ਜੇਕਰ ਕੋਈ ਜੰਞੀ ਸੋਹਣਾ ਸੁਨੱਖਾ ਹੋਵੇ ਤਾਂ ਵੀ ਉਹ ਕੁੜੀਆਂ ਦੇ ਅੱਖ ਤਿਣ ਚੜ੍ਹ ਜਾਂਦਾ ਹੈ ਤੇ ਉਹ ਸੁਨੱਖੀਆਂ ਅਤੇ ਸ਼ੁਕੀਨ ਕੁੜੀਆਂ ਨਾਲ ਅਨੰਦ ਦੀਆਂ ਦੋ ਘੜੀਆਂ ਬਿਤਾਉਣ ਲਈ ਕੋਈ ਨਾ ਕੋਈ ਬਹਾਨਾ ਭਾਲਦਾ ਹੈ| ਉਹ ਵੀ ਉਨ੍ਹਾਂ ਨੂੰ ਕੁਝ ਨਾ ਕੁਝ ਕਹਿੰਦਾ ਹੈ ਜਾਂ ਕੋਈ ਹੋਰ ਸ਼ਰਾਰਤ ਕਰ ਦਿੰਦਾ ਹੈ ਤਾਂ ਕੁੜੀਆਂ ਵੀ ਉਸ ਦੀ ਪੂਰੀ ਛੋਤ ਲਾਹੁੰਦੀਆਂ ਹਨ।

ਵਿਆਹਾਂ ਮੌਕੇ ਸਿੱਠਣੀਆਂ ਦੇਣਾ ਵੀ ਇਕ ਕਲਾ ਹੈ, ਇਹ ਹਰ ਔਰਤ ਦੇ ਵੱਸ ਦੀ ਗੱਲ ਨਹੀਂ| ਇਹ ਸਿੱਠਣੀਆਂ ਦਾ ਰਿਵਾਜ ਹੁਣ ਲੋਪ ਹੋ ਗਿਆ| ਔਰਤਾਂ ਨੂੰ ਇਸ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਅਤੇ ਨਾਲ ਹੀ ਗਾਉਣ ਦਾ ਢੰਗ ਵੀ| ਇਸ ਤੋਂ ਇਲਾਵਾ ਸਾਡੇ ਸੱਭਿਆਚਾਰ ਅਨੁਸਾਰ ਛੋਟੇ-ਛੋਟੇ ਸ਼ਗਨ ਕਰਦਿਆਂ ਹੀ ਕਾਫ਼ੀ ਸਮਾਂ ਲੱਗਦਾ ਹੈ| ਮੁੰਡੇ ਦੇ ਵਿਆਹ ਵਿਚ ਬਰਾਤੀ ਆਪਣੀ ਤਿਆਰੀ ਆਪ ਕਰਦੇ ਹਨ| ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਹੁੰਦੀ| ਬਰਾਤ ਲੈ ਕੇ ਜਾਣ ਦੀ ਪਰੰਪਰਾ ਆਦਿ ਕਾਲ ਤੋਂ ਹੀ ਹੈ| ਲਾੜੇ ਦੇ ਨਾਲ ਸਰਬਾਲਾ ਤੇ ਬਰਾਤੀ ਹੁੰਦੇ ਹਨ| ਬਰਾਤ ਲਈ ਇਕ ਸ਼ਬਦ ਹੋਰ ਵੀ ਵਰਤਿਆ ਜਾਂਦਾ ਹੈ ਜਿਸ ਨੂੰ ਮਾਲਵੇ ਦੇ ਇਲਾਕੇ ਵਿਚ ਜੰਨ ਕਹਿੰਦੇ ਹਨ ਤੇ ਲਾੜੇ ਦੇ ਨਾਲ ਆਉਣ ਵਾਲਿਆਂ ਨੂੰ ਜਾਨੀ|
ਵਿਆਹ ਸ਼ਾਦੀ ਵੇਲੇ ਖ਼ੁਸ਼ੀ ਦੇ ਮੌਕੇ ਇਕ ਦੂਜੇ ਨਾਲ ਹੱਸਦੇ ਹਨ ਤਾਂ ਮੇਲਣਾਂ ਵੀ ਜਾਨੀਆਂ ਨੂੰ ਮਖ਼ੌਲ ਕਰਦੀਆਂ ਹਨ| ਵਿਆਹ ਵੇਲੇ ਇਹੋ ਜਿਹੇ ਮਖ਼ੌਲ/ਮਸ਼ਕਰੀਆਂ ਤਾਂ ਹੁੰਦੀਆਂ ਹੀ ਹਨ ਪਰ ਇਸ ਦੇ ਨਾਲ ਹੀ ਗੀਤਾਂ ਰਾਹੀਂ ਜਾਨੀਆਂ ਨੂੰ ਮਖ਼ੌਲ ਕਰ ਕੇ ਉਨ੍ਹਾਂ ਦੀ ‘ਬੇਇੱਜ਼ਤੀ’ ਕਰਨ ਨੂੰ ਸਿੱਠਣੀਆਂ ਦੇਣਾ ਕਿਹਾ ਜਾਂਦਾ ਹੈ| ਸਮਾਜ ਵਿਚ ਬੰਦਿਸ਼ਾਂ ਦੇ ਬਾਵਜੂਦ ਔਰਤਾਂ ਨੂੰ ਬਰਾਤੀਆਂ ਜਾਂ ਜਾਨੀਆਂ ਨੂੰ ਮਖ਼ੌਲ ਕਰਨ ਦੀ ਖੁੱਲ੍ਹ ਹੈ| ਵਿਆਹ ਸ਼ਾਦੀ ਦੇ ਮੌਕੇ ਹੀ ਖੁੱਲ੍ਹ ਕੇ ਹੱਸਿਆ ਖੇਡਿਆ ਜਾਣਾ ਚਾਹੀਦਾ ਹੈ ਤਾਂ ਹੀ ਖ਼ੁਸ਼ੀ ਵਧਦੀ ਹੈ। ਉਸ ਸਮੇਂ ਹੋਏ ਹਾਸੇ ਠੱਠੇ ਦਾ ਕੋਈ ਗੁੱਸਾ ਨਹੀਂ ਕਰਦਾ| ਬਰਾਤੀ ਜਾਂ ਜਾਨੀ ਵਿਆਹ ਦੀ ਰੌਣਕ ਹੁੰਦੇ ਹਨ| ਲਾੜਾ ਜਾਨੀਆਂ ਨਾਲ ਹੀ ਸੋਂਹਦਾ ਹੈ। ਬਰਾਤ ਵਾਜੇ ਵੱਜਦਿਆਂ ਹੀ ਚੜ੍ਹਦੀ ਹੈ। ਇਸ ਦਾ ਮਤਲਬ ਖੁ਼ਸ਼ੀ ਦੇ ਨਾਲ-ਨਾਲ ਆਪਣੇ ਪਹੁੰਚਣ ਦਾ ਸੰਕੇਤ ਵੀ ਦਿੱਤਾ ਜਾਂਦਾ ਹੈ| ਉਂਝ ਤਾਂ ਬੈਂਡ ਵਾਜਾ ਹੀ ਵਜਾਇਆ ਜਾਂਦਾ ਹੈ ਪਰ ਕਿਸੇ ਸਮੇਂ ਬੀਨਾ ਵਾਜਾ ਵੀ ਲੋਕ ਲੈ ਜਾਂਦੇ ਸਨ| ਪਹਿਲਾਂ ਲੋਕ ਬਰਾਤ ਦੇ ਨਾਲ ਕਵੀਸ਼ਰਾਂ ਨੂੰ ਵੀ ਲੈ ਕੇ ਜਾਂਦੇ ਸਨ| ਕੁਝ ਲੋਕ ਵਿਆਹ ਸ਼ਾਦੀ ਦੇ ਮੌਕੇ ਗਾਇਕਾਂ ਨੂੰ ਵੀ ਗਾਉਣ ਵਾਸਤੇ ਲੈ ਕੇ ਜਾਂਦੇ ਹਨ| ਇੰਨ੍ਹਾਂ ਨੂੰ ਗਵੰਤਰੀਏ ਵੀ ਕਹਿ ਦਿੰਦੇ ਸਨ। ਇੰਨ੍ਹਾਂ ਦੇ ਅਖਾੜੇ ਲੱਗਦੇ ਸਨ ਅਤੇ ਹੁਣ ਵੀ ਲੱਗਦੇ ਹਨ। ਜੇਕਰ ਮਜਬੂਰੀ ਵੱਸ ਕੋਈ ਬਰਾਤ ਵਿਚ ਵਾਜਾ ਨਾ ਲੈ ਕੇ ਗਿਆ ਹੋਵੇ ਤਾਂ ਉਸ ਲਈ ਪਹਿਲਾਂ ਇਹੀ ਸਿੱਠਣੀ ਪੇਸ਼ ਕੀਤੀ ਜਾਂਦੀ ਹੈ। ਮੁੰਡੇ ਦੇ ਪਿਓ ਨੂੰ ਸਿੱਠਣੀ ਦਿੱਤੀ ਜਾਂਦੀ ਹੈ।
ਇੱਥੇ ਹੀ ਸ਼ੁਰੂਆਤ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਸਿੱਠਣੀਆਂ ਦੀ ਝੜੀ ਲਾ ਦਿੱਤੀ ਜਾਂਦੀ ਹੈ| ਬਰਾਤੀਆਂ ਨੂੰ ਔਰਤਾਂ ਵੱਖ-ਵੱਖ ਵਿਸ਼ੇਸ਼ਣਾਂ ਨਾਲ ਸੰਬੋਧਨ ਕਰਦੀਆਂ ਹਨ। ਸ਼ਬਦਾਂ ਦੀ ਵਰਤੋਂ ਕਰਨ ਵੇਲੇ ਉਨ੍ਹਾਂ ਦੀ ਚੋਣ ਅਜਿਹੀ ਕੀਤੀ ਜਾਂਦੀ ਹੈ ਕਿ ਉਹ ਕੰਨਾਂ ਵਿਚ ਰਸ ਘੋਲਦੇ ਹਨ| ਭਾਵੇਂ ਉਨ੍ਹਾਂ ’ਚ ਗਾਲ੍ਹਾਂ ਕਿਉਂ ਨਾ ਹੋਣ ਪਰ ਸਾਰੇ ਹੀ ਇਸ ਨੂੰ ਬਰਦਾਸ਼ਤ ਕਰ ਲੈਂਦੇ ਹਨ। ਜੇਕਰ ਕੋਈ ਜੰਨ ਛੁੜਾਉਣ ਲਈ ਖੜ੍ਹਾ ਹੋ ਜਾਂਦਾ ਤੇ ਉਸ ਨੂੰ ਹੱਥ ਜੋੜ ਕੇ ਬਿਠਾ ਦਿੰਦੇ ਤਾਂ ਕੁੜੀਆਂ ਜਾਂ ਮੇਲਣਾਂ ਸਿੱਠਣੀ ਦੇ ਦਿੰਦੀਆਂ।
‘ਤੈਨੂੰ ਜੰਝ ਛਡਾਉਣੀ ਨਾ ਆਈ,
ਕੱਚਾ ਹੁੰਦਾ ਬੈਠ ਵੇ ਗਿਆ।
ਤੈਨੂੰ ਭੈਣ ਦੇਣੀ ਨਾ ਆਈ
ਕੱਚਾ ਹੁੰਦਾ ਬਹਿ ਵੇ ਗਿਆ।’
ਜਾਂ
ਤੈਨੂੰ ਬੇਬੇ ਦੇਣੀ ਨਾ ਆਈ
ਕੱਚਾ ਹੁੰਦਾ ਬਹਿ ਵੇ ਗਿਆ।
ਉਸ ਤੋਂ ਬਾਅਦ ਜਾਨੀਆਂ ਨੂੰ ਸਿੱਠਣੀਆਂ ਦੇਣ ਦਾ ਕੰਮ ਚੱਲ ਪੈਂਦਾ ਹੈ। ਫਿਰ ਤਾਂ ਸਿੱਧਾ ਹੀ ਸੰਬੋਧਨ ਕਰ ਕੇ ਇੰਝ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ।
‘ਜਾਨੀ ਆਏ ਨੀਂ ਠੇਠਾਂ ਦੇ ਠੇਠ
ਭੈਣਾਂ ਦੇ ਜੇਠ
ਬੱਧੀ ਰੋਟੀ ਖਾ ਨੀਂ ਗਏ।
ਜਾਨੀ ਆਏ ਨੀਂ ਕੰਧਾਂ ਦੇ ਲਿਉੜ,
ਭੈਣਾਂ ਦੇ ਦਿਉਰ।
ਬੱਧੀ ਰੋਟੀ ਖਾ ਨੀਂ ਗਏ।
ਜੇਕਰ ਕੋਈ ਜੰਞੀ ਸੋਹਣਾ ਸੁਨੱਖਾ ਹੋਵੇ ਤਾਂ ਵੀ ਉਹ ਕੁੜੀਆਂ ਦੇ ਅੱਖ ਤਿਣ ਚੜ੍ਹ ਜਾਂਦਾ ਹੈ ਤੇ ਉਹ ਸੁਨੱਖੀਆਂ ਅਤੇ ਸ਼ੁਕੀਨ ਕੁੜੀਆਂ ਨਾਲ ਅਨੰਦ ਦੀਆਂ ਦੋ ਘੜੀਆਂ ਬਿਤਾਉਣ ਲਈ ਕੋਈ ਨਾ ਕੋਈ ਬਹਾਨਾ ਭਾਲਦਾ ਹੈ| ਉਹ ਵੀ ਉਨ੍ਹਾਂ ਨੂੰ ਕੁਝ ਨਾ ਕੁਝ ਕਹਿੰਦਾ ਹੈ ਜਾਂ ਕੋਈ ਹੋਰ ਸ਼ਰਾਰਤ ਕਰ ਦਿੰਦਾ ਹੈ ਤਾਂ ਕੁੜੀਆਂ ਵੀ ਉਸ ਦੀ ਪੂਰੀ ਛੋਤ ਲਾਹੁੰਦੀਆਂ ਹਨ।
‘ਛੰਨਾ ਭਰਿਆ ਕਣਕ ਦਾ
ਨਾਭੀ ਪੱਗ ਵਾਲਿਆ,
ਵਿੱਚੋਂ ਚੁਗਦੀ ਵੇ ਰੋੜ।
ਮੇਰੇ ਬੰਨ੍ਹੀ ਕੀ ਦੇਖਦਾ|’
ਕੋਈ ਵੀ ਜਾਨੀ ਅਜਿਹਾ ਨਹੀਂ ਹੁੰਦਾ ਜੋ ਗੁੱਸਾ ਕਰੇ| ਹਰ ਜਾਨੀ ਇਸ ਮੌਕੇ ਮੇਲਣਾਂ ਦੀਆਂ ਨਜ਼ਰਾਂ ਵਿਚ ਚੜ੍ਹਨਾ ਚਾਹੁੰਦਾ ਹੈ ਤੇ ਕਈ ਤਾਂ ਇੱਥੋਂ ਹੀ ਅੱਖਾਂ ਚਾਰ ਕਰ ਕੇ ਮੁੜ ਜਾਂਦੇ ਹਨ| ਉੱਧਰ ਮੇਲਣਾਂ ਵੀ ਨਵੇਂ ਤੋਂ ਨਵੇਂ ਸ਼ਬਦ ਚਿੰਨ੍ਹਾਂ ਰਾਹੀਂ ਜਾਨੀਆਂ ਨੂੰ ਛੇੜਦੀਆਂ ਹਨ। ਭਾਵੇਂ ਅਗਲੇ ਵਿਚ ਕੋਈ ਔਗੁਣ ਹੋਵੇ ਜਾਂ ਨਾ ਹੋਵੇ-
‘ਕਾਣਿਆਂ,
ਵੇ ਲੱਜ ਮਾਰਿਆ,
ਕਾਣਿਆਂ,
ਵੇ ਤੂੰ ਕਿਉਂ ਆਇਆ,
ਵੇ ਸੰਸਾਰ,
ਹੱਥ ਨਾ ਬੱਧਾ ਕੰਗਣਾ,
ਵੇ ਤੇਰੇ ਬੂਹੇ ਨਾ ਬੈਠੀ,
ਵੇ ਅਕਲੋਂ ਕੋਰਿਆ, ਨਾਰ’।
ਜੇਕਰ ਔਰਤਾਂ ਲੋਕਯਾਨ ਤੋਂ ਜਾਣੂੰ ਹਨ ਤਾਂ ਆਦਮੀ ਵੀ ਘੱਟ ਨਹੀਂ ਹਨ| ਉਨ੍ਹਾਂ ਨੂੰ ਵੀ ਜਵਾਬ ਦੇਣਾ ਆਉਂਦਾ ਹੈ ਤਾਂ ਉਹ ਇਸ ਤਰ੍ਹਾਂ ਜਵਾਬ ਦਿੰਦੇ ਹਨ ।
‘ਕਾਣਾ ਹਾਂ ਮੈਂ ਠੀਕ ਚਤਰੇ,
ਕਾਣਾ ਹਾਂ ਨ੍ਹੀਂ ਪ੍ਰਤੱਖ।
ਤੈਨੂੰ ਬਣਾ ਲਵਾਂ ਵਹੁਟੜੀ
ਨੀਂ ਤੇਰੀ ਮਾਂ ਨੂੰ ਬਣਾ ਲਵਾਂ
ਨੀਂ ਚਤਰੇ ਕੰਨ ਕਰੀਂ, ਸੱਸ।
ਅਜਿਹਾ ਜਵਾਬ ਲੈ ਕੇ ਸਿੱਠਣੀ ਦੇਣ ਵਾਲੀ ਵੀ ਹੈਰਾਨ ਰਹਿ ਜਾਂਦੀ ਹੈ| ਜਾਨੀ ਆਉਂਦੇ ਹੀ ਹਾਸੇ-ਠੱਠੇ ਵਾਸਤੇ ਹਨ| ਉਹ ਵੀ ਕੁੜੀਆਂ ਨੂੰ ਕੁੱਝ ਨਾ ਕੁੱਝ ਕਹਿ ਕੇ ਛੇੜਦੇ ਹਨ। ਕੁੜੀਆਂ ਵੀ ਉਨ੍ਹਾਂ ਦੀ ਮਾਂ, ਭੈਣ ਤੱਕ ਸਿੱਠਦੀਆਂ ਹਨ। ਕੁੜੀਆਂ ਜਾਨੀਆਂ ਨੂੰ ਇੰਝ ਵੀ ਛੇੜਦੀਆਂ ਹਨ- ‘ਚੁਟਕੀ ਮਾਰਾਂ ਰਾਖ ਦੀ, ਪਿਆਜ਼ੀ ਪੱਗ ਵਾਲਿਆ|’ ਜਾਨੀਆਂ ਵਿਚ ਮੁੰਡੇ ਦੇ ਰਿਸ਼ਤੇਦਾਰ, ਯਾਰ ਦੋਸਤ ਹੁੰਦੇ ਹਨ| ਇਸ ਤੋਂ ਬਿਨ੍ਹਾਂ ਚਾਚੇ-ਤਾਏ, ਦਾਦੇ-ਬਾਬੇ ਹੁੰਦੇ ਹਨ| ਉਨ੍ਹਾਂ ਨੂੰ ਵੀ ਦੋਹੇ ਲਾਏ ਜਾਂਦੇ ਹਨ ਪਰ ਜ਼ਿਆਦਾ ਅੜੀ-ਝੜੀ ਗੱਭਰੂਆਂ ਨਾਲ ਹੀ ਹੁੰਦੀ ਹੈ| ਵੱਡੀ ਉਮਰ ਦੇ ਜਾਨੀਆਂ ਨੂੰ ਵੀ ਛੇੜਿਆ ਜਾਂਦਾ ਹੈ| ਉਂਝ ਵੱਡੀ ਉਮਰ ਦੀਆਂ ਔਰਤਾਂ ਹੀ ਵੱਡੇ ਵਿਅਕਤੀਆਂ ਨੂੰ ਛੇੜਦੀਆਂ ਹਨ| ਗੱਲ ਵੀ ਕਹਿ ਦੇਣੀ ਤੇ ਗੁੱਸਾ ਨਾ ਮੰਨਣ ਬਾਰੇ ਪਹਿਲਾਂ ਹੀ ਕਹਿ ਦੇਣਾ ਕਿਉਂਕਿ ਸੱਗੇ ਰੱਤੇ ਸਾਕਾਂ ਨਾਲ ਮਖ਼ੌਲ ਕਰਨ ਦਾ ਇਹ ਉਚਿੱਤ ਤਰੀਕਾ ਹੈ ਅਤੇ ਸਮਝਦਾਰੀ ਦੀ ਨਿਸ਼ਾਨੀ ਹੈ| ਬਰਾਤ ਬੜੇ ਚਾਅ ਨਾਲ ਆਉਂਦੀ ਹੈ। ਲਾੜੇ ਦੇ ਹਮਾਇਤੀ ਜਾਨੀ ਉਸ ਦੇ ਬਹਾਨੇ ਕੁੜੀਆਂ ਨਾਲ ਮਖ਼ੌਲ ਕਰ ਕੇ ਮਨ ਪਰਚਾਉਂਦੇ ਹਨ ਅਤੇ ਖ਼ੁਸ਼ੀ ਵਧਾਉਂਦੇ ਹਨ। ਜਦੋਂ ਬਰਾਤ ਢੁੱਕਦੀ ਹੈ ਤਾਂ ਉਸ ਸਮੇਂ ਲੜਕੀ ਦੇ ਪਰਿਵਾਰ ਵਿੱਚੋਂ ਚਾਚੇ ਤਾਏ ਅਤੇ ਹੋਰ ਰਿਸ਼ਤੇਦਾਰਾਂ ਤੋਂ ਬਿਨ੍ਹਾਂ ਪਿੰਡ ਦੇ ਪਤਵੰਤੇ ਸੱਜਣ ਵੀ ਹਾਜ਼ਰ ਹੁੰਦੇ ਹਨ। ਪਹਿਲਾਂ ਬਰਾਤੀ ਊਠ, ਘੋੜਿਆਂ-ਘੋੜੀਆਂ ਆਦਿ ’ਤੇ ਆਉਂਦੇ ਸਨ ਅਤੇ ਆਪੋ-ਆਪਣੀ ਸਵਾਰੀ ਦਾ ਆਪ ਪ੍ਰਬੰਧ ਕਰਦੇ ਸਨ| ਉਸ ਤੋਂ ਬਾਅਦ ਬੱਸਾਂ ਅਤੇ ਕਾਰਾਂ ਚੱਲਣ ਲੱਗ ਪਈਆਂ। ਊਠ, ਘੋੜਿਆਂ ਦੀ ਸਵਾਰੀ ਕਰਨ ਲਈ ਬਰਾਤ ਜਾਣ ਵੇਲੇ ਉਨ੍ਹਾਂ ਨੂੰ ਸ਼ਿੰਗਾਰਿਆ ਜਾਂਦਾ ਸੀ| ਉਨ੍ਹਾਂ ਦੇ ਗਲ਼ ਵਿਚ ਗਾਨੀਆਂ ਪਾਈਆਂ ਜਾਂਦੀਆਂ ਸਨ| ਇਹ ਲੋਗੜੀ ਨਾਲ ਤਿਆਰ ਕਰ ਕੇ ਫੁੱਲ ਲਾਏ ਜਾਂਦੇ ਸਨ| ਜਾਨੀ ਆਪ ਵੀ ਕੈਂਠੇ, ਕੰਨੀਂ ਮੁੰਦਰਾਂ ਅਤੇ ਛਾਪਾਂ ਛੱਲੇ ਪਾਉਂਦੇ ਸਨ| ਜਾਨੀਆਂ ਦੀ ਵਧੀਆ ਠੁੱਕ ਦੇਖ ਕੇ ਉਨ੍ਹਾਂ ਨੂੰ ਦੇਖਣ ਦੀ ਚਾਹਤ ਕੁੜੀਆਂ ਵਿਚ ਵੀ ਹੁੰਦੀ ਅਤੇ ਕਈ ਵਾਰ ਇੱਥੋਂ ਹੀ ਰਿਸ਼ਤੇ ਜੁੜ ਜਾਂਦੇ। ਔਰਤਾਂ ਉਨ੍ਹਾਂ ਨੂੰ ਆਪਣੀ ਮਰਜ਼ੀ ਅਨੁਸਾਰ ਦੋਹੇ ਲਾਉਂਦੀਆਂ :
ਆਉਂਦੇ ਜਾਨੀ ਇਉਂ ਆਏ
ਜਿਉਂ ਫੁੱਲਿਆ ਸਰ੍ਹੋਂ ਦਾ ਜੀ ਖੇਤ
ਜਾਂਦੇ ਜਾਨੀ ਇਉਂ ਗਏ
ਜਿਉਂ ਢਲਿਆ ਟਿੱਬੇ ਦਾ ਜੀ ਰੇਤ।
ਇਸ ਮੌਕੇ ਪਰਪੱਕ ਵਿਅਕਤੀ ਦੋਹੇ ਦਾ ਮੋੜਵਾਂ ਉੱਤਰ ਇਉਂ ਦਿੰਦੇ :
ਆਉਂਦੇ ਜਾਨੀ ਇਉਂ ਆਏ,ਚਤਰੇ
ਜਿਉਂ ਖੰਡ ਦੀ ਭਰੀ ਨੀਂ ਪਰਾਤ
ਜਾਂਦੇ ਜਾਨੀ ਇਉਂ ਚੱਲੇ
ਸਾਨੂੰ ਫੇਰ ਢੁੱਕਣ ਦੀ ਆਸ|
ਇਸ ਤਰ੍ਹਾਂ ਹੱਸਦਿਆਂ-ਹੱਸਦਿਆਂ ਹੀ ਰਸਮ-ਰਿਵਾਜ ਵੀ ਪੂਰੇ ਹੋ ਜਾਂਦੇ ਅਤੇ ਰਿਸ਼ਤੇਦਾਰੀ ਵੀ ਪੱਕੀਆਂ ਹੁੰਦੀਆਂ|
- ਜੋਗਿੰਦਰ ਕੌਰ