ਜੇ ਬੱਚਾ ਮੁੰਡਾ ਹੋਵੇ ਤਾਂ ਰਿਵਾਜ ਉਸ ਨਾਲ ਵਧੇਰੇ ਜੁੜੇ ਹੁੰਦੇ ਹਨ। ਪੁੱਤਰ ਦੀ ਪ੍ਰਾਪਤੀ ਨਾਲ ਔਰਤ ਦੀ ਆਪਣੇ ਸਹੁਰੇ ਘਰ ਵਿਚ ਕਦਰ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਔਰਤ ਗਰਭਵਤੀ ਹੁੰਦੀ ਹੈ ਤਾਂ ਅਸੀਂਸਾਂ ਵੀ ਪੁੱਤਰ ਪ੍ਰਾਪਤੀ ਦੀਆਂ ਹੀ ਦਿੱਤੀਆਂ ਜਾਂਦੀਆਂ ਹਨ, ਜਿਵੇਂ ਕਿ ਦੁਧੀ ਪੱਤੀ ਫਲੇ, ਘਰ ਵਿਚ ਸ਼ੇਰ ਪੁੱਤ ਆਵੇ, ਪੁੱਤ ਪੋਤਿਆਂ ਵਾਲੀ ਹੋਵੇ ਆਦਿ। ਸੋ ਪੰਜਾਬੀ ਸੱਭਿਆਚਾਰ ਵਿਚ ਵੀ ਜ਼ਿਆਦਾ ਚਾਅ ਮੁੰਡੇ ਦੇ ਜਨਮ ਨਾਲ ਜੁੜੇ ਹੁੰਦੇ ਹਨ।

ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਇਹ ਸਾਡਾ ਵਿਲੱਖਣ, ਲਗਾਤਾਰ ਚੱਲਣ ਵਾਲਾ ਤੇ ਸੁਤੰਤਰ ਸੱਭਿਆਚਾਰ ਹੈ। ਪੰਜਾਬੀ ਸੱਭਿਆਚਾਰ ਮੁੱਢੋਂ ਹੀ ਅਮੀਰ ਤੇ ਵਿਸ਼ਾਲ ਹੈ। ਜਿਵੇਂ ਹਰ ਸੱਭਿਆਚਾਰ ਦੇ ਆਪਣੇ ਰੰਗ ਰਸਮ ਤੇ ਰਿਵਾਜ ਹੁੰਦੇ ਹਨ, ਸਮੁੱਚਾ ਮਨੁੱਖੀ ਜੀਵਨ ਰਸਮਾਂ ਰਿਵਾਜਾਂ ਅਧੀਨ ਹੀ ਬੱਝਾ ਹੋਇਆ ਹੁੰਦਾ ਹੈ। ਇਹ ਰਸਮ ਰਿਵਾਜ ਮਨੁੱਖ ਦੇ ਜੀਵਨ ਨੂੰ ਸਹਿਜ ਰੂਪ ਵਿਚ ਵਿਚਰਨ ਦੇ ਸਮਰੱਥ ਬਣਾਉਂਦੇ ਹਨ। ਇਸ ਤਰ੍ਹਾਂ ਪੰਜਾਬੀ ਸੱਭਿਆਚਾਰ ਵਿਚ ਵੀ ਰਸਮ-ਰਿਵਾਜ ਬਹੁਤ ਮਹੱਤਵਪੂਰਨ ਹਨ ਪਰ ਪੰਜਾਬੀ ਸੱਭਿਆਚਾਰ ਵਿਚ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਰਸਮਾਂ ਮਰਦ ਪੱਖ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ ਔਰਤਾਂ ਨੂੰ ਇਨ੍ਹਾਂ ਰਸਮਾਂ ਵਿਚ ਖ਼ਾਸ ਸਥਾਨ ਨਹੀਂ ਦਿੱਤਾ ਗਿਆ ਜਦਕਿ ਮਨੁੱਖੀ ਅਧਿਕਾਰਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਔਰਤ ਤੇ ਮਰਦਾਂ ਦੇ ਅਧਿਕਾਰ ਬਰਾਬਰ ਹਨ ਤੇ ਸੱਭਿਆਚਾਰਕ ਰਸਮਾਂ ਵੀ ਬਰਾਬਰ ਹੀ ਹੋਣੀਆਂ ਚਾਹੀਦੀਆਂ ਹਨ। ਪੰਜਾਬੀ ਸੱਭਿਆਚਾਰ ਵਿਚ ਬੱਚੇ ਦੇ ਜਨਮ ਤੋਂ ਹੀ ਰਿਵਾਜਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਤੇ ਜੇ ਬੱਚਾ ਮੁੰਡਾ ਹੋਵੇ ਤਾਂ ਰਿਵਾਜ ਉਸ ਨਾਲ ਵਧੇਰੇ ਜੁੜੇ ਹੁੰਦੇ ਹਨ। ਪੁੱਤਰ ਦੀ ਪ੍ਰਾਪਤੀ ਨਾਲ ਔਰਤ ਦੀ ਆਪਣੇ ਸਹੁਰੇ ਘਰ ਵਿਚ ਕਦਰ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਔਰਤ ਗਰਭਵਤੀ ਹੁੰਦੀ ਹੈ ਤਾਂ ਅਸੀਂਸਾਂ ਵੀ ਪੁੱਤਰ ਪ੍ਰਾਪਤੀ ਦੀਆਂ ਹੀ ਦਿੱਤੀਆਂ ਜਾਂਦੀਆਂ ਹਨ, ਜਿਵੇਂ ਕਿ ਦੁਧੀ ਪੱਤੀ ਫਲੇ, ਘਰ ਵਿਚ ਸ਼ੇਰ ਪੁੱਤ ਆਵੇ, ਪੁੱਤ ਪੋਤਿਆਂ ਵਾਲੀ ਹੋਵੇ ਆਦਿ। ਸੋ ਪੰਜਾਬੀ ਸੱਭਿਆਚਾਰ ਵਿਚ ਵੀ ਜ਼ਿਆਦਾ ਚਾਅ ਮੁੰਡੇ ਦੇ ਜਨਮ ਨਾਲ ਜੁੜੇ ਹੁੰਦੇ ਹਨ। ਕੁੜੀ ਦੇ ਜਨਮ ਦੇ ਜ਼ਿਆਦਾ ਰਸਮਾਂ ਨਹੀਂ ਕੀਤੀਆਂ ਜਾਂਦੀਆਂ ਸਗੋਂ ਇਸ ਦੇ ਉਲਟ ਕੁੜੀ ਦੇ ਜਨਮ ਸਮੇਂ ਸੋਗ ਦਾ ਵਾਤਾਵਰਣ ਛਾ ਜਾਂਦਾ ਹੈ। ਮੁੰਡੇ ਦੇ ਜਨਮ ਤੇ ਸ਼ਰੀਹ ਬੰਨ੍ਹਣ ਦਾ ਰਿਵਾਜ, ਖੁਸਰੇ ਨਚਾਉਣੇ, ਛਟੀ ਦੀ ਰਸਮ, ਛੂਛਕ ਦੀ ਰਸਮ ਲੋਹੜੀ ਦੀ ਰਸਮ ਆਦਿ ਹੁੰਦੀਆਂ ਹਨ। ਇਸੇ ਤਰ੍ਹਾਂ ਵਿਆਹ ਸਮੇਂ ਵੀ ਜ਼ਿਆਦਾਤਰ ਰਸਮਾਂ ਮਰਦ ਪੱਖ ਦੀਆਂ ਹੁੰਦੀਆਂ ਹਨ, ਜਿਵੇਂ ਜੰਡੀ ਕੱਟਣਾ, ਘੋੜੀ ਚੜਨਾ, ਸਿਹਰਾ ਬੰਨ੍ਹਣਾ, ਸੁਰਮਾ ਪਵਾਈ, ਗਾਨਾ ਬੰਨਣਾ ਆਦਿ ਹਰੇਕ ਰਸਮ ਵਿਚ ਮੁੰਡੇ ਵਾਲੀ ਧਿਰ ਨੂੰ ਅੱਗੇ ਕੀਤਾ ਜਾਂਦਾ ਹੈ।
ਇਸ ਤਰ੍ਹਾਂ ਜੇ ਅਸੀਂ ਗੱਲ ਕਰੀਏ ਪੰਜਾਬੀ ਸੱਭਿਆਚਾਰ ਵਿਚ ਮੌਤ ਨਾਲ ਸਬੰਧਿਤ ਰਸਮਾਂ ਦੀ ਤਾਂ ਇੱਥੇ ਵੀ ਮਰਦ ਸੱਭਿਆਚਾਰ ਹੀ ਭਾਰੂ ਦਿਖਾਈ ਦਿੰਦਾ ਹੈ। ਇੱਥੇ ਵੀ ਔਰਤ ਨੂੰ ਕਿਸੇ ਕਿਸਮ ਦੀ ਪਹਿਲ ਨਹੀਂ ਦਿੱਤੀ ਜਾਂਦੀ, ਜਦੋਂ ਕੋਈ ਬਜ਼ੁਰਗ ਆਪਣੇ ਪ੍ਰਾਣ ਤਿਆਗ ਦਿੰਦਾ ਹੈ ਤਾਂ ਗੋਡਾ ਨਿਵਾਣਾ, ਮਰਨ ਵਾਲੇ ਦੇ ਮੂੰਹ ਗੰਗਾ ਜਲ ਪਾਉਣਾ, ਸ਼ਮਸ਼ਾਨ ਘਾਟ ਤੱਕ ਲੈ ਕੇ ਜਾਣਾ, ਅਰਥੀ ਨੂੰ ਮੋਢਾ ਦੇਣ ਅਜਿਹੀਆਂ ਰਸਮਾਂ ਵਿਚ ਪੁੱਤਰ ਨੂੰ ਅੱਗੇ ਕੀਤਾ ਜਾਂਦਾ ਹੈ ਜਾਂ ਅਜਿਹੀਆਂ ਰਸਮਾਂ ਮਰਦਾ ਵੱਲੋਂ ਹੀ ਨਿਭਾਈਆਂ ਜਾਂਦੀਆਂ ਹਨ। ਇੱਥੋਂ ਤੱਕ ਕਿ ਚਿਖਾ ਨੂੰ ਅੱਗ ਲਾਉਣਾ, ਕਪਾਲ ਕਿਰਿਆ, ਫੁੱਲ ਚੁਗਣੇ ਆਦਿ ਰਸਮਾਂ ਜ਼ਿਆਦਾਤਰ ਮਰਦਾ ਵੱਲੋਂ ਕੀਤੀਆਂ ਜਾਂਦੀਆਂ ਹਨ। ਔਰਤਾਂ ਵੱਲੋਂ ਇਹ ਰਸਮਾਂ ਦਾ ਅਧਿਕਾਰ ਬਹੁਤ ਘੱਟ ਗਿਣਤੀ ਵਿਚ ਹੁੰਦਾ ਹੈ। ਮਨੁੱਖੀ ਅਧਿਕਾਰ ਮਨੁੱਖ ਦੇ ਬਹੁਪੱਖੀ ਵਿਕਾਸ ਲਈ ਹੁੰਦੇ ਹਨ ਪਰ ਪੰਜਾਬੀ ਸੱਭਿਆਚਾਰ ਵਿਚ ਮਰਦਾਂ ਦੇ ਅਧਿਕਾਰ ਜ਼ਿਆਦਾਤਰ ਭਾਰੂ ਹਨ। ਜਨਮ ਵਿਆਹ ਤੇ ਮੌਤ ਨਾਲ ਸਬੰਧਿਤ ਰਸਮਾਂ ਵਿਚ ਜ਼ਿਆਦਾਤਰ ਪਹਿਲ ਮਰਦ ਪੱਖ ਨੂੰ ਹੀ ਦਿੱਤੀ ਜਾਂਦੀ ਹੈ। ਵਰਤਮਾਨ ਸਮੇਂ ਬੇਸ਼ਕ ਔਰਤ ਮਰਦ ਦਾ ਪੱਖ ਬਰਾਬਰੀ ਵੱਲ ਜਾ ਰਿਹਾ ਹੈ। ਪੜ੍ਹੇ ਲਿਖੇ ਲੋਕਾਂ ਦਾ ਨਜ਼ਰੀਆ ਬਦਲ ਰਿਹਾ ਹੈ। ਹੁਣ ਕੁੜੀਆਂ ਦੀ ਲੋਹੜੀ ਮਨਾਈ ਜਾਣ ਲੱਗੀ ਹੈ। ਔਰਤਾਂ ਨੂੰ ਅਧਿਕਾਰ ਮਿਲ ਰਹੇ ਹਨ। ਇਨ੍ਹਾਂ ਸਾਰੀਆਂ ਤਬਦੀਲੀਆਂ ਦੇ ਬਾਵਜੂਦ ਔਰਤਾਂ ਦੇ ਹੱਕ ਤੇ ਅਧਿਕਾਰ ਅਜੇ ਵੀ ਅਧੂਰੇ ਹਨ, ਜਿਵੇਂ ਕਿ ਵਰਤਮਾਨ ਸਮੇਂ ਦੇਖਣ ਵਿਚ ਆ ਰਿਹਾ ਹੈ ਕਿ ਭਰੂਨ ਹੱਤਿਆ, ਦਾਜ ਪ੍ਰਥਾ, ਜਬ-ਜਨਾਹ ਜਿਹੀਆਂ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ ਹਨ। ਔਰਤਾਂ ਵਿਰੁੱਧ ਹਿੰਸਾ, ਛੋਟੀਆਂ ਕੁੜੀਆਂ ਨਾਲ ਜਬਰ-ਜਨਾਹ ਦਾ ਵਰਤਾਰਾ ਤਾਂ ਆਮ ਹੀ ਦੇਖਣ ਨੂੰ ਮਿਲ ਰਿਹਾ ਹੈ। ਸੋ ਪੰਜਾਬੀ ਸੱਭਿਆਚਾਰ ਵਿਚ ਔਰਤਾਂ ਦੇ ਅਧਿਕਾਰਾਂ ਦਾ ਵਿਸ਼ਾ ਮਹੱਤਵਪੂਰਨ ਹੈ ਪਰ ਹਕੀਕਤ ਵਿਚ ਸਮਾਜਿਕ ਰੁਕਾਵਟਾਂ ਨੇ ਉਸ ਦੇ ਅਧਿਕਾਰਾਂ ਨੂੰ ਸੀਮਤ ਕਰ ਦਿੱਤਾ ਹੈ। ਪੰਜਾਬ ਦਾ ਜ਼ਿਆਦਾਤਰ ਸੱਭਿਆਚਾਰਕ ਪੱਖ ਅਜੇ ਵੀ ਮਰਦ ਪ੍ਰਧਾਨ ਹੀ ਹੈ। ਸੋ ਪੰਜਾਬੀ ਸੱਭਿਆਚਾਰ ਵਿਚ ਰਸਮ ਰਿਵਾਜਾਂ ਦੇ ਸੰਦਰਭ ਵਿਚ ਔਰਤਾਂ ਦੀ ਸਥਿਤੀ ਜ਼ਿਆਦਾ ਚੰਗੀ ਨਹੀਂ ਦਿਖਾਈ ਦੇ ਰਹੀ।
- ਇੰਦਰਪ੍ਰੀਤ ਕੌਰ
98886-90280
--------------------------