ਧੌਲਧਾਰ ਦੀਆਂ ਬਰਫਾਨੀ ਚੋਟੀਆਂ ’ਚ ਸਥਿਤ ਇੰਦਰਹਾਰ ਪਾਸ ਰੋਮਾਂਟਿਕ ਟ੍ਰੈਕਿੰਗ ਮਾਰਗ ਹੈ, ਜੋ ਕਾਂਗੜਾ ਅਤੇ ਚੰਬਾ ਜ਼ਿਲ੍ਹੇ ਦੀ ਸਰਹੱਦ ਉੱਪਰ ਸਥਿਤ ਹੈ। ਇਸ ਦਾ ਆਰੰਭ ਧਰਮਸ਼ਾਲਾ ਨਜ਼ਦੀਕ ਮੈਕਲੌਡਗੰਜ ਤੋਂ ਹੁੰਦਾ ਹੈ। ਮੈਕਲੌਡਗੰਜ ਤੋਂ ਧਰਮਪੁਰ ਤੇ ਗਲੂ ਤੱਕ ਨਿੱਜੀ ਬਾਇਕ ਜਾਂ ਟੈਕਸੀ ਦੁਆਰਾ ਸਫ਼ਰ ਕੀਤਾ ਜਾ ਸਕਦਾ ਹੈ।

ਧੌਲਧਾਰ ਦੀਆਂ ਬਰਫਾਨੀ ਚੋਟੀਆਂ ’ਚ ਸਥਿਤ ਇੰਦਰਹਾਰ ਪਾਸ ਰੋਮਾਂਟਿਕ ਟ੍ਰੈਕਿੰਗ ਮਾਰਗ ਹੈ, ਜੋ ਕਾਂਗੜਾ ਅਤੇ ਚੰਬਾ ਜ਼ਿਲ੍ਹੇ ਦੀ ਸਰਹੱਦ ਉੱਪਰ ਸਥਿਤ ਹੈ। ਇਸ ਦਾ ਆਰੰਭ ਧਰਮਸ਼ਾਲਾ ਨਜ਼ਦੀਕ ਮੈਕਲੌਡਗੰਜ ਤੋਂ ਹੁੰਦਾ ਹੈ। ਮੈਕਲੌਡਗੰਜ ਤੋਂ ਧਰਮਪੁਰ ਤੇ ਗਲੂ ਤੱਕ ਨਿੱਜੀ ਬਾਇਕ ਜਾਂ ਟੈਕਸੀ ਦੁਆਰਾ ਸਫ਼ਰ ਕੀਤਾ ਜਾ ਸਕਦਾ ਹੈ। ਗਲੂ ਨਾਂ ਦੇ ਛੋਟੇ ਜਿਹੇ ਕਸਬੇ ਤੋਂ ਇਸ ਮਾਰਗ ਦੀ ਰਜਿਸਟ੍ਰੇਸ਼ਨ ਹੁੰਦੀ ਹੈ। ਰਜਿਸਟ੍ਰੇਸ਼ਨ ਦੁਪਹਿਰ 12 ਵਜੇ ਤੋਂ ਪਹਿਲਾਂ ਹੀ ਕਰਵਾਉਣੀ ਪੈਂਦੀ ਹੈ। ਮੈਕਲੌਡਗੰਜ ਤੋਂ ਤ੍ਰਿਊਂਡ 10 ਕਿਲੋਮੀਟਰ ਦਾ ਟਰੈਕ ਹੈ ਤੇ ਅਸੀਂ ਇਸ ਨੂੰ 4 ਘੰਟੇ ’ਚ ਪੂਰਾ ਕਰ ਲੈਂਦੇ ਹਾਂ।
ਆਕਰਸ਼ਕ ਸਥਾਨ ਹੈ ਤ੍ਰਿਊਂਡ
ਤ੍ਰਿਊਂਡ ਬੇਹੱਦ ਆਕਰਸ਼ਕ ਸਥਾਨ ਹੈ, ਜਿਸ ਨੂੰ ਇੰਦਰਹਾਰ ਪਾਸ ਦਾ ਬੇਸ ਕੈਂਪ ਵੀ ਮੰਨਿਆ ਜਾਂਦਾ ਹੈ। ਇਸ ਟ੍ਰੈਕਿੰਗ ਕੈਂਪ ’ਚ ਰਹਿਣ ਦਾ ਪੂਰਾ ਪ੍ਰਬੰਧ ਹੈ। ਗਲੂ ਤੋਂ ਤ੍ਰਿਊਂਡ ਤੱਕ ਦਾ ਪਹਾੜਾਂ ਤੇ ਚੱਟਾਨਾਂ ਦਾ ਦਿਲਚਸਪ ਸਫ਼ਰ ਹੈ, ਜੋ ਆਨੰਦਮਈ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੈ। ਜ਼ਿਲ੍ਹਾ ਕਾਂਗੜਾ ’ਚ ਸਥਿਤ ਇਹ ਟ੍ਰੈਕਿੰਗ ਸਥਾਨ 2850 ਮੀਟਰ ਦੀ ਉਚਾਈ ’ਤੇ ਸਥਿਤ ਹੈ। ਜਿੱਥੋਂ ਹਿਮਾਲਿਆ ਪਰਬਤ ਦੀਆਂ ਖ਼ੂਬਸੂਰਤ ਚੋਟੀਆਂ ਦਾ ਆਨੰਦ ਮਾਣਿਆ ਜਾ ਸਕਦਾ ਹੈ। ਇੱਥੇ ਸਵੇਰ ਦੇ ਸੂਰਜ ਦੀਆਂ ਉੱਗ ਰਹੀਆਂ ਕਿਰਨਾਂ ਦਿਲਕਸ਼ ਨਜ਼ਾਰਾ ਪੇਸ਼ ਕਰਦੀਆਂ ਹਨ। ਨਾਸ਼ਤਾ ਕਰਨ ਉਪਰੰਤ ਦੂਜੇ ਦਿਨ ਦੀ ਯਾਤਰਾ ਲਈ ਅਸੀਂ ਲਹੇਸ ਗੁਫ਼ਾ ਵੱਲ ਨਿਕਲ ਪੈਂਦੇ ਹਾਂ।
ਤ੍ਰਿਊਂਡ ਤੋਂ ਲਹੇਸ ਗੁਫਾ ਤੱਕ ਦਾ ਸਫ਼ਰ
ਤ੍ਰਿਊਂਡ ਤੋਂ ਲਹੇਸ ਗੁਫਾ ਤੱਕ ਦਾ ਸਫ਼ਰ 9 ਕਿਲੋਮੀਟਰ ਹੈ, ਜੋ ਅਸੀਂ 4.30 ਘੰਟੇ ਵਿਚ ਪੂਰਾ ਕਰਦੇ ਹਾਂ। ਲਹੇਸ ਗੁਫ਼ਾ ਇਕ ਕੁਦਰਤੀ ਧਰਮਸ਼ਾਲਾ ਵਾਂਗ ਹੈ, ਜਿੱਥੇ ਰਾਤ ਵੀ ਗੁਜ਼ਾਰੀ ਜਾ ਸਕਦੀ ਹੈ। ਸੰਘਣੇ ਜੰਗਲਾਂ ਦੇ ਕੁਦਰਤੀ ਫੁੱਲਾਂ ਦੀਆਂ ਘਾਟੀਆਂ ਦਾ ਇਹ ਸਫ਼ਰ ਰਹੱਸਮਈ ਅਤੇ ਆਨੰਦਿਤ ਕਰਨ ਵਾਲਾ ਹੈ। ਪੀਰ ਪੰਜਾਲ ਤੇ ਕੇਂਦਰੀ ਹਿਮਾਲਿਆ ਦੀਆਂ ਬਰਫ਼ ਨਾਲ ਲੱਦੀਆਂ ਚੋਟੀਆਂ ਦਾ ਨਜ਼ਾਰਾ ਇੱਥੋਂ ਖੁੱਲ੍ਹੀ ਨਜ਼ਰ ਨਾਲ ਦੇਖਿਆ ਜਾ ਸਕਦਾ ਹੈ। ਲਹੇਸ ਗੁਫ਼ਾ ਤੱਕ ਦੀ ਖੜ੍ਹੀ ਚੜਾਈ ਸਾਨੂੰ ਇੱਥੇ ਰਾਤ ਰੁਕਣ ਲਈ ਮਜਬੂਰ ਕਰ ਦਿੰਦੀ ਹੈ।
ਰਮਣੀਕ ਤੇ ਨਾ ਭੁੱਲਣ ਵਾਲੀ ਜਗ੍ਹਾ
ਤੀਸਰੇ ਦਿਨ ਦੀ ਯਾਤਰਾ ਹਲਕਾ ਨਾਸ਼ਤਾ ਕਰਨ ਉਪਰੰਤ ਸ਼ੁਰੂ ਹੁੰਦੀ ਹੈ। ਅਗਲਾ ਪੜਾਅ ਹੈ ਇੰਦਰਹਾਰ ਪਾਸ, ਜੋ ਲਹੇਸ ਗੁਫ਼ਾ ਤੋਂ 12 ਕਿਲੋਮੀਟਰ ਦੀ ਦੂਰੀ ਉੱਤੇ ਹੈ। ਖ਼ਤਰਨਾਕ ਅਤੇ ਮੁਸ਼ਕਲਾਂ ਨਾਲ ਭਰਿਆ ਇਹ ਸਫ਼ਰ ਬੇਹੱਦ ਰਮਣੀਕ ਅਤੇ ਨਾ ਭੁੱਲਣ ਵਾਲਾ ਸਥਾਨ ਹੈ। ਇੰਦਰਹਾਰ ਪਾਸ ਦਾ ਦ੍ਰਿਸ਼ ਦੇਖ ਕੇ ਤੁਹਾਡੇ ਸਫ਼ਰ ਦੀ ਥਕਾਵਟ ਦੂਰ ਹੋ ਜਾਂਦੀ ਹੈ। ਇੱਥੇ ਲਗਭਗ ਸਾਰਾ ਸਾਲ ਬਰਫ਼ ਦਿਖਾਈ ਦਿੰਦੀ ਹੈ। ਪਾਸ ਉੱਪਰ ਦੂਰ ਤੱਕ ਬਰਫ਼ ਦਾ ਸਮੁੰਦਰ ਦਿਖਾਈ ਦਿੰਦਾ ਹੈ, ਜੋ ਵੱਖਰੀ ਦੁਨੀਆਂ ਦਾ ਅਨੁਭਵ ਕਰਵਾ ਜਾਂਦਾ ਹੈ। ਬਜ਼ੁਰਗਾਂ ਤੋਂ ਸੁਣੀਆਂ ਹੋਈਆਂ ਪਰੀ ਕਥਾਵਾਂ ਦੇ ਦੇਸ਼ ਵਾਂਗ ਇੱਥੇ ਦੇ ਅਨੁਭਵ ਕਲਪਨਾ ਤੋਂ ਪਰ੍ਹੇ ਦੀ ਗੱਲ ਲੱਗਦੇ ਹਨ। ਇਹ ਸਫ਼ਰ ਅਸੀਂ 7 ਘੰਟਿਆਂ ’ਚ ਪੂਰਾ ਕਰਦੇ ਹਾਂ।
ਲਾਸਾਨੀ ਨਜ਼ਾਰਾ
‘ਛਤਰੂ ਪਾਰੋ’ ਨਾਂ ਦੇ ਸਥਾਨ ਉੱਤੇ ਰਾਤ ਗੁਜ਼ਾਰਨ ਤੋਂ ਬਾਅਦ ਅਸੀਂ ਅਗਲੇ ਸਫ਼ਰ ਲਈ ਨਿਕਲ ਪੈਂਦੇ ਹਾਂ। ਕਾਂਗੜਾ ਵਾਦੀ ਨੂੰ ਅਲਵਿਦਾ ਕਹਿੰਦਿਆਂ ਇਕ ਖੜ੍ਹੀ ਉਤਰਾਈ ਉਤਰ ਕੇ ਚੰਬਾ ਘਾਟੀ ਦੀ ਖ਼ੂਬਸੂਰਤ ਵਾਦੀ ‘ਕੁਆਰਸੀ’ ਪਹੁੰਚ ਜਾਂਦੇ ਹਾਂ। ‘ਛਤਰੂ ਪਾਰੋ’ ਤੋਂ ਕੁਆਰਸੀ ਲਗਭਗ 15 ਕਿਲੋਮੀਟਰ ਦਾ ਟਰੈਕ ਹੈ, ਜੋ ਅਸੀਂ 7 ਘੰਟਿਆਂ ਵਿਚ ਪੂਰਾ ਕਰਦੇ ਹਾਂ। ਇਹ ਉਤਰਾਈ ਵਾਲਾ ਸਫ਼ਰ ਹੈ। ਪਹਾੜੀ ਪਗਡੰਡੀਆਂ ਤੇ ਕੁਦਰਤੀ ਝਰਨਿਆਂ ਦਾ ਇਹ ਸਫ਼ਰ ਅਜੀਬ ਲਾਸਾਨੀ ਨਜ਼ਾਰਾ ਹੈ, ਜਿਸ ਨੂੰ ਆਪਣੀ ਰੂਹ ਵਿਚ ਉਤਾਰਿਆ ਜਾ ਸਕਦਾ ਹੈ। ਰਾਤ ਕੁਆਰਸੀ ਗੁਜ਼ਾਰਨ ਮਗਰੋਂ ਅਸੀਂ ਅਗਲੇ ਸਫ਼ਰ ਦੀ ਤਿਆਰੀ ਲਈ ਹਲਕਾ ਨਾਸ਼ਤਾ ਕਰਨ ਉਪਰੰਤ ਆਪਣੇ ਅੰਤਿਮ ਪੜਾਅ ਵੱਲ ਵਧਣ ਲਈ ਯਾਤਰਾ ਆਰੰਭ ਕਰਦੇ ਹਾਂ। ਕੁਆਰਸੀ ਤੋਂ ਚੰਬਾ 16 ਕਿਲੋਮੀਟਰ ਦਾ ਸਫ਼ਰ ਹੈ, ਜੋ ਆਰਾਮ ਨਾਲ ਚੱਲਦੇ ਹੋਏ 5-6 ਘੰਟਿਆਂ ’ਚ ਪੂਰਾ ਕੀਤਾ ਜਾਂਦਾ ਹੈ। ਚੰਬਾ ਘਾਟੀ ਦਾ ਇਹ ਸਫ਼ਰ ਅਦਭੁੱਤ, ਰਹੱਸਮਈ ਅਤੇ ਦਿਲਚਸਪ ਯਾਤਰਾ ਦਾ ਅਨੁਭਵ ਕਰਵਾ ਦਿੰਦਾ ਹੈ।
ਚੰਬਾ ਪਹੁੰਚਣ ਉਪਰੰਤ ਬਸ, ਟੈਕਸੀ ਦਾ ਪ੍ਰਬੰਧ ਆਮ ਵਾਂਗ ਹੈ, ਜਿਸ ਨਾਲ ਅਸੀਂ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਆਰਾਮ ਨਾਲ ਪਹੁੰਚ ਸਕਦੇ ਹਾਂ। ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਟ੍ਰੈਕਿੰਗ ਦਾ ਪੂਰਾ ਆਨੰਦ ਮਾਣਨ ਲਈ ਜ਼ਰੂਰੀ ਹੈ ਕਿ ਰਜਿਸਟਰਡ ਗਾਈਡਾਂ ਦਾ ਪ੍ਰਬੰਧ ਕੀਤਾ ਜਾਵੇ। ਚਾਰ ਜਾਂ ਪੰਜ ਦਿਨ ਦੇ ਟਰੈਕ ਲਈ ਇਕੱਲੇ ਜਾਣਾ ਖ਼ਤਰਨਾਕ ਹੋ ਸਕਦਾ ਹੈ। ਗਾਈਡ ਜਾਂ ਕੁਲੀ ਪਹਾੜੀ ਰਸਤਿਆਂ ਦੇ ਮਾਹਿਰ ਹੁੰਦੇ ਹਨ। ਕੁਦਰਤੀ ਸੁੰਦਰਤਾ ਦੇ ਅਜੀਬ ਤੇ ਲਾਸਾਨੀ ਨਜ਼ਾਰਿਆਂ ਦਾ ਆਨੰਦ ਮਾਣਨ ਲਈ ਸਾਨੂੰ ਟ੍ਰੈਕਿੰਗ ਦਾ ਪੂਰਾ ਆਨੰਦ ਲੈਣਾ ਚਾਹੀਦਾ ਹੈ।
- ਕੇਐੱਸ ਅਮਰ