- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਹੌਰ ਨਾਲ ਪੰਜਾਬੀਆਂ ਦਾ ਖ਼ਾਸ ਪਿਆਰ ਹੈ। ਕਹਿੰਦੇ ਜੀਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। 1947 ਤੋਂ ਬਾਅਦ ਭਾਵੇਂ ਭੂਗੋਲਿਕ ਦੂਰੀਆਂ ਕਰਕੇ ਭਾਰਤੀ ਪੰਜਾਬ ਤੋਂ ਲਾਹੌਰ ਦੂਰ ਹੋ ਗਿਆ, ਪਰ ਫਿਰ ਵੀ ਹਰ ਪੰਜਾਬੀ ਦੇ ਦਿਲ ਦੀ ਤਾਂਘ ਇਹ ਰਹਿੰਦੀ ਹੈ ਕਿ ਉਹ ਇੱਕ ਵਾਰ ਲਾਹੌਰ ਜ਼ਰੂਰ ਹੋ ਕੇ ਆਵੇ। ਪਰ ਕੀ ਤੁਸੀਂ ਜਾਣਦੇ ਹੋ ਕਿ ਲਾਹੌਰ ਦੀ ਤਰਜ਼ ’ਤੇ ਭਾਰਤ ਵਿੱਚ ਵੀ ਇੱਕ ਅਜਿਹਾ ਕਸਬਾ ਵਸਾਇਆ ਗਿਆ ਜਿਸ ਵਿੱਚੋਂ ਲਾਹੌਰ ਦੀ ਝਲਕ ਮਿਲਦੀ ਹੈ।

ਲਾਹੌਰ ਨਾਲ ਪੰਜਾਬੀਆਂ ਦਾ ਖ਼ਾਸ ਪਿਆਰ ਹੈ। ਕਹਿੰਦੇ ਜੀਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। 1947 ਤੋਂ ਬਾਅਦ ਭਾਵੇਂ ਭੂਗੋਲਿਕ ਦੂਰੀਆਂ ਕਰਕੇ ਭਾਰਤੀ ਪੰਜਾਬ ਤੋਂ ਲਾਹੌਰ ਦੂਰ ਹੋ ਗਿਆ, ਪਰ ਫਿਰ ਵੀ ਹਰ ਪੰਜਾਬੀ ਦੇ ਦਿਲ ਦੀ ਤਾਂਘ ਇਹ ਰਹਿੰਦੀ ਹੈ ਕਿ ਉਹ ਇੱਕ ਵਾਰ ਲਾਹੌਰ ਜ਼ਰੂਰ ਹੋ ਕੇ ਆਵੇ। ਪਰ ਕੀ ਤੁਸੀਂ ਜਾਣਦੇ ਹੋ ਕਿ ਲਾਹੌਰ ਦੀ ਤਰਜ਼ ’ਤੇ ਭਾਰਤ ਵਿੱਚ ਵੀ ਇੱਕ ਅਜਿਹਾ ਕਸਬਾ ਵਸਾਇਆ ਗਿਆ ਜਿਸ ਵਿੱਚੋਂ ਲਾਹੌਰ ਦੀ ਝਲਕ ਮਿਲਦੀ ਹੈ। ਉਹ ਸ਼ਹਿਰ ਹੈ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਇਤਿਹਾਸਕ ਕਸਬਾ ਕਲਾਨੌਰ। ਇਸ ਕਸਬੇ ਬਾਰੇ ਮਸ਼ਹੂਰ ਹੈ ਕਿ ‘ਜੀਹਨੇ ਦੇਖਿਆ ਨਹੀਂ ਲਾਹੌਰ, ਉਹ ਦੇਖੇ ਕਲਾਨੌਰ’। ਇਸ ਕਸਬੇ ਵਿੱਚ ਮੁਗ਼ਲ ਬਾਦਸ਼ਾਹ ਅਕਬਰ ਦਾ ਤਾਜਪੋਸ਼ੀ ਤਖ਼ਤ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਬਾਵਾ ਲਾਲ ਜੀ ਦਾ ਤਪ ਅਸਥਾਨ ਅਤੇ ਸ਼ਿਵ ਜੀ ਦਾ ਪਵਿੱਤਰ ਅਸਥਾਨ ਹੈ।
ਕਦੇ ਰਿਹਾ ਭਾਰਤ ਦੀ ਰਾਜਧਾਨੀ
ਕਸਬਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਵਿਚ ਆਉਂਦਾ ਹੈ। ਇਹ ਗੁਰਦਾਸਪੁਰ ਤੋਂ 25 ਕਿਲੋਮੀਟਰ ਅਤੇ ਅੰਮ੍ਰਿਤਸਰ ਤੋਂ 51 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਜੇ ਇਤਿਹਾਸਕ ਪਹਿਲੂਆਂ ਤੋਂ ਗੱਲ ਕੀਤੀ ਜਾਵੇ ਤਾਂ ਕਿਸੇ ਸਮੇਂ ਇਹ ਕਸਬਾ ਭਾਰਤ ਦੀ ਰਾਜਧਾਨੀ ਵੀ ਰਿਹਾ ਹੈ। ਕਲਾਨੌਰ ਨਾਂ ਨੂੰ ਲੈ ਕੇ ਕਈ ਕਹਾਣੀਆਂ ਹਨ। ਕੁਝ ਦਾ ਮੰਨਣਾ ਹੈ ਕਿ ਕਲਾਨੌਰ ਦੀ ਸਥਾਪਨਾ ਦੱਖਣੀ ਭਾਰਤ ਤੋਂ ਪਰਵਾਸ ਕਰ ਕੇ ਇੱਥੇ ਆਏ ਨੂਰ ਵੰਸ਼ ਦੇ ਰਾਜਪੂਤਾਂ ਨੇ ਕੀਤੀ ਹੈ ਅਤੇ ਇਸ ਕਸਬੇ ਦਾ ਨਾਂ ਕਾਲੇਸ਼ਵਰ ਮੰਦਰ ਦੇ ਨਾਂ ਤੋਂ ਰੱਖਿਆ ਗਿਆ ਹੈ। ਕੁੱਝ ਦਾ ਵਿਸ਼ਵਾਸ ਹੈ ਕਿ ਕਲਾਨੌਰ ਨਾਂ ਦੋ ਮੁਸਲਮਾਨ ਭਰਾ ਕਾਲਾ ਅਤੇ ਨੌਰਾ ਦੇ ਨਾਵਾਂ ਤੋਂ ਰੱਖਿਆ ਗਿਆ ਹੈ।
ਅਹਿਮ ਘਟਨਾਵਾਂ ਦਾ ਗਵਾਹ
ਜਦੋਂ ਭਾਰਤ ਵਿੱਚ ਮੁਗ਼ਲ ਰਾਜ ਸੀ, ਉਸ ਸਮੇਂ ਕਲਾਨੌਰ ਸ਼ਹਿਰ ਦੀ ਬਹੁਤ ਚੜ੍ਹਤ ਮੰਨੀ ਜਾਂਦੀ ਸੀ। ਹਿਮਾਯੂੰ ਦੀ ਮੌਤ ਤੋਂ ਬਾਅਦ ਮੁਗ਼ਲ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਕਲਾਨੌਰ ਵਿੱਚ ਹੀ ਹੋਈ ਸੀ। ਕਲਾਨੌਰ ਦੇ ਆਪਣੇ ਲੰਬੇ ਇਤਿਹਾਸ ਵਿੱਚ ਕਈ ਉਤਰਾਅ ਚੜਾਅ ਆਏ ਅਤੇ ਕਲਾਨੌਰ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਰਿਹਾ ਹੈ। ਅਕਬਰ ਦੇ ਪਿਤਾ ਹਿਮਾਯੂੰ ਦੀ ਮੌਤ 26 ਜਨਵਰੀ 1556 ਈਂ. ਨੂੰ ਦਿੱਲੀ ਵਿਖੇ ਦੀਨ-ਏ-ਪਨਾਹੀ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗਣ ਕਰਕੇ ਹੋਈ। ਉਸ
ਸਮੇਂ ਅਕਬਰ ਦੀ ਉਮਰ 13 ਸਾਲ 3 ਮਹੀਨੇ ਦੀ ਸੀ।
ਕਈ ਵਾਰ ਉਜੜਿਆ ਤੇ ਵਸਿਆ।
ਇਹ ਕਸਬਾ ਕਈ ਵਾਰ ਉਜੜਿਆ ਅਤੇ ਕਈ ਵਾਰ ਵਸਿਆ। ਕਈ ਵਾਰ ਕੁਦਰਤੀ ਕਾਰਨਾਂ ਕਰਕੇ ਉਜੜਿਆ ਅਤੇ ਕਈ ਵਾਰ ਇਸ ਕਸਬੇ ਨੂੰ ਧਾੜਵੀਆਂ ਦੇ ਹਮਲਿਆਂ ਨੇ ਉਜਾੜ ਦਿੱਤਾ। ਕਲਾਨੌਰ ਉੱਤੇ ਜਸਰਥ ਖੋਖਰ ਨੇ ਦੋ ਵਾਰ ਹਮਲਾ ਕੀਤਾ। ਉਸਨੇ ਪਹਿਲਾ ਹਮਲਾ 1422 ਈਸਵੀ ਅਤੇ ਦੂਸਰਾ ਹਮਲਾ 1428 ਈਸਵੀ ਵਿੱਚ ਕੀਤਾ। ਕਈ ਵਾਰ ਇਹ ਸ਼ਹਿਰ ਹੜਾਂ ਦੀ ਮਾਰ ਹੇਠ ਵੀ ਆਇਆ ਹੈ।
ਪ੍ਰਾਚੀਨ ਸ਼ਿਵ ਮੰਦਰ
ਕਲਾਨੌਰ ਦੇ ਬੱਸ ਸਟੈਂਡ ਦੇ ਕੋਲ ਬਣਿਆ ਪ੍ਰਾਚੀਨ ਸ਼ਿਵ ਮੰਦਰ ਵੀ ਆਪਣਾ ਵਿਲੱਖਣ ਸਥਾਨ ਅਤੇ ਮਹਾਨਤਾ ਰੱਖਦਾ ਹੈ। ਇਹ ਪ੍ਰਾਚੀਨ ਸ਼ਿਵ ਮੰਦਰ ਬਹੁਤ ਵੱਡੀ ਚੱਟਾਨ ਦੇ ਰੂਪ ਵਿਚ ਬਣਿਆ ਹੋਇਆ ਹੈ ਅਤੇ ਇਸ ਦਾ ਜ਼ਿਆਦਾਤਰ ਹਿੱਸਾ ਜ਼ਮੀਨ ਵਿੱਚ ਹੀ ਦੱਬਿਆ ਹੋਇਆ ਹੈ। ਇਤਿਹਾਸਕ ਤੱਥਾਂ ਮੁਤਾਬਿਕ ਇਸ ਪ੍ਰਾਚੀਨ ਮੰਦਰ ਨੂੰ ਮੁਗ਼ਲ ਹਮਲਾਵਰਾਂ ਨੇ ਢਾਹ ਦਿੱਤਾ ਸੀ। ਫਿਰ ਜਦ ਅਕਬਰ ਬਾਦਸ਼ਾਹ ਬਣਿਆ ਤਾਂ ਉਸ ਨੇ ਇੱਥੇ ਪੂਜਾ ਕਰਨ ਦੀ ਇਜਾਜ਼ਤ ਦਿੱਤੀ। ਇਸ ਮੰਦਰ ਦੀ ਮੁਰੰਮਤ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਨੇ ਕਰਵਾਈ ਸੀ।
ਇਹ ਮੰਦਰ ਭਾਰਤ-ਪਾਕਿਸਤਾਨ ਸੀਮਾ ਤੋਂ 5-6 ਕਿਲੋਮੀਟਰ ਅਤੇ ਗੁਰਦਾਸਪੁਰ-ਡੇਰਾ ਬਾਬਾ ਨਾਨਕ ਰੋਡ ’ਤੇ ਗੁਰਦਾਸਪੁਰ ਤੋਂ ਪੱਛਮ ਦਿਸ਼ਾ ਵੱਲ 26 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਮੰਦਰ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਇਕ ਕਥਾ ਵੀ ਬਹੁਤ ਪ੍ਰਚਲਿਤ ਹੈ। ਜਦ ਅਕਬਰ ਦੀ ਤਾਜਪੋਸ਼ੀ ਹੋਈ ਤਾਂ ਜਿਸ ਜਗ੍ਹਾ ’ਤੇ ਮੰਦਰ ਬਣਿਆ ਹੋਇਆ ਹੈ, ਉਸ ਜਗ੍ਹਾ ’ਤੇ ਅਕਬਰ ਦੀਆਂ ਫ਼ੌਜਾਂ ਨੇ ਡੇਰਾ ਲਾਇਆ ਹੋਇਆ ਸੀ। ਉਨ੍ਹਾਂ ਨੇ ਆਪਣੇ ਘੋੜੇ ਵੀ ਇੱਥੇ ਬੰਨ੍ਹੇ ਹੋਏ ਸਨ। ਇਕ ਦਿਨ ਜਦੋਂ ਘੋੜਿਆਂ ਨੂੰ ਇੱਥੋਂ ਘੋੜਸ਼ਾਲ ਲੈ ਕੇ ਜਾ ਰਹੇ ਸਨ ਤਾਂ ਮੰਦਰ ਵਾਲੀ ਜਗ੍ਹਾ ਤੋਂ ਜਿਹੜਾ ਘੋੜਾ ਲੰਘਦਾ, ਉਹ ਲੰਗੜਾ ਹੋ ਜਾਂਦਾ ਸੀ। ਇਸ ਅਨੋਖੀ ਘਟਨਾ ਦੀ ਖ਼ਬਰ ਬਾਦਸ਼ਾਹ ਅਕਬਰ ਨੂੰ ਕੀਤੀ ਗਈ। ਜਦ ਅਕਬਰ ਮੁਆਇਨਾ ਕਰਨ ਲਈ ਆਇਆ ਤਾਂ ਅਕਬਰ ਨੇ ਸ਼ੱਕ ਪ੍ਰਗਟ ਕੀਤਾ ਕਿ ਮਾਰ ਕੁਟਾਈ ਕਰ ਕੇ ਘੋੜੇ ਲੰਗੜੇ ਹੋ ਰਹੇ ਹਨ। ਪਰ ਜਦ ਅਕਬਰ ਨੇ ਆਪਣੇ ਘੋੜੇ ਨੂੰ ਇਸ ਅਸਥਾਨ ਉਪਰੋਂ ਲੰਘਾਇਆ ਤਾਂ ਉਸ ਦਾ ਘੋੜਾ ਵੀ ਲੰਗੜਾ ਹੋ ਗਿਆ। ਇਸ ਤੋਂ ਬਾਅਦ ਅਕਬਰ ਨੇ ਹੁਕਮ ਦਿੱਤਾ ਕਿ ਇਸ ਜਗ੍ਹਾ ਦੀ ਖੁਦਾਈ ਕੀਤੀ ਜਾਵੇ। ਜਦ ਖੁਦਾਈ ਕੀਤੀ ਗਈ ਤਾਂ ਜ਼ਮੀਨ ਦੇ ਹੇਠੋਂ ਇੱਕ ਕਾਲਾ ਪੱਥਰ ਨਿਕਲਿਆ। ਅਕਬਰ ਨੇ ਉਹ ਪੱਥਰ ਹਟਾਉਣ ਦਾ ਹੁਕਮ ਦਿੱਤਾ। ਉਸ ਦੇ ਸਿਪਾਹੀਆਂ ਪੂਰਾ ਜ਼ੋਰ ਲਾਇਆ ਪਰ ਉਹ ਪੱਥਰ ਨਾ ਹਟਾ ਸਕੇ। ਮੰਨਿਆ ਜਾਂਦਾ ਹੈ ਕਿ ਫਿਰ ਉਸ ਜਗ੍ਹਾ ਤੋਂ ਆਕਾਸ਼ਬਾਣੀ ਹੋਈ ਕਿ ਜੇ ਕੁੱਝ ਪ੍ਰਾਪਤ ਕਰਨਾ ਹੈ ਤਾਂ ਖੁਦਾਈ ਬੰਦ ਕੀਤੀ ਜਾਵੇ ਤੇ ਇਸ ਜਗ੍ਹਾ ਸ਼ਿਵ ਜੀ ਦੇ ਮੰਦਰ ਦਾ ਨਿਰਮਾਣ ਕੀਤਾ ਜਾਵੇ।
ਅਕਬਰ ਨੇ ਉਸ ਅਸਥਾਨ ਦੀ ਚਾਰਦੀਵਾਰੀ ਕਰਵਾ ਕੇ ਉੱਥੇ ਇਕ ਮੰਦਰ ਬਣਵਾ ਦਿੱਤਾ। ਇਹ ਮੰਦਰ ਅਜੇ ਕੱਚਾ ਹੀ ਸੀ। ਫਿਰ ਬਾਅਦ ਵਿਚ ਇਸ ਮੰਦਰ ਨੂੰ ਮਸਜਿਦ ਵਿੱਚ ਤਬਦੀਲ ਕਰ ਦਿੱਤਾ ਗਿਆ। ਫਿਰ ਜਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤਾਂ ਉਨ੍ਹਾਂ ਦੇ ਪੁੱਤਰ ਖੜਕ ਸਿੰਘ ਨੇ ਇਸ ਮੰਦਰ ਨੂੰ ਪੱਕਾ ਕਰਵਾਇਆ ਅਤੇ ਇੱਥੇ ਪੂਜਾ ਸ਼ੁਰੂ ਕਰਵਾਈ। ਅੱਜ ਵੀ ਮੰਦਰ ਦੇ ਮੁੱਖ ਦਰਵਾਜ਼ੇ ’ਤੇ ਮਹਾਰਾਜਾ ਖੜਕ ਸਿੰਘ ਦੀ ਸ਼ਿਲਾ ਲੱਗੀ ਹੋਈ ਹੈ। ਇਸ ਮੰਦਰ ਦੀ ਗੱਦੀ ਪ੍ਰਥਾ ਗੋਰਖ ਨਾਥ ਦੇ ਜੋਗੀਆਂ ਤੋਂ ਚਲੀ ਆ ਰਹੀ ਹੈ। ਇਸ ਪ੍ਰਾਚੀਨ ਸ਼ਿਵ ਮੰਦਰ ਦੀਆਂ ਅਨੇਕਾਂ ਧਾਰਮਿਕ ਰਸਮਾਂ ਅਤੇ ਪੂਜਾ ਵਿਧੀਆਂ ਪ੍ਰਚਲਿਤ ਹਨ। ਮੰਦਰ ਵਿਚ ਸ਼ਿਵ ਦੀ ਪੂਜਾ ਸ਼ਿਵਲਿੰਗ ਦੇ ਰੂਪ ਵਿਚ ਕੀਤੀ ਜਾਂਦੀ ਹੈ। ਸ਼ਿਵ ਜੀ ਦੀ ਉਸਤਤ ਵਿਚ ਕਈ ਤਰ੍ਹਾਂ ਦੇ ਭਜਨਾਂ ਨੂੰ ਗਾਇਆ ਜਾਂਦਾ ਹੈ। ਨਾਲ ਹੀ ਵਿਸ਼ੇਸ਼ ਯੱਗ ਅਤੇ ਹਵਨ ਕੀਤੇ ਜਾਂਦੇ ਹਨ ਅਤੇ ਸਮੇਂ-ਸਮੇਂ ’ਤੇ ਆਰਤੀ ਕੀਤੀ ਜਾਂਦੀ ਹੈ। ਮੰਦਰ ਵਿਚ ਪਿੱਪਲ ਤੇ ਬੋਹੜ ਦੇ ਦਰੱਖ਼ਤ ਹਨ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮੰਦਰ ਵਿਚ ਨਾਥ ਪ੍ਰੰਪਰਾ ਵੀ ਚੱਲੀ ਆ ਰਹੀ ਹੈ।
ਕਲਾਨੌਰ ਵਿੱਚ ਸ਼ਿਵਰਾਤਰੀ
ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਦੇਸ਼-ਵਿਦੇਸ਼ ਤੋਂ ਸ਼ਿਵ ਜੀ ਨੂੰ ਮੰਨਣ ਵਾਲੇ ਇੱਥੇ ਆ ਕੇ ਨਤਮਸਤਕ ਹੁੰਦੇ ਹਨ ਅਤੇ ਘੰਟਿਆਂਬੱਧੀ ਲਾਈਨਾਂ ਵਿਚ ਲੱਗ ਕੇ ਸ਼ਿਵ ਜੀ ਦੇ ਦਰਸ਼ਨ ਕਰਨ ਲਈ ਇੰਤਜ਼ਾਰ ਕਰਦੇ ਹਨ। ਮੰਦਰ ਦੇ ਸੇਵਾਦਾਰਾਂ ਦਾ ਕਹਿਣਾ ਹੈ ਕਿ 1388 ਈਸਵੀ ਵਿਚ ਇਸ ਮੰਦਰ ਨੂੰ ਮਹਾਂਕਨੇਸ਼ਵਰ ਕਿਹਾ ਜਾਂਦਾ ਸੀ। ਭਾਰਤ ਵਿਚ ਜੋਿਤਰਲਿੰਗਾਂ ਤੋਂ ਇਲਾਵਾ ਸ਼ਿਵ ਜੀ ਦੇ ਤਿੰਨ ਪ੍ਰਮੁੱਖ ਅਸਥਾਨ ਕੈਲਾਸ਼, ਕਾਸ਼ੀ ਅਤੇ ਕਲਾਨੌਰ ਹਨ।
ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਦਾ ਅਸਥਾਨ
ਅਕਬਰ ਬੈਰਮ ਖਾਨ ਨਾਲ ਕਲਾਨੌਰ ਵਿਖੇ ਠਹਿਰਿਆ ਹੋਇਆ ਸੀ। ਬਾਦਸ਼ਾਹ ਅਕਬਰ ਦੇ ਪਰਿਵਾਰ ਦੀ ਰਹਿਨੁਮਾਈ ਕਰਨ ਵਾਲੇ ਬੈਰਮ ਖ਼ਾਨ ਨੇ ਹਿਮਾਯੂੰ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਇਸ ਸਥਾਨ ’ਤੇ ਇੱਕ ਚਬੂਤਰਾ ਬਣਵਾਇਆ। ਸਾਰੇ ਮੁਗ਼ਲ ਸ਼ਾਸਕਾਂ ਦੀ ਇਕੱਤਰਤਾ ਵਿੱਚ ਪੂਰੀਆਂ ਸ਼ਾਹੀ ਰਸਮਾਂ ਨਾਲ 1 ਫ਼ਰਵਰੀ 1656 ਈਸਵੀ ਨੂੰ ਸ਼ੁੱਕਰਵਾਰ ਵਾਲੇ ਦਿਨ ਦੁਪਹਿਰ ਦੇ ਸਮੇਂ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਕਲਾਨੌਰ ਵਿਖੇ ਕੀਤੀ ਗਈ। ਇਸ ਤਖ਼ਤ ਦੇ ਆਲੇ ਦੁਆਲੇ ਬਹੁਤ ਹੀ ਖ਼ੂਬਸੂਰਤ ਫੁਆਰੇ ਲਗਾਏ ਗਏ ਸਨ, ਜੋ ਇਸ ਦੀ ਸ਼ੋਭਾ ਨੂੰ ਹੋਰ ਵੀ ਚਾਰ ਚੰਨ ਲਾਉਂਦੇ ਸਨ। ਬਾਦਸ਼ਾਹ ਬਣਨ ਤੋਂ ਬਾਅਦ ਅਕਬਰ ਨੇ ਕਲਾਨੌਰ ਨੂੰ ਆਪਣੀ ਰਾਜਧਾਨੀ ਬਣਾਇਆ। ਉਸ ਸਮੇਂ ਦੌਰਾਨ ਕਲਾਨੌਰ ਮੁਗ਼ਲ ਹਕੂਮਤ ਦਾ ਕੇਂਦਰ ਬਣ ਗਿਆ ਸੀ। ਉਸ ਦੌਰਾਨ ਮੁਗ਼ਲ ਸ਼ਾਸਕਾਂ ਦਾ ਅੰਤਿਮ ਠਹਿਰਾਉ ਕਲਾਨੌਰ ਵਿਖੇ ਹੁੰਦਾ ਸੀ। ਬਾਦਸ਼ਾਹ ਅਕਬਰ ਨੂੰ ਸਿਕੰਦਰ ਸ਼ਾਹ ਦੇ ਹਮਲੇ ਤੋਂ ਬਚਾਉਣ ਲਈ ਬੈਰਮ ਖ਼ਾਨ ਨੇ ਕਲਾਨੌਰ ਦੇ ਆਲੇ-ਦੁਆਲੇ 70 ਫੁੱਟ ਲੰਬਾਈ 12 ਫੁੱਟ ਚੌੜਾਈ ਵਾਲੇ ਚਾਰ ਗੇਟ ਬਣਵਾਏ ਸਨ ਜਿਹੜੇ ਲਾਹੌਰੀ ਗੇਟ ,ਖਜੂਰੀ ਗੇਟ, ਮੁਗਲੀ ਗੇਟ ਅਤੇ ਸ਼ਾਹੀ ਗੇਟ ਵਜੋਂ ਜਾਣੇ ਜਾਂਦੇ ਸਨ।
ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ
ਕਸਬਾ ਕਲਾਨੌਰ ਵਿੱਚ ਹੀ ਸਥਿਤ ਹੈ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ। ਇਸ ਦਾ ਇਤਿਹਾਸ ਇਹ ਹੈ ਕਿ ਜਦ ਦਿੱਲੀ ਦੇ ਤਖ਼ਤ ’ਤੇ ਮੁਗ਼ਲ ਬਾਦਸ਼ਾਹ ਫਰਖਸੀਅਰ ਸੀ, ਪੰਜਾਬ ਵਿੱਚ ਅਬਦੁਲ ਸਮੱਦ ਖਾਂ ਸੂਬੇਦਾਰ ਸੀ ਅਤੇ ਜ਼ਕਰੀਆ ਖਾਂ ਜੰਮੂ ਅਤੇ ਪਹਾੜੀ ਇਲਾਕਿਆਂ ਵਿੱਚ ਰਹਿ ਰਿਹਾ ਸੀ। ਉਨ੍ਹਾਂ ਵਕਤਾਂ ਵਿੱਚ ਸਿੱਖ ਕੌਮ ਤੇ ਇਨ੍ਹਾਂ ਵੱਲੋਂ ਭਾਰੀ ਜ਼ੁਲਮ ਕੀਤੇ ਜਾ ਰਹੇ ਸਨ। ਆਮ ਇਲਾਕਿਆਂ ਅਤੇ ਕਸਬਿਆਂ ਵਿਚ ਫ਼ੌਜਦਾਰਾਂ ਨੂੰ ਖੁੱਲ੍ਹੇ ਜ਼ੁਲਮ ਕਰਨ ਦਾ ਅਖਤਿਆਰ ਦਿੱਤਾ ਹੋਇਆ ਸੀ। ਕਲਾਨੌਰ ਵਿੱਚ ਫ਼ੌਜਦਾਰ ਸੁਹਰਾਬ ਖਾਂ ਸੀ, ਸੰਤੋਖ ਰਾਏ ਕਾਨੂੰਗੋ ਅਤੇ ਉਸਦੇ ਭਰਾ ਅਨੋਖ ਰਾਏ ਨੇ ਕਲਾਨੌਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਭਾਰੀ ਜ਼ੁਲਮ-ਤਸ਼ੱਦਦ ਕਰਨੇ ਸ਼ੁਰੂ ਕਰ ਦਿੱਤੇ ਸਨ। ਗ਼ਰੀਬ ਅਤੇ ਧਰਮੀ ਲੋਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਇਨ੍ਹਾਂ ਦੇ ਜ਼ੁਲਮ ਤੋਂ ਬਚਣ ਵਾਸਤੇ ਬੇਨਤੀ ਕੀਤੀ। ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਪਹਾੜੀ ਇਲਕਿਆਂ ਦਾ ਦੌਰਾ ਕਰ ਰਹੇ ਸਨ। ਕਲਾਨੌਰ ਦੇ ਫ਼ੌਜਦਾਰਾਂ ਵੱਲੋਂ ਹੋ ਰਹੇ ਜ਼ੁਲਮ ਬਾਰੇ ਸੁਣਕੇ ਬਾਬਾ ਜੀ ਨਾ ਸਹਿ ਸਕੇ। ਆਪਣੇ ਸਾਥੀਆਂ ਸਮੇਤ ਅਰਦਾਸ ਸੋਧ ਕੇ ਜੰਮੂ ਵੱਲੋਂ ਦੀ ਹੁੰਦੇ ਹੋਏ ਕਲਾਨੌਰ ਪਹੁੰਚੇ। ਇੱਥੇ ਸੁਹਰਾਬ ਖਾਂ ਫ਼ੌਜਦਾਰ ਨੂੰ ਰਵੱਈਆ ਬਦਲਣ ਵਾਸਤੇ ਹੁਕਮ ਕੀਤਾ। ਉਸਨੇ ਅੱਗੋਂ ਪਰਵਾਹ ਨਾ ਕਰਦਿਆਂ ਹੋਇਆਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਕਿ ਸਰਹਿੰਦ ਆਦਿਕ ਦੀਆਂ ਜਿੱਤਾਂ ਦਾ ਮਾਣ ਨਾ ਕਰੋ। ਅਸੀਂ ਕਲਾਨੌਰ ਦੇ ਹਾਕਮ ਹਿੰਦੂ-ਮੁਸਲਮਾਨ ਇੱਕ ਮੁੱਠ ਹਾਂ। ਅਸੀਂ ਤੇਰਾ ਖੁਰਾ ਖੋਜ ਮਿਟਾ ਸਕਦੇ ਹਾਂ। ਭਾਵੇਂ ਤੂੰ ਬੰਦਾ ਬਹਾਦਰ ਅਖਵਾਉਂਦਾ ਹੈਂ ਪਰ ਤੂੰ ਕਲਾਨੌਰ ਵਿੱਚੋਂ ਬਚਕੇ ਨਹੀਂ ਜਾ ਸਕਦਾ। ਜਦ ਇਹ ਹੰਕਾਰ ਭਰੇ ਉੱਤਰ ਨੂੰ ਬੰਦਾ ਬਹਾਦਰ ਜੀ ਨੇ ਸੁਣਿਆ। ਉਨ੍ਹਾਂ ਦਾ ਖ਼ੂਨ ਖੌਲਿਆ ਅਤੇ ਉਨ੍ਹਾਂ ਨੇ ਕਲਾਨੌਰ ’ਤੇ ਹਮਲਾ ਕਰਕੇ ਇੱਥੋਂ ਜ਼ਾਲਮ ਨੂੰ ਸੋਧਕੇ ਖ਼ਾਲਸਾਈ ਝੰਡਾ ਝੁਲਾਇਆ। ਇਹ ਵਾਕਿਆ ਮਾਰਚ 1715 ਈਸਵੀ ਨੂੰ ਵਾਪਰਿਆ। ਹੁਣ ਉਸ ਜਗ੍ਹਾ ’ਤੇ ਪਵਿੱਤਰ ਗੁਰਦੁਆਰਾ ਸਾਹਿਬ ਸਥਾਪਤ ਹੈ। ਇਹ ਗੁਰਦੁਆਰਾ ਸਾਹਿਬ ਉੱਚੀ ਜਗ੍ਹਾ ’ਤੇ ਬਣਿਆ ਹੋਇਆ ਹੈ। ਕਿਸੇ ਸਮੇਂ ਲੋਕਾਂ ਵਿਚ ਮਾਨਤਾ ਸੀ ਕਿ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਇਸ ਗੁਰਦੁਆਰਾ ਸਾਹਿਬ ਤੋਂ ਉੱਚਾ ਘਰ ਨਹੀਂ ਸਨ ਬਣਾਉਂਦੇ ਭਾਵੇਂ ਹੁਣ ਕਾਫ਼ੀ ਘਰ ਗੁਰਦੁਆਰਾ ਸਾਹਿਬ ਤੋਂ ਉੱਚੇ ਬਣੇ ਹੋਏ ਹਨ।
ਤਪੋ ਭੂਮੀ ਬਾਵਾ ਲਾਲ ਜੀ
ਕਲਾਨੌਰ ਵਿਚ ਹੀ ਧਾਰਮਿਕ ਅਸਥਾਨ ਤਪੋ ਭੂਮੀ ਬਾਵਾ ਲਾਲ ਜੀ ਦਾ ਮੰਦਰ ਹੈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਜਿੱਥੇ ਕਿਰਨ ਨਦੀ ਵਗਦੀ ਹੈ, ਉੱਥੇ ਬਾਵਾ ਲਾਲ ਜੀ ਨੇ 84 ਸਾਲ ਤਪ ਕਰ ਕੇ ਬਾਲ ਰੂਪ ਧਾਰਨ ਕੀਤਾ ਸੀ। ਇੱਥੇ ਹੀ ਉਨ੍ਹਾਂ ਦਾ ਮੰਦਰ ਬਣਿਆ ਹੋਇਆ ਹੈ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਨਤਮਸਤਕ ਹੋਣ ਲਈ ਇੱਥੇ ਆਉਂਦੇ ਹਨ।
ਨਵੀਨੀ ਤੇ ਖ਼ੂਬਸੂਰਤੀਕਰਨ
ਕਲਾਨੌਰ ਨੂੰ ਕੇਂਦਰ ਸਰਕਾਰ ਵੱਲੋਂ ‘ਸਵਦੇਸ਼ ਦਰਸ਼ਨ’ ਸਕੀਮ ਤਹਿਤ ਇਸ ਦੇ ਇਤਿਹਾਸਕ ਸਥਾਨਾਂ ਪ੍ਰਾਚੀਨ ਸ਼ਿਵ ਮੰਦਰ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਅਤੇ ਅਕਬਰ ਦੀ ਤਾਜਪੋਸ਼ੀ ਵਾਲੇ ਤਖ਼ਤ ਲਈ ਜਾਰੀ ਕੀਤੇ 7 ਕਰੋੜ ਦੀ ਰਾਸ਼ੀ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਹੈ। ਕਿਸੇ ਵੇਲੇ ਕਲਾਨੌਰ ਨੂੰ ਮਿੰਨੀ ਲਾਹੌਰ ਵਜੋਂ ਵੀ ਜਾਣਿਆ ਜਾਂਦਾ ਸੀ। ਇਸ ਸਮੇਂ ਕਲਾਨੌਰ ਵਿੱਚ ਤਿੰਨ ਪ੍ਰਾਇਮਰੀ, ਤਿੰਨ ਮਿਡਲ ਅਤੇ ਦੋ ਹਾਈ ਸਕੂਲਾਂ ਤੋਂ ਇਲਾਵਾ ਸਰਕਾਰੀ ਸਿਵਲ ਡਿਸਪੈਂਸਰੀ, ਪਸ਼ੂਆਂ ਦਾ ਹਸਪਤਾਲ, ਪੁਲਿਸ ਸਟੇਸ਼ਨ ਅਤੇ ਡਾਕ ਘਰ ਹੈ। ਇਸ ਦਾ ਕੁੱਲ ਰਕਬਾ 2,700 ਹੈਕਟੇਅਰ ਹੈ।
ਦੇਸ਼-ਵਿਦੇਸ਼ ਤੋਂ ਬਹੁਤ ਸਾਰੇ ਲੋਕ ਇਨ੍ਹਾਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਲਈ ਆਉਂਦੇ ਰਹਿੰਦੇ ਹਨ। ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਇਨ੍ਹਾਂ ਸਥਾਨਾਂ ਦੀ ਸਾਰ ਨਾ ਲੈਣ ਕਰਕੇ ਕਾਫੀ ਇਤਿਹਾਸਕ ਨਿਸ਼ਾਨੀਆਂ ਨਸ਼ਟ ਹੋ ਚੁੱਕੀਆਂ ਹਨ। ਲਾਹੌਰੀ ਗੇਟ ਦੀ ਮੁਰੰਮਤ ਨਾ ਹੋਣ ਕਰਕੇ ਉਸਦਾ ਨਾਮੋ ਨਿਸ਼ਾਨ ਮਿਟ ਚੁੱਕਾ ਹੈ। ਹੁਣ ਭਾਵੇਂ ਕੁੱਝ ਸਥਾਨਾਂ ਦਾ ਨਵੀਨੀਕਰਨ ਕੀਤਾ ਗਿਆ ਹੈ ਪਰ ਫਿਰ ਵੀ ਕਾਫ਼ੀ ਪੁਰਾਤਨ ਢਾਂਚੇ ਲੁਪਤ ਹੋ ਚੁੱਕੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਤਿਹਾਸਕ ਸਥਾਨਾਂ ਦੀ ਸਮੇੱ ਸਿਰ ਸਾਰ ਲਈ ਜਾਵੇ।
- ਦਿਲਰਾਜ ਸਿੰਘ
95015-26264