ਉਸ ਨੇ ਔਰਤ ਨੂੰ ਜੀਵੰਤ ਪ੍ਰਾਣੀ ਵਜੋਂ ਸਵੀਕਾਰ ਕੀਤਾ ਹੈ ਜਿਸ ਦੇ ਆਪਣੇ ਸੁਪਨੇ ਅਤੇ ਇੱਛਾਵਾਂ ਹਨ। ਉਹ ਅਜਿਹੀ ਔਰਤ ਦੀ ਗਵਾਹ ਹੈ ਜੋ ਸਮਾਜਿਕ ਪ੍ਰੰਪਰਾਵਾਂ ਕਰਕੇ ਇੱਛਾਵਾਂ ਨੂੰ ਨਹੀਂ ਦਬਾਉਣਾ ਚਾਹੁੰਦੀ ਹੈ। ਅੰਮ੍ਰਿਤਾ ਪ੍ਰੀਤਮ 31 ਅਕਤੂਬਰ 2005 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ।
ਅੰਮ੍ਰਿਤਾ ਪ੍ਰੀਤਮ ਪੰਜਾਬੀ ਸਾਹਿਤ ਜਗਤ ਦਾ ਲੋਕਪ੍ਰਿਯ ਨਾਂ ਹੈ। ਉਸਦਾ ਜਨਮ 31 ਅਗਸਤ 1919 ਨੂੰ ਸ. ਕਰਤਾਰ ਸਿੰਘ ਹਿਤਕਾਰੀ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਗੁੱਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ। ਅੰਮ੍ਰਿਤਾ ਮਹਿਜ਼ 11 ਸਾਲ ਦੀ ਸੀ ਜਦੋਂ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ। ਇਸ ਉਪਰੰਤ ਉਹ ਤੇ ਉਸ ਦੇ ਪਿਤਾ ਲਾਹੌਰ ਆ ਕੇ ਵੱਸ ਗਏ ਜਿਥੇ ਉਸ ਨੇ ਮਿਡਲ, ਗਿਆਨੀ ਤੇ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਉਸਦਾ ਵਿਆਹ ਪ੍ਰੀਤਮ ਸਿੰਘ ਕਵਾਤੜਾ ਨਾਲ ਹੋਇਆ। ਆਪਣੇ ਪਤੀ ਦਾ ਨਾਂ ਉਸਦੇ ਨਾਂ ਨਾਲ ਜੁੜਨ ਕਰਕੇ ਹੀ ਉਹ ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਬਣੀ। ਅੰਮ੍ਰਿਤਾ ਨੇ ਆਪਣੀ ਕਾਵਿ-ਯਾਤਰਾ 1930-31 ਤੋਂ ਸ਼ੁਰੂ ਕਰ ਦਿੱਤੀ ਸੀ। ਪੰਜਾਬੀ ਦੇ ਆਧੁਨਿਕ ਸਾਹਿਤ ਜਗਤ ਦੀ ਉਹ ਪਹਿਲੀ ਕਵਿੱਤਰੀ ਹੈ ਜਿਸ ਨੇ ਔਰਤ ਦੇ ਮਨ ਦੇ ਭਾਵਾਂ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ ਹੈ। ਉਸ ਦਾ ਪਹਿਲਾ ਕਾਵਿ-ਸੰਗ੍ਰਹਿ 1935 ਵਿੱਚ ‘ਠੰਡੀਆਂ ਕਿਰਨਾਂ’ ਨਾਂ ਹੇਠ ਛਪਿਆ ਹੈ। ਉਹ ਲਗਪਗ 20 ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿੱਚ ਪਾ ਚੁੱਕੀ ਹੈ। ਇਸ ਤੋਂ ਇਲਾਵਾ ਉਸ ਦੇ ਨਾਵਲ, ਵਾਰਤਕ ਅਤੇ ਬਹੁਤ ਸਾਰੀਆਂ ਪੁਸਤਕਾਂ ਦਾ ਅਨੁਵਾਦ ਵੀ ਕੀਤਾ ਹੈ। ਅੰਮ੍ਰਿਤਾ ਪ੍ਰੀਤਮ ਨੂੰ ਸਾਹਿਤ ਅਕਾਦਮੀ ਐਵਾਰਡ ਤੇ ਭਾਰਤੀਯ ਗਿਆਨਪੀਠ ਐਵਾਰਡ ਪ੍ਰਾਪਤ ਹੋਏ। ਉਹ ਹੀ ਪੰਜਾਬ ਦੀ ਪਹਿਲੀ ਔਰਤ ਲੇਖਿਕਾ ਹੈ ਜਿਸ ਨੂੰ 1969 ਵਿੱਚ ਪਦਮ ਸ੍ਰੀ ਐਵਾਰਡ ਤੇ 2004 ਵਿੱਚ ਪਦਮ ਵਿਭੂਸ਼ਣ ਐਵਾਰਡ ਮਿਲਿਆ ਹੈ। ਉਸਨੂੰ ਕਈ ਯੂਨੀਵਰਸਿਟੀਆਂ ਤੋਂ ਡੀ. ਲਿਟ ਦੀ ਡਿਗਰੀ ਵੀ ਮਿਲੀ। ਉਹ ਰਾਜ ਸਭਾ ਦੀ ਮੈਂਬਰ ਵੀ ਰਹੀ।
ਲਾਹੌਰ ਰੇਡੀਓ ਸਟੇਸ਼ਨ ’ਤੇ ਕੰਮ ਕੀਤਾ
ਅਣਵੰਡੇ ਪੰਜਾਬ ਵਿੱਚ ਅੰਮ੍ਰਿਤਾ ਪ੍ਰੀਤਮ ਨੇ 1938 ਤੋਂ 1947 ਤੱਕ ਲਾਹੌਰ ਰੇਡੀਓ ਸਟੇਸ਼ਨ ’ਤੇ ਕੰਮ ਕੀਤਾ ਅਤੇ ਵੰਡ ਤੋਂ ਬਾਅਦ ਉਸਨੇ ਆਲ ਇੰਡੀਆ ਰੇਡੀਓ ਸਟੇਸ਼ਨ, ਦਿੱਲੀ ਕੰਮ ਕਰਨਾ ਸ਼ੁਰੂ ਕੀਤਾ। 1966 ਵਿੱਚ ‘ਨਾਗਮਣੀ’ ਨਾਂ ਦਾ ਪੰਜਾਬੀ ਮਾਸਿਕ ਪੱਤਰ ਆਰੰਭ ਕੀਤਾ ਜਿਹੜਾ ਸਾਹਿਤਕ ਹਲਕਿਆਂ ਵਿੱਚ ਬੇਹੱਦ ਪ੍ਰਵਾਨ ਚੜ੍ਹਿਆ. ਇਸ ਨੂੰ ‘ਪ੍ਰੀਤਲੜੀ’ ਜਿੰਨੀ ਹੀ ਸਫਲਤਾ ਮਿਲੀ। ਅੰਮ੍ਰਿਤਾ ਸਰਬਾਂਗੀ ਸਾਹਿਤਕਾਰਾ ਸੀ। ਉਸਨੇ ਕਵਿਤਾ, ਨਾਵਲ, ਕਹਾਣੀ, ਨਿਬੰਧ, ਸਵੈ-ਜੀਵਨੀ, ਸਫ਼ਰਨਾਮਾ ਲਿਖਿਆ ਤੇ ਬਹੁਤ ਸਾਰੇ ਅਨੁਵਾਦ ਕੀਤੇ ਪਰ ਉਸ ਨੂੰ ਕਵਿੱਤਰੀ ਵਜੋਂ ਹੀ ਜਾਣਿਆ ਜਾਂਦਾ ਹੈ। ਅੰਮ੍ਰਿਤਾ ਦੀ ਕਵਿਤਾ ਵੱਖਰੀ ਪਛਾਣ ਵਾਲੀ ਹੈ। ਉਹ ਪਿਤਾ ਤੋਂ ਸਾਹਿਤਕ ਗੁਣ ਲੈ ਕੇ ਕਵਿਤਾ ਨੂੰ ਰਵਾਇਤੀ ਤਰੀਕੇ ਨਾਲ ਨੈਤਿਕ ਸਿੱਖਿਆ ਤੋਂ ਲਿਖਣਾ ਸ਼ੁਰੂ ਕਰਦੀ ਹੈ। ਸਮਾਜਿਕ ਤਬਦੀਲੀ ਕਾਰਨ ਜਦੋਂ ਲੋਕਾਂ ਦਾ ਗ਼ਮ ਉਸਦਾ ਆਪਣਾ ਗ਼ਮ ਬਣ ਗਿਆ ਤਾਂ ਸਾਹਿਤਕ ਸਵਰ ਦੀ ਨੁਹਾਰ ਬਦਲ ਗਈ। ਇਹ ਵਿਅਕਤੀ ਪੱਧਰ ਤੋਂ ਸਮੂਹਿਕ ਪੱਧਰ ਵਿਚ ਤਲਦੀਲ ਹੋ ਗਈ-
“ਹੁਸਨ ਇਸ਼ਕ ਦੀਆਂ ਗੱਲਾਂ ਵੇ ਮੁੰਡਿਆ ਵੇਹਲੇ ਸਮੇਂ ਦੀਆਂ ਗੱਲਾਂ, ਅੱਜ ਵਾਟਾਂ ਦੀ ਛਨਕਾਰ ਬਦਲ ਗਈ ਪੈਰ ਜ਼ੰਜ਼ੀਰਾਂ ਨਾਲ”। ਦੇਸ਼ ਵੰਡ ਨਾਲ ਸੰਬੰਧਿਤ ਉਸਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਵਿੱਚ 1947 ਦਾ ਦੁਖਾਂਤ, ਔਰਤ ਦੀ ਤਰਸਯੋਗ ਹਾਲਤ, ਪੰਜਾਬ ਦੀ ਕਿਰਸਾਨੀ ਦਾ ਦਰਦ, ਸਿਆਸਤ, ਵਾਰਸ ਸ਼ਾਹ, ਸੱਭਿਆਚਾਰ ਤੇ ਉਸਦਾ ਆਪਣਾ ਜ਼ਾਤੀ ਦੁੱਖ ਆਪਸ ਵਿੱਚ ਇੰਜ ਰਲ ਗਏ ਕਿ ਇਨ੍ਹਾਂ ਨੂੰ ਅਲੱਗ ਕਰ ਸਕਣਾ ਮੁਸ਼ਕਿਲ ਹੈ। ਭਾਵੇਂ ਕਿ ਲੋਕ 1947 ਦੀਆਂ ਘਿਨੌਣੀਆਂ ਯਾਦਾਂ ਨੂੰ ਪਿਛੇ ਛੱਡ ਆਏ ਹਨ ਪਰ ਅੱਜ ਵੀ ਇਸ ਕਵਿਤਾ ਦੀ ਸਾਰਥਿਕਤਾ ਉਂਝ ਦੀ ਉਂਝ ਬਣੀ ਹੋਈ ਹੈ। ਨਾਵਲ ‘ਪਿੰਜਰ’ ’ਤੇ ਫਿਲਮ ਵੀ ਬਣ ਚੁੱਕੀ ਹੈ।
ਮਾਂ-ਬੋਲੀ ਲਈ ਮਾਣ
ਸਾਹਿਤਕਾਰਾਂ ਤੇ ਬੁੱਧੀਜੀਵੀਆਂ ਵਲੋਂ ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬ ਦੀ ਅਾਵਾਜ਼, ਇਸਤਰੀ ਦੀ ਅਵਾਜ਼ ਅਤੇ ਪੰਜਾਬ ਦੀ ਹੂਕ ਜਿਹੇ ਵਿਸ਼ੇਸ਼ਣ ਦਿੱਤੇ ਗਏ ਹਨ। ਉਸ ਨੇ ਪੰਜਾਬੀ ਭਾਸ਼ਾ ਨੂੰ ਅਮੀਰੀ ਕਰਨ ਅਤੇ ਇਸ ਨੂੰ ਵਿਸ਼ਵ ਪੱਧਰ ਤੱਕ ਲਿਜਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਅੰਮ੍ਰਿਤਾ ਦੀਆਂ ਲਿਖਤਾਂ ਸਿਰਫ਼ ਔਰਤ ਦੀਆਂ ਪੀੜਾਂ ਨੂੰ ਹੀ ਨਹੀਂ ਸਗੋਂ ਭਾਰਤੀ/ਪੰਜਾਬੀ ਸਮਾਜ ਦੀਆਂ ਮਾਨਵ ਵਿਰੋਧੀ ਪ੍ਰੰਪਰਾਵਾਂ ’ਤੇ ਵੀ ਸਵਾਲੀਆ ਚਿੰਨ੍ਹ ਲਾਉਂਦੀਆਂ ਹਨ। ਇਸੇ ਕਰਕੇ ਉਸਨੇ ਹਾਕਮਾਂ ਦੇ ਕੁਝ ਖਿਲਵਾੜ ਦੇ ਵਿਰੁੱਧ ਲੋਕ-ਲਹਿਰਾਂ ਨੂੰ ਪ੍ਰਮਾਣਿਕਤਾ ਦਿੱਤੀ। ਰੁਮਾਂਟਿਕ ਭਾਵਾਂ ਨੂੰ ਲਾਂਭੇ ਰੱਖ ਕੇ ਆਪਣੀ ਕਵਿਤਾ ਰਾਹੀਂ ਸਮਾਜਿਕ ਯਥਾਰਥ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਦੀ ਭਾਸ਼ਾ ਲੋਕਧਾਰਾਈ ਅੰਸ਼ਾਂ ਨਾਲ ਭਰਪੂਰ ਹੈ। ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੈ। ਉਸ ਦੇ ਜਿਹਨ ’ਤੇ ਗਹਿਰੀ ਛਾਪ ਛੱਡੀ ਹੈ। ਅੰਮ੍ਰਿਤਾ ਪ੍ਰੀਤਮ ਦੀ ਸਮੁੱਚੀ ਰਚਨਾ ਸਾਮੰਤੀ ਤੇ ਪਿਤਰਕੀ ਦੀਆਂ ਪੱਕੀਆਂ ਪੀਡੀਆਂ ਕੰਧਾਂ ਨੂੰ ਖੋਰਾ ਲਾਉਂਦੀ ਹੈ। ਨਾਰੀ ਦੇ ਸੁਤੰਤਰ ਵਿਅਕਤੀਤਵ ਨੂੰ ਸਥਾਪਤ ਕਰਨ ਲਈ ਬਹਿਸ ਛੇੜਦੀ ਹੈ। ਅੰਮ੍ਰਿਤਾ ਸੁਤੰਤਰ ਔਰਤ ਵਿੱਚ ਆਪਣੀ ਹੋਂਦ ਅਤੇ ਪਛਾਣ ਦੀ ਛਵੀ ਕਾਇਮ ਹੋਣ ਦਾਅਵਾ ਕਰਦੀ ਹੈ।
ਜਾਗੀਰਦਾਰੀ ਢਾਂਚਾ
ਅੰਮ੍ਰਿਤਾ ਦੀ ਕਲਮ ਸਾਹਵੇਂ ਜਾਗੀਰਦਾਰੀ ਢਾਂਚੇ ਦੀਆਂ ਕਿਰਚਾਂ ਸਨ ਜੋ ਸਮਾਜ ਦੇ ਵਡੇਰੇ ਭਾਗ ਨੂੰ ਜਾਤ, ਧਰਮ, ਅਮੀਰੀ, ਗ਼ਰੀਬੀ ਤੇ ਪਿਆਰ ਦੀਆਂ ਦੁਸ਼ਮਣ ਬਣ ਕੇ ਵਿੰਨ੍ਹਦੀਆਂ ਸਨ। ਉਹ ਇਸ ਢਾਂਚੇ ਨੂੰ ਮੁੱਢੋਂ ਹੀ ਨਕਾਰਦੀ ਹੈ। ਉਹ ਲੋਚਦੀ ਹੈ ਕਿ ਧਰਤੀ ਦਾ ਕੋਈ ਵੀ ਮਰਦ ਔਰਤ ਕਿਸੇ ਪੱਖੋਂ ਊਣਾ ਨਾ ਹੋਵੇ। ਉਹ ਸਮੁੱਚੀ ਮਾਨਵਤਾ ਦੀਆਂ ਪੀੜਾਂ ਨੂੰ ਸਵੈ ਦੀਆਂ ਪੀੜਾਂ ਨਾਲੋਂ ਕਿਤੇ ਵੱਧ ਦੁਖਦਾਈ ਸਮਝਦੀ ਸੀ। ਉਹ ਲੋਕ ਹਿਤੈਸ਼ੀ ਵਿਚਾਰ ਦੀ ਵਾਰਿਸ ਸੀ। ਭਾਰਤੀ/ਪੰਜਾਬੀ ਸਮਾਜ ਵਿਚ ਔਰਤ ਦੀ ਤ੍ਰਾਸਦਿਕ ਹਾਲਤ ਦੀ ਪੇਸ਼ਕਾਰੀ ਸੂਫ਼ੀ ਕਵਿਤਾ ਤੋਂ ਲੈ ਕੇ ਅੱਜ ਤੱਕ ਹੁੰਦੀ ਆ ਰਹੀ ਹੈ ਪਰ ਜਿਸ ਲਹਿਜ਼ੇ ਵਿੱਚ ਅੰਮ੍ਰਿਤਾ ਨੇ ਸਮੰਤੀ ਸਮਾਜ ਦੇ ਪਿਤਰਕੀ ਸੋਚ ਨੂੰ ਸੱਟ ਮਾਰੀ ਹੈ ਉਹ ਕਿਸੇ ਹੋਰ ਕਵੀ ਦੇ ਹਿੱਸੇ ਨਹੀਂ ਆਈ। ਕਵਿਤਾ ਅੰਨਦਾਤਾ ਇਸ ਦੀ ਮਿਸਾਲ ਹੈ। ਉਹ ਔਰਤ, ਪਤੀ ਤੇ ਪ੍ਰੇਮੀ ਦੀ ਬੇਮਿਸਾਲ ਤਿਕੋਣ ਸਿਰਜਦੀ ਹੈ ਜਿਸ ਵਿੱਚ ਤਿੰਨੇ ਹੀ ਪੀੜਤ ਧਿਰਾਂ ਹੋ ਨਿਬੜਦੇ ਹਨ। ਇੰਝ ਮਹਿਸੂਸ ਹੁੰਦਾ ਹੈ ਜਿਵੇਂ ਮਰਦ ਖ਼ੁਦ ਪਿਤਰਕੀ ਦੀ ਗ਼ੁਲਾਮੀ ਭੋਗ ਰਿਹਾ ਹੋਵੇ। ਉਹ ਇਸ ਢਾਂਚੇ ਨੂੰ ਬਦਲਣ ਦੀ ਲੋਚਾ ਕਰਦੀ ਹੈ-
“ਅੰਨ ਦਾਤਾ!
ਮੇਰੀ ਜੀਭ ’ਤੇ ਤੇਰਾ ਲੂਣ ਏ
ਤੇਰਾ ਨਾ ਮੇਰੇ ਬਾਪ ਦਿਆਂ ਹੋਠਾਂ ’ਤੇ
ਅੰਨ ਦਾਤਾ!
ਮੈਂ ਚੰਮ ਦੀ ਗੁੱਡੀ ਖੇਡ ਲੈ, ਖਿਡਾ ਲੈ
ਅੰਨ ਦਾਤਾ!
ਮੇਰੀ ਜ਼ੁਬਾਨ ’ਤੇ ਇਨਕਾਰ? ਇਹ ਕਿਵੇਂ ਹੋ ਸਕਦਾ!
ਹਾਂ, ਪਿਆਰ, ਇਹ ਤੇਰੇ ਮਤਲਬ ਦੀ ਸ਼ੈ ਨਹੀਂ। ”
ਉਸ ਨੇ ਔਰਤ ਨੂੰ ਜੀਵੰਤ ਪ੍ਰਾਣੀ ਵਜੋਂ ਸਵੀਕਾਰ ਕੀਤਾ ਹੈ ਜਿਸ ਦੇ ਆਪਣੇ ਸੁਪਨੇ ਅਤੇ ਇੱਛਾਵਾਂ ਹਨ। ਉਹ ਅਜਿਹੀ ਔਰਤ ਦੀ ਗਵਾਹ ਹੈ ਜੋ ਸਮਾਜਿਕ ਪ੍ਰੰਪਰਾਵਾਂ ਕਰਕੇ ਇੱਛਾਵਾਂ ਨੂੰ ਨਹੀਂ ਦਬਾਉਣਾ ਚਾਹੁੰਦੀ ਹੈ। ਅੰਮ੍ਰਿਤਾ ਪ੍ਰੀਤਮ 31 ਅਕਤੂਬਰ 2005 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ। •
-ਰਵਿੰਦਰ ਸਿੰਘ
99887-22785