ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਕਿਸੇ ਆਲੀਸ਼ਾਨ ਹੋਟਲ ਵਿੱਚ ਸੌਂ ਰਹੇ ਹੋਵੋ ਅਤੇ ਤੁਹਾਡਾ ਬੈੱਡ ਕਿਸੇ ਮਹਿੰਗੀ ਕਾਰ ਦੇ ਅਗਲੇ ਹਿੱਸੇ ਵਰਗਾ ਹੋਵੇ? ਜਰਮਨੀ ਦੇ ਬੋਬਲਿੰਗਨ ਸ਼ਹਿਰ ਵਿੱਚ ਸਥਿਤ 'V8 ਹੋਟਲ ਮੋਟਰਵਰਲਡ ਰੀਜਨ ਸਟੁਟਗਾਰਟ' ਨੇ ਇਸ ਕਲਪਨਾ ਨੂੰ ਹਕੀਕਤ ਵਿੱਚ ਬਦਲ ਦਿੱਤਾ ਹੈ। ਇਹ ਹੋਟਲ ਦੁਨੀਆ ਭਰ ਦੇ ਕਾਰ ਪ੍ਰੇਮੀਆਂ ਅਤੇ ਰੋਮਾਂਚ ਦੇ ਸ਼ੌਕੀਨਾਂ ਲਈ ਇੱਕ ਅਜਿਹਾ ਟਿਕਾਣਾ ਬਣ ਗਿਆ ਹੈ, ਜਿੱਥੇ ਠਹਿਰਨਾ ਕਿਸੇ ਯਾਦਗਾਰ ਸਫ਼ਰ ਤੋਂ ਘੱਟ ਨਹੀਂ ਹੈ। ਆਓ ਜਾਣਦੇ ਹਾਂ ਇਸ ਦਿਲਚਸਪ ਹੋਟਲ ਬਾਰੇ ਸਭ ਕੁਝ।

ਹੋਟਲ ਦੀ ਬਨਾਵਟ ਅਤੇ ਸ਼ਾਨਦਾਰ ਦਿੱਖ
ਹੋਟਲ ਦੀ ਬਨਾਵਟ ਕਿਸੇ ਵੱਡੇ ਸ਼ੋਅ-ਰੂਮ ਵਰਗੀ ਹੈ, ਜਿਸ ਵਿੱਚ ਵੱਡੀਆਂ-ਵੱਡੀਆਂ ਕੱਚ ਦੀਆਂ ਖਿੜਕੀਆਂ ਲੱਗੀਆਂ ਹੋਈਆਂ ਹਨ। ਜਿਵੇਂ ਹੀ ਮਹਿਮਾਨ ਇੱਥੇ ਕਦਮ ਰੱਖਦੇ ਹਨ, ਉਨ੍ਹਾਂ ਨੂੰ ਕਈ ਸ਼ਾਨਦਾਰ ਰੇਟਰੋ ਅਤੇ ਵਿੰਟੇਜ ਕਾਰਾਂ ਨਜ਼ਰ ਆਉਂਦੀਆਂ ਹਨ, ਜਿਨ੍ਹਾਂ ਨਾਲ ਉਹ ਫੋਟੋਆਂ ਖਿਚਵਾ ਸਕਦੇ ਹਨ ਅਤੇ ਬੈਠ ਵੀ ਸਕਦੇ ਹਨ।
ਕਮਰੇ ਜਾਂ ਕਾਰਾਂ ਦਾ ਅਜਾਇਬ ਘਰ ?
V8 ਹੋਟਲ ਦੇ ਹਰ ਕਮਰੇ ਨੂੰ ਇੱਕ ਖ਼ਾਸ ਆਟੋਮੋਬਾਈਲ ਕਨਸੈਪਟ 'ਤੇ ਤਿਆਰ ਕੀਤਾ ਗਿਆ ਹੈ। ਇੱਥੇ 6 ਮੰਜ਼ਿਲਾਂ ਵਿੱਚ ਫੈਲੇ ਕੁੱਲ 150 ਤੋਂ ਵੱਧ ਕਮਰੇ ਹਨ। ਕਮਰਿਆਂ ਦੀ ਥੀਮ ਇੰਨੀ ਜੀਵੰਤ ਹੈ ਕਿ ਤੁਹਾਨੂੰ ਲੱਗੇਗਾ ਕਿ ਤੁਸੀਂ ਕਿਸੇ ਗੈਰੇਜ, ਕਾਰ ਵਾਸ਼ ਜਾਂ ਰੇਸ ਟ੍ਰੈਕ ਦੇ ਅੰਦਰ ਸੌ ਰਹੇ ਹੋ।
ਕਮਰਿਆਂ ਦੀ ਸਜਾਵਟ ਵਿੱਚ ਅਸਲੀ ਆਟੋ ਪਾਰਟਸ, ਪੁਰਾਣੇ ਟਾਇਰ, ਵਿੰਟੇਜ ਫਿਊਲ ਪੰਪ, ਨੰਬਰ ਪਲੇਟਾਂ ਅਤੇ ਇੰਜਣ ਦੇ ਪੁਰਜ਼ਿਆਂ ਦੀ ਵਰਤੋਂ ਕੀਤੀ ਗਈ ਹੈ। ਇੱਥੇ ਫੋਕਸਵੈਗਨ, ਮਰਸਡੀਜ਼ ਬੈਂਜ਼, ਬੀਐਮਡਬਲਯੂ ਅਤੇ ਪੋਰਸ਼ ਵਰਗੇ ਮਸ਼ਹੂਰ ਜਰਮਨ ਬ੍ਰਾਂਡਾਂ ਦੀ ਕਲਾਸਿਕ ਅਤੇ ਮਾਡਰਨ ਝਲਕ ਹਰ ਕੋਨੇ ਵਿੱਚ ਦਿਖਾਈ ਦਿੰਦੀ ਹੈ।
ਲਗਜ਼ਰੀ ਸਹੂਲਤਾਂ ਦਾ ਸੰਗਮ
ਸਿਰਫ਼ ਅਨੋਖੀ ਥੀਮ ਹੀ ਨਹੀਂ, ਇਹ ਹੋਟਲ ਆਪਣੀਆਂ ਸੁਖ-ਸਹੂਲਤਾਂ ਲਈ ਵੀ ਜਾਣਿਆ ਜਾਂਦਾ ਹੈ। ਮਹਿਮਾਨਾਂ ਦੇ ਸਵਾਦ ਅਤੇ ਮਨੋਰੰਜਨ ਲਈ ਇੱਥੇ ਚਾਰ ਵੱਖ-ਵੱਖ ਬਾਰ ਅਤੇ ਰੈਸਟੋਰੈਂਟ ਮੌਜੂਦ ਹਨ। ਇਸ ਤੋਂ ਇਲਾਵਾ, ਫਿਟਨੈਸ ਸੈਂਟਰ, ਸਪਾ ਅਤੇ ਸੌਨਾ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ। ਵਿਦੇਸ਼ੀ ਸੈਲਾਨੀਆਂ ਦੀ ਸਹੂਲਤ ਲਈ ਇੱਥੋਂ ਦਾ ਸਟਾਫ਼ ਕਈ ਭਾਸ਼ਾਵਾਂ ਜਾਣਦਾ ਹੈ। ਕਮਰਿਆਂ ਵਿੱਚ ਫ੍ਰੀ ਵਾਈ-ਫਾਈ, ਫਲੈਟ ਸਕ੍ਰੀਨ ਟੀਵੀ ਅਤੇ ਟੈਰੇਸ ਵਰਗੀਆਂ ਸਹੂਲਤਾਂ ਵੀ ਸ਼ਾਮਲ ਹਨ।
ਬਜਟ ਅਤੇ ਅਨੁਭਵ
ਇਸ ਅਨੋਖੇ ਅਨੁਭਵ ਲਈ ਸੈਲਾਨੀਆਂ ਨੂੰ ਲਗਭਗ 25 ਹਜ਼ਾਰ ਰੁਪਏ ਤੱਕ ਦਾ ਕਿਰਾਇਆ ਦੇਣਾ ਪੈ ਸਕਦਾ ਹੈ। ਆਪਣੀ ਖ਼ਾਸ ਥੀਮ ਕਾਰਨ ਇਹ ਜਗ੍ਹਾ ਹੁਣ ਸਿਰਫ਼ ਇੱਕ ਹੋਟਲ ਨਹੀਂ, ਸਗੋਂ ਇੱਕ ਵੱਡਾ ਟੂਰਿਸਟ ਅਟਰੈਕਸ਼ਨ ਬਣ ਚੁੱਕੀ ਹੈ। ਇੱਥੇ ਰੁਕਣਾ ਕਿਸੇ ਮਿਊਜ਼ੀਅਮ ਵਿੱਚ ਰਹਿਣ ਵਰਗਾ ਅਹਿਸਾਸ ਕਰਵਾਉਂਦਾ ਹੈ, ਜਿੱਥੇ ਹਰ ਕੰਧ ਅਤੇ ਹਰ ਕੋਨਾ ਗੱਡੀਆਂ ਦੇ ਸੁਨਹਿਰੀ ਇਤਿਹਾਸ ਦੀ ਕਹਾਣੀ ਸੁਣਾਉਂਦਾ ਹੈ। ਜੇਕਰ ਤੁਸੀਂ ਕਾਰ ਪ੍ਰੇਮੀ ਹੋ, ਤਾਂ ਇਹ ਹੋਟਲ ਤੁਹਾਡੀ ਬਕੇਟ ਲਿਸਟ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ।