜੂਦਾ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਇਹ ਕਾਲਜ ਨਵੀਆਂ ਮੰਜ਼ਿਲਾਂ ਸਰ ਕਰਦਾ ਜਾ ਰਿਹਾ ਹੈ। ਜੇ ਇਸ ਸੰਸਥਾ ਦੇ ਗੌਰਵਮਾਈ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਕਸਬੇ ਵਿਚ ਸੰਤ ਬਾਬਾ ਹਰੀ ਸਿੰਘ ਕਹਾਰਪੁਰ ਦੀ ਯੋਗ ਅਗਵਾਈ ਹੇਠ ਇਸ ਸੰਸਥਾ ਦੀ ਸਥਾਪਨਾ ਆਜ਼ਾਦੀ ਤੋਂ ਪਹਿਲਾਂ ਸੰਨ 1946 ਵਿਚ ਹੋਈ। ਸੰਤ ਹਰੀ ਸਿੰਘ ਕਹਾਰਪੁਰੀ, ਜੋ ‘ਸਿੱਖ ਐਜੂਕੇਸ਼ਨ ਕੌਂਸਲ’ ਦੇ ਸੰਸਥਾਪਕ ਸਨ, ਦੀ ਆਦਰਸ਼ ਸੋਚ ਸੀ ਕਿ ਇਸ ਦਿਹਾਤੀ, ਪੱਛੜੇ ਤੇ ਕੰਡੀ ਖੇਤਰ ਦੇ ਵਿਦਿਆਰਥੀਆਂ ਨੂੰ ਉੱਚ ਪੱਧਰ ਦੀ ਸਿੱਖਿਆ ਪ੍ਰਦਾਨ ਕੀਤੀ ਜਾਵੇ ਕਿਉਂਕਿ ਇਨ੍ਹਾਂ ਖੇਤਰਾਂ ਦੇ ਵਿਦਿਆਰਥੀਆਂ ਨੂੰ ਦੂਰ-ਦੁਰਾਡੇ ਪੜ੍ਹਾਈ ਕਰਨ ਜਾਣਾ ਸੌਖਾ ਕੰਮ ਨਹੀਂ ਸੀ। ਕਰਮਯੋਗੀ ਪ੍ਰਿੰਸੀਪਲ ਹਰਭਜਨ ਸਿੰਘ ਦੀ ਯੋਗ ਅਗਵਾਈ ਅਧੀਨ ਖ਼ਾਲਸਾ ਕਾਲਜ ਨੇ ਆਪਣੇ ਵਿੱਦਿਅਕ ਸਫ਼ਰ ਦੀ ਸ਼ੁਰੂਆਤ ਕੀਤੀ। ਇਹ ਉਨ੍ਹਾਂ ਦੀ ਸੂਝ-ਬੂਝ, ਮਿਹਨਤ, ਲਗਨ ਅਤੇ ਸਮਰਪਣ ਦਾ ਨਤੀਜਾ ਹੀ ਸੀ ਕਿ ਕਾਲਜ ਬਹੁਤ ਘੱਟ ਸਮੇਂ ਵਿਚ ਅਕਾਦਮਿਕ ਅਤੇ ਵਿਸ਼ੇਸ਼ ਤੌਰ ’ਤੇ ਫੁੱਟਬਾਲ ਦੇ ਖੇਤਰ ਵਿੱਚ ਚਮਕਦੇ ਸੂਰਜ ਵਾਂਗ ਆਪਣੀ ਰੋਸ਼ਨੀ ਫੈਲਾਉਣ ਵਿੱਚ ਕਾਮਯਾਬ ਰਿਹਾ। ਉਨ੍ਹਾਂ ਦੀ ਬਦੌਲਤ ਹੀ ਮਾਹਿਲਪੁਰ ਨੂੰ ਏਸ਼ੀਆ ਦੀ ਫੁੱਟਬਾਲ ਨਰਸਰੀ ਵਜੋਂ ਜਾਣਿਆ ਜਾਣ ਲੱਗਿਆ।
ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ
ਸਿੱਖ ਐਜੂਕੇਸ਼ਨ ਕੌਂਸਲ ਵੱਲੋਂ 2006-07 ਤੋਂ ਕਾਲਜ ਕਮੇਟੀ ਦੇ ਪਹਿਲੇ ਪ੍ਰਧਾਨ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰੀ ਦੀ ਨਿੱਘੀ ਯਾਦ ਵਿਚ ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਆਰੰਭ ਕੀਤਾ ਗਿਆ ਹੈ, ਜੋ ਵਿੱਦਿਅਕ ਖੇਤਰ ਵਿਚ ਆਪਣੀ ਮੂਹਰਲੀ ਕਤਾਰ ਦੀਆਂ ਸੇਵਾਵਾਂ ਦੇ ਰਿਹਾ ਹੈ। ਇਸ ਵਿਚ ਬੀਐੱਡ ਅਤੇ ਈਟੀਟੀ ਦੇ ਅਧਿਆਪਨ ਕੋਰਸ ਕਰਵਾਏ ਜਾਂਦੇ ਹਨ।
ਹੋਰ ਮਾਣਮੱਤੀਆਂ ਸੰਸਥਾਵਾਂ
ਮਾਹਿਲਪੁਰ ਬ੍ਰਿਟਿਸ਼ ਰਾਜ ਦੇ ਸਮੇਂ ਵਿਚ ਸਥਾਪਿਤ ਕੀਤੇ ਗਏ ਵਿੱਦਿਅਕ ਅਦਾਰਿਆਂ ਦੇ ਪਹਿਲੇ ਕੇਂਦਰਾਂ ਵਿੱਚੋਂ ਇਕ ਸੀ, ਇੱਥੋਂ ਦਾ ਸਰਦਾਰ ਬਲਦੇਵ ਸਿੰਘ ਸੀਨੀਅਰ ਸੈਕੰਡਰੀ ਲੜਕਿਆਂ ਦਾ ਸਕੂਲ, ਜੋ ਪਹਿਲਾਂ ਖ਼ਾਲਸਾ ਹਾਈ ਸਕੂਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਦੀ ਸਥਾਪਨਾ 1909 ਵਿਚ ਕੀਤੀ ਗਈ ਸੀ। ਇਸ ਦੇ ਨਾਲ ਹੀ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਸਰਕਾਰੀ ਪ੍ਰਾਇਮਰੀ ਸਕੂਲ, ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ, ਦੋਆਬਾ ਪਬਲਿਕ ਸਕੂਲ, ਗੁਰੂ ਨਾਨਕ ਨੈਸ਼ਨਲ ਪਬਲਿਕ ਸਕੂਲ, ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ, ਸੰਤ ਹਰੀ ਸਿੰਘ ਮਾਡਲ ਸਕੂਲ,ਅੰਕੁਰ ਪਬਲਿਕ ਸਕੂਲ, ਐਲਿਸ ਹਾਈ ਸਕੂਲ, ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਹਾਈ ਸਕੂਲ ਮੌਜੂਦਾ ਸਮੇਂ ਵਿੱਦਿਆ ਦਾ ਪਸਾਰਾ ਕਰ ਰਹੇ ਹਨ।
ਪੰਜਾਬੀ ਸਾਹਿਤ ਸਭਾ
ਪੰਜਾਬੀ ਸਾਹਿਤ ਸਭਾ ਮਾਹਿਲਪੁਰ ਪਿਛਲੇ ਤਕਰੀਬਨ 37 ਸਾਲਾਂ ਤੋਂ ਕਾਰਜਸ਼ੀਲ ਹੈ। ਹਰ ਸਾਲ ਸਾਉਣ ਦੇ ਮਹੀਨੇ ਕਵੀ ਦਰਬਾਰ ਕਰਵਾਇਆ ਜਾਂਦਾ ਹੈ, ਜਿਸ ਵਿਚ ਨਾਮਵਰ ਕਵੀ ਹਾਜ਼ਰੀ ਭਰਦੇ ਹਨ। ਮੌਜੂਦਾ ਸਮੇਂ ਇਸ ਦੇ ਪ੍ਰਧਾਨ ਪ੍ਰਿੰ: ਸੁਰਿੰਦਰ ਸਿੰਘ ਪ੍ਰਦੇਸੀ ਅਤੇ ਮੀਤ ਪ੍ਰਧਾਨ ਪ੍ਰਿੰ. ਰੁਪਿੰਦਰਜੋਤ ਸਿੰਘ ਹਨ।
ਸ਼ੌਂਕੀ ਯਾਦਗਾਰੀ ਮੇਲਾ
ਜੇ ਸ਼ੌਂਕੀ ਮੇਲੇ ਦੀ ਗੱਲ ਨਾ ਕੀਤੀ ਗਈ ਤਾਂ ਲਿਖ਼ਤ ਅਧੂਰੀ ਰਹੇਗੀ। ਸੋ ਸਵ: ਢਾਡੀ ਅਮਰ ਸਿੰਘ ਸ਼ੌਂਕੀ ਜੋ ਪਿੰਡ ਭੱਜਲਾਂ ਤੋਂ ਸਨ (ਮਾਹਿਲਪੁਰ ਤੋਂ ਤਕਰੀਬਨ 10 ਕੁ ਕਿਲੋਮੀਟਰ ਦੂਰ) ਉਨ੍ਹਾਂ ਦੀ ਨਿੱਘੀ ਯਾਦ ਵਿਚ ਨੱਬੇ ਦੇ ਦਹਾਕੇ ਤੋਂ ਮਾਹਿਲਪੁਰ ਵਿਖੇ ਲੱਗਦਾ ਇਹ ਮੇਲਾ ਪੰਜਾਬ ’ਚ ਲੱਗਦੇ ਮੇਲਿਆਂ ਵਿੱਚੋਂ ਪ੍ਰਮੁੱਖ ਸੀ। ਅਫ਼ਸੋਸ ਇਹ ਮੇਲਾ ਹੁਣ ਇਤਿਹਾਸ ਬਣ ਚੁੱਕਿਆ ਹੈ। ਇਸ ਦੇ ਪ੍ਰਬੰਧਕਾਂ ਅਸ਼ੋਕ ਭੌਰਾ ਤੇ ਬਲਜਿੰਦਰ ਮਾਨ ਦੀ ਤਾਰੀਫ਼ ਕਰਨੀ ਬਣਦੀ ਹੈ, ਜਿਨ੍ਹਾਂ ਨੇ ਇਸ ਮੇਲੇ ਨੂੰ ਕਈ ਸਾਲ ਸਫਲਤਾ ਪੂਰਵਕ ਚਲਾਇਆ। ਹੁਣ ਵੀ ਬਲਜਿੰਦਰ ਮਾਨ 1995 ਤੋਂ ਲਗਾਤਾਰ ‘ਨਿੱਕੀਆਂ ਕਰੂੰਬਲਾਂ’ ਬਾਲ ਮੈਗਜ਼ੀਨ ਰਾਹੀ ਨਵੀਂ ਪੀੜ੍ਹੀ ਨੂੰ ਸਾਹਿਤ ਦੀ ਚਿਣਗ਼ ਤੇ ਚੇਟਕ ਲਗਾਉਣ ਲਈ ਸਰਗਰਮ ਰਹਿੰਦੇ ਹਨ।
ਮਾਣਮੱਤੀਆ ਸ਼ਖ਼ਸੀਅਤਾਂ
ਗ਼ਦਰੀ ਬਾਬਾ ਹਰਜਾਪ ਸਿੰਘ 1909ਨੂੰ 17 ਸਾਲ ਦੀ ਉਮਰ ’ਚ ਅਮਰੀਕਾ ਗਏ। ਉਹ ਗ਼ਦਰ ਪਾਰਟੀ ਦੇ ਹੋਂਦ ਵਿਚ ਆਉਣ ਤੋਂ ਲੈ ਕੇ ਅਖ਼ੀਰ ਤਕ ਆਪਣੀਆਂ ਸੇਵਾਵਾਂ ਦਿੰਦੇ ਰਹੇ। ਉਹ ਅਸਕਰ ਸਟੇਜਾਂ ਤੇ ਗਾਉਂਦੇ, ‘ਚਰਖੇ ਦੀ ਤੋਪ ਬੀੜ ਕੇ ਅਸੀਂ ਮਾਰਾਂਗੇ ਵਲੈਤ ਵਿਚ ਗੋਰੇ।’ ਉਨ੍ਹਾਂ ਨੇ 20 ਸਾਲ ਕੈਦ ਕੱਟੀ। 1925 ਵਿਚ ਰੂਸ ਜਾ ਕੇ ਇਨਕਲਾਬੀ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਦੇ ਲੇਖ ਕਿਰਤੀ ਅਖ਼ਬਾਰ ਵਿਚ ਛਪਦੇ ਰਹੇ ਅਤੇ ਉਹ ਪਿੰਡ-ਪਿੰਡ ਪੈਦਲ ਯਾਤਰਾ ਕਰ ਕੇ ਆਜ਼ਾਦੀ ਦੀ ਲਹਿਰ ਨੂੰ ਮਜ਼ਬੂਤ ਕਰਦੇ ਰਹੇ। ਉਨ੍ਹਾਂ ਦੀ ਸਦੀਵੀ ਯਾਦ ਨੂੰ ਸਮਰਪਿਤ ਖ਼ਾਲਸਾ ਕਾਲਜ ਮਾਹਿਲਪੁਰ ’ਚ ਬਾਬਾ ਹਰਜਾਪ ਸਿੰਘ ਯਾਦਗਾਰੀ ਕਾਨਫਰੰਸ ਹਾਲ ਉਸਾਰਿਆ ਗਿਆ ਹੈ।
ਮਾਹਿਲਪੁਰ ਤੋਂ ਵਿਧਾਇਕ
1937 ਵਿਚ ਹੋਈਆਂ ਪਹਿਲੀਆਂ ਚੋਣਾਂ ਵਿਚ ਬਾਬਾ ਹਰਜਾਪ ਸਿੰਘ ਅਤੇ 1946 ਵਿਚ ਭਾਈ ਪਿਆਰਾ ਸਿੰਘ ਲੰਗੇਰੀ ਮਾਹਿਲਪੁਰ ਤੋਂ ਵਿਧਾਇਕ ਚੁਣੇ ਗਏ ਸਨ। ਆਜ਼ਾਦੀ ਤੋਂ ਬਾਅਦ ਪ੍ਰਿੰਸੀਪਲ ਹਰਭਜਨ ਸਿੰਘ, ਕਾਮਰੇਡ ਭਾਗ ਸਿੰਘ ਮਖ਼ਸੂਸਪੁਰ, ਸਾਥੀ ਦਸੌਂਧਾ ਸਿੰਘ, ਵੈਦ ਜਗਦੀਸ਼ ਕੌਰ, ਅਵਤਾਰ ਸਿੰਘ ਕਰੀਮਪੁਰੀ ਬਣੇ। ਇਸ ਦੇ ਨਾਲ ਹੀ ਚੌਧਰੀ ਗੁਰਮੇਲ ਸਿੰਘ, ਵੈਦ ਕਰਤਾਰ ਸਿੰਘ ਤੇ ਸੋਹਣ ਸਿੰਘ ਠੰਡਲ ਇਸ ਹਲਕੇ ਤੋਂ ਜਿੱਤ ਕੇ ਮੰਤਰੀ ਬਣਨ ਵਿਚ ਸਫਲ ਰਹੇ। ਮੌਜੂਦਾ ਸਮੇਂ ਮਾਹਿਲਪੁਰ ਹਲਕਾ ਨਹੀਂ ਰਿਹਾ ਤੇ ਇਹ ਹੁਣ ਗੜ੍ਹਸ਼ੰਕਰ ਹਲਕੇ ਦਾ ਹਿੱਸਾ ਹੈ। ਮਾਹਿਲਪੁਰ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਜਾਣ ਵਾਲਿਆਂ ਵਿਚ ਜਥੇਦਾਰ ਪ੍ਰਤਾਪ ਸਿੰਘ ਕੋਟ ਫਤੂਹੀ, ਭਾਈ ਪਿਆਰਾ ਸਿੰਘ ਲੰਗੇਰੀ, ਰਾਮ ਸਿੰਘ ਜੌਹਰ ਮਾਹਿਲਪੁਰੀ, ਜਥੇਦਾਰ ਹੁਸ਼ਨਾਕ ਸਿੰਘ ਲੰਗੇਰੀ, ਬਲਦੇਵ ਸਿੰਘ ਮਾਹਿਲਪੁਰੀ, ਸਵ: ਬੀਬੀ ਰਣਜੀਤ ਕੌਰ ਦੇ ਨਾਂ ਸ਼ਾਮਿਲ ਹਨ। ਹੁਣ ਮਾਹਿਲਪੁਰੀਏ ਵਿਦੇਸ਼ਾਂ ’ਚ ਵੀ ਝੰਡੇ ਗੱਡ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਦਲਜੀਤ ਸਿੰਘ ਬੈਂਸ ਦਾ ਸਪੁੱਤਰ ਪਰਮ ਬੈਂਸ ਹੈ, ਜੋ ਕੈਨੇਡਾ ਵਿਚ ਮੈਂਬਰ ਪਾਰਲੀਮੈਂਟ ਹਨ।
ਬਹੁਪੱਖੀ ਸ਼ਖਸੀਅਤ ਬਲਦੇਵ ਸਿੰਘ ਮਾਹਿਲਪੁਰੀ
ਸਰਦਾਰ ਬਲਦੇਵ ਸਿੰਘ ਮਾਹਿਲਪੁਰੀ ਲਗਾਤਾਰ 1955 ਤੋਂ ਆਪਣੀ ਜੀਵਨ ਯਾਤਰਾ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਪੰਥ ਦੀਆਂ 45 ਸਾਲ ਤਕ ਸੇਵਾਵਾਂ ’ਚ ਕਾਰਜਸ਼ੀਲ ਰਹੇ। ਪੰਜਾਬੀ ਸੂਬੇ ਦੀ ਮੰਗ ਸਮੇਂ 1960 ਵਿਚ ਉਹ ਗੁਪਤ ਰਹਿ ਕੇ ਮੋਰਚੇ ਦੇ ਡਿਕਟੇਟਰ ਵਜੋਂ ਆਪਣੀ ਬਾਖ਼ੂਬੀ ਭੂਮਿਕਾ ਨਿਭਾਉਂਦੇ ਰਹੇ। ਸਰਕਾਰ ਦੁਆਰਾ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਤੇ ਉਨ੍ਹਾਂ ਦੀ ਸਾਰੀ ਸੰਪਤੀ ਕੁਰਕ ਕਰ ਲਈ ਗਈ। ਜਦੋਂ ਉਨ੍ਹਾਂ ਨੇ ਗ੍ਰਿਫ਼ਤਾਰੀ ਦਿੱਤੀ ਤਾਂ ਉਸ ਸਮੇਂ ਉਨ੍ਹਾਂ ਨਾਲ 1100 ਹੋਰ ਪੰਜਾਬੀ ਸੂਬਾ ਹਮਾਇਤੀ ਸ਼ਾਮਿਲ ਸਨ। ਕੌਮ ਪ੍ਰਤੀ ਕੀਤੀਆਂ ਮਹਾਨ ਸੇਵਾਵਾਂ ਨੂੰ ਧਿਆਨ ’ਚ ਰੱਖਦਿਆਂ ਉਨ੍ਹਾਂ ਦੀ ਤਸਵੀਰ 2017 ਵਿਚ ਸਿੱਖ ਅਜਾਇਬ ਘਰ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਥਾਪਿਤ ਕੀਤੀ ਗਈ। ਉਨ੍ਹਾਂ ਦੀਆਂ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਪ੍ਰਾਪਤੀਆਂ ਉੱਤੇ ਸਿੱਖ ਕੌਮ ਨੂੰ ਹਮੇਸ਼ਾ ਮਾਣ ਰਹੇਗਾ।
ਜਸਟਿਸ ਅਜੀਤ ਸਿੰਘ ਬੈਂਸ
ਜਸਟਿਸ ਅਜੀਤ ਸਿੰਘ ਬੈਂਸ ਦੀ ਦਿਆਨਤਦਾਰੀ ਤੇ ਕਾਬਲੀਅਤ ਸਦਕਾ ਹੀ ਉਨ੍ਹਾਂ ਦੀ ਆਵਾਜ਼ ਸੰਯੁਕਤ ਰਾਸ਼ਟਰ ਜਿਹੇ ਸਿਰਮੌਰ ਮੰਚਾਂ ਤਕ ਵੀ ਪੂਰੇ ਅਦਬ ਤੇ ਧਿਆਨ ਨਾਲ ਸੁਣੀ ਜਾਂਦੀ ਸੀ। ਮਨੁੱਖੀ ਹੱਕਾਂ ਲਈ ਕੀਤੇ ਆਪਣੇ ਬਾਕਮਾਲ ਕੰਮ ਜ਼ਰੀਏ ਉਹ ਹਮੇਸ਼ਾ ਯਾਦ ਰੱਖੇ ਜਾਂਦੇ ਰਹਿਣਗੇ। ਉਨ੍ਹਾਂ ਦੀਆਂ ਲਿਖਤਾਂ ਅੱਜ ਵੀ ਸਾਡਾ ਮਾਰਗ ਦਰਸ਼ਨ ਕਰਦੀਆਂ ਹਨ।
ਕੌਣ ਸਨ ਬੁੱਕਣ ਸਿੰਘ?
ਬੁੱਕਣ ਸਿੰਘ 1907 ਵਿਚ ਪੰਜਾਬ ਦੇ ਹੁਸ਼ਿਆਰਪੁਰ ਦੇ ਮਹਿਲਪੁਰ ਤੋਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪਹੁੰਚੇ। ਕੁਝ ਸਾਲ ਬਾਅਦ ਬੁੱਕਂ ਸਿੰਘ ਟਰਾਂਟੋ ਆ ਗਏ। 1915 ਵਿਚ ਉਹ ਕੈਨੇਡੀਅਨ ਐਕਸਪੇਡੀਸ਼ਨਰੀ ਫੋਰਸ ਵਿਚ ਸ਼ਾਮਿਲ ਹੋਏ। ਉਨ੍ਹਾਂ ਨੂੰ ਕੈਨੇਡਾ ਦੀ ਫ਼ੌਜ ਵਿਚ ਸ਼ਾਮਿਲ ਹੋਏ ਪਹਿਲੇ ਸਿੱਖ ਵਜੋਂ ਮੰਨਿਆ ਜਾਂਦਾ ਹੈ। ਕੈਨੇਡਾ ਵੱਲੋਂ ਪਹਿਲੀ ਵਿਸ਼ਵ ਜੰਗ ਵਿਚ 9 ਸਿੱਖਾਂ ਨੇ ਹਿੱਸਾ ਲਿਆ ਸੀ। ਬੁੱਕਣ ਸਿੰਘ ਪਹਿਲੀ ਵਿਸ਼ਵ ਜੰਗ ਵਿਚ ਦੋ ਵਾਰ ਫ਼ਰਾਂਸ ਤੇ ਬੈਲਜ਼ੀਅਮ ਵਿਚ ਜ਼ਖ਼ਮੀ ਹੋਏ ਸਨ। ਇੰਗਲੈਂਡ ਵਿਚ ਜ਼ਖਮਾਂ ਤੋਂ ਉਭਰਨ ਵੇਲੇ ਉਨ੍ਹਾਂ ਨੂੰ ਟੀਬੀ ਹੋ ਗਈ। ਉਨ੍ਹਾਂ ਨੇ ਆਪਣੇ ਆਖਰੀ ਦਿਨ ਓਂਟਾਰੀਓ ਦੇ ਮਿਲਟਰੀ ਹਸਪਤਾਲ ਵਿਚ ਬਿਤਾਏ ਸਨ। 1919 ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
ਟ੍ਰੈਫਿਕ ਤੇ ਪਾਰਕਿੰਗ ਦੀ ਸਮੱਸਿਆ
ਟ੍ਰੈਫਿਕ ਤੇ ਪਾਰਕਿੰਗ ਦੀ ਸਮੱਸਿਆ ਨੇ ਮਾਹਿਲਪੁਰ ਵਾਸੀਆਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ। ਦਿਨਵਿੱਚ ਕਈ-ਕਈ ਵਾਰ ਲੱਗਦੇ ਜਾਮ ਇਸ ਦੀ ਸ਼ਾਨ ਨੂੰ ਧੁੰਦਲਾ ਕਰਦੇ ਹਨ। ਸਮਾਂ ਰਹਿੰਦਿਆਂ ਇਸ ਦਾ ਵਿਆਪਕ ਹੱਲ ਹੋਣਾ ਚਾਹੀਦਾ ਹੈ। ਬੱਚਿਆਂ ਦੇ ਖੇਡਣ ਲਈ ਜਨਤਕ ਪਾਰਕ ਵੀ ਹੋਣੇ ਚਾਹੀਦੇ ਹਨ।
ਪਰਵਾਸ ਦੀ ਸਮੱਸਿਆ
ਵੈਸੇ ਤਾਂ ਪੂਰਾ ਪੰਜਾਬ ਪਰਵਾਸ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਪਰ ਦੋਆਬੇ ਵਿਚ ਇਹ ਰੁਝਾਨ ਬਾਕੀ ਇਲਾਕਿਆਂ ਨਾਲੋਂ ਜ਼ਿਆਦਾ ਹੈ। ਸੰਸਾਰਪੁਰ ਤੋਂ ਲੈ ਕੇ ਮਾਹਿਲਪੁਰ ਤਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਖੁਮਾਰ ਹਰ ਇਕ ’ਤੇ ਚੜ੍ਹਿਆ ਹੈ। ਇਥੋਂ ਦੇ ਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿਚ ਨੌਜਵਾਨੀ ਦਾ ਪਰਵਾਸ ਚਿੰਤਾ ਦਾ ਵਿਸ਼ਾ ਹੈ। ਜੇ ਨੌਜਵਾਨਾਂ ਨੂੰ ਇਧਰ ਹੀ ਰੁਜ਼ਗਾਰ ਦੇ ਮੌਕੇ ਮਿਲਣ ਤਾਂ ਇਸ ਨੂੰ ਜ਼ਰੂਰ ਠੱਲ੍ਹਿਆ ਜਾ ਸਕਦਾ ਹੈ।
- ਜਗਜੀਤ ਸਿੰਘ ਗਣੇਸ਼ਪੁਰ