ਉਹਨਾਂ ਨੂੰ ਬਹੁਤ ਸਾਰੇ ਮਾਣ-ਸਨਮਾਨ ਮਿਲੇ। ਉਹਨਾਂ ਦੇ ਸ਼ਾਹਕਾਰ ਨਾਵਲ ਟ੍ਰੇਨ ਟੂ ਪਾਕਿਸਤਾਨ ਲਈ ਉਹਨਾਂ ਨੂੰ ਗ੍ਰੋਵ ਪ੍ਰੈਸ ਅਵਾਰਡ ਦਿੱਤਾ ਗਿਆ। 1966 ਵਿਚ ਉਹਨਾਂ ਨੂੰ ਅਮਰੀਕਾ ਦੀ ਸੰਸਥਾ ਰੌਕਫਿਲਰ ਫਾਊਂਡੇਸ਼ਨ ਵੱਲੋਂ ਰੌਕਫਿਲਰ ਗਰਾਂਟ ਸਨਮਾਨ ਦਿੱਤਾ ਗਿਆ। 1969-70 ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਹਨਾਂ ਨੂੰ ਸ਼੍ਰੋਮਣੀ ਪੱਤਰਕਾਰ ਐਵਾਰਡ ਨਾਲ ਸਨਮਾਨਿਆ ਗਿਆ। 1974 ਵਿਚ ਉਹਨਾਂ ਨੂੰ ਪਦਮ ਭੂਸ਼ਣ ਦੇ ਸਨਮਾਨ ਨਾਲ ਨਿਵਾਜ਼ਿਆ ਗਿਆ।

ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਲੇਖਕ, ਪੱਤਰਕਾਰ, ਉੱਘੇ ਸਿੱਖ ਇਤਿਹਾਸਕਾਰ ਅਤੇ ਨਾਮਵਰ ਸੰਪਾਦਕ, ਬਹੁਪੱਖੀ ਸ਼ਖ਼ਸੀਅਤ ਖੁਸ਼ਵੰਤ ਸਿੰਘ ਦਾ ਜਨਮ 2 ਫਰਵਰੀ, 1915 ਨੂੰ ਅਣਵੰਡੇ ਪੰਜਾਬ ਦੇ ਪਿੰਡ ਹਡਾਲੀ (ਹੁਣ ਜ਼ਿਲ੍ਹਾ ਖੁਸ਼ਬ, ਲਹਿੰਦਾ ਪੰਜਾਬ ਪਾਕਿਸਤਾਨ) ਵਿਖੇ ਸਰਦਾਰ ਸੋਭਾ ਸਿੰਘ ਅਤੇ ਮਾਤਾ ਵੀਰਾਂਬਾਈ ਦੇ ਘਰ ਹੋਇਆ। ਉਹਨਾਂ ਦੇ ਪਿਤਾ ਸੋਭਾ ਸਿੰਘ ਪ੍ਰਸਿੱਧ ਇਮਾਰਤੀ ਠੇਕੇਦਾਰ ਸਨ, ਜਿਨ੍ਹਾਂ ਨੇ ਦਿੱਲੀ ਦੀ ਮਸ਼ਹੂਰ ਮਾਰਕੀਟ ਕਨਾਟ ਪਲੇਸ ਦਾ ਨਿਰਮਾਣ ਕੀਤਾ ਸੀ। ਖ਼ੁਸ਼ਵੰਤ ਸਿੰਘ ਦੇ ਚਾਚਾ ਉੱਜਲ ਸਿੰਘ ਪੰਜਾਬ ਤੇ ਤਾਮਿਲਨਾਡੂ ਦੇ ਰਾਜਪਾਲ ਰਹੇ। ਖੁ਼ਸ਼ਵੰਤ ਸਿੰਘ ਦਾ ਸ਼ੁਰੂ ਵਿਚ ਨਾਂ ਖੁ਼ਸ਼ਹਾਲ ਸਿੰਘ ਰੱਖਿਆ ਗਿਆ ਸੀ। ਮਾਡਰਨ ਸਕੂਲ ਨਵੀਂ ਦਿੱਲੀ ਵਿਚ ਦਾਖ਼ਲੇ ਸਮੇਂ ਉਹਨਾਂ ਦਾ ਨਾਂ ਖੁਸ਼ਵੰਤ ਸਿੰਘ ਦਰਜ ਕਰਵਾਇਆ ਗਿਆ। ਉਹਨਾਂ ਮੁੱਢਲੀ ਵਿਦਿਆ ਮਾਡਰਨ ਸਕੂਲ ਨਵੀਂ ਦਿੱਲੀ ਤੋਂ ਪ੍ਰਾਪਤ ਕੀਤੀ। ਉਹਨਾਂ ਇੰਟਰਮੀਡੀਏਟ ਸੇਂਟ ਸਟੀਫਨ ਕਾਲਜ ਦਿੱਲੀ ਤੋਂ ਪਾਸ ਕੀਤੀ। 1934 ਵਿਚ ਉਹਨਾਂ ਲਾਹੌਰ ਦੇ ਸਰਕਾਰੀ ਕਾਲਜ ਤੋਂ ਗਰੈਜੂਏਸ਼ਨ ਕੀਤੀ। 1938 ਵਿਚ ਉਹਨਾਂ ਲੰਦਨ ਯੂਨੀਵਰਸਿਟੀ ਤੋਂ ਐੱਲ.ਐਲ.ਬੀ. ਦੀ ਡਿਗਰੀ ਪ੍ਰਾਪਤ ਕੀਤੀ। ਉਹ 1939 ਤੋਂ 1947 ਤੱਕ ਪੰਜਾਬ ਹਾਈ ਕੋਰਟ ਲਾਹੌਰ ਵਿਖੇ ਵਕਾਲਤ ਕਰਦੇ ਰਹੇ। ਲਾਹੌਰ ਵਿਖੇ ਵਕਾਲਤ ਕਰਨ ਦੌਰਾਨ ਹੀ ਉਹਨਾਂ ਦੀ ਸ਼ਾਦੀ ਕੰਵਲ ਮਲਿਕ ਨਾਲ ਹੋਈ। ਉਹਨਾਂ ਦੇ ਘਰ ਲੜਕੀ ਮਾਲਾ ਅਤੇ ਲੜਕਾ ਰਾਹੁਲ ਪੈਦਾ ਹੋਏ। ਦੇਸ਼ ਵੰਡ ਤੋਂ ਪਿੱਛੋਂ ਉਹ ਪਰਿਵਾਰ ਸਮੇਤ ਦਿੱਲੀ ਆ ਗਏ ਅਤੇ ਉਹਨਾਂ ਵਕਾਲਤ ਦਾ ਕੰਮ ਤਿਆਗ ਦਿੱਤਾ। ਦੇਸ਼ ਆਜ਼ਾਦ ਹੋਣ ਪਿੱਛੋਂ ਉਹ ਭਾਰਤੀ ਵਿਦੇਸ਼ ਸੇਵਾ ਵਿਚ ਸੂਚਨਾ ਅਫ਼ਸਰ ਵਜੋਂ ਨਿਯੁਕਤ ਹੋ ਗਏ। ਇਸ ਤੋਂ ਪਿੱਛੋਂ ਉਹ ਲੰਦਨ ਅਤੇ ਓਟਾਵਾ ਦੇ ਭਾਰਤੀ ਦੂਤਵਾਸਾਂ ਵਿਚ ਉੱਚ ਅਹੁਦਿਆਂ ’ਤੇ ਬਿਰਾਜਮਾਨ ਰਹੇ।
ਪੱਤਰਕਾਰ ਵਜੋਂ ਖੁਸ਼ਵੰਤ ਸਿੰਘ 1951 ਵਿੱਚ ਆਲ ਇੰਡੀਆ ਰੇਡੀਓ ਨਾਲ ਜੁੜੇ। 1954-56 ਦੌਰਾਨ ਉਹ ਯੂਨੈਸਕੋ ਦੇ ਪੈਰਿਸ ਸਥਿਤ ਦਫ਼ਤਰ ਵਿਖੇ ਮਾਸ ਕਮਿਊਨੀਕੇਸ਼ਨ ਵਿਭਾਗ ਵਿਚ ਨਿਯੁਕਤ ਰਹੇ। 1956 ਵਿਚ ਉਹਨਾਂ ਨੇ ਕੇਂਦਰ ਸਰਕਾਰ ਦੇ ਮੈਗਜ਼ੀਨ ਯੋਜਨਾ ਦੀ ਸੰਪਾਦਕੀ ਦਾ ਕਾਰਜ ਸੰਭਾਲਿਆ। 1969 ਤੋਂ 1978 ਤੱਕ ਉਹ ਮੁੰਬਈ ਤੋਂ ਛਪਦੇ ਦੇਸ਼ ਦੇ ਸਭ ਤੋਂ ਵੱਡੇ ਮੈਗਜ਼ੀਨ ਇਲੱਸਟਰੇਟਿਡ ਵੀਕਲੀ ਦੇ ਸੰਪਾਦਕ ਰਹੇ। ਉਹਨਾਂ ਦੀ ਸੰਪਾਦਨਾ ਹੇਠ ਇਸ ਹਫ਼ਤਾਵਾਰੀ ਰਸਾਲੇ ਦੀ ਛਪਣ ਗਿਣਤੀ 80 ਹਜ਼ਾਰ ਤੋਂ ਵੱਧ ਕੇ 4,10,000 ਤੱਕ ਪਹੁੰਚ ਗਈ। ਉਹ 1978-79 ਦੌਰਾਨ ਦੋ ਸਾਲ ਲਈ ਨੈਸ਼ਨਲ ਹੈਰੇਲਡ ਦੇ ਸੰਪਾਦਕ ਅਤੇ 1979- 80 ਵਿਚ ਪੰਦਰਾਂ ਰੋਜ਼ਾ ਰਸਾਲੇ ‘ਨਿਊ ਦੇਹਲੀ’ ਦੇ ਮੁੱਖ ਸੰਪਾਦਕ ਰਹੇ। ਇਸ ਉਪਰੰਤ ਉਹ 1980-83 ਦਰਮਿਆਨ ਹਿੰਦੁਸਤਾਨ ਟਾਈਮਜ਼ ਦੇ ਸੰਪਾਦਕ ਰਹੇ। ਉਹਨਾਂ ਦੀਆਂ ਲਿਖਤਾਂ ਦੇਸ਼ ਵਿਦੇਸ਼ ਦੇ ਅਨੇਕਾਂ ਹੀ ਸਮਾਚਾਰ ਪੱਤਰਾਂ/ ਮੈਗਜ਼ੀਨਾਂ ਵਿਚ ਛਪਦੀਆਂ ਰਹਿੰਦੀਆਂ ਸਨ। ਦਾ ਇਲੱਸਟਰੇਟਡ ਵੀਕਲੀ ਆਫ਼ ਇੰਡੀਆ ਦੀ ਸੰਪਾਦਨਾ ਸਮੇਂ ਜਿਹੜੇ ਮਾਪ-ਦੰਡ ਉਹਨਾਂ ਨਿਰਧਾਰਤ ਕੀਤੇ, ਉਸ ਨਾਲ ਪੱਤਰਕਾਰੀ ਦੀ ਨੁਹਾਰ ਹੀ ਬਦਲ ਗਈ।
ਭਾਰਤੀ ਅਤੇ ਵਿਦੇਸ਼ੀ ਸੰਸਕ੍ਰਿਤੀ ਦਾ ਉਹਨਾਂ ਉੱਤੇ ਡੂੰਘਾ ਪ੍ਰਭਾਵ ਪਿਆ। ਉਹ ਆਪ ਵੀ ਲਿਖਦੇ ਹਨ ਕਿ ਮੈਂ ਪੂਰਬ ਅਤੇ ਪੱਛਮ ਦੋਹਾਂ ਦੀ ਉਪਜ ਹਾਂ। ਉਹਨਾਂ ਦੀਆਂ ਰਚਨਾਵਾਂ ਵਿਚ ਵਿਗਿਆਨਿਕ, ਤਰਕਵਾਦ ਅਤੇ ਮਾਨਵਵਾਦ ਦਾ ਸੁਮੇਲ ਹੈ। ਉਹ ਭਾਰਤ ਪਾਕਿ ਵੰਡ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਇਸ ਭਿਆਨਕ ਮੰਜ਼ਰ ਨੂੰ ਆਪਣੇ ਅੱਖੀ ਡਿੱਠਾ। ਖੁ਼ਸ਼ਵੰਤ ਸਿੰਘ ਮੁੱਖ ਤੌਰ ’ਤੇ ਅੰਗਰੇਜ਼ੀ ਵਿਚ ਲਿਖਦੇ ਸਨ, ਜਿਸ ਨਾਲ ਪੰਜਾਬੀ ਸੱਭਿਆਚਾਰ, ਸਿੱਖ ਇਤਿਹਾਸ ਤੇ ਸਿੱਖ ਸੱਭਿਆਚਾਰ ਬਾਰੇ ਦੇਸ਼ ਵਿਦੇਸ਼ ਦੇ ਲੋਕ ਜਾਣੂ ਹੋਏ। ਸਾਹਿਤਕ ਖੇਤਰ ਵਿਚ ਉਹਨਾਂ ਦਾ ਪ੍ਰਵੇਸ਼ 1950 ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਦਾ ਮਾਰਕ ਆਫ਼ ਵਿਸ਼ਨੂ ਐਂਡ ਅਦਰ ਸਟੋਰੀਜ’ ਨਾਲ ਹੋਇਆ। ਖੁ਼ਸ਼ਵੰਤ ਸਿੰਘ ਨੂੰ ਸਾਹਿਤਕ ਖੇਤਰ ਵਿਚ ਨਾਵਲ ‘ਟਰੇਨ ਟੂ ਪਾਕਿਸਤਾਨ’ (1956) ਰਾਹੀਂ ਵਿਸ਼ੇਸ਼ ਮਾਨਤਾ ਮਿਲੀ। ਨਾਵਲ ਟਰੇਨ ਟੂ ਪਾਕਿਸਤਾਨ ਵਿਚਲੀ ਕਹਾਣੀ ਦੀ ਪਿੱਠ ਭੂਮੀ ਮਾਣੋਮਾਜਰਾ ਹੈ, ਜੋ ਹਿੰਦ-ਪਾਕਿ ਸੀਮਾ ਦੇ ਨੇੜੇ ਸਤਲੁਜ ਦਰਿਆ ਤੋਂ ਅੱਧੇ ਕੁ ਮੀਲ ਦੀ ਵਿੱਥ ਉੱਤੇ ਵਸਿਆ ਕਲਪਿਤ ਪਿੰਡ ਹੈ। ਇਸ ਨਾਵਲ ਵਿਚ ਉਹਨਾਂ ਨੇ ਭਾਰਤ ਦੀ ਵੰਡ ਦਾ ਬਹੁਤ ਮਾਰਮਿਕ ਵਰਣਨ ਕੀਤਾ ਹੈ। ਸਲਮਾਨ ਰਸ਼ਦੀ ਨੇ ਇਸ ਨਾਵਲ ਨੂੰ ਵੰਡ ਦੇ ਵਿਸ਼ੇ ’ਤੇ ਇਕ ਚੰਗੀ ਕਿਤਾਬ ਆਖਿਆ। ਅਮਿਤਾਵ ਘੋਸ਼ ਨੇ ਇਸ ਪੁਸਤਕ ਦੀ ਇਕ ਕਲਾਸਿਕ ਰਚਨਾ ਵਜੋਂ ਪ੍ਰਸ਼ੰਸਾ ਕੀਤੀ। ਪਾਮੇਲਾ ਰੂਕਸ ਵੱਲੋਂ ਇਸ ਨਾਵਲ ਉੱਪਰ ਫਿਲਮ ਵੀ ਬਣਾਈ ਗਈ। ਇਸ ਨਾਵਲ ਨੂੰ 1956 ਵਿਚ ਗਰੋਵ ਪ੍ਰੈਸ ਇੰਡੀਆ ਫਿਕਸ਼ਨ ਪ੍ਰਾਈਜ਼ ਦਿੱਤਾ ਗਿਆ।
ਉਹਨਾਂ ਦਾ ਦੂਸਰਾ ਨਾਵਲ ‘ਆਈ ਸ਼ੈਲ ਨਾਟ ਹੀਅਰ ਦਾ ਨਾਈਟਿੰਗਗੇਲ’1959 ਵਿਚ ਛਪਿਆ। ਉਹਨਾਂ ਨੇ ਕਈ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ, ਜਿਨ੍ਹਾਂ ਵਿਚ ‘ਮਾਰਕ ਆਫ ਵਿਸ਼ਨੂ ਐਂਡ ਅਦਰ ਸਟੋਰੀਜ’ (1950), ਦਾ ਵਾਈਸ ਆਫ ਗਾਡ ਐਂਡ ਅਦਰ ਸਟੋਰੀਜ (1957), ਏ ਬਰਾਈਡ ਫਾਰ ਦਾ ਸਾਹਿਬ ਐਂਡ ਅਦਰ ਸਟੋਰੀਜ (1967), ਬਲੈਕ ਜੈਸਮੀਨ ਐਂਡ ਅਦਰ ਸਟੋਰੀਜ (1971) ਸਮੇਤ ਕਈ ਸੰਗ੍ਰਹਿ ਸ਼ਾਮਿਲ ਹਨ। ਖੁਸ਼ਵੰਤ ਸਿੰਘ ਨੇ ਆਪਣੀਆਂ ਰਚਨਾਵਾਂ ਮੂਲ ਰੂਪ ਵਿਚ ਅੰਗਰੇਜ਼ੀ ਭਾਸ਼ਾ ਵਿਚ ਲਿਖੀਆਂ ਹਨ ਪਰ ਉਹਨਾਂ ਵਿਚਲੇ ਪਾਤਰ, ਘਟਨਾਵਾਂ ਤੇ ਵਾਤਾਵਰਨ ਨਿਰੋਲ ਪੰਜਾਬੀ ਹਨ।
ਖੁ਼ਸ਼ਵੰਤ ਸਿੰਘ ਨੇ ਪੰਜਾਬੀ ਸਾਹਿਤ ਨਾਲ ਆਪਣਾ ਨਾਤਾ ਕਰਤਾਰ ਸਿੰਘ ਦੁੱਗਲ ਦੀ ਪ੍ਰੇਰਨਾ ਸਦਕਾ 1953 ਵਿਚ ਪ੍ਰਕਾਸ਼ਿਤ ਆਪਣੇ ਕਹਾਣੀ ਸੰਗ੍ਰਹਿ ‘ਨਾਂ ਵਿਚ ਕੀ ਪਿਆ ਏ’ ਨਾਲ ਜੋੜਿਆ ਸੀ। ਨਾਵਲਕਾਰ ਕਹਾਣੀਕਾਰ ਅਤੇ ਅਨੁਵਾਦਕ ਵਜੋਂ ਉਹਨਾਂ ਦੀ ਪ੍ਰਾਪਤੀ ਵਿਲੱਖਣ ਹੈ।
ਸਿੱਖ ਇਤਿਹਾਸ ਅਤੇ ਧਰਮ ਬਾਰੇ ਉਹਨਾਂ ਨੇ ਕਈ ਪੁਸਤਕਾਂ ਲਿਖੀਆਂ। 1962 ਵਿਚ ਪ੍ਰਕਾਸ਼ਿਤ ‘ਏ ਹਿਸਟਰੀ ਆਫ਼ ਦੀ ਸਿੱਖਸ’ (ਦੋ ਭਾਗ) ਉਹਨਾਂ ਦੀ ਬਹੁਤ ਪ੍ਰਸਿੱਧ ਰਚਨਾ ਹੈ। ਹੋਰ ਪੁਸਤਕਾਂ ਵਿਚ ਸਿੱਖਜ ਟੂਡੇ (1959), ਰਣਜੀਤ ਸਿੰਘ ਮਹਾਰਾਜਾ ਆਫ਼ ਦੀ ਪੰਜਾਬ (1962), ਸੈਕਰਿੰਡ ਰਾਈਟਿੰਗਜ ਆਫ ਦੀ ਸਿੱਖਸ, ਦੀ ਸਿੱਖਸ (1951), ਫਾਲ ਆਫ਼ ਦੀ ਸਿੱਖ ਕਿੰਗਡਮ (1962), ਗ਼ਦਰ ਰਿਬੈਲੀਅਨ (1966), ਹੋਮੇਜ ਟੂ ਗੁਰੂ ਗੋਬਿੰਦ ਸਿੰਘ, ‘ਹਿਮਜ ਆਫ ਨਾਨਕ ਦਿ ਗੁਰੂ’ ਸਮੇਤ ਅੰਗਰੇਜ਼ੀ ਵਿਚ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਹਨ। ਇਨਸਾਈਕਲੋਪੀਡੀਆ ਆਫ਼ ਬ੍ਰਿਟੇਨਿਕਾ ਵਿਚ ਸਿੱਖਾਂ ਬਾਰੇ ਦਰਜ ਸਾਰੇ ਇੰਦਰਾਜ ਉਹਨਾਂ ਦੇ ਹੀ ਹਨ।
ਖੁ਼ਸ਼ਵੰਤ ਸਿੰਘ ਇਕ ਕਾਲਮ ਨਵੀਸ ਵਜੋਂ ਵੀ ਬਹੁਤ ਪ੍ਰਸਿੱਧ ਹੋਏ। ਉਹਨਾਂ ਦੀ ਲਿਖਤ ‘ਵਿਦ ਮੈਲੀਸ ਟੂਵਾਰਡਜ ਵਨ ਐਂਡ ਆਲ’ ਦਿ ਟੈਲੀਗ੍ਰਾਫ, ਹਿੰਦੁਸਤਾਨ ਟਾਈਮਜ ਅਤੇ ਪਾਇਨੀਅਰ ਸਮੇਤ ਹੋਰ ਵੱਖ-ਵੱਖ ਕਈ ਅਖ਼ਬਾਰਾਂ ਵਿਚ ਲਗਾਤਾਰ ਵਰ੍ਹਿਆਂਬੱਧੀ ਪ੍ਰਕਾਸ਼ਿਤ ਹੁੰਦੀ ਰਹੀ। ਪਾਠਕਾਂ ਨੂੰ ਇਸ ਦੀ ਤੀਬਰ ਉਡੀਕ ਬਣੀ ਰਹਿੰਦੀ ਸੀ। ਖੁ਼ਸ਼ਵੰਤ ਸਿੰਘ ਪਹਿਲੇ ਭਾਰਤੀ ਨਾਵਲਕਾਰ ਸਨ, ਜਿਨ੍ਹਾਂ ਸੈਕਸ ਬਾਰੇ ਖੁੱਲ ਕੇ ਲਿਖਿਆ। ਉਹਨਾਂ ਸੈਕਸ ਸਕਾਚ ਐਂਡ ਸਕਾਲਰਸ਼ਿਪ (1992), ਦਿ ਕੰਪਨੀ ਆਫ ਵੂਮੈਨ (1999) ਸਮੇਤ ਕਈ ਪੁਸਤਕਾਂ ਵਿਚ ਸੈਕਸ ਜਿਹੇ ਵਿਸ਼ੇ ਬਾਰੇ ਲਿਖਿਆ ।
ਖ਼ੁਸ਼ਵੰਤ ਸਿੰਘ ਦੀਆਂ ਪੁਸਤਕਾਂ ਦੇ ਅਨੁਵਾਦ ਦੇਸ਼ ਅਤੇ ਵਿਦੇਸ਼ ਦੀਆਂ ਭਾਸ਼ਾਵਾਂ ਵਿਚ ਹੋਏ। ਉਹਨਾਂ ਦੇ ਪ੍ਰਸਿੱਧ ਨਾਵਲ ਟਰੇਨ ਟੂ ਪਾਕਿਸਤਾਨ ਦਾ ਪੰਜਾਬੀ ਵਿਚ ਅਨੁਵਾਦ ‘ਪਾਕਿਸਤਾਨ ਮੇਲ’ ਨਾਂ ਹੇਠ ਪ੍ਰਕਾਸ਼ਿਤ ਹੋਇਆ। ਉਹਨਾਂ ਦੀ ਸਿੱਖ ਇਤਿਹਾਸ ਬਾਰੇ ਪ੍ਰਸਿੱਧ ਪੁਸਤਕ ਹਿਸਟਰੀ ਆਫ ਦੀ ਸਿੱਖਸ ਅਨੁਵਾਦ ਹੋ ਕੇ ਪੰਜਾਬੀ ਵਿੱਚ ‘ਸਿੱਖ ਇਤਿਹਾਸ’ ਨਾਂ ਹੇਠ ਪ੍ਰਕਾਸ਼ਿਤ ਹੋਈ। ਉਹਨਾਂ ਦੀ ਸਵੈ ਜੀਵਨੀ ‘ਮੌਜ ਮੇਲਾ’ ਵੀ ਪੰਜਾਬੀ ਵਿਚ ਪ੍ਰਕਾਸ਼ਿਤ ਹੋਈ ਮਿਲਦੀ ਹੈ। ਇਸ ਤੋਂ ਇਲਾਵਾ ਖੁ਼ਸ਼ਵੰਤ ਸਿੰਘ ਨੇ ਬਹੁਤ ਸਾਰੀਆਂ ਹੋਰਨਾਂ ਭਾਸ਼ਾਵਾਂ ਦੀਆਂ ਪੁਸਤਕਾਂ ਦੇ ਅੰਗਰੇਜ਼ੀ ਵਿਚ ਅਨੁਵਾਦ ਕੀਤੇ, ਜਿਨ੍ਹਾਂ ਵਿਚ ਰਜਿੰਦਰ ਸਿੰਘ ਬੇਦੀ ਦੇ ਨਾਵਲ ਇਕ ਚਾਦਰ ਅੱਧੋ ਰਾਣੀ, ਅੰਮ੍ਰਿਤਾ ਪ੍ਰੀਤਮ ਦੇ ਨਾਵਲ ਪਿੰਜਰ (1963), ਮਿਰਜ਼ਾ ਰੁਸ਼ਵਾ ਦਾ ਨਾਵਲ ‘ਉਮਰਾਓ ਜਾਨ ਅਦਾ’ (1961) ਅਤੇ ਡਾ. ਇਕਬਾਲ ਦੀ ਨਜ਼ਮ’ ਸ਼ਿਕਵਾ ਔਰ ਜਵਾਬਿ ਸ਼ਿਕਵਾ’ (1981) ਅੰਗਰੇਜ਼ੀ ਵਿਚ ਉਲਥਾਈਆਂ ਹਨ। ਉਹਨਾਂ 1984 ਵਿਚ ਕੁਲਦੀਪ ਨਈਅਰ ਨਾਲ ਮਿਲ ਕੇ ‘ਪੰਜਾਬ ਟਰੈਜਡੀ’ ਨਾਂ ਦੀ ਪੁਸਤਕ ਵੀ ਪ੍ਰਕਾਸ਼ਿਤ ਕੀਤੀ। ਅਕਤੂਬਰ 2013 ਵਿਚ ਉਹਨਾਂ ਹਮਰਾ ਕੁਰੇਸ਼ੀ ਨਾਲ ਸਾਂਝੇ ਤੌਰ ’ਤੇ ਆਖ਼ਰੀ ਕਿਤਾਬ ‘ਦਿ ਗੁੱਡ ਦਿ ਬੈਡ ਐਂਡ ਦਿ ਰਿਡੀਕੂਲਸ’ ਵਿਚ ਵੀ ਧਰਮ ਦੀ ਅਲੋਚਨਾ ਜਾਰੀ ਰੱਖੀ।
ਉਹਨਾਂ ਨੂੰ ਬਹੁਤ ਸਾਰੇ ਮਾਣ-ਸਨਮਾਨ ਮਿਲੇ। ਉਹਨਾਂ ਦੇ ਸ਼ਾਹਕਾਰ ਨਾਵਲ ਟ੍ਰੇਨ ਟੂ ਪਾਕਿਸਤਾਨ ਲਈ ਉਹਨਾਂ ਨੂੰ ਗ੍ਰੋਵ ਪ੍ਰੈਸ ਅਵਾਰਡ ਦਿੱਤਾ ਗਿਆ। 1966 ਵਿਚ ਉਹਨਾਂ ਨੂੰ ਅਮਰੀਕਾ ਦੀ ਸੰਸਥਾ ਰੌਕਫਿਲਰ ਫਾਊਂਡੇਸ਼ਨ ਵੱਲੋਂ ਰੌਕਫਿਲਰ ਗਰਾਂਟ ਸਨਮਾਨ ਦਿੱਤਾ ਗਿਆ। 1969-70 ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਹਨਾਂ ਨੂੰ ਸ਼੍ਰੋਮਣੀ ਪੱਤਰਕਾਰ ਐਵਾਰਡ ਨਾਲ ਸਨਮਾਨਿਆ ਗਿਆ। 1974 ਵਿਚ ਉਹਨਾਂ ਨੂੰ ਪਦਮ ਭੂਸ਼ਣ ਦੇ ਸਨਮਾਨ ਨਾਲ ਨਿਵਾਜ਼ਿਆ ਗਿਆ। ਉਹਨਾਂ 1984 ਵਿਚ ਆਪਰੇਸ਼ਨ ਬਲੂ ਸਟਾਰ ਦੇ ਸਮੇਂ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੇ ਵਿਰੋਧ ਵਿਚ ਇਹ ਸਨਮਾਨ ਵਾਪਸ ਕਰ ਦਿੱਤਾ ਸੀ। ਖੁ਼ਸ਼ਵੰਤ ਸਿੰਘ 1980-86 ਦੌਰਾਨ ਭਾਰਤ ਦੀ ਰਾਜ ਸਭਾ ਦੇ ਮੈਂਬਰ ਰਹੇ। 2006 ਵਿਚ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਰਤਨ ਸਨਮਾਨ ਦਿੱਤਾ ਗਿਆ। 2007 ਵਿਚ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਦੇਸ਼ ਦਾ ਦੂਜਾ ਸਰਵਉੱਚ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਅਤੇ ਨਿਸ਼ਾਨੇ ਖ਼ਾਲਸਾ ਸਨਮਾਨ ਮਿਲੇ। ਉਹਨਾਂ ਨੂੰ 2010 ਵਿਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਅਤੇ ਜਨਵਰੀ 2014 ਵਿਚ ਕਿੰਗਜ਼ ਕਾਲਜ ਲੰਡਨ ਵੱਲੋਂ ਫੈਲੋਸ਼ਿਪ ਪ੍ਰਦਾਨ ਕੀਤੀ ਗਈ। 2013 ਵਿਚ ਉਹਨਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ। ਅੰਤ ਉਹ 20 ਮਾਰਚ, 2014 ਨੂੰ ਇਕ ਸਦੀ ਤੋਂ ਕੁਝ ਮਹੀਨੇ ਘੱਟ ਜ਼ਿੰਦਗੀ ਮਾਣ ਕੇ ਇਸ ਸੰਸਾਰ ਤੋਂ ਚਲੇ ਗਏ।
- ਦਲਜੀਤ ਰਾਏ ਕਾਲੀਆ ,
97812-00168