ਖੁੱਲ੍ਹੇ ਲੇਖ’, ‘ਖੁੱਲ੍ਹੇ ਮੈਦਾਨ’ ਅਤੇ ‘ਖੁੱਲ੍ਹੇ ਘੁੰਡ’ ਨੂੰ ਪੰਜਾਬੀ ਪਾਠਕਾਂ ਨੇ ਸਭ ਤੋਂ ਵੱਧ ਪੜ੍ਹਿਆ ਹੈ ਪਰ ਪ੍ਰੋ. ਪੂਰਨ ਸਿੰਘ ਦੇ ਸਾਹਿਤ ਸੰਸਾਰ ਵਿਚ ਮੋਇਆਂ ਦੀ ਜਾਗ (ਅਨੁਵਾਦ), ਬੌਣੇ ਬੂਟੇ (ਅਨੁਵਾਦ), ਅਬਚਲੀ ਜੋਤ (ਅਨੁਵਾਦ), ਕਲਾ ਅਤੇ ਕਲਾਧਾਰੀ ਦੀ ਪੂਜਾ, ਕਿਤਾਬਚੇ (ਪ੍ਰੀਤ ਕਮਲੀ, ਨੰਦ ਲਾਲੀ, ਕਮਾਲੀ),
17 ਫਰਵਰੀ, 1881 ਨੂੰ ਜਨਮੇ ਮਾਨਵਤਾ ਅਤੇ ‘ਖੁੱਲ੍ਹ’ ਦੇ ਕਵੀ ਪ੍ਰੋ. ਪੂਰਨ ਸਿੰਘ ਨੂੰ ਛੰਦਾਂ ਦੀਆਂ ਗਿਣਤੀਆਂ ਮਿਣਤੀਆਂ ‘ਨਵਾਬੀ ਜੁੱਤੀ’ ਦੀ ਕੈਦ ਜਾਪਦੀਆਂ ਸਨ। ਉਸ ਦੇ ਉਡਾਣ ਭਰਨ ਵਾਲੇ ਖੰਭਾਂ ਦਾ ਵਿਸ਼ਾਲ ਘੇਰਾ, ਅੱਖਰਾਂ ਦਾ ਬੇਰੋਕ ਹੜ੍ਹ, ਵਿਚਾਰਾਂ ਵਿਚ ਕਲ-ਕਲ ਵਗਦੇ ਝਰਨਿਆਂ ਦੀ ਰਵਾਨੀ ਅਤੇ ਪੰਜਾਬੀਅਤ ਦੀ ‘ਖੁੱਲ੍ਹ’ ਨੇ ਉਸ ਦੀ ਕਵਿਤਾ ਨੂੰ ਚੁੰਗੀਆਂ ਭਰਦੇ ਹਿਰਨ ਦੀ ਚਾਲ ਜਿਹਾ ਰੂਪ ਦੇ ਦਿੱਤਾ। ਹਿਰਨ ਦੀਆਂ ਚੁੰਗੀਆਂ ਵਾਂਗ ਉਸਦੀ ਕਵਿਤਾ ਦੀਆਂ ਸਤਰਾਂ ਕਿਤੋਂ ਉੱਚੀਆਂ, ਕਿਤੋਂ ਨੀਵੀਆਂ, ਕਿਤੇ ਤੇਜ਼, ਕਿਤੇ ਧੀਮੀਆਂ ਜ਼ਰੂਰ ਹਨ ਪਰ ਲੈਅ ਵਿਹੂਣੀਆਂ ਕਿਤੇ ਵੀ ਨਹੀਂ। ਉਸ ਨੇ ਤਾਂ ਸਮੁੱਚੀ ਕਾਇਨਾਤ ਨੂੰ ਪ੍ਰਗਟਾਉਣਾ ਸੀ, ਦਰਿਆਵਾਂ ਵਾਂਗ ਉਚਾਣ ਤੋਂ ਨਿਵਾਣ ਵੱਲ ਵਗਣਾ ਸੀ, ਪਹਾੜਾਂ ਵਾਂਗ ਹੱਥ ਉੱਚੇ ਚੁੱਕ ਬੱਦਲਾਂ ਨੂੰ ਕਲਾਵੇ ਵਿਚ ਲੈਣਾ ਸੀ, ਮਾਂ ਦੀਆਂ ਲੋਰੀਆਂ ਵਾਂਗ ਬਾਲਕ ਨੂੰ ਤੋਤਲੀਆਂ ਬੋਲੀਆਂ ਨਾਲ ਪਰਚਾਉਣਾ ਸੀ, ਕਿਤੇ ਮਿੱਟੀ ਦੀ ਮਹਿਕ ਲੈਣੀ ਸੀ, ਕਿਤੇ ਆਕਾਸ਼ ਵੱਲ ਤੱਕਣਾ ਸੀ, ਅਜਿਹੀ ‘ਖੁੱਲ੍ਹ’ ਨੱਕ ਦੀ ਸੇਧੇ ਤਾਂ ਨਹੀਂ ਸੀ ਜਾ ਸਕਦੀ। ਫਿਰ ਪੰਜਾਬ ਦੀਆਂ ਹਵਾਵਾਂ ਦੀ ਸੁਗੰਧ ਮਾਣਦਾ, ਪੰਜਾਂ ਪਾਣੀਆਂ ਦੀ ਮਿਠਾਸ ਦੇ ਘੁੱਟ ਭਰਦਾ, ਬੇਪਰਵਾਹ ਹੋਇਆ ਬੇਲਿਆਂ ਵਿਚ ਮੱਝੀਆਂ ਦੇ ਮਗਰ ਫਿਰਦਾ, ਮੈਂ-ਮੈਂ ਕਰਦੀਆਂ ਭੇਡਾਂ ਬੱਕਰੀਆਂ ਦਾ ਆਸ਼ਕ, ਕਿਤਾਬਾਂ ਨੂੰ ਨੁੱਕਰੇ ਰੱਖ ਕੇ ਖੇਤਾਂ ਵਿਚ ਕਿਸਾਨੀ ਦੇ ਸਬਕ ਯਾਦ ਕਰਦਾ ਪੰਜਾਬੀ ਦਾ ਮਸਤ ਤੇ ਅਲਬੇਲਾ ਕਵੀ ਆਪਣੀ ਸਿਰਜਣਾ ਨੂੰ ਕੈਦ ਕਿਵੇਂ ਕਰ ਸਕਦਾ ਸੀ।
ਕੁਦਰਤ ਵਰਗੀ ਕਵਿਤਾ
ਉਸ ਦੀ ਕਵਿਤਾ ਕੁਦਰਤ ਵਰਗੀ ਹੀ ਸੀ; ‘ਖੱੁਲ੍ਹੀ’ ਤੇ ਵਿਸ਼ਾਲ। ਪ੍ਰੋ. ਪੂਰਨ ਸਿੰਘ ਪਿਆਰ ਪ੍ਰਗਟਾਵੇ ਲਈ ‘ਖੁੱਲ੍ਹ’ ਮਾਣਦਾ ਰਿਹਾ। ਉਸ ਲਈ ਕੁਦਰਤ ਪਿਆਰ ਦੀ ਹੀ ਪ੍ਰਤੀਕ ਸੀ; ਆਪਣੀ ‘ਮੈਂ’ ਨੂੰ ਪਾਸੇ ਰੱਖ, ਦੂਸਰੇ ਵਿਚ ਸਮਾਂ ਕੇ ਉਹੋ ਜਿਹਾ ਹੀ ਹੋ ਜਾਣਾ, ਉਸ ਲਈ ਪਿਆਰ ਦੀ ਕੁਦਰਤੀ ਪਰਿਭਾਸ਼ਾ ਸੀ। ਨਦੀ ਸਾਗਰ ਵਿਚ ਸਮਾ ਕੇ ਸਾਗਰ ਹੀ ਹੋ ਜਾਂਦੀ ਹੈ; ਇਹ ਪਿਆਰ ਦੀ ਵਚਿੱਤਰਤਾ ਹੀ ਹੈ ਕਿ ਇਕ ਵਿਚ ਇਕ ਜੋੜਿਆਂ ਇਕ ਹੀ ਰਹਿੰਦਾ ਹੈ। ਪਿਆਰ ਵਿਚ ਦਵੈਤ ਕਿਤੇ ਵੀ ਨਹੀਂ। ਪ੍ਰੋ. ਪੂਰਨ ਸਿੰਘ ਨੂੰ ਇਹ ਇਲਮ ਸੀ ਕਿ ਪਿਆਰ ਵਿਚ ਐਸੀ ਖਿੱਚ ਹੈ ਕਿ ਜੇਕਰ ਉਸਦੇ ਪ੍ਰਗਟਾਵੇ ਲਈ ਅੱਖਰ ਉਲਟਾ ਕੇ ਵੀ ਰੱਖ ਦਿੱਤੇ ਜਾਣ ਤਾਂ ਵੀ ਪਿਆਰ ਦਾ ਸ਼ਹਿਦ ਬੁੱਲਾਂ ’ਤੇ ਮਿਠਾਸ ਦੀ ਚਾਸ਼ਨੀ ਫੇਰ ਹੀ ਦਿੰਦਾ ਹੈ। ਪਿਆਰ ਭਿੱਜੇ ਇਨ੍ਹਾਂ ਪੁੱਠੇ/ਸਿੱਧੇ ਲਫ਼ਜ਼ਾਂ ਨੂੰ ਉਸ ਸੈਲਾਨੀ ਛੰਦ ਆਖਿਆ ਤੇ ਪਿਆਰ ਵਿਚ ਮੋਏ ਬੰਦਿਆਂ ਦੇ ਬਚਨਾਂ ਨੂੰ ਉਸ ਕਵਿਤਾ ਦਾ ਨਾਂ ਦਿੱਤਾ । ਪ੍ਰੋ. ਪੂਰਨ ਸਿੰਘ ਨੇ ‘ਖੁੱਲ੍ਹ’ ਨੂੰ ਮਾਣਦਿਆਂ ‘ਅਮੈਂ’ ਦਾ ਗੀਤ ਗਾਇਆ ਹੈ। ਉਹ ਆਪਣੇ-ਆਪ ਨੂੰ ਕੁਦਰਤ ਵਿਚ ਇੱਕ-ਮਿੱਕ ਹੋਇਆ ਮਹਿਸੂਸ ਕਰਦਾ ਹੈ। ਦਰਿਆਵਾਂ, ਪਰਬਤਾਂ, ਘਾਹ, ਫਲਾਂ, ਹਿਮਾਲਿਆ ਦੇ ਪੱਥਰਾਂ ਵਿਚ ਵੀ ਉਸਨੂੰ ਆਪਣੀ ਰੂਹ ਘੁਲੀ ਹੋਈ ਦਿੱਸਦੀ ਹੈ। ਉਸਦਾ ਗੀਤ ਵੱਖਰਾ ਹੈ। ਦਵੈਤ ਤੋਂ ਇਨਕਾਰੀ ਹੋ ਉਹ ਲਿਖਦਾ ਹੈ;
‘ਮੈਂ’ ਦਾ ਗੀਤ ਗਾਯਾ ਜਰਮਨੀ ਦੇ ਨਿਤਸ਼ੇ,
‘ਮੈਂ’ ਦਾ ਗੀਤ ਗਾਯਾ ਮੁੜ ਇਕਬਾਲ ਪੰਜਾਬ ਦੇ,
ਉਹ ਦੋਵੇਂ ਹੋਰ ਹਨ, ਮੇਰਾ ਗੀਤ ਹੋਰ ਹੈ;
ਗੀਤਾ ਦੇ ਗੀਤ ਥੀਂ ਵੀ ਵੱਖਰਾ,
ਤੇ ਉਹ ਗੀਤ ਕਿਹੜਾ ਹੈ?
ਮੈਂ ਗੁਰ ਸਿੱਖਯ ‘ਅਮੈਂ’ ਅੱਜ ਗਾਉਂਦਾ।
ਪੰਜਾਬੀਅਤ ਨੂੰ ਮਾਣਦਾ ਹੋਇਆ ਇਹ ਕਵੀ ਪੰਜਾਬ ਦੀ ਭੂਮੀ ਨੂੰ ‘ਖੁੱਲ੍ਹ’ ਦਾ ਮੈਦਾਨ ਦੱਸਦਾ ਹੈ। ਕਿਸੇ ਇਲਾਹੀ ਸੁਆਦ ਨੂੰ ਮਾਣਦਿਆਂ ਉਸ ਦਾ ਹਿਰਦਾ ਪਿਆਰ ਦੇ ਆਵੇਸ਼ ਨਾਲ ਨੱਕੋ-ਨੱਕ ਭਰ ਜਾਂਦਾ ਹੈ। ਪੰਜਾਬ ਦਾ ਨਾਂ ਉਸਦੇ ਅੰਦਰਲੇ ਨੂੰ ਖਿੱਚ ਪਾਉਂਦਾ ਹੈ; ਉਸ ਨੂੰ ਪੰਜਾਬ ਦੇ ਪਹਾੜ ਪਿਆਰ ਵਿਚ ਪਿਘਲਦੇ ਜਾਪਦੇ ਹਨ, ਪੰਜਾਬ ਦਾ ਬੂਟਾ ਬੂਟਾ ਉਸ ਨੂੰ ਮਸਤੀ ਵਿਚ ਝੂਮਦਾ ਜਾਪਦਾ।
ਪੰਜਾਬੀਅਤ ਦੀ ਮਿਠਾਸ
ਮਾਨਵਤਾ ਦੇ ਕਵੀ ਅਤੇ ਕਵਿਤਾ ਰਾਹੀਂ ਖੁੱਲ੍ਹ ਨੂੰ ਅਪਣਾਉਣ ਵਾਲੇ ਪ੍ਰੋ. ਪੂਰਨ ਸਿੰਘ ਨੇ ਸਾਰੇ ਸੁਆਦ ਚੱਖ ਲਏ ਪਰ ਪੰਜਾਬੀਅਤ ਦੀ ਮਿਠਾਸ ਉਸ ਨੂੰ ਕਿਤੋਂ ਵੀ ਨਾ ਲੱਭੀ। ਇਸ ਬਾਰੇ ਉਹ ਆਪਣੀਆਂ ਰਚਨਾਵਾਂ ਵਿਚ ਬਾਖ਼ੂਬੀ ਵਰਣਨ ਕਰਦਾ ਹੈ । ਮਰਦਾਨੇ ਦੀ ਰਬਾਬ ਦੀ ਟੁਣਕਾਰ ਉਸ ਦੇ ਕੰਨਾਂ ਵਿਚ ਰਸ ਘੋਲਦੀ ਤੇ ‘ਬਾਬੇ’ ਦੇ ਸ਼ਬਦਾਂ ਨਾਲ ਉਸ ਨੂੰ ਧਰਤੀ ‘ਸੱਚਾ ਦਰਬਾਰ’ ਬਣੀ ਜਾਪਦੀ;
‘ਇਹ ਗੁਰਾਂ ਵਾਲੀ ਧਰਤੀ ਹੈ,
ਇੱਥੇ ਸੱਚਾ ਦਰਬਾਰ ਹੈ,
ਇੱਥੇ ਪਿਆਰਾਂ ਮੱਲੋ ਮੱਲੀ ਪੈਂਦੀਆਂ।’
ਪ੍ਰੋ. ਪੂਰਨ ਸਿੰਘ ਸੁਭਾਅ ਪੱਖੋਂ ਇਕ ਬਾਲਕ ਜਿਹਾ ਹੀ ਸੀ। ਬਾਲਕ ਦੇ ਮਨ ਵਾਂਗ ਉਸਦਾ ਨਿਰਛਲ ਹਿਰਦਾ ਕੋਰੀ ਸਲੇਟ ਜਿਹਾ ਸੀ ਜਿਸ ਉਪਰ ਬਹੁਤ ਸਾਰੇ ਪ੍ਰਭਾਵ ਪੈਂਦੇ ਵੀ ਗਏ ਤੇ ਮਿਟਦੇ ਵੀ ਗਏ। ‘ਬੁੱਧ ਧਰਮ’, ‘ਵੇਦਾਂਤ’ ਅਤੇ ‘ਗੁਰਮਤਿ’ ਦਾ ਉਸਦੀ ਸ਼ਖ਼ਸੀਅਤ ਉਸਾਰੀ ਵਿਚ ਮਹੱਤਵਪੂਰਨ ਸਥਾਨ ਰਿਹਾ ਹੈ। ਇਕ ਸਾਹਿਤਕਾਰ ਵਜੋਂ ਉਨ੍ਹਾਂ ਦੀ ਤੁਲਨਾ ਪੱਛਮੀ ਸਾਹਿਤਕਾਰਾਂ ਨਾਲ ਹੋ ਸਕਦੀ ਹੈ। ਪ੍ਰੋ. ਪੂਰਨ ਸਿੰਘ ਨੇ ਅੰਗਰੇਜ਼ੀ ਸਾਹਿਤ ਦਾ ਗੰਭੀਰ ਅਧਿਐਨ ਕੀਤਾ ਸੀ ਜਿਸ ਦੇ ਸਿੱਟੇ ਵਜੋਂ ਹੀ ਉਹ ‘ਸਪਿਰਟ ਆਫ ਓਰੀਐਂਟਲ ਪੋਇਟਰੀ’ ਵਿਚ ਪੂਰਬ ਦੀ ਕਵਿਤਾ ਦਾ ਮੁਲਾਂਕਣ ਕਰਦਾ ਹੋਇਆ ਇਸ ਦੀ ਤੁਲਨਾ ਪੱਛਮ ਦੀ ਕਵਿਤਾ ਨਾਲ ਕਰਦਾ ਹੈ। ਸੁਹਿਰਦ ਲੇਖਕ ਵਜੋਂ ਉਸਦੀਆਂ ਰਚਨਾਵਾਂ ਵਿਚ ਗਯਟੇ, ਸ਼ੇਕਸਪੀਅਰ, ਕਾਰਲਾਈਲ, ਐਮਰਸਨ ਤੇ ਵਾਲਟ ਵਿਟਮੈਨ ਵਰਗੇ ਲੇਖਕਾਂ ਦੇ ਹਵਾਲੇ ਵਿਚਾਰ ਸਪੱਸ਼ਟੀਕਰਨ ਵਜੋਂ ਸਹਿਜੇ ਹੀ ਦਿਖਾਈ ਦੇ ਜਾਂਦੇ ਹਨ। ਅੰਗਰੇਜ਼ੀ ਦੇ ਪ੍ਰਸਿੱਧ ਰੁਮਾਂਸਵਾਦੀ ਕਵੀ ਵਰਡਜ਼ਵਰਥ ਨਾਲ ਉਸ ਦੀ ਕਵਿਤਾ ਮੇਲ ਖਾਂਦੀ ਪ੍ਰਤੀਤ ਹੁੰਦੀ ਹੈ।
‘ਖੁੱਲ੍ਹੇ ਲੇਖ’, ‘ਖੁੱਲ੍ਹੇ ਮੈਦਾਨ’ ਅਤੇ ‘ਖੁੱਲ੍ਹੇ ਘੁੰਡ’ ਨੂੰ ਪੰਜਾਬੀ ਪਾਠਕਾਂ ਨੇ ਸਭ ਤੋਂ ਵੱਧ ਪੜ੍ਹਿਆ ਹੈ ਪਰ ਪ੍ਰੋ. ਪੂਰਨ ਸਿੰਘ ਦੇ ਸਾਹਿਤ ਸੰਸਾਰ ਵਿਚ ਮੋਇਆਂ ਦੀ ਜਾਗ (ਅਨੁਵਾਦ), ਬੌਣੇ ਬੂਟੇ (ਅਨੁਵਾਦ), ਅਬਚਲੀ ਜੋਤ (ਅਨੁਵਾਦ), ਕਲਾ ਅਤੇ ਕਲਾਧਾਰੀ ਦੀ ਪੂਜਾ, ਕਿਤਾਬਚੇ (ਪ੍ਰੀਤ ਕਮਲੀ, ਨੰਦ ਲਾਲੀ, ਕਮਾਲੀ), ਮੁੱਖ-ਬੰਧ (ਸ੍ਰੀ ਗੁਰੂ ਗ੍ਰੰਥ ਕੋਸ਼, ਮਟਕ ਹੁਲਾਰੇ, ਅਰਸ਼ੀ ਕਲੀਆਂ ਆਦਿ), ਖੁੱਲ੍ਹੇ ਰੰਗ ਅਸਮਾਨੀ, ਪਰਕਾਸ਼ਿਨਾ, ਭਗੀਰਥ, ਹਿੰਦੀ ਲੇਖ (ਸੱਚੀ ਵੀਰਤਾ, ਮਜ਼ਦੂਰੀ ਔਰ ਪ੍ਰੇਮ, ਆਚਰਨ ਕੀ ਸਭਯਤਾ, ਬ੍ਰਹਮਕਾਂਤਿ, ਵਾਲਟ ਵਿਟਮੈਨ ਹੂੰ ਮੈ, ਨਯਨੋ ਕੀ ਗੰਗਾ, ਪਵਿੱਤਰਤਾ), ਅੰਗਰੇਜ਼ੀ ਪੁਸਤਕਾਂ (ਦਾ ਸਿਸਟਰ ਆਫ ਸਪਿੰਨਿੰਗ ਵ੍ਹੀਲ, ਦਾ ਅਨ ਸਟਰੰਗ ਬੀਡਜ਼, ਦਾ ਸਪਿਰਿਟ ਬੌਰਨ ਪੀਪਲ, ਐਟ ਹਿਜ਼ ਫੀਟ, ਸਪਿਰਟ ਆਫ ਓਰੀਐਂਟਲ ਪੋਇਟਰੀ, ਸਟੋਰੀ ਆਫ ਸਵਾਮੀ ਰਾਮ ਤੀਰਥ, ਸੈਵਨ ਬਾਸਕਿਟਸ ਆਫ ਪੋਇਮਜ਼, ਔਨ ਦਾ ਪਾਥ ਆਫ ਲਾਈਫ, ਜਪਜੀ), ਅੰਗਰੇਜ਼ੀ ਵਿਚ ਲਿਖੇ ਟ੍ਰੈਕਟ (ਗੁਰੂ ਤੇਗ ਬਹਾਦਰ, ਵਿਕਟਰੀ ਆਫ ਫੇਥ, ਸਿੱਖ ਮਾਰਟਾਇਰਜ਼, ਗੁਰੂ ਨਾਨਕਜ਼ ਰਬਾਬ, ਏ ਬਾਇਓਗਰਾਫੀ ਆਫ ਗੁਰੂ ਨਾਨਕ) ਤੇ ਸੰਪਾਦਿਤ ਅੰਗਰੇਜ਼ੀ ਰਸਾਲਾ ਥੰਡਰਿੰਗ ਡਾਨ ਸ਼ਾਮਿਲ ਹੈ। ਕੁਦਰਤ ਦੇ ਸੁਹੱਪਣ ਨੂੰ ਮਾਣਦਾ ਇਹ ਲੇਖਕ 31 ਮਾਰਚ, 1931 ਨੂੰ ਕੁਦਰਤ ਵਿਚ ਇਦਾਂ ਸਮਾ ਗਿਆ ਜਿਵੇਂ ਕੁਦਰਤ ਨੇ ਉਸ ਨੂੰ ਫੁੱਲਾਂ ਵਿਚ ਮਹਿਕ ਦੀ ਥਾਵੇਂ ਕੱਜ ਲਿਆ ਹੋਵੇ। •
-ਡਾ. ਮਨਿੰਦਰ ਸਿੰਘ
89683 86290