- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਰਿਸ਼ਤਿਆਂ ’ਚ ਸਬਰ, ਅਹਿਸਾਸ ਤੇ ਦੂਜਿਆਂ ਦੇ ਮਾਪਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਹੋਵੇ, ਤਾਂ ਵੱਡੇ ਤੋਂ ਵੱਡੇ ਵਿਵਾਦ ਨੂੰ ਵੀ ਘਰ ’ਚ ਹੀ ਸੁਲਝਾਇਆ ਜਾ ਸਕਦਾ ਹੈ।

ਉਹ ਡਿਊਟੀ ਤੋਂ ਘਰ ਪਰਤਿਆ ਹੀ ਸੀ। ਅੰਦਰੋਂ ਮਾਂ ਦੀ ਹਾਏ! ਹਾਏ! ਦੀ ਦਰਦ ਭਰੀ ਆਵਾਜ਼ ਸੁਣੀ। ਉਹ ਅੰਦਰ ਮਾਂ ਕੋਲ ਗਿਆ। ਮਾਂ ਨੂੰ ਦਵਾਈ ਦਿੱਤੀ। ਉਸ ਨਾਲ ਕੁਝ ਪਲ ਗੱਲਾਂ ਕੀਤੀਆਂ। ਗੱਲਾਂਬਾਤਾਂ ਤੋਂ ਪਤਾ ਲੱਗਿਆ ਕਿ ਉਸ ਨੂੰ ਸਵੇਰ ਦੀ ਦਵਾਈ ਨਹੀਂ ਦਿੱਤੀ ਗਈ। ਉਹ ਦਫ਼ਤਰ ਦੇ ਜ਼ਰੂਰੀ ਕੰਮ ਕਾਰਨ ਘਰੋਂ ਛੇਤੀ ਡਿਊਟੀ ’ਤੇ ਚਲਾ ਗਿਆ ਸੀ ਤੇ ਜਾਣ ਲੱਗਿਆਂ ਆਪਣੀ ਪਤਨੀ ਸ਼ੀਲਾ ਨੂੰ ਕਹਿ ਗਿਆ ਸੀ ਕਿ ਉਹ ਡਿਊਟੀ ’ਤੇ ਜਾਣ ਤੋਂ ਪਹਿਲਾਂ ਮਾਂ ਨੂੰ ਯਾਦ ਨਾਲ ਦਵਾਈ ਦੇ ਦੇਵੇ। ਇਕ ਤਾਂ ਦਫ਼ਤਰੀ ਕੰਮ ਦੀ ਖੱਜਲ-ਖੁਆਰੀ, ਉਤੋਂ ਮਾਂ ਨੂੰ ਸ਼ੀਲਾ ਵੱਲੋਂ ਦਵਾਈ ਨਾ ਦੇਣ ਦੀ ਅਣਗਹਿਲੀ ਕਾਰਨ ਉਹ ਪਰੇਸ਼ਾਨ ਹੋ ਗਿਆ।
ਕੁਝ ਦੇਰ ਬਾਅਦ ਸ਼ੀਲਾ ਵੀ ਦਫ਼ਤਰੋਂ ਆ ਗਈ। ਰਸੋਈ ਵਿੱਚੋਂ ਪਾਣੀ ਪੀਣ ਉਪਰੰਤ ਆਪਣੇ ਪਤੀ ਰਾਕੇਸ਼ ਕੋਲ ਜਾਣ ਦੀ ਥਾਂ ਡਰਾਇੰਗ ਰੂਮ ’ਚ ਸੋਫੇ ’ਤੇ ਬੈਠ ਕੇ ਆਰਾਮ ਕਰਨ ਲੱਗੀ। ਉਸ ਦੇ ਹੱਥ ਮੋਬਾਈਲ ਦੇ ਬਟਨਾਂ ’ਤੇ ਅਤੇ ਨਜ਼ਰਾਂ ਸਕਰੀਨ ਉਤੇ ਲੱਗੀਆਂ ਹੋਈਆਂ ਸਨ। ਕੁਝ ਸਮੇਂ ਬਾਅਦ ਸੁਨੀਲ ਹੀ ਉੱਥੇ ਆ ਗਿਆ। ਉਸ ਨੇ ਆਉਂਦਿਆਂ ਹੀ ਕਿਹਾ, ‘ਡਿਊਟੀ ’ਤੇ ਜਾਣ ਤੋਂ ਪਹਿਲਾਂ ਮਾਂ ਨੂੰ ਦਵਾਈ ਤਾਂ ਦੇ ਜਾਂਦੀ। ਦਵਾਈ ਬਿਨਾਂ ਉਹ ਸਾਰਾ ਦਿਨ ਤੜਫਦੀ ਰਹੀ।’ ਅੱਗਿਓਂ ਸ਼ੀਲਾ ਨੇ ਬੇਰੁਖ਼ੀ ਨਾਲ ਜਵਾਬ ਦਿੱਤਾ, ‘ਸਾਰੇ ਕੰਮਾਂ ਦਾ ਮੈਂ ਹੀ ਠੇਕਾ ਲੈ ਰੱਖਿਐ। ਸਵੇਰੇ ਰਸੋਈ ਦਾ ਕੰਮ, ਬੱਚਿਆਂ ਨੂੰ ਤਿਆਰ ਕਰ ਕੇ ਸਕੂਲ ਭੇਜਣਾ, ਫਿਰ ਆਪ ਦਫ਼ਤਰ ਜਾਣਾ, ਉਤੋਂ ਤੁਹਾਡੀ ਮਾਂ ਦੀ ਨੌਕਰਾਂ ਵਾਂਗ ਦੇਖਭਾਲ। ਮੈਥੋਂ ਨਹੀਂ ਹੁੰਦਾ ਇਹ ਸਾਰਾ ਕੁਝ। ਤੰਗ ਆ ਗਈ ਹਾਂ ਮੈਂ ਇਸ ਖਲਜਗਣ ਤੋਂ।’
ਉਸ ਦਿਨ ਤੋਂ ਬਾਅਦ ਇਕ ਖ਼ਾਮੋਸ਼ ਪਰ ਵਿਦਰੋਹੀ ਚੁੱਪ ਦੋਵਾਂ ਦਰਮਿਆਨ ਛਾ ਗਈ। ਮਾਂ ਦੀ ਦੇਖਭਾਲ, ਮੌਕੇ ਸਿਰ ਦਵਾਈ ਦੇਣੀ ਅਤੇ ਉਸ ਦੀਆਂ ਨਿੱਕੀਆਂ-ਨਿੱਕੀਆਂ ਲੋੜਾਂ ਦਾ ਖ਼ਿਆਲ ਰੱਖਣਾ ਹੁਣ ਸੁਨੀਲ ਦਾ ਨਿਤਨੇਮ ਬਣ ਗਿਆ। ਤੀਜੀ ਤੇ ਪੰਜਵੀਂ ਵਿਚ ਪੜ੍ਹਦੇ ਦੋਨੋਂ ਪੁੱਤਰ ਵੀ ਆਪਣੇ ਮਾਂ-ਬਾਪ ਦੇ ਮੱਥੇ ਦੀਆਂ ਤਿਓੜੀਆਂ ਤੇ ਤਣਾਓ ਨੂੰ ਸਾਵਾਂ ਨਹੀਂ ਕਰ ਸਕੇ। ਬੋਝਲ ਉਦਾਸੀ, ਖ਼ਾਮੋਸ਼ੀ, ਤਣਾਓ ਅਤੇ ਬੋਲ ਸਾਂਝੇ ਨਾ ਕਰਨ ਕਰਕੇ ਪਤੀ-ਪਤਨੀ ਦਰਮਿਆਨ ਸਰੀਰਕ ਤੇ ਮਾਨਸਿਕ ਦੂਰੀ ਵੱਧਦੀ ਗਈ। ਇਕ-ਦੂਜੇ ਨੂੰ ਸੁਨੇਹਾ ਵੀ ਉਹ ਆਪਣੇ ਬੱਚਿਆਂ ਰਾਹੀਂ ਦਿੰਦੇ ਸਨ। ਕੁਦਰਤੀ ਹੈ ਕਿ ਜਦੋਂ ਘਰ ਵਿਚ ਮੁਸਕਰਾਹਟ ਵੀ ਜ਼ਖ਼ਮਾਂ ਭਰੀ ਹੋਵੇ, ਇਕ-ਦੂਜੇ ਨਾਲ ਸਾਂਝ ਦੀ ਡੋਰ ਦਿਨ-ਬ-ਦਿਨ ਕੱਚੀ ਹੁੰਦੀ ਜਾਵੇ ਅਤੇ ਘਰ ਵਿਚ ਹੁੰਦਿਆਂ ਵੀ ਬੇਗ਼ਾਨੀਗੀ ਦੇ ਅਹਿਸਾਸ ਨਾਲ ਜੀਵਨ ਹੰਢਾਇਆ ਜਾਵੇ, ਤਾਂ ਜ਼ਿੰਦਗੀ ਨਰਕ ਭਰੀ ਹੋ ਜਾਂਦੀ ਹੈ। ਇੰਜ ਨਰਕ ਭਰਿਆ ਜੀਵਨ ਦੋਨੋਂ ਹੀ ਬਤੀਤ ਕਰ ਰਹੇ ਸਨ। ਸ਼ੀਲਾ ਨੇ ਆਪਣੀ ਸੱਸ ਵਾਲੇ ਕਮਰੇ ਵਿਚ ਜਾਣਾ ਹੀ ਛੱਡ ਦਿੱਤਾ ਸੀ। ਉਹ ਬਿਮਾਰੀ ਦੀ ਹਾਲਤ ਮੰਜੇ ’ਤੇ ਪਈ ਵੀ ਘਰ ਦੇ ਹਾਲਾਤਾਂ ਨੂੰ ਸਮਝਦੀ ਸੀ। ਇਕ-ਦੋ ਵਾਰ ਉਸ ਨੇ ਸੁਨੀਲ ਨਾਲ ਗੱਲ ਵੀ ਛੇੜੀ ਪਰ ਉਸ ਨੇ ਸ਼ੀਲਾ ਪ੍ਰਤੀ ਕੋਈ ਅਜਿਹੀ ਗੱਲ ਨਹੀਂ ਕੀਤੀ, ਜਿਸ ਨਾਲ ਮਾਂ ਦਾ ਦਿਲ ਦੁਖੀ ਹੋਵੇ।
ਫਿਰ ਇਕ ਦਿਨ ਜਦੋਂ ਉਹ ਡਿਊਟੀ ਤੋਂ ਘਰ ਆਇਆ ਤਾਂ ਘਰ ਵਿਚ ਸ਼ੀਲਾ ਤੇ ਬੱਚਿਆਂ ਦੀ ਅਣਹੋਂਦ ਉਸ ਨੂੰ ਰੜਕੀ। ਉਦਾਸ ਜਿਹਾ ਉਹ ਮਾਂ ਕੋਲ ਗਿਆ। ਉਸ ਦਾ ਹਾਲਚਾਲ ਪੁੱਛਿਆ। ਦਵਾਈ ਦੇਣ ਉਪਰੰਤ ਉਹ ਬਾਹਰ ਲਾਅਨ ’ਚ ਆ ਗਿਆ। ਅਚਾਨਕ ਉਸ ਦੀ ਨਜ਼ਰ ਟੇਬਲ ’ਤੇ ਰੱਖੇ ਕਾਗਜ਼ ’ਤੇ ਪਈ। ਕਾਗਜ਼ ਇਧਰ-ਉਧਰ ਡਿੱਗਣ ਦੇ ਬਚਾਓ ਲਈ ਕਾਗਜ਼ ਦੇ ਉੱਪਰ ਪੇਪਰ ਵੇਟ ਰੱਖਿਆ ਹੋਇਆ ਸੀ। ਉਸ ਨੇ ਧੜਕਦੇ ਦਿਲ ਨਾਲ ਕਾਗਜ਼ ’ਤੇ ਲਿਖੇ ਹਰਫ਼ਾਂ ਨੂੰ ਪੜ੍ਹਿਆ। ਉਸ ਦੀ ਪਤਨੀ ਦਾ ਸੁਨੇਹਾ ਸੀ, ‘ਇਸ ਦਮ ਘੋਟੂ ਮਾਹੌਲ ਵਿਚ ਮੈਂ ਹੋਰ ਜ਼ਿਆਦਾ ਦੇਰ ਨਹੀਂ ਰਹਿ ਸਕਦੀ। ਮੈਂ ਬੱਚਿਆਂ ਨੂੰ ਨਾਲ ਲੈ ਕੇ ਪੇਕੀਂ ਜਾ ਰਹੀ ਹਾਂ। ਉਨ੍ਹਾਂ ਦੇ ਸਕੂਲੋਂ ਸਰਟੀਫਿਕੇਟ ਲੈ ਲਏ ਹਨ ਤੇ ਹੁਣ ਉਨ੍ਹਾਂ ਨੂੰ ਆਪਣੇ ਪੇਕੇ ਪਿੰਡ ਦੇ ਸਕੂਲ ਵਿਚ ਦਾਖ਼ਲ ਕਰਵਾ ਦਿਆਂਗੀ। ਹਾਂ, ਰੋਜ਼ ਦੀ ਪ੍ਰੇਸ਼ਾਨੀ ਤੋਂ ਤੰਗ ਆ ਕੇ ਮੈਂ ਤੁਹਾਡੇ ਕੋਲੋਂ ਤਲਾਕ ਲੈ ਰਹੀ ਹਾਂ। ਅਗਲੀ ਵੇਰ ਅਦਾਲਤ ਵਿਚ ਮਿਲਾਂਗੇ।’ ਖਤ ਪੜ੍ਹ ਕੇ ਉਸ ਨੇ ਹੌਕਾ ਭਰਿਆ। ‘ਐਡੀ ਵੱਡੀ ਗੱਲ ਨਹੀਂ ਸੀ, ਸ਼ੀਲਾ ਨੇ ਰਾਈ ਦਾ ਪਹਾੜ ਬਣਾ ਦਿੱਤਾ। ਸਾਡੇ ਆਪਸ ਵਿਚ ਵਿਗੜੇ ਸਬੰਧਾਂ ਦਾ ਬੁਰਾ ਅਸਰ ਬੱਚਿਆਂ ’ਤੇ ਵੀ ਪਵੇਗਾ। ਸ਼ੀਲਾ ਨੂੰ ਹਰ ਰੋਜ਼ ਬੱਸ ਰਾਹੀਂ ਸਕੂਲ ਆਉਣ ਲੱਗਿਆਂ ਵੀ ਖੱਜਲ-ਖੁਆਰ ਹੋਣਾ ਪਵੇਗਾ।’ ਉਸ ਨੇ ਭਰੇ ਮਨ ਨਾਲ ਸ਼ੀਲਾ ਨੂੰ ਫੋਨ ਕੀਤਾ। ਉਸ ਨੇ ਫੋਨ ਨਹੀਂ ਚੁੱਕਿਆ। ਸੱਸ-ਸਹੁਰੇ ਨਾਲ ਫੋਨ ’ਤੇ ਗੱਲ ਹੋਈ। ਉਨ੍ਹਾਂ ਨੇ ਵੀ ਤਲਖ਼ੀ ਭਰੀਆਂ ਗੱਲਾਂ ਕਰਦਿਆਂ ਕਿਹਾ, ‘ਤੁਸੀਂ ਤਾਂ ਕੁੜੀ ਦਾ ਜਿਊਣਾ ਦੁੱਬਰ ਕਰ ਰੱਖਿਐ। ਇਹੋ ਜਿਹਾ ਵਰਤਾਓ ਤਾਂ ਪਸ਼ੂਆਂ ਨਾਲ ਨਹੀਂ ਕੀਤਾ ਜਾਂਦਾ, ਜਿਹੋ ਜਿਹਾ ਤੂੰ ਅਤੇ ਤੇਰੀ ਮਾਂ ਸਾਡੀ ਕੁੜੀ ਨਾਲ ਕਰਦੇ ਹੋ। ਹੁਣ ਅਸੀਂ ਕੁੜੀ ਨਹੀਂ ਭੇਜਦੇ।’ ਸੱਸ-ਸਹੁਰੇ ਦੇ ਇਕ ਟੁੱਕ ਜਵਾਬ ਨੇ ਉਸ ਨੂੰ ਧੁਰ ਤੱਕ ਹਿਲਾ ਦਿੱਤਾ। ਉਹ ਆਪ ਵੀ ਸਹੁਰੇ ਘਰ ਸ਼ੀਲਾ ਨੂੰ ਮਨਾਉਣ ਗਿਆ ਪਰ ਕਿਸੇ ਨੇ ਵੀ ਉਸ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ। ਅੱਕ ਕੇ ਉਸ ਨੇ ਮਾਂ ਦੀ ਦੇਖਭਾਲ ਲਈ ਸਾਰੇ ਦਿਨ ਵਾਸਤੇ ਨੌਕਰਾਣੀ ਰੱਖ ਲਈ। ਮਾਂ ਦੀ ਦੇਖਭਾਲ ਦੇ ਨਾਲ-ਨਾਲ ਰਸੋਈ ਅਤੇ ਘਰ ਦੀ ਸਫ਼ਾਈ ਵੀ ਉਹ ਕਰ ਦਿੰਦੀ ਸੀ।
ਕੁਝ ਦਿਨਾਂ ਬਾਅਦ ਉਸ ਨੂੰ ਕੋਰਟ ਵੱਲੋਂ ਸੰਮਨ ਪੁੱਜ ਗਏ। ਉਸ ਦੀ ਪਤਨੀ ਨੇ ਤਲਾਕ ਦਾ ਕੇਸ ਪਾਇਆ ਸੀ। ਸੰਮਨ ਲੈ ਕੇ ਉਹ ਇਕ ਵਾਰ ਝੰਜੋੜਿਆ ਜਿਹਾ ਗਿਆ। ਘਰ ਦੀ ਬੰਦ ਮੁੱਠੀ ਨੂੰ ਉਹ ਖੋਲ੍ਹਣਾ ਨਹੀਂ ਸੀ ਚਾਹੁੰਦਾ ਪਰ ਸ਼ੀਲਾ ਨੇ ਤਾਂ ਤਲਾਕ ਦਾ ਕੇਸ ਪਾ ਕੇ ਸਾਰਾ ਕੁਝ ਜੱਗ ਜ਼ਾਹਿਰ ਕਰ ਦਿੱਤਾ ਸੀ। ਉਸ ਨੇ ਆਪਣਾ ਵਕੀਲ ਕੀਤਾ। ਸ਼ੀਲਾ ਵੱਲੋਂ ਤਲਾਕ ਦੇ ਕੇਸ ਨਾਲ ਸਬੰਧਿਤ ਕਾਗਜ਼ ਕੋਰਟ ਵੱਲੋਂ ਪ੍ਰਾਪਤ ਕੀਤੇ। ਉਹ ਉਸ ਵੇਲੇ ਹੱਦੋਂ ਵੱਧ ਪਰੇਸ਼ਾਨ ਹੋ ਗਿਆ, ਜਦੋਂ ਸ਼ੀਲਾ ਨੇ ਉਸ ’ਤੇ ਮਾਰ ਕੁੱਟ ਕਰਨ ਦੇ ਨਾਲ-ਨਾਲ ਪੇਕਿਆਂ ਤੋਂ ਮੋਟੀ ਰਕਮ ਲਿਆਉਣ ਦਾ ਦੋਸ਼ ਵੀ ਸੁਨੀਲ ’ਤੇ ਲਾਇਆ ਸੀ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਹ ਜ਼ਿੰਮੇਵਾਰ ਪਤੀ ਤੇ ਪਿਤਾ ਵਾਲੇ ਫ਼ਰਜ਼ ਨਹੀਂ ਨਿਭਾ ਰਿਹਾ। ਉਸ ਨੇ ਆਪਣੇ ਵਕੀਲ ਨੂੰ ਵਕਾਲਤਨਾਮਾ ਦਿੰਦਿਆਂ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀ ਪਤਨੀ ਤੋਂ ਤਲਾਕ ਨਹੀਂ ਚਾਹੁੰਦਾ। ਬੱਚੇ ਤੇ ਪਤਨੀ ਉਸ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਉਸ ਦੇ ਜਾਣ ਤੋਂ ਬਾਅਦ ਘਰ ਹੀ ਸੁੰਨ੍ਹਾ-ਸੁੰਨ੍ਹਾ ਲੱਗਦਾ ਹੈ।
ਅਦਾਲਤ ਵਿਚ ਦੋ-ਤਿੰਨ ਪੇਸ਼ੀਆਂ ਪਈਆਂ। ਸ਼ੀਲਾ ਵਾਲੇ ਪਾਸਿਓਂ ਉਸ ਦੇ ਨਾਲ ਰਿਸ਼ਤੇਦਾਰਾਂ ਦਾ ਵੱਡਾ ਕਾਫ਼ਲਾ ਆਉਂਦਾ ਸੀ ਪਰ ਸੁਨੀਲ ਇਕੱਲਾ ਹੀ ਆਪਣੇ ਵਕੀਲ ਨਾਲ ਕੋਰਟ ਵਿਚ ਪੇਸ਼ ਹੁੰਦਾ ਰਿਹਾ। ਜੱਜ ਬੜਾ ਸੂਝਵਾਨ ਸੀ। ਕਾਨੂੰਨੀ ਨੁਕਤਿਆਂ ਦੇ ਨਾਲ-ਨਾਲ ਉਹ ਨੈਤਿਕ ਫ਼ਰਜ਼ਾਂ ਪ੍ਰਤੀ ਵੀ ਬਹੁਤ ਗੰਭੀਰ ਸੀ। ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਉਪਰੰਤ ਜੱਜ ਇਸ ਨਿਰਣੇ ’ਤੇ ਪੁੱਜ ਗਿਆ ਕਿ ਦੋਨਾਂ ਦਰਮਿਆਨ ਪਾੜਾ ਵਧਾਉਣ ਲਈ ਸ਼ੀਲਾ ਦਾ ਪਰਿਵਾਰ ਤੇ ਉਸਦੇ ਰਿਸ਼ਤੇਦਾਰਾਂ ਵੱਲੋਂ ਹਵਾ ਦਿੱਤੀ ਜਾ ਰਹੀ ਹੈ ਪਰ ਸੁਨੀਲ ਇੱਕੋ ਗੱਲ ਚਾਹੁੰਦਾ ਹੈ ਕਿ ਉਸ ਦੀ ਬਜ਼ੁਰਗ ਮਾਂ ਦੀ ਦੇਖਭਾਲ ਵਿਚ ਸ਼ੀਲਾ ਹੱਥ ਵਟਾਵੇ ਪਰ ਸ਼ੀਲਾ ਆਪਣੇ ਫ਼ਰਜ਼ਾਂ ਦੀ ਪੂਰਤੀ ਨਹੀਂ ਕਰ ਰਹੀ।
ਫਿਰ ਇਕ ਪੇਸ਼ੀ ’ਤੇ ਦੂਰਅੰਦੇਸ਼ੀ ਜੱਜ ਨੇ ਪਤੀ-ਪਤਨੀ ਨੂੰ ਆਪਣੀ ਕੈਬਿਨ ਵਿਚ ਬੁਲਾ ਲਿਆ। ਉਨ੍ਹਾਂ ਲਈ ਚਾਹ ਵੀ ਮੰਗਵਾ ਲਈ। ਚਾਹ ਪੀਂਦਿਆਂ ਉਸ ਨੇ ਸ਼ੀਲਾ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ, ‘ਤੁਸੀਂ ਸਰਕਾਰੀ ਸੇਵਾ ਵਿੱਚ ਹੋ’? ‘ਜੀ ਹਾਂ, ਮੈਂ ਅਧਿਆਪਕਾ ਹਾਂ।’ ਫਿਰ ਜਦੋਂ ਸੁਨੀਲ ਨੂੰ ਇਹੀ ਸਵਾਲ ਕੀਤਾ ਤਾਂ ਉਸ ਦਾ ਜਵਾਬ ਸੀ, ‘ਜੀ ਮੈਂ, ਬਿਜਲੀ ਵਿਭਾਗ ਵਿਚ ਐੱਸਡੀਓ ਹਾਂ।’ ਜੱਜ ਨੇ ਉਨ੍ਹਾਂ ਦੋਵਾਂ ਦੇ ਜਵਾਬ ਸੁਣਨ ਤੋਂ ਬਾਅਦ ਮੁਸਕਰਾ ਕੇ ਕਿਹਾ, ‘ਵਾਹ! ਅਧਿਆਪਕ ਦਾ ਕੰਮ ਪੜ੍ਹਾਈ ਦੇ ਨਾਲ-ਨਾਲ ਨੈਤਿਕ ਸਿੱਖਿਆ ਦਾ ਪਾਠ ਪੜ੍ਹਾਉਣਾ ਹੁੰਦਾ ਹੈ। ਨੈਤਿਕ ਸਿੱਖਿਆ ਵਿਚ ਪਰਿਵਾਰ, ਸਮਾਜ ਤੇ ਦੇਸ਼ ਪ੍ਰਤੀ ਫ਼ਰਜ਼ਾਂ ਤੋਂ ਜਾਣੂ ਕਰਵਾ ਕੇ ਏਕਤਾ ਦੀ ਮਹੱਤਤਾ ਦੱਸੀ ਜਾਂਦੀ ਹੈ। ਤੁਸੀਂ ਤਾਂ ਅਧਿਆਪਕ ਹੁੰਦਿਆਂ ਆਪਣਾ ਪਰਿਵਾਰ ਹੀ...।’ ਫਿਰ ਉਸ ਨੇ ਸੁਨੀਲ ਵੱਲ ਮੂੰਹ ਕਰਕੇ ਕਿਹਾ, ‘ਤੁਸੀਂ ਬਿਜਲੀ ਵਿਭਾਗ ਵਿਚ ਕੰਮ ਕਰਦਿਆਂ ਲੋਕਾਂ ਦੇ ਘਰਾਂ ਵਿਚ ਚਾਨਣ ਵੰਡ ਰਹੇ ਹੋ ਪਰ ਆਪਣੇ ਘਰ ’ਚ ਹਨੇਰਾ ਕਰ ਰੱਖਿਆ ਹੈ।’
ਜੱਜ ਸਾਹਿਬ ਦੀਆਂ ਗੱਲਾਂ ਨੇ ਉਨ੍ਹਾਂ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ। ਦੋਵਾਂ ਦੇ ਹੋਂਠ ਫਰਕੇ ਪਰ ਕੁਝ ਕਹਿ ਨਹੀਂ ਸਕੇ। ਜੱਜ ਸਾਹਿਬ ਨੇ ਫਿਰ ਉਨ੍ਹਾਂ ਦੀ ਦੁਖਦੀ ਰੱਗ ’ਤੇ ਹੱਥ ਧਰਦਿਆਂ ਕਿਹਾ, ‘ਤੁਹਾਡੇ ਦੋਨੋਂ ਬੱਚੇ ਨਾਬਾਲਗ ਨੇ। ਬੱਚਿਆਂ ਦੀ ਪਾਲਣਾ-ਪੋਸ਼ਣਾ ਲਈ ਮਾਂ-ਬਾਪ ਦੀ ਸੁਚੱਜੀ ਅਗਵਾਈ ਦੇ ਨਾਲ-ਨਾਲ ਉਨ੍ਹਾਂ ਲਈ ਰੋਲ ਮਾਡਲ ਦਾ ਫ਼ਰਜ਼ ਨਿਭਾਉਣਾ ਵੀ ਜ਼ਰੂਰੀ ਹੈ। ਭਲਾਂ ਉਨ੍ਹਾਂ ਸਾਹਮਣੇ ਕਲੇਸ਼ ਕਰ ਕੇ ਤੁਸੀਂ ਕਿਹੜੇ ਰੋਲ ਮਾਡਲ ਦਾ ਫ਼ਰਜ਼ ਨਿਭਾ ਰਹੇ ਹੋ? ਇਸ ਤਰ੍ਹਾਂ ਤਾਂ ਬੱਚਿਆਂ ਦੀ ਜ਼ਿੰਦਗੀ ਨੂੰ ਵੀ ਤੁਸੀਂ ਦੋਨੋਂ ਹੀ ਬਰਬਾਦ ਕਰ ਰਹੇ ਹੋ।’ ਦੋਵਾਂ ਦੇ ਚਿਹਰਿਆਂ ’ਤੇ ਗੰਭੀਰ ਖ਼ਾਮੋਸ਼ੀ ਛਾਈ ਹੋਈ ਸੀ। ਵਿਦਵਾਨ ਜੱਜ ਨੇ ਅਗਲੀ ਗੱਲ ਛੋਹੀ, ‘ਸਾਡੇ ਸ਼ਾਸਤਰਾਂ ਵਿਚ ਲਿਖਿਆ ਹੈ, ਪਿੱਤਰ ਦੇਵੋ ਭਵ, ਮਾਤਰ ਦੇਵੋ ਭਵ, ਅਤਿਥੀ ਦੇਵੋ ਭਵ, ਆਚਾਰਿਯਾ ਦੇਵੋ ਭਵ’ ਕੀ ਤੁਸੀਂ ਆਪਣੇ ਮਾਤਾ-ਪਿਤਾ ਨੂੰ ਦੇਵਤਿਆਂ ਵਾਂਗ ਪੂਜਦੇ ਹੋਂ’? ਇਸ ’ਤੇ ਸੁਨੀਲ ਨੇ ਜਵਾਬ ਦਿੱਤਾ, ‘ਸਰ, ਸ਼ੀਲਾ ਗਵਾਹ ਹੈ। ਮੇਰੇ ਪਿਤਾ ਜੀ ਨਹੀਂ ਹਨ। ਮਾਂ ਹੈ, ਮੈਂ ਉਸ ਦੀ ਪੂਜਾ ਕਰਦਾ ਹਾਂ। ਸ਼ੀਲਾ ਦੇ ਮਾਤਾ-ਪਿਤਾ ਨੂੰ ਵੀ ਪੂਰਾ ਸਤਿਕਾਰ ਦਿੰਦਾ ਹਾਂ। ਪਰ ਸ਼ੀਲਾ ਮੇਰੀ ਮਾਂ ਨੂੰ...।’ ਇਹ ਕਹਿੰਦਿਆਂ ਸੁਨੀਲ ਦਾ ਗੱਚ ਭਰ ਆਇਆ। ਸ਼ੀਲਾ ਕੁਝ ਨਹੀਂ ਬੋਲੀ। ਜੱਜ ਸਾਹਿਬ ਨੇ ਫਿਰ ਸ਼ੀਲਾ ਵੱਲ ਮੂੰਹ ਕਰ ਕੇ ਕਿਹਾ, ‘ਭਲਾ, ਜੇ ਤੁਹਾਡੇ ਮਾਤਾ-ਪਿਤਾ ਨੂੰ ਇੱਥੇ ਤੁਹਾਡੇ ਕੋਲ ਰਹਿਣਾ ਪੈ ਜਾਵੇ ਤੇ ਸੁਨੀਲ ਮੱਥੇ ਵੱਟ ਪਾਵੇ। ਉਨ੍ਹਾਂ ਦਾ ਭੋਰਾ ਖ਼ਿਆਲ ਨਾ ਰੱਖੇ। ਤਾਂ ਤੁਹਾਨੂੰ ਕਿੰਝ ਲੱਗੇਗਾ’? ਸ਼ੀਲਾ ਕੁਝ ਨਹੀਂ ਬੋਲੀ। ਉਸ ਦੇ ਨੈਣਾਂ ਦੇ ਕੋਹਿਆਂ ਵਿਚ ਹੰਝੂ ਅਤੇ ਚਿਹਰੇ ’ਤੇ ਪਛਤਾਵੇ ਦੇ ਚਿੰਨ੍ਹ ਸਨ।
ਜੱਜ ਨੇ ਕੈਬਿਨ ਵਾਲੀ ਕੁਰਸੀ ਤੋਂ ਉੱਠਦਿਆਂ ਕਿਹਾ, ‘ਤੁਸੀਂ ਕੈਬਿਨ ਵਿਚ ਕੁਝ ਦੇਰ ਬੈਠੋ। ਮੈਂ ਅਗਲੇ ਕੇਸ ਦੀ ਸੁਣਵਾਈ ਕਰ ਲਵਾਂ।’ ਜੱਜ ਸਾਹਿਬ ਦੇ ਜਾਣ ਬਾਅਦ ਸ਼ੀਲਾ ਨੇ ਚੁੱਪ ਤੋੜੀ, ‘ਤੁਸੀਂ ਆਪਣਾ ਹਾਲ ਕੀ ਬਣਾ ਰੱਖਿਐ? ਦਿਨਾਂ ’ਚ ਹੀ ਸ਼ਕਲ-ਸੂਰਤ ਵਿਗੜ ਗਈ। ਆਪਣਾ ਤੇ ਮੰਮੀ ਦਾ ਖ਼ਿਆਲ ਰੱਖੋ। ਮੈਂ...।’ ਉਹ ਅਗਾਂਹ ਕੁਝ ਕਹਿਣਾ ਚਾਹੁੰਦੀ ਸੀ ਪਰ ਉਸ ਦਾ ਗੱਚ ਭਰ ਆਇਆ। ਸੁਨੀਲ ਨੇ ਡਾਹਢੇ ਹੀ ਮੋਹ ਨਾਲ ਉਸ ਦਾ ਹੱਥ ਫੜਦਿਆਂ ਕਿਹਾ, ‘ਤੇਰਾ ਘਰ ਤੇਰੀ ਉਡੀਕ ਕਰ ਰਿਹਾ ਹੈ। ਤੇਰੇ ਬਿਨਾਂ ਘਰ ਦੀ ਰੌਣਕ ਹੀ ਗੁੰਮ ਹੋ ਗਈ ਹੈ।’ ਸ਼ੀਲਾ ਨੇ ਉਸ ਦੇ ਦੋਨੋਂ ਹੱਥ ਘੁੱਟ ਕੇ ਫੜਦਿਆਂ ਕਿਹਾ, ‘ਸੱਚੀਂ ਤੁਸੀਂ ਮੇਰਾ ਸੰਸਾਰ ਹੋਂ। ਤੁਹਾਡੇ ਬਿਨਾਂ...।’ ਦੋਨਾਂ ਦੇ ਹੰਝੂ ਇਕ-ਦੂਜੇ ਦੀਆਂ ਤਲੀਆਂ ’ਤੇ ਪੈ ਰਹੇ ਸਨ।
ਥੋੜ੍ਹੀ ਦੇਰ ਬਾਅਦ ਜੱਜ ਸਾਹਿਬ ਕੈਬਿਨ ਵਿਚ ਆਏ। ਦੋਵਾਂ ਦੇ ਮੁਸਕਰਾਉਂਦੇ ਚਿਹਰੇ ਵੇਖ ਕੇ ਉਸ ਨੇ ਸਭ ਕੁਝ ਭਾਂਪ ਲਿਆ। ਦੋਵਾਂ ਨੇ ਖੜ੍ਹੇ ਹੋ ਕੇ ਹੱਥ ਜੋੜਦਿਆਂ ਕਿਹਾ, ‘ਸਰ ਸਾਡਾ ਸਮਝੌਤਾ ਹੋ ਗਿਆ ਹੈ।’ ਸ਼ੀਲਾ ਨੇ ਗੱਲ ਨੂੰ ਅਗਾਂਹ ਤੋਰਦਿਆਂ ਕਿਹਾ, ‘ਸਰ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਇਨ੍ਹਾਂ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ। ਆਪਣੀ ਸੱਸ ਦੀ ਮਾਂ ਵਾਂਗ ਸੇਵਾ ਕਰਾਂਗੀ।’ ਦੋਨੋਂ ਮੁਸਕਰਾਉਂਦੇ ਹੋਏ ਕੈਬਿਨ ਵਿੱਚੋਂ ਬਾਹਰ ਨਿਕਲੇ। ਜੱਜ ਨੇ ਆਪਣੇ ਫ਼ੇਸਲੇ ਵਿਚ ਸਮਝੌਤੇ ਦੀ ਸਹੀ ਪਾ ਦਿੱਤੀ। ਸੁਨੀਲ ਤੇ ਸ਼ੀਲਾ ਜਦੋਂ ਇਕ-ਦੂਜੇ ਦਾ ਹੱਥ ਫੜ ਕੇ ਮੁਸਕਰਾਉਂਦੇ ਹੋਏ ਅਦਾਲਤ ਤੋਂ ਬਾਹਰ ਨਿਕਲੇ ਤਾਂ ਜੱਜ ਆਸ਼ੀਰਵਾਦ ਭਰੀਆਂ ਨਜ਼ਰਾਂ ਨਾਲ ਉਨ੍ਹਾਂ ਵੱਲ ਵੇਖ ਰਿਹਾ ਸੀ।
- ਮੋਹਨ ਸ਼ਰਮਾ