ਕੰਢੀ ਦਾ ਵਸੇਬ’ ਵਿਚ ਗਲਪਕਾਰ ਬਲਵੀਰ ਪਰਵਾਨਾ ਦੇ ਤਿੰਨ ਨਾਵਲੈੱਟ ਦਰਜ ਹਨ। ਪਹਿਲਾ ਨਾਵਲੈੱਟ ਹੈ ‘ਅੱਗ ਦੀ ਉਮਰ’। ਇਸ ਵਿਚ ਉਸ ਨੇ ਚੋਆਂ ਦੇ ਇਸ ਖੇਤਰ ਦੀਆਂ ਭਾਵਨਾਤਮਿਕ ਮੁਹੱਬਤੀ ਤੰਦਾਂ ਨੂੰ ਬੜੇ ਗਹੁ ਨਾਲ ਤੱਕਿਆ ਹੈ। ਇਸ ਖੇਤਰ ਦੇ ਲੋਕਾਂ ਦੇ ਕੰਮ ਧੰਦੇ, ਰਿਸ਼ਤੇ ਨਾਤੇ, ਉਨ੍ਹਾਂ ਦਾ ਜੀਵਨ ਬਸਰ, ਸੱਚੀ-ਸੁੱਚੀ ਜ਼ਿੰਦਗੀ ਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਬਿਆਨ ਕੀਤਾ ਹੈ।

ਪੁਸਤਕ - ‘ਕੰਢੀ ਦਾ ਵਸੇਬ’ (ਤਿੰਨ ਨਾਵਲੈੱਟ)
ਨਾਵਲਕਾਰ - ਬਲਬੀਰ ਪਰਵਾਨਾ
ਸਫ਼ੇ 107, ਮੁੱਲ 195 ਰੁਪਏ
ਪ੍ਰਕਾਸ਼ਨ - ਸਾਹਿਬਦੀਪ ਪਬਲੀਕੇਸ਼ਨ।
ਕੰਢੀ ਦਾ ਵਸੇਬ’ ਵਿਚ ਗਲਪਕਾਰ ਬਲਵੀਰ ਪਰਵਾਨਾ ਦੇ ਤਿੰਨ ਨਾਵਲੈੱਟ ਦਰਜ ਹਨ। ਪਹਿਲਾ ਨਾਵਲੈੱਟ ਹੈ ‘ਅੱਗ ਦੀ ਉਮਰ’। ਇਸ ਵਿਚ ਉਸ ਨੇ ਚੋਆਂ ਦੇ ਇਸ ਖੇਤਰ ਦੀਆਂ ਭਾਵਨਾਤਮਿਕ ਮੁਹੱਬਤੀ ਤੰਦਾਂ ਨੂੰ ਬੜੇ ਗਹੁ ਨਾਲ ਤੱਕਿਆ ਹੈ। ਇਸ ਖੇਤਰ ਦੇ ਲੋਕਾਂ ਦੇ ਕੰਮ ਧੰਦੇ, ਰਿਸ਼ਤੇ ਨਾਤੇ, ਉਨ੍ਹਾਂ ਦਾ ਜੀਵਨ ਬਸਰ, ਸੱਚੀ-ਸੁੱਚੀ ਜ਼ਿੰਦਗੀ ਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਬਿਆਨ ਕੀਤਾ ਹੈ। ਨਾਵਲ ਦੀ ਭਾਸ਼ਾ ਟਕਸਾਲੀ ਪੰਜਾਬੀ ਹੈ ਪਰ ਨਾਵਲ ਵਿਚਲੇ ਵਾਰਤਾਲਾਪ ਸਥਾਨਕ ਭਾਸ਼ਾ ਵਿਚ ਰਚੇ ਹੋਣ ਕਰਕੇ ਬੇਹੱਦ ਖ਼ੂਬਸੂਰਤ ਰੰਗ ਬੰਨ੍ਹਦੇ ਹਨ, ਜਿਹੜੇ ਪਾਠਕ ਨੂੰ ਆਪਣੇ ਨਾਲ-ਨਾਲ ਤੋਰਦੇ ਹਨ ਤੇ ਉਨ੍ਹਾਂ ਨੂੰ ਅਕਾਊਪੁਣਾ ਮਹਿਸੂਸ ਨਹੀਂ ਹੋਣ ਦਿੰਦੇ। ਇਹ ਹੀ ਕਿਸੇ ਕਿਰਤ ਦੀ ਅਤੇ ਲੇਖਕ ਦੀ ਵੱਡੀ ਪ੍ਰਾਪਤੀ ਹੁੰਦੀ ਹੈ। ਦੂਸਰਾ ਨਾਵਲੈਟ ਹੈ ‘ਬੇਗ਼ਾਨੇ ਪਿੰਡ ਦੀ ਜੂਹ’। ਇਹ ਨਾਵਲ ਵੀ ਇਸ ਦੀ ਪਾਤਰ ਰੂਪੀ ਅਤੇ ਨਿੰਦਰ ਦੀ ਸਨੇਹ ਭਰੀ ਕਹਾਣੀ ਦੇ ਦੁਆਲੇ ਹੀ ਘੁੰਮਦਾ ਹੈ, ਜਿਸ ਵਿਚ ਬਿਆਸ ਦਰਿਆ ਦੇ ਕੰਢੇ ’ਤੇ ਵਸੇ ਹੋਏ ਟੋਟਿਆਂ ਦੇ ਰੂਪ ਵਿਚ ਛੋਟੇ-ਛੋਟੇ ਪਿੰਡਾਂ ਦੇ ਜੀਵਨ ਝਾਤ ਬਾਰੇ ਗੱਲ ਕਰਦਾ ਹੈ। ਇਹ ਪਿੰਡ ਹੜ੍ਹਾਂ ਦੇ ਆਉਣ ਕਾਰਨ ਆਪਣੇ ਅਸਲ ਤੋਂ ਟੁੱਟ ਕੇ ਆਸੇ-ਪਾਸੇ ਵਸੇ ਹੋਏ ਹਨ। ਦੇਖਣ ’ਚ ਇਨ੍ਹਾਂ ਦੀ ਜ਼ਿੰਦਗੀ ਵੀ ਸਾਵੀਂ ਪੱਧਰੀ ਚੱਲਦੀ ਹੈ। ਗੁਲਾਬੀ ਰੁੱਤੇ ਇਨ੍ਹਾਂ ਦੇ ਮਨ ਦੀਆਂ ਤਿਤਲੀਆਂ ਵੀ ਸੂਹੇ ਰੰਗ ਬਿਖੇਰਦੀਆਂ ਹਨ। ਤੀਜਾ ਨਾਵਲੈੱਟ ਹੈ ‘ਜੰਗਲ ਕਦੀ ਸੌਂਦਾ ਨਹੀਂ’। ਇਸ ਦੀ ਹੀਰੋ ਪਾਤਰ ‘ਕੰਮੋ’ ਹੈ। ਕੰਮੋ ਦੇ ਸਾਹਾਂ ਦੀ ਸਾਂਝ ਪਾਤਰ ‘ਦੇਵ’ ਨਾਲ ਹੈ। ਨਾਵਲੈੱਟ ਦੇ ਇਸ ਤੀਜੇ ਭਾਗ ਵਿਚ ਵੀ ਚੋਆਂ ਵਾਲੇ ਇਲਾਕੇ, ਕੰਢੀ ਦੇ ਵਸੇਬ ਦੇ ਲੋਕਾਂ ਦਾ ਜੀਵਨ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਹੀ ਆਪਣੀ ਰਫ਼ਤਾਰ ਫੜ ਲੈਂਦਾ ਹੈ। ਇਲਾਕੇ ਦੇ ਮਿਹਨਤਕਸ਼ ਲੋਕ ਕੰਮ ਸ਼ੁਰੂ ਕਰਨ ਲਈ ਸੂਰਜ ਚੜ੍ਹਨ ਦੇ ਮੁਥਾਜ ਨਹੀਂ। ਉਹ ਆਪਣੀ ਮਿਹਨਤ ਨਾਲ ਸੂਰਜ ਨੂੰ ਜਗਾਉਂਦੇ ਹਨ। ਫਿਰ ਵਾਪਰਦੀਆਂ ਨੇ ਉਨ੍ਹਾਂ ਦੇ ਜੀਵਨ ਦੀਆਂ ਹਸੀਨ ਘਟਨਾਵਾਂ। ਵਾਰਤਾਲਾਪ ’ਚ ਵਰਤੇ ਹੋਏ ਸਥਾਨਕ ਭਾਸ਼ਾ ਦੇ ਸ਼ਬਦ, ਜਿਵੇਂ ਲੁਹਾਂਡੇ, ਬਿੰਨੂੰ, ਢੂੰਡ, ਅੜਿੰਗੀ, ਤਿਕਾਲੀ, ਉਧਾਲੀ, ਬੋਟੀਆਂ, ਖਪਰੈਲ, ਮਝੀਰੀਆਂ, ਛਾਹ ਵੇਲਾ, ਲੌਢੇ ਕੁ ਵੇਲੇ, ਹਰਨਾੜੀ ਆਦਿ ਨਾਵਲ ਦੀ ਖ਼ੂਬਸੂਰਤੀ ਵਿਚ ਇਜ਼ਾਫ਼ਾ ਕਰਦੇ ਹਨ। ਵਿਆਕਰਨ ਪੱਖੋਂ ਨਾਵਲੈੱਟ ’ਚ ਨਾਮਾਤਰ ਗ਼ਲਤੀਆਂ ਹਨ। ਨਾਵਲਕਾਰ ਦੀ ਵੱਡੀ ਖ਼ੂਬੀ ਹੈ ਕਿ ਪਾਠਕ ਦੀ ਮਾਨਸਿਕਤਾ ਨੂੰ ਨਾਲ ਲੈ ਕੇ ਚੱਲਦਾ ਹੈ। ਕੁੱਲ ਮਿਲਾ ਕੇ ਇਹ ਨਾਵਲੈੱਟ ਪੰਜਾਬੀ ਗਲਪਕਾਰੀ ਦਾ ਵਹਿੰਦਾ ਦਰਿਆ ਹੈ।
-ਅੰਮ੍ਰਿਤਪਾਲ ਕਲੇਰ