ancient and history city rupnagar : ਜ਼ਿਲ੍ਹੇ ਦੀ ਅਲੱਗ ਪਛਾਣ ਘਨੌਲੀ ਸਥਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਕਰਕੇ ਹੈ। ਇੱਥੇ ਨਹਿਰੂ ਸਟੇਡੀਅਮ ਬਣਿਆ ਹੋਇਆ ਹੈ।

ਪੁਰਾਤਨ ਤੇ ਇਤਿਹਾਸਕ ਸ਼ਹਿਰ ਰੂਪਨਗਰ
ਸਤਲੁਜ ਦਰਿਆ ਦੇ ਖੱਬੇ ਕੰਢੇ 'ਤੇ ਸਥਿਤ ਰੂਪਨਗਰ ਸ਼ਹਿਰ ਪੁਰਾਤਨ ਤੇ ਇਤਿਹਾਸਕ ਸ਼ਹਿਰ ਹੈ। ਰੂਪਨਗਰ ਦੇ ਕੁਦਰਤੀ, ਦਿਲਕਸ਼ ਤੇ ਮਨਮੋਹਣੇ ਨਜ਼ਾਰਿਆਂ ਨੂੰ ਤੱਕ ਕੇ ਇੱਥੇ ਆਉਣ ਵਾਲਾ ਹਰ ਸੈਲਾਨੀ ਅਸ਼-ਅਸ਼ ਕਰ ਉਠਦਾ ਹੈ। 16 ਨਵੰਬਰ, 1976 ਨੂੰ ਸੂਬਾ ਸਰਕਾਰ ਨੇ ਇਸ ਦਾ ਨਾਂ ਤਬਦੀਲ ਕਰ ਕੇ ਰੋਪੜ ਤੋਂ ਰੂਪਨਗਰ ਰੱਖਿਆ ਸੀ। ਰੂਪਨਗਰ ਜ਼ਿਲ੍ਹੇ ਨੂੰ ਧਾਰਮਿਕ ਸਥਾਨਾਂ ਦਾ ਗੜ੍ਹ ਤੇ ਇਤਿਹਾਸਕ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ। 26 ਅਕਤੂਬਰ, 1831 ਨੂੰ ਇੱਥੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਵਿਚਕਾਰ ਸ਼ਾਹੀ ਮੁਲਾਕਾਤ ਹੋਈ ਸੀ। ਇਸ ਤੋਂ ਇਲਾਵਾ ਸਤਲੁਜ ਦਰਿਆ ਕਿਨਾਰੇ ਵਿਰਾਸਤੀ ਪਹਾੜੀ 'ਤੇ ਨਿਸ਼ਾਨ-ਏ-ਖਾਲਸਾ ਨਾਮਕ ਨਿਗਰਾਨ ਚੌਕੀ ਵੀ ਬਣਾਈ ਸੀ ਅਤੇ ਮੋਰਚਾਬੰਦੀ ਹਿੱਤ ਅਸ਼ਟਧਾਤੂ ਤੇ ਸਤੰਭ ਸਥਾਪਤ ਕੀਤੇ ਗਏ ਹਨ, ਜੋ ਕਿ ਅਣਦੇਖੀ ਕਾਰਨ ਗਾਇਬ ਹੋ ਚੁੱਕੇ ਹਨ।
ਸਤਲੁਜ ਦਰਿਆ ਕਿਨਾਰੇ ਹੀ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਚ ਸਿੱਖ ਇਤਿਹਾਸ ਨੂੰ ਦਰਸਾਉਂਦਾ ਪੈਨੋਰਮਾ ਬਣਾਇਆ ਗਿਆ ਹੈ। ਇਸ ਸ਼ਹਿਰ ਦੀ ਪੁਰਾਤਨਤਾ ਦਾ ਪਤਾ ਇੱਥੇ ਹੋਈ ਖੁਦਾਈ ਕਰਨ 'ਤੇ ਹੜੱਪਾ ਤੇ ਮੋਹਿੰਜੋਦੜੋ ਦੀ ਸੱਭਿਅਤਾ ਨਾਲ ਸਬੰਧਤ ਸਿੱਕੇ ਮਿਲਣ ਤੋਂ ਲਗਦਾ ਹੈ। ਰੂਪਨਗਰ ਕਿਸੇ ਸਮੇਂ ਰੋਪੜੀ ਤਾਲੇ ਬਣਾਉਣ ਕਰਕੇ ਮਸ਼ਹੂਰ ਸੀ। ਸਰਕਾਰੀ ਕਾਗ਼ਜ਼ਾਂ ਵਿਚ ਰੂਪਨਗਰ ਸ਼ਹਿਰ ਅੰਕਿਤ ਹੋਣ ਤੋਂ ਬਾਦ ਵੀ ਸ਼ਹਿਰ ਨੂੰੰ ਆਮ ਤੌਰ 'ਤੇ ਹੁਣ ਵੀ ਰੋਪੜ ਕਰਕੇ ਜਾਣਿਆ ਜਾਂਦਾ ਹੈ।
ਇਤਿਹਾਸ ਅਨੁਸਾਰ ਇੱਥੇ ਇਕ ਰਾਜਾ ਰੁਕੇਸ਼ਵਰ ਰਾਜ ਕਰਿਆ ਕਰਦਾ ਸੀ, ਜਿਸ ਨੇ ਇਸ ਨਗਰ ਦੀ ਬੁਨਿਆਦ ਰੱਖੀ ਅਤੇ ਆਪਣੇ ਪੁੱਤਰ ਰੂਪਸੈਨ ਦੇ ਨਾਂ 'ਤੇ ਇਸ ਦਾ ਨਾਂ ਰੂਪਨਗਰ ਰੱਖਿਆ ਸੀ। ਰਾਜਾ ਰੁਕੇਸ਼ਵਰ ਨੂੰ ਮੁਲਤਾਨ ਦੇ ਬਾਦਸ਼ਾਹ ਖਾਲਿਦ (ਖਲੀਲ) ਨੇ ਹਰਾਇਆ ਸੀ ਅਤੇ ਰੁਕੇਸ਼ਵਰ ਨੇ ਇਸਲਾਮ ਧਰਮ ਧਾਰ ਲਿਆ ਸੀ। ਇਸ ਤੋਂ ਬਾਦ ਵਿਚ ਇੱਥੇ ਇਸਲਾਮੀ ਰਾਜ ਸਥਾਪਤ ਹੋ ਗਿਆ ਸੀ। ਦੇਸ਼ ਦੀ ਵੰਡ ਸਮੇਂ ਰੋਪੜ ਸ਼ਹਿਰ ਅੰਬਾਲਾ ਜ਼ਿਲ੍ਹੇ ਦੀ ਇਕ ਤਹਿਸੀਲ ਸੀ ਅਤੇ ਨਵੰਬਰ 1966 ਵਿਚ ਰੋਪੜ ਸ਼ਹਿਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਬਣਾ ਦਿੱਤਾ ਗਿਆ। ਪੰਜਾਬ ਵਿਚ ਸਭ ਤੋਂ ਪਹਿਲਾਂ ਇੱਥੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਬਣਾਇਆ ਸੀ ਅਤੇ 10 ਅਕਤੂਬਰ 1973 ਨੂੰ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ। ਗਿਆਨੀ ਜ਼ੈਲ ਸਿੰਘ ਦੇ ਮੁੱਖ ਮੰਤਰੀ ਹੋਣ ਸਮੇਂ ਪੰਜਾਬ ਸਰਕਾਰ ਨੇ 16 ਨਵੰਬਰ 1976 ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਰੋਪੜ ਸ਼ਹਿਰ ਦਾ ਨਾਂ ਰੂਪਨਗਰ ਰੱਖ ਦਿੱਤਾ ਸੀ।
2006 ਨੂੰ ਅਪ੍ਰੈਲ ਮਹੀਨੇ ਵਿਚ ਰੂਪਨਗਰ ਜ਼ਿਲ੍ਹੇ ਵਿੱਚੋਂ ਮੋਹਾਲੀ ਨੂੰ ਕੱਟਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਨਵਾਂ ਜ਼ਿਲ੍ਹਾ ਬਣਾ ਦਿੱਤਾ ਸੀ। ਪੰਜਾਬ ਦੀ ਸੱਤਵੀਂ ਪੁਲਿਸ ਰੇਂਜ ਸਤੰਬਰ 2010 ਵਿਚ ਬਣਾਈ ਸੀ। ਜ਼ਿਲ੍ਹੇ ਦੀ ਅਲੱਗ ਪਛਾਣ ਘਨੌਲੀ ਸਥਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਕਰਕੇ ਹੈ। ਇੱਥੇ ਨਹਿਰੂ ਸਟੇਡੀਅਮ ਬਣਿਆ ਹੋਇਆ ਹੈ।
ਰੂਪਨਗਰ ਜ਼ਿਲ੍ਹਾ ਹੁਣ ਸਿੱਖਿਆ ਦੇ ਖੇਤਰ ਵਿਚ ਹੱਬ ਬਣ ਗਿਆ ਹੈ। ਸ਼ਹਿਰ ਵਿਚ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਲਦੇਵ ਸਿੰਘ ਦੁੱਮਣਾ ਦੇ ਯਤਨਾਂ ਨਾਲ ਸੰਨ 1951 ਵਿਚ ਸਰਕਾਰੀ ਕਾਲਜ ਹੋਂਦ ਵਿਚ ਆਇਆ ਸੀ। ਇਸ ਤੋਂ ਇਲਾਵਾ ਭਾਰਤ ਦੀ ਤੀਸਰੀ ਨੈਸ਼ਨਲ ਐਨਸੀਸੀ ਅਕੈਡਮੀ, ਆਈਈਟੀ ਭੱਦਲ (ਪਿੰਡ ਭੱਦਲ), ਸਰਕਾਰੀ ਆਈਟੀਆਈ ਰੂਪਨਗਰ ਅਤੇ ਆਨੰਦਪੁਰ ਸਾਹਿਬ ਵਿਖੇ ਸ਼੍ਰੀ ਦਸਮੇਸ਼ ਅਕੈਡਮੀ ਵੀ ਜ਼ਿਲ੍ਹੇ ਦਾ ਨਾਂ ਭਾਰਤ ਭਰ ਵਿਚ ਰੋਸ਼ਨ ਕਰ ਰਹੀ ਹੈ। ਸ਼ਹਿਰ ਕੋਲ ਹੀ ਬਿਰਲਾ ਫਾਰਮ ਵਿਚ ਪੰਜਾਬ ਦੀ ਪਹਿਲੀ ਇੰਡੀਅਨ ਇੰਸਟੀਚਿਊਟ ਆਫ ਟੈਕਨੋਲਾਜੀ (ਆਈਆਈਟੀ) ਰੂਪਨਗਰ ਬਣ ਗਈ ਹੈ। ਆਈਆਈਟੀ ਸ਼ੁਰੂ ਹੋਣ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵਸੀਲੇ ਪੈਦਾ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਅੰਬੁਜਾ ਫਾਉਂਡੇਸ਼ਨ ਵਲੋਂ ਪਿੰਡ ਸਲੋਰਾ ਵਿੱਚ ਮੰਦਬੁੱਧੀ ਬੱਚਿਆਂ ਲਈ ਸਕੂਲ ਚਲਾਇਆ ਜਾ ਰਿਹਾ ਹੈ। ਖੇਡਾਂ ਦੇ ਖੇਤਰ ਵਿੱਚ ਰੂਪਨਗਰ ਦੇ ਕੋਲ ਪੈਂਦੇ ਪਿੰਡ ਖੈਰਾਬਾਦ ਦਾ ਨੌਜਵਾਨ ਧਰਮਵੀਰ ਭਾਰਤ ਦੀ ਨੈਸ਼ਨਲ ਹਾਕੀ ਟੀਮ ਦਾ ਖਿਡਾਰੀ ਹੈ। ਇਸੀ ਤਰਾਂ ਰੂਪਨਗਰ ਦੀ ਕਿਰਨਵੀਰ ਕੌਰ ਬਾਸਕਿਟਬਾਲ ਦੀ ਨੈਸ਼ਨਲ ਖਿਡਾਰੀ ਹੈ ਅਤੇ ਪੰਜਾਬ ਸਰਕਾਰ ਨੇ ਉਸਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇਕੇ ਨਿਵਾਜਿਆ ਜਾ ਚੁੱਕਿਆ ਹੈ।
ਆਧੁਨਿਕ ਬੱਸ ਅੱਡੇ
ਦੀ ਘਾਟ
1996 ਵਿਚ ਰੂਪਨਗਰ ਸ਼ਹਿਰ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਮੇਨ ਬਾਈਪਾਸ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ ਅਤੇ ਉਸ ਸਮੇਂ ਡੀਸੀ ਵਿੰਨੀ ਮਹਾਜਨ ਨੇ ਪ੍ਰੋਜੈਕਟ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਸੀ। ਜੋ ਕਿ ਬਾਦਲ ਸਰਕਾਰ ਵਲੋਂ 2016 ਵਿਚ ਚਾਲੂ ਕੀਤਾ ਗਿਆ। ਇਸ ਦੇ ਮੁਕੰਮਲ ਹੋਣ ਨਾਲ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਮਿਲੀ ਹੈ। ਬਾਈਪਾਸ ਤੋਂ ਚੰਡੀਗੜ-ਕੁਰਾਲੀ ਵਲੋਂ ਆਉਣ ਵਾਲੀ ਟ੍ਰੈਫਿਕ ਰੂਪਨਗਰ ਸ਼ਹਿਰ ਤੋਂ ਬਾਹਰੋ ਬਾਹਰ ਬਾਈਪਾਸ ਤੋਂ ਹੁੰਦੀ ਹੋਈ ਸਤਲੁਜ ਦਰਿਆ ਦੇ ਨਵੇਂ ਪੁਲ਼ ਤੋਂ ਹੁੰਦੀ ਹੋਈ ਨਵਾਂਸ਼ਹਿਰ ਵੱਲ ਜਾਣ ਲੱਗੀ ਹੈ। ਇਸ ਤੋਂ ਇਲਾਵਾ ਰੂਪਨਗਰ ਤੋਂ ਅਨੰਦਪੁਰ ਸਾਹਿਬ ਜਾਣ ਲਈ ਰੇਲਵੇ ਫਾਟਕਾਂ ਤੇ ਓਵਰਬ੍ਰਿਜ ਬਣਾਇਆ ਗਿਆ ਹੈ। ਪਰ ਰੂਪਨਗਰ ਵਿਚ ਚੰਗੀਆਂ ਸਹੂਲਤਾਂ ਵਾਲਾ ਬੱਸ ਸਟੈਂਡ ਉਪਲੱਬਧ ਨਹੀਂ ਹੋ ਸਕਿਆ। ਚਮਕੌਰ ਸਾਹਿਬ ਵਿਖੇ ਜੁਲਾਈ 2006 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦਾਂ ਦੀ ਯਾਦ ਵਿਚ ਥੀਮ ਪਾਰਕ ਦਾ ਨੀਂਹ ਪੱਥਰ ਰੱਖਿਆ ਸੀ ਤੇ ਇਹ ਪਾਰਕ ਅੱਜ ਤਕ ਬਣ ਕੇ ਤਿਆਰ ਨਹੀਂ ਹੋ ਸਕਿਆ ਹੈ ਅਤੇ ਹੁਣ ਜੰਗੀ ਪੱਧਰ 'ਤੇ ਪਾਰਕ ਦਾ ਕੰਮ ਚੱਲ ਰਿਹਾ ਹੈ।
ਟੂਰਿਜ਼ਮ ਪੱਖੋਂ ਨਹੀਂ ਹੋ ਸਕਿਆ ਵਿਕਸਿਤ
ਕੁਦਰਤ ਦੇ ਹੁਸੀਨ ਪਲਾਂ ਨੂੰ ਮਾਣਨ ਲਈ ਰੂਪਨਗਰ ਦੇ ਆਸਪਾਸ ਦਾ ਇਲਾਕਾ ਕੁਦਰਤੀ ਨਜ਼ਾਰਿਆਂ ਨਾਲ ਭਰਿਆ ਪਿਆ ਹੈ। ਦੂਰ ਦਰਾਜ ਤੋਂ ਆਉਣ ਵਾਲੇ ਸੈਲਾਨੀ ਸਤਲੁਜ ਦਰਿਆ ਕਿਨਾਰੇ ਆ ਕੇ ਅਸ਼-ਅਸ਼ ਕਰ ਉਠਦੇ ਹਨ। ਸਵੇਰੇ ਤੇ ਸ਼ਾਮ ਨੂੰ ਰੂਪਨਗਰ ਵਾਸੀਆਂ ਦੀ ਦਰਿਆ ਕਿਨਾਰੇ ਕਾਫੀ ਭੀੜ ਇਕੱਠੀ ਹੁੰਦੀ ਹੈ ਅਤੇ ਤਰੋ-ਤਾਜ਼ੀ ਹਵਾ ਤੇ ਸੁੰਦਰ ਵਾਤਾਵਰਨ ਦਾ ਆਨੰਦ ਲੈਂਦੇ ਹਨ।
ਦਰਿਆ ਕਿਨਾਰੇ ਦੇ ਹਿੱਸੇ ਨੂੰ ਅੰਤਰ ਰਾਸ਼ਟਰੀ ਵੈੱਟਲੈਂਡ ਐਲਾਨਿਆ ਗਿਆ ਹੈ, ਪਰ ਸਮੇਂ ਦੇ ਨਾਲ-ਨਾਲ ਅੰਤਰ ਰਾਸ਼ਟਰੀ ਵੈੱਟਲੈਂਡ ਦੀ ਸੰਭਾਲ ਨਹੀਂ ਹੋ ਸਕੀ ਹੈ। ਦੇਸ਼ ਵਿਦੇਸ਼ਾਂ ਤੋਂ ਹਰ ਸਾਲ ਅਕਤੂਬਰ ਨਵੰਬਰ ਮਹੀਨੇ ਵਿਚ ਇੱਥੇ ਪਰਵਾਸੀ ਪੰਛੀਆਂ ਦੀਆਂ ਡਾਰਾਂ ਆਉਂਦੀਆਂ ਹਨ। ਅੰਤਰਰਾਸ਼ਟਰੀ ਵੈਟਲੈਂਡ ਨੂੰ ਸੰਭਾਲਣ ਦੀ ਜ਼ਰੂਰਤ ਹੈ।
ਅਹਿਮ ਗੱਲ ਇਹ ਹੈ ਕਿ ਸਤਲੁੱਜ ਦਰਿਆ ਕਿਨਾਰੇ ਬਣਿਆ ਟੂਰਿਜਮ ਹੋਟਲ ਹਟਾਉਣ ਤੋਂ ਬਾਅਦ ਕਰੀਬ ਚਾਰ ਸਾਲ ਤੋਂ ਨਵਾਂ ਆਧੁਨਿਕ ਹੋਟਲ ਨਹੀਂ ਉਸਾਰਿਆ ਗਿਆ। ਰੂਪਨਗਰ ਨੂੰ ਟੂਰਿਜਮ ਪੱਖੋਂ ਦੇਸ਼ ਭਰ ਵਿਚ ਨਕਸ਼ੇ 'ਤੇ ਲੈ ਕੇ ਆਉਣ ਅਤੇ ਦਰਿਆ ਕਿਨਾਰੇ ਆਧੁਨਿਕ ਹੋਟਲ ਬਣਾ ਕੇ ਸੈਲਾਨੀਆਂ ਨੂੰ ਰੂਪਨਗਰ ਵੱਲ ਆਕਰਸ਼ਣ ਕਰਨ ਦੀ ਲੋੜ ਹੈ।
ਰੂਪਨਗਰ ਜ਼ਿਲ੍ਹੇ ਦਾ ਧਾਰਮਿਕ ਪੱਖ
ਖ਼ਾਲਸਾ ਪੰਥ ਦੀ ਸਿਰਜਣਾ ਰੂਪਨਗਰ ਜ਼ਿਲ੍ਹੇ ਵਿਚ ਸੁਸ਼ੋਭਿਤ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ 13 ਅਪ੍ਰੈਲ 1699 ਨੂੰ ਵਿਸਾਖੀ ਵਾਲੇ ਦਿਨ ਹੋਈ ਸੀ ਅਤੇ ਦਸਮੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਸੀ। ਹੋਲਾ-ਮਹੱਲਾ ਮੌਕੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਪਹੁੰਚਦੇ ਹਨ। ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ, ਉੱਤਰ ਭਾਰਤ ਦੀ ਪ੍ਰਸਿੱਧ ਦਰਗਾਹ ਬਾਬਾ ਬੁੱਢਣ ਸ਼ਾਹ ਜੀ, ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤੇ ਦੇਸ਼ ਵਿਦੇਸ਼ਾਂ ਤੋਂ ਸੰਗਤ ਸਿਜਦਾ ਕਰਨ ਆਉਂਦੀਆਂ ਹਨ।
ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਵਿਖੇ ਸੁਸ਼ੋਭਿਤ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ, ਕੱਚੀ ਗੜ੍ਹੀ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਮੋਰਿੰਡਾ ਸ਼ਹਿਰ ਵਿਚ ਗੁਰਦੁਆਰਾ ਕੋਤਵਾਲੀ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਬੀਬੀ ਮੁਮਤਾਜ ਜੀ ਬੜੀ (ਪੁਰਖਾਲੀ) ਤੋਂ ਇਲਾਵਾ ਰੂਪਨਗਰ ਸ਼ਹਿਰ ਵਿਚ ਸਥਿਤ ਪੁਰਾਤਨ ਸ਼੍ਰੀ ਲਹਰੀ ਸ਼ਾਹ ਮੰਦਿਰ, ਰਾਮਾ ਮੰਦਿਰ, ਗੁਗਾ ਮਾੜੀ, ਡੇਰਾ ਬਾਬਾ ਬੀਰਮ ਦਾਸ ਜੀ ਪ੍ਰਤੀ ਸੰਗਤਾਂ ਵਿਚ ਬੜੀ ਆਸਥਾ ਹੈ। ਰੂਪਨਗਰ ਸ਼ਹਿਰ ਵਿਚ ਹੀ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ, ਗੁਰਦੁਆਰਾ ਸ਼੍ਰੀ ਗੁਰੂਗੜ੍ਹ ਸਾਹਿਬ ਸਦਾਵਰਤ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਗੁਰਦੁਆਰਾ ਟਿੱਬੀ ਸਾਹਿਬ ਸ਼੍ਰੀ ਕਲਗੀਧਰ, ਗੁਰਦੁਆਰਾ ਗੁਰੂ ਰਵਿਦਾਸ ਜੀ ਅਤੇ ਸਤਲੁਜ ਦਰਿਆ ਕਿਨਾਰੇ ਸਥਿਤ ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ, ਗੁਰਦੁਆਰਾ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੋਲਖੀਆਂ ਦੇ ਦਰਸ਼ਨ ਕਰ ਕੇ ਅਤੇ ਇਸ ਦੇ ਆਸਪਾਸ ਦਾ ਹਰਿਆ ਭਰਿਆ ਵਾਤਾਵਰਨ ਦੇਖ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਕਸਬਾ ਨੂਰਪੁਰਬੇਦੀ ਵਿਖੇ ਪੀਰ ਜ਼ਿੰਦਾ ਸ਼ਹੀਦ ਦਾ ਅਸਥਾਨ ਸੁਸ਼ੋਭਿਤ ਹੈ।
ਵਿਰਾਸਤੀ ਤੇ ਇਤਿਹਾਸਿਕ ਕਿਲ੍ਹੇ
ਰੂਪਨਗਰ ਜ਼ਿਲ੍ਹੇ ਦੇ ਵਿਰਾਸਤੀ ਕਿਲ੍ਹਿਆਂ ਵਿੱਚੋਂ ਜ਼ਿਆਦਾਤਰ ਕਿਲ੍ਹੇ ਢਹਿਢੇਰੀ ਹੋ ਚੁੱਕੇ ਹਨ। ਇਹ ਪੁਰਾਤਨ ਕਿਲ੍ਹੇ ਸਾਨੂੰ ਇਤਿਹਾਸ ਤੋਂ ਵੀ ਵਾਕਿਫ ਕਰਵਾਉਂਦੇ ਹਨ। ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸ਼ਰਧਾਲੂ ਪਠਾਣ ਨਿਹੰਗ ਖ਼ਾਂ ਨਾਲ ਸਬੰਧਤ ਕਰੀਬ 350 ਸਾਲ ਪੁਰਾਤਨ ਕਿਲ੍ਹਾ ਫ਼ਤਿਹਪੁਰ (ਪੁਰਖਾਲੀ) ਆਪਣੀ ਹੋਂਦ ਹੀ ਗੁਵਾ ਚੁੱਕਿਆ ਹੈ। ਰੋਪੜ ਤੋਂ ਮਾਜਰੀ ਜੱਟਾਂ-ਪੁਰਖਾਲੀ ਮਾਰਗ 'ਤੇ ਪੈਂਦੇ ਪਿੰਡ ਫ਼ਤਿਹਪੁਰ ਦਾ ਨਾਂ ਵੀ ਇਸ ਕਿਲ੍ਹੇ ਦੇ ਨਾਂ ਵਜੋਂ ਰੱਖਿਆ ਗਿਆ ਸੀ। ਪਿੰਡ ਫ਼ਤਿਹਪੁਰ ਤੋਂ ਕਰੀਬ ਇਕ ਕਿਲੋਮੀਟਰ ਅੱਗੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਅਣਗੌਲੇ ਇਸ ਕਿਲ੍ਹੇ ਵਾਲੇ ਸਥਾਨ 'ਤੇ ਪਹੁੰਚਣਾ ਕਾਫੀ ਮੁਸ਼ਕਿਲ ਹੈ। ਇਸੇ ਤਰ੍ਹਾਂ ਰੂਪਨਗਰ ਸ਼ਹਿਰ ਦੇ ਕੋਲ ਪੈਂਦੇ ਪਿੰਡ ਕੋਟਲਾ ਨਿਹੰਗ ਵਿਚ ਸਥਿਤ ਪੁਰਾਤਨ ਕਿਲ੍ਹਾ ਕੋਟਲਾ ਨਿਹੰਗ ਖ਼ਾਂ ਦੀ ਸੰਭਾਲ ਨਾ ਹੋਣ ਕਰਕੇ ਢਹਿਢੇਰੀ ਹੋਣ ਕਿਨਾਰੇ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਇਸ ਪੁਰਾਤਨ ਕਿਲ੍ਹੇ ਦੇ ਮਾਲਕਾਂ ਨਾਲ ਗੱਲਬਾਤ ਕਰ ਕੇ ਇਸ ਨੂੰ ਖ਼ਰੀਦਣ ਦੀ ਗੱਲ ਵੀ ਤੋਰੀ ਗਈ ਸੀ, ਪਰ ਅਜੇ ਤਕ ਕਿਲ੍ਹੇ ਦੀ ਸੌਦੇਬਾਜ਼ੀ ਸਿਰੇ ਨਹੀਂ ਚੜ੍ਹ ਸਕੀ ਅਤੇ ਇਹ ਕਿਲ੍ਹਾ ਖੰਡਰ ਦਾ ਰੂਪ ਧਾਰਨ ਕਰ ਰਿਹਾ ਹੈ। ਅਨੰਦਪੁਰ ਸਾਹਿਬ ਵਿਚ ਹੀ ਕਿਲ੍ਹਾ ਹੋਲਗੜ੍ਹ ਸਾਹਿਬ, ਕਿਲ੍ਹਾ ਤਾਰਾਗੜ੍ਹ ਸਾਹਿਬ, ਕਿਲ੍ਹਾ ਲੋਹਗੜ੍ਹ ਸਾਹਿਬ, ਕਿਲ੍ਹਾ ਫਤਿਹਗੜ੍ਹ ਸਾਹਿਬ ਸਥਿਤ ਹੈ ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਇਨ੍ਹਾਂ ਕਿਲ੍ਹਿਆਂ ਨੂੰ ਪੁਰਾਤਨ ਦਿੱਖ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੂਪਨਗਰ ਸ਼ਹਿਰ ਵਿਚ ਪੁਰਾਤਨ ਜਮਾਲ ਖ਼ਾਨ ਦਾ ਮਕਬਰਾ ਹੈ। ਇਹ ਬੇਲਾ ਰੋਡ ਰੂਪਨਗਰ ਦੇ ਕੋਲ ਸਥਿਤ ਹੈ। ਵਕਫ ਬੋਰਡ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਦੀ ਸੰਭਾਲ ਨਾ ਹੋਣ ਕਰਕੇ ਇਹ ਮਕਬਰਾ ਹੁਣ ਖੰਡਰ ਬਣ ਚੁੱਕਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਮਕਬਰੇ ਹੇਠ ਸੁਰੰਗ ਹੁੰਦੀ ਸੀ ਜੋ ਕਿ ਬੰਦ ਹੋ ਗਈ ਹੈ।
ਨਾਲਾਗੜ੍ਹ ਟਿੱਬੀ ਤੋਂ ਮਿਲੀਆਂ ਦੁਰਲੱਭ ਵਸਤਾਂ
ਪੁਰਾਤਨ ਸ਼ਹਿਰ ਰੂਪਨਗਰ ਵਿਚ ਸਥਿਤ ਨਾਲਾਗੜ੍ਹ ਟਿੱਬੀ ਦੀ ਖੁਦਾਈ ਉਪਰੰਤ ਜੋ ਹੜੱਪਾ ਸੰਸਕ੍ਰਿਤੀ ਦੀਆਂ ਕੱਚੀਆਂ ਇੱਟਾਂ, ਕੰਕਰ, ਪੱਥਰ ਤੇ ਮਿੱਟੀ ਦੇ ਗਾਰੇ ਨਾਲ ਬਣੀਆਂ ਘਰੇਲੂ ਵਰਤੋਂ ਦੀਆਂ ਵਸਤਾਂ, ਕੰਸ ਦੇ ਬਰਤਨ, ਪਸ਼ੂ ਪੰਛੀਆਂ ਦੀਆਂ ਮੂਰਤੀਆਂ, ਮਣਕੇ ਆਦਿ ਮਿਲੇ ਸਨ। ਇਸ ਤੋਂ ਇਲਾਵਾ ਵੀਣਾ ਵਜਾਉਂਦੀ ਕਲਾਕਾਰ ਦੀ ਮੂਰਤੀ, ਪੁਰਾਤਨ ਬਰਤਨ, ਕੁੰਡਲਦਾਰ (ਰਿੰਗ ਖੂਹ), ਧੂਪਦਾਨ), ਕਾਂਸੀ ਦੀ ਤਸਕਰੀ, ਕਾਂਸੀ ਦੀ ਕੁਹਾੜੀ, ਕਾਂਸੀ ਦਾ ਬਰਤਨ, ਤਾਂਬੇ ਤੇ ਕਾਂਸੀ ਦੇ ਸੰਦ ਆਦਿ ਪੁਰਾਤਨ ਵਸਤਾਂ ਮਿਲੀਆਂ ਸਨ। ਸਾਰੀ ਖੁਦਾਈ ਦਾ ਇਤਿਹਾਸ ਅਤੇ ਪ੍ਰਾਪਤ ਹੋਈਆਂ ਦੁਰਲੱਭ ਵਸਤੂਆਂ ਨੂੰ ਰੂਪਨਗਰ ਦੇ ਸਰਕਾਰੀ ਕਾਲਜ ਦੇ ਸਾਹਮਣੇ ਬਣੇ ਅਜਾਇਬ ਘਰ ਵਿਚ ਸੁਰੱਖਿਅਤ ਸੰਭਾਲਿਆ ਹੋਇਆ ਹੈ। ਅਜਾਇਬ ਘਰ 'ਚ ਸੰਭਾਲੀਆਂ ਇਹ ਦੁਰਲੱਭ ਵਸਤੂਆਂ ਸਾਨੂੰ ਰੂਪਨਗਰ ਦੇ ਪੁਰਾਤਨ ਇਤਿਹਾਸ ਤੋਂ ਵਾਕਿਫ ਕਰਵਾਉਂਦੀਆਂ ਹਨ।
ਰੰਗਕਰਮੀਆਂ ਲਈ ਆਡੀਟੋਰੀਅਮ ਨਹੀਂ
ਰੂਪਨਗਰ ਜ਼ਿਲ੍ਹੇ ਵਿਚ ਰੰਗਮੰਚ ਦੇ ਉਭਾਰ ਲਈ ਵੱਖ-ਵੱਖ ਕਲਾਕਾਰ ਮੰਡਲੀਆਂ ਤੇ ਸੰਸਥਾਵਾਂ ਬੜੇ ਉਤਸ਼ਾਹ ਨਾਲ ਕੰਮ ਕਰ ਰਹੀਆਂ ਹਨ। ਜਿਨ੍ਹਾਂ ਵਿੱਚੋਂ ਮੁੱਖ ਤੌਰ 'ਤੇ ਪ੍ਰੋਫਾਰਮਸ ਐਸੋਸੀਏਸ਼ਨ ਪੰਜਾਬ, ਚੇਤਨਾ ਕਲਾਂ ਮੰਚ ਚਮਕੌਰ ਸਾਹਿਬ, ਸੱਜਰੀ ਸਵੇਰ ਕਲਾ ਕਲੱਬ, ਅਵੇਅਰਨੈੱਸ ਆਰਟ ਆਰਗੇਨਾਈÂਜੇਸ਼ਨ ਝੱਲੀਆਂ ਖੁਰਦ, ਜਾਗ੍ਰਿਤ ਕਲਾ ਮੰਚ ਤੱਖ਼ਤਗੜ੍ਹ, ਜਾਗ੍ਰਿਤ ਕਲਾ ਮੰਚ ਅਨੰਦਪੁਰ ਸਾਹਿਬ ਵਲੋਂ ਨੌਜਵਾਨਾਂ ਨੂੰ ਰੰਗਮੰਚ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪ੍ਰੋਫਾਰਮਸ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਕਰ ਰਹੇ ਰੰਗਕਰਮੀ ਰਮਨ ਮਿੱਤਲ ਦਾ ਕਹਿਣਾ ਹੈ ਕਿ ਜ਼ਿਲ੍ਹਾ ਪੱਧਰ 'ਤੇ ਸਰਕਾਰ ਨੇ ਕੋਈ ਕਲਚਰਲ ਸੋਸਾਇਟੀ ਨਹੀਂ ਬਣਾਈ ਹੈ। ਜਿਸ ਨਾਲ ਜ਼ਿਲ੍ਹੇ ਵਿਚ ਰੰਗਕਰਮੀਆਂ ਨੂੰ ਉਤਸ਼ਾਹ ਮਿਲ ਸਕੇ। ਰੰਗ ਮੰਚ ਲਈ ਆਡੀਟੋਰਿਅਮ ਬਣਾਉਣ ਦੀ ਜ਼ਰੂਰਤ ਹੈ। ਹਾਲਾਂਕਿ ਮੌਜੂਦਾ ਸਰਕਾਰ ਨੇ 2 ਕਰੋੜ ਰੁਪਏ ਦੇ ਫੰਡ ਨਾਲ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਖੇ ਓਪਨ ਥੀਏਟਰ ਅਤੇ ਬਾਗ਼ ਨੂੰ ਸੁੰਦਰ ਬਣਾਉਣ ਦਾ ਯਤਨ ਕੀਤਾ ਹੈ ਅਤੇ ਕੰਮ ਵੀ ਚੱਲ ਰਿਹਾ ਹੈ। J
ਸਾਚ ਦਾ ਰੋਮਾਂਚਿਕ ਸਫ਼ਰ
ਬਰਫ਼ ਕਿਸ ਨੂੰ ਚੰਗੀ ਨਹੀਂ ਲੱਗਦੀ। ਹਰ ਵਿਅਕਤੀ ਇਹ ਚਾਹੁੰਦਾ ਹੈ ਕਿ ਬਰਫ਼ਬਾਰੀ ਦਾ ਦੀਦਾਰ ਹੋਵੇ। ਖ਼ਾਸ ਤੌਰ 'ਤੇ ਮੈਦਾਨੀ ਖੇਤਰਾਂ ਦੇ ਲੋਕਾਂ 'ਚ ਬਰਫ਼ ਦੇਖਣ ਦੀ ਜ਼ਿਆਦਾ ਰੁਚੀ ਹੁੰਦੀ ਹੈ। ਆਮ ਤੌਰ 'ਤੇ ਬਰਫ਼ ਦਾ ਦੀਦਾਰ ਜ਼ਿਆਦਾ ਸਰਦੀ 'ਚ ਹੀ ਹੁੰਦਾ ਹੈ, ਪਰ ਦੇਸ਼ ਦੀਆਂ ਕੁਝ ਉਚਾਈ ਵਾਲੀਆਂ ਥਾਵਾਂ 'ਤੇ ਸਾਰਾ ਸਾਲ ਬਰਫ਼ ਦੀ ਚਾਦਰ ਵਿਛੀ ਰਹਿੰਦੀ ਹੈ। ਅਜਿਹੀਆਂ ਥਾਵਾਂ 'ਤੇ ਗਰਮੀ 'ਚ ਵੀ ਬਰਫ਼ ਦਾ ਲੁਤਫ਼ ਲਿਆ ਜਾ ਸਕਦਾ ਹੈ। ਅਜਿਹਾ ਹੀ ਖ਼ੂਬਸੂਰਤ ਸਥਾਨ ਚੰਬਾ ਨੂੰ ਪਾਂਗੀ ਨਾਲ ਜੋੜਨ ਵਾਲਾ ਸਾਚ ਪਾਸ ਹੈ। ਇਸ ਖ਼ੂਬਸੂਰਤ ਥਾਂ 'ਤੇ ਮੌਜ-ਮਸਤੀ ਕਰਨ ਲਈ ਹਰ ਸਾਲ ਦੇਸ਼-ਵਿਦੇਸ਼ ਦੇ ਸੈਲਾਨੀਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।
ਰੋਹਤਾਂਗ ਤੋਂ ਖ਼ੂਬਸੂਰਤ ਹੈ ਸਾਚ
ਸਾਚ ਦੱਰਾ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ•੍ਹੇ ਦੇ ਚੁਰਾਹ 'ਤੇ ਪਾਂਗੀ ਉਪ-ਮੰਡਲਾਂ ਨੂੰ ਆਪਸ 'ਚ ਜੋੜਦਾ ਹੈ। ਸਾਚ ਪਾਸ ਰੋਹਤਾਂਗ ਦਰਾ ਤੋਂ ਵੀ ਖ਼ੂਬਸੂਰਤ ਹੈ। ਜੂਨ-ਜੁਲਾਈ ਦੇ ਮਹੀਨੇ 'ਚ ਵੀ ਸਾਚ ਪਾਸ 'ਚ ਬਰਫ਼ ਦੀ ਮੋਟੀ ਚਾਦਰ ਦੇਖੀ ਜਾ ਸਕਦੀ ਹੈ। ਗਰਮੀ 'ਚ ਇਥੇ ਬਰਫ਼ ਦੀ ਉਚਾਈ ਕਰੀਬ 10 ਤੋਂ 15 ਫੁੱਟ ਉਚਾਈ ਤਕ ਹੁੰਦੀ ਹੈ। ਜੂਨ-ਜੁਲਾਈ 'ਚ ਵੀ ਇੱਥੋਂ ਦਾ ਤਾਪਮਾਨ ਜ਼ੀਰੋ ਡਿਗਰੀ ਤੋਂ ਹੇਠਾਂ ਰਹਿੰਦਾ ਹੈ। ਸਾਚ ਪਾਸ ਤੋਂ ਹੁੰਦੇ ਹੋਏ ਪਾਂਗੀ ਘਾਟੀ ਪਹੁੰਚ ਕੇ ਉੱਥੋਂ ਦੇ ਖ਼ੂਬਸੂਰਤ ਨਜ਼ਾਰਿਆਂ ਨੂੰ ਦੇਖਿਆ ਜਾ ਸਕਦਾ ਹੈ।
ਹਰ ਮੋੜ ਦਿਲਚਸਪ
ਸਾਚ ਦਰਾ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ•੍ਹੇ ਦੇ ਚੁਰਾਹ ਤੇ ਪਾਂਗੀ ਉਪ-ਮੰਡਲਾਂ ਨੂੰ ਆਪਸ 'ਚ ਜੋੜਦਾ ਹੈ। ਸਾਚ ਪਾਸ 14,500 ਦੀ ਉਚਾਈ 'ਤੇ ਸਥਿਤ ਹੈ। ਇਸ ਦਾ ਸਫ਼ਰ ਕਾਫ਼ੀ ਦਿਲਚਸਪ ਹੁੰਦਾ ਹੈ। ਜਿਉਂ-ਜਿਉਂ ਸਤਰੁੰਡੀ ਤੋਂ ਅੱਗੇ ਚੜ•੍ਹਾਈ ਚੜ੍ਹ•ਦੇ ਜਾਂਦੇ ਹਾਂ, ਤਿਉਂ-ਤਿਉਂ ਹਰ ਮੋੜ 'ਤੇ ਨਵਾਂ ਰੋਮਾਂਚ ਦੇਖਣ ਨੂੰ ਮਿਲਦਾ ਹੈ। ਕਈ ਥਾਵਾਂ 'ਤੇ ਜਿੱਥੇ ਸਿੱਧੀ ਚੜ•੍ਹਾਈ ਦਾ ਸਾਹਮਣਾ ਹੁੰਦਾ ਹੈ, ਤਾਂ ਕੁਝ ਥਾਵਾਂ ਲਈ ਝਰਨਿਆਂ ਦੇ ਥੱਲਿਓਂ ਹੋ ਕੇ ਲੰਘਣਾ ਪੈਂਦਾ ਹੈ। ਅਜਿਹੀਆਂ ਹੀ ਕਈ ਥਾਵਾਂ ਅਨੁਭਵੀ ਸੈਲਾਨੀਆਂ ਨੂੰ ਯਾਤਰਾ ਦੌਰਾਨ ਦੇਖਣ ਨੂੰ ਮਿਲਦੀਆਂ ਹਨ।
ਸਾਲ 'ਚ ਪੰਜ ਮਹੀਨੇ ਹੀ ਖੁੱਲ੍ਹ•ਦਾ ਹੈ
ਸਾਚ ਪਾਸ ਨੂੰ ਖੋਲ੍ਹ•ਣ ਦਾ ਜ਼ਿੰਮਾ ਲੋਕ ਨਿਰਮਾਣ ਵਿਭਾਗ ਕੋਲ ਹੈ। ਜਿਉਂ ਹੀ ਗਰਮੀ ਦਾ ਸੀਜ਼ਨ ਆਉਂਦਾ ਹੈ ਤਾਂ ਲੋਕ ਨਿਰਮਾਣ ਵਿਭਾਗ ਵੱਲੋਂ ਸਾਚ ਪਾਸ ਨੂੰ ਖੋਲ੍ਹ•ਣ ਲਈ ਮਸ਼ੀਨਰੀ ਲਗਾਈ ਜਾਂਦੀ ਹੈ। ਸਾਚ ਸੈਲਾਨੀਆਂ ਦੇ ਘੁੰਮਣ ਲਈ ਜੂਨ ਮਹੀਨੇ 'ਚ ਖੁੱਲ੍ਹ•ਦਾ ਹੈ ਅਤੇ ਅਕਤੂਬਰ ਮਹੀਨੇ 'ਚ ਫਿਰ ਤੋਂ ਬੰਦ ਹੋ ਜਾਂਦਾ ਹੈ। ਇਸ ਦੌਰਾਨ ਇਥੇ ਸੈਲਾਨੀਆਂ ਦੀ ਖ਼ੂਬ ਆਵਾਜਾਈ ਰਹਿੰਦੀ ਹੈ। ਨਾਲ ਹੀ ਜਦੋਂ ਦੇਸ਼ 'ਚ ਅੱਤ ਦੀ ਗਰਮੀ ਪੈ ਰਹੀ ਹੁੰਦੀ ਹੈ ਤਾਂ ਸਾਚ ਪਾਸ 'ਤੇ ਬਰਫ਼ਬਾਰੀ ਦਾ ਆਨੰਦ ਲਿਆ ਜਾ ਸਕਦਾ ਹੈ।
ਕਿਵੇਂ ਪਹੁੰਚੀਏ ਸਾਚ ਪਾਸ
ਜੇ ਤੁਸੀਂ ਹਿਮਾਚਲ ਪ੍ਰਦੇਸ਼ ਤੋਂ ਬਾਹਰੋਂ ਸਾਚ ਪਾਸ ਪਹੁੰਚਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਪਠਾਨਕੋਟ ਜਾਣਾ ਪਵੇਗਾ। ਉਸ ਤੋਂ ਅੱਗੇ ਦੁਨੇਰਾ ਜਾਂ ਨੂਰਪੁਰ ਤੋਂ ਚੰਬਾ ਦੀ ਸੀਮਾ 'ਚ ਸੜਕ ਮਾਰਗ ਨਾਲ ਦਾਖਲ ਹੋਵੋਗੇ। ਇਸ ਤੋਂ ਵਾਇਆ ਡਲਹੌਜ਼ੀ ਹੁੰਦੇ ਹੋਏ ਤੀਸਾ ਪਹੁੰਚੋ। ਇਸ ਤੋਂ ਅੱਗੇ ਸਾਚ ਪਾਸ ਦਾ ਸਫ਼ਰ ਸ਼ੁਰੂ ਹੋਵੇਗਾ। ਸਾਚ ਪਾਸ ਡਲਹੌਜ਼ੀ ਤੋਂ 175 ਕਿ.ਮੀ ਦੂਰ ਹੈ। ਸਾਚ ਪਾਸ ਚੰਬਾ ਤੋਂ ਕਰੀਬ 127 ਕਿਲੋਮੀਟਰ ਦੂਰ ਹੈ। ਚੰਬਾ ਤੋਂ ਹਿਮਾਚਲ ਪ੍ਰਦੇਸ਼ ਬੱਸਾਂ, ਨਿੱਜੀ ਵਾਹਨਾਂ ਜਾਂ ਟੈਕਸੀਆਂ 'ਚ ਸਾਚ ਦਾ ਸਫ਼ਰ ਕੀਤਾ ਜਾ ਸਕਦਾ ਹੈ।
ਠਹਿਰਣ ਤੇ ਖਾਣੇ ਦੀ ਮੁਸ਼ਕਲ
ਸਾਚ ਪਾਸ ਸੈਲਾਨੀਆਂ ਲਈ ਅਜੇ ਪੂਰੀ ਤਰ•੍ਹਾਂ ਵਿਕਸਿਤ ਨਹੀਂ ਹੋਇਆ ਹੈ। ਇਸੇ ਕਰਕੇ ਇਥੇ ਰੁਕਣ ਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਨਹੀਂ ਹੈ। ਜੇ ਸਾਚ ਜਾ ਰਹੇ ਹੋ ਤਾਂ ਖਾਣਾ ਆਪਣੇ ਨਾਲ ਹੀ ਲੈ ਕੇ ਜਾਓ। ਸਮਾਂ ਰਹਿੰਦਿਆਂ ਜਾਂ ਤਾਂ ਵਾਪਿਸ ਬੈਰਾਗੜ੍ਹ• ਵੱਲ ਰੁਖ਼ ਕਰ ਲਓ ਜਾਂ ਫਿਰ ਪਾਂਗੀ ਦੇ ਕਿਲਾੜ ਵੱਲ ਨਿਕਲ ਜਾਓ। ਖਾਣੇ ਦੀ ਵਿਵਸਥਾ ਸਤਰੁੰਡੀ ਤੋਂ ਅੱਗੇ ਨਹੀਂ ਹੈ। ਸਾਚ ਦੇ ਸਫ਼ਰ 'ਤੇ ਜਾਣ ਵਾਲੇ ਜ਼ਿਆਦਾਤਰ ਸੈਲਾਨੀ ਡਲਹੌਜ਼ੀ 'ਚ ਹੀ ਰੁਕਦੇ ਹਨ। ਡਲਹੌਜ਼ੀ 'ਚ ਵਧੀਆ ਹੋਟਲਾਂ ਦੇ ਨਾਲ-ਨਾਲ ਆਰਾਮ ਘਰ ਵੀ ਹਨ। ਠਹਿਰਣ ਲਈ ਬੈਰਾਗੜ੍ਹ• 'ਚ ਵਿਸ਼ਰਾਮ ਘਰ ਹੈ। ਪਾਂਗੀ 'ਚ ਹੋਟਲ ਤੇ ਵਿਸ਼ਰਾਮ ਘਰ ਹੈ।
ਸਰਬਜੀਤ ਸਿੰਘ
94648-20881