ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ
Shri 7uru hargobind singh ji : ਕੌਮ ਦੀ ਚੜ੍ਹਦੀ ਕਲਾ ਲਈ ਔਖੇ ਸਮਿਆਂ ਵਿਚ ਵੀ ਹੌਸਲਾ ਬੁਲੰਦ ਰੱਖਣ ਦਾ ਅਹਿਦ ਤੇ ਗਿਆਨ ਦੇ ਪ੍ਰਕਾਸ਼ ਨਾਲ ਸਦੀਵੀ ਜੁੜੇ ਰਹਿਣ ਦਾ ਇਕ ਤਰੀਕਾ ਵੀ ਹੈ। ਇਸ ਇਤਿਹਾਸਕ ਦਿਹਾੜੇ @ਤੇ ਮੈਂ ਸਮੂਹ ਸੰਗਤਾਂ ਤੇ ਗੁਰੂ-ਘਰ ਪ੍ਰਤੀ ਸ਼ਰਧਾ, ਪਿਆਰ ਤੇ ਸਤਿਕਾਰ ਰੱਖਣ ਵਾਲੀ ਲੋਕਾਈ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਆਦਰਸ਼ਾਂ ਨੂੰ ਜੀਵਨ ਵਿਚ ਅਪਣਾਉਣ ਦੀ ਅਪੀਲ ਕਰਦਾ ਹਾਂ।
Publish Date: Wed, 12 Dec 2018 04:59 PM (IST)
Updated Date: Wed, 12 Dec 2018 07:39 PM (IST)
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲ੍ਹੇ 'ਚੋਂ ਰਿਹਾਅ ਹੋਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਯਾਦ 'ਚ ਸਿੱਖ ਦੀਵਾਲੀ ਨੂੰ 'ਬੰਦੀ ਛੋੜ ਦਿਵਸ' ਵਜੋਂ ਮਨਾਉਂਦੇ ਹਨ। ਬੰਦੀ ਛੋੜ ਦਿਵਸ ਸਿੱਖ ਪੰਥ ਦਾ ਉਹ ਦਿਹਾੜਾ ਹੈ, ਜੋ ਸਾਨੂੰ ਸੱਚ ਦੀ ਆਵਾਜ਼ ਬਣਨ ਤੇ ਜ਼ੁਲਮ ਦੇ ਸਤਾਏ ਹੋਏ ਲੋਕਾਂ ਦੇ ਹੱਕ ਵਿਚ ਅੱਗੇ ਆਉਣ ਦੀ ਪ੍ਰੇਰਨਾ ਦਿੰਦਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਛੁਡਵਾਏ 52 ਰਾਜਿਆਂ ਦਾ ਇਤਿਹਾਸ ਸੰਭਾਲੀ ਬੈਠਾ ਇਹ ਦਿਹਾੜਾ ਪੰਥ ਵੱਲੋਂ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਇਸ ਦਿਨ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰੂਹਾਨੀ ਵਾਤਾਵਰਣ ਦਾ ਆਨੰਦ ਮਾਣਨ ਲਈ ਲੱਖਾਂ ਦੀ ਗਿਣਤੀ ਵਿਚ ਪੁੱਜਦੀਆਂ ਹਨ।
ਗੁਰੂ ਸਾਹਿਬਾਨ ਦਾ ਸਮੁੱਚਾ ਜੀਵਨ ਜਬਰ, ਜ਼ੁਲਮ ਤੇ ਅਨਿਆਂ ਦੇ ਖ਼ਿਲਾਫ਼ ਇਕ ਸੰਘਰਸ਼ ਰਿਹਾ ਹੈ ਤੇ ਸਮਕਾਲੀ ਜਰਵਾਣਿਆਂ ਵੱਲੋਂ ਸਤਾਈ ਤੇ ਦਬਾਈ ਜਾ ਰਹੀ ਪੀੜਤ ਧਿਰ ਦੀ ਆਵਾਜ਼ ਬਣ ਕੇ ਪਰਉਪਕਾਰਾਂ ਦੀ ਉਘੜਵੀਂ ਮਿਸਾਲ ਬਣਿਆ। ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਹਥਿਆਰ ਚੁੱਕਣੇ ਹੀ ਪੈਣਗੇ। ਇਸੇ ਲਈ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, ਜਿੱਥੇ ਬੀਰ-ਰਸੀ ਵਾਰਾਂ ਗਾਈਆਂ ਜਾਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖਾਂ ਨੂੰ ਚੰਗੀ ਨਸਲ ਦੇ ਘੋੜੇ ਤੇ ਸ਼ਸਤਰ ਲਿਆਉਣ ਦੇ ਹੁਕਮ ਕੀਤੇ। ਅਣਖੀਲੇ ਨੌਜਵਾਨਾਂ ਦੀ ਫ਼ੌਜ ਤਿਆਰ ਕਰ ਕੇ ਉਨ੍ਹਾਂ ਨੂੰ ਜੰਗੀ ਸਿਖਲਾਈ ਦਿੱਤੀ ਜਾਣ ਲੱਗੀ। ਇਸ 'ਤੇ ਹਕੂਮਤ ਨੂੰ ਡਰ ਸਤਾਉਣ ਲੱਗਾ। ਲੋਹਗੜ੍ਹ ਦੇ ਕਿਲ੍ਹੇ ਦੀ ਸਥਾਪਨਾ ਨਾਲ ਤਾਂ ਹਕੂਮਤ ਹੋਰ ਵੀ ਸੜ-ਬਲ ਗਈ। ਗੁਰੂ-ਘਰ ਦੇ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫਲਸਰੂਪ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ।
ਗਵਾਲੀਅਰ ਦੇ ਕਿਲ੍ਹੇ ਵਿਚ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ਨਾਲ ਹਕੂਮਤ ਦੁਆਰਾ ਬੰਦੀ ਬਣਾਏ ਗਏ ਰਾਜਿਆਂ ਦੇ ਘੋਰ ਨਿਰਾਸ਼ ਹੋ ਚੁੱਕੇ ਜੀਵਨ ਵਿਚ ਆਸ ਦੀ ਕਿਰਨ ਜਾਗ ਉੱਠੀ। ਜਿਨ੍ਹਾਂ ਰਾਜਿਆਂ ਨੇ ਇਹ ਸਮਝ ਲਿਆ ਸੀ ਕਿ ਹੁਣ ਉਨ੍ਹਾਂ ਦੀ ਹੋਣੀ ਇਸ ਕਿਲ੍ਹੇ ਦੀਆਂ ਉੱਚੀਆਂ ਕੰਧਾਂ ਦੇ ਅੰਦਰ ਹੀ ਸੀ, ਗੁਰੂ ਹਰਿਗੋਬਿੰਦ ਸਾਹਿਬ ਦੇ ਆਉਣ ਨਾਲ ਉਨ੍ਹਾਂ ਅੰਦਰ ਆਸ ਦੀ ਕਿਰਨ ਜਾਗੀ। ਇਸ ਤੋਂ ਵੀ ਵੱਧ ਗੁਰੂ ਸਾਹਿਬ ਦੇ ਉਪਦੇਸ਼ਾਂ ਦੇ ਨਿਰਮਲ ਪ੍ਰਵਾਹ ਨਾਲ ਬੰਦੀ ਰਾਜਿਆਂ ਦਾ ਭਰਮ ਤੇ ਅਗਿਆਨ ਦਾ ਹਨ੍ਹੇਰਾ ਦੂਰ ਹੋਣ ਲੱਗਾ। ਦੂਜੇ ਪਾਸੇ, ਗੁਰੂ ਸਾਹਿਬ ਦੀ ਕੈਦ ਦੀ ਖ਼ਬਰ ਸੁਣ ਕੇ ਸਿੱਖਾਂ 'ਚ ਬੇਚੈਨੀ ਪੈਦਾ ਹੋ ਗਈ। ਸੰਗਤਾਂ ਜਥੇ ਬਣਾ ਕੇ ਗਵਾਲੀਅਰ ਪੁੱਜਦੀਆਂ ਪਰ ਮੁਲਾਕਾਤ ਦੀ ਇਜਾਜ਼ਤ ਨਾ ਹੋਣ ਕਾਰਨ ਉਦਾਸ ਹੋ ਕੇ ਪਰਤ ਆਉਂਦੀਆਂ। ਗੁਰੂ ਸਾਹਿਬ ਦੀ ਕੈਦ ਵਿਰੁੱਧ ਸਿੱਖਾਂ, ਗੁਰੂ ਘਰ ਦੇ ਪ੍ਰੇਮੀਆਂ ਤੇ ਨੇਕ ਦਿਲ ਮੁਸਲਮਾਨਾਂ ਨੇ ਆਵਾਜ਼ ਉਠਾਈ, ਜਿਸ 'ਤੇ ਗੁਰੂ ਸਾਹਿਬ ਦੀ ਰਿਹਾਈ ਦਾ ਹੁਕਮ ਦੇ ਦਿੱਤਾ ਗਿਆ। ਇਸ ਨਾਲ ਕੈਦੀ ਰਾਜਿਆਂ ਨੂੰ ਮਾਯੂਸ ਹੋਏ ਵੇਖ ਕੇ ਗੁਰੂ ਸਾਹਿਬ ਨੇ ਕਿਹਾ ਕਿ ਉਹ ਇਕੱਲੇ ਨਹੀਂ ਜਾਣਗੇ, ਸਗੋਂ 52 ਕੈਦੀਆਂ ਨੂੰ ਆਪਣੇ ਨਾਲ ਰਿਹਾਅ ਕਰਵਾ ਕੇ ਲਿਜਾਣਗੇ। ਇਸ ਗੱਲ ਦਾ ਪਤਾ ਲੱਗਣ 'ਤੇ ਜਹਾਂਗੀਰ ਨੇ ਕਿਹਾ ਕਿ ਜਿੰਨੇ ਰਾਜੇ ਗੁਰੂ ਸਾਹਿਬ ਦਾ ਪੱਲਾ ਜਾਂ ਹੱਥ ਫੜ ਕੇ ਕਿਲ੍ਹੇ 'ਚੋਂ ਬਾਹਰ ਨਿਕਲ ਸਕਣ, ਉਹ ਛੱਡ ਦਿੱਤੇ ਜਾਣ। ਇਸ ਤਰ੍ਹਾਂ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਈ ਸਮੇਂ ਗੁਰੂ ਜੀ ਨੇ ਆਪਣੇ ਚੋਲੇ ਦੀਆਂ ਕਲੀਆਂ ਨਾਲ 52 ਰਾਜਿਆਂ ਦੀ ਬੰਦ-ਖਲਾਸੀ ਕਰਵਾਈ। ਗਵਾਲੀਅਰ ਤੋਂ ਸਨਮਾਨ ਸਹਿਤ ਰਿਹਾਅ ਹੋਣ ਉਪਰੰਤ ਜਦੋਂ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਵਸਾਈ ਨਗਰੀ ਸ੍ਰੀ ਅੰਮ੍ਰਿਤਸਰ ਵਿਖੇ ਪੁੱਜੇ ਤਾਂ ਬਾਬਾ ਬੁੱਢਾ ਜੀ ਦੀ ਅਗਵਾਈ ਵਿਚ ਸਮੂਹ ਨਗਰ ਵਾਸੀਆਂ ਨੇ ਖ਼ੁਸ਼ੀ ਵਿਚ ਘਰਾਂ 'ਚ ਘਿਉ ਦੇ ਦੀਵੇ ਜਗਾਏ ਅਤੇ ਗਲੀਆਂ, ਬਾਜ਼ਾਰਾਂ 'ਚ ਭਾਰੀ ਦੀਪਮਾਲਾ ਕੀਤੀ। ਇਸ ਦਿਨ ਤੋਂ ਬਾਅਦ ਸਿੱਖ ਦੀਵਾਲੀ ਨੂੰ ਬੰਦੀ ਛੋੜ ਦਿਹਾੜੇ ਦੇ ਰੂਪ ਵਿਚ ਮਨਾਉਂਦੇ ਆ ਰਹੇ ਹਨ।
ਦੂਸਰੇ ਪਾਸੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਸਿੱਖਾਂ ਲਈ ਭਿਆਨਕ ਸਮਾਂ ਆਇਆ। ਸਮੇਂ ਦੀ ਹਕੂਮਤ ਵੱਲੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਗਏ, ਜਿਸ 'ਤੇ ਉਨ੍ਹਾਂ ਦਾ ਸ੍ਰੀ ਅੰਮ੍ਰਿਤਸਰ ਆਉਣਾ ਵੀ ਮੁਸ਼ਕਿਲ ਹੋ ਗਿਆ। ਭਾਈ ਮਨੀ ਸਿੰਘ ਜੀ, ਜੋ ਉਨ੍ਹੀਂ ਦਿਨੀਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਮਹਾਨ ਸੇਵਾ ਨਿਭਾਅ ਰਹੇ ਸਨ, ਨੇ 1733 ਈਸਵੀ ਦੇ ਬੰਦੀ ਛੋੜ ਦਿਵਸ ਮੌਕੇ ਸਿੱਖ ਸੰਗਤਾਂ ਦੀ ਅੰਮ੍ਰਿਤਸਰ ਵਿਖੇ ਇਕੱਤਰਤਾ ਲਈ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਹਕੂਮਤ ਤੋਂ ਇਜਾਜ਼ਤ ਲਈ। ਓਧਰ, ਨਵਾਬ ਜ਼ਕਰੀਆ ਖ਼ਾਨ ਨੇ ਇਸ ਇਕੱਠ ਉੱਤੇ ਹਮਲਾ ਕਰ ਕੇ ਇਕੱਤਰ ਹੋਏ ਸਿੰਘਾਂ ਨੂੰ ਮਾਰ ਮੁਕਾਉਣ ਦੀ ਯੋਜਨਾ ਬਣਾ ਲਈ। ਇਸ ਗੱਲ ਦਾ ਪਤਾ ਲੱਗਣ 'ਤੇ ਭਾਈ ਸਾਹਿਬ ਨੇ ਸਿੱਖਾਂ ਨੂੰ ਅੰਮ੍ਰਿਤਸਰ ਆਉਣ ਤੋਂ ਰੋਕ ਦਿੱਤਾ। ਇਸ 'ਤੇ ਟੈਕਸ ਨਾ ਭਰਨ ਦਾ ਬਹਾਨਾ ਲਗਾ ਕੇ ਮੰਦੀ ਨੀਤ ਨਾਲ ਹਕੂਮਤ ਨੇ ਭਾਈ ਮਨੀ ਸਿੰਘ ਜੀ ਨੂੰ ਜਾਂ ਤਾਂ ਇਸਲਾਮ ਧਾਰਨ ਕਰਨ ਜਾਂ ਫਿਰ ਮੌਤ ਲਈ ਤਿਆਰ ਹੋਣ ਦਾ ਫ਼ੁਰਮਾਨ ਸੁਣਾ ਦਿੱਤਾ। ਭਾਈ ਮਨੀ ਸਿੰਘ ਜੀ ਨੇ ਕਿਹਾ ਮੈਨੂੰ ਸਿੱਖੀ ਪਿਆਰੀ ਹੈ ਜਾਨ ਨਹੀਂ, ਮੈਨੂੰ ਸ਼ਹੀਦ ਹੋਣਾ ਪ੍ਰਵਾਨ ਹੈ। ਕਾਜ਼ੀ ਵਲੋਂ ਦਿੱਤੇ ਫ਼ਤਵੇ ਅਨੁਸਾਰ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਸਾਹਿਬ ਨੇ ਦਰਸਾ ਦਿੱਤਾ ਕਿ ਸਰੀਰ ਦਾ ਬੰਦ-ਬੰਦ ਤਾਂ ਕਟਵਾਇਆ ਜਾ ਸਕਦਾ ਹੈ ਪਰ ਗੁਰੂ ਸਾਹਿਬ ਵੱਲੋਂ ਦ੍ਰਿੜ੍ਹ ਕਰਵਾਏ ਗਏ ਅਸੂਲਾਂ ਨੂੰ ਗੁਰਸਿੱਖ ਕਦੇ ਵੀ ਨਹੀਂ ਛੱਡ ਸਕਦਾ। ਇਸ ਤਰ੍ਹਾਂ ਬੰਦੀ ਛੋੜ ਦਿਹਾੜੇ ਦਾ ਸਬੰਧ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨਾਲ ਜੁੜ ਗਿਆ।
ਅੱਜ ਜਦੋਂ ਸਿੱਖ ਪੰਥ ਦੇ ਸਾਹਮਣੇ ਕਈ ਗੰਭੀਰ ਸਮੱਸਿਆਵਾਂ ਵੰਗਾਰ ਦੇ ਰੂਪ 'ਚ ਸਿਰ ਕੱਢ ਰਹੀਆਂ ਹਨ ਤਾਂ ਬੰਦੀ-ਛੋੜ ਦਿਵਸ ਸਾਨੂੰ ਹੱਕ-ਸੱਚ ਦੀਆਂ ਕਦਰਾਂ-ਕੀਮਤਾਂ 'ਤੇ ਪੂਰਨ ਰੂਪ 'ਚ ਦ੍ਰਿੜ੍ਹ ਰਹਿ ਕੇ ਸਿੱਖੀ ਸਿਦਕ ਤੇ ਹੱਕ-ਸੱਚ ਪ੍ਰਤੀ ਕਾਇਮ ਰੱਖਣ ਵਾਸਤੇ ਯਤਨਸ਼ੀਲ ਹੋਣ ਦਾ ਸੁਨੇਹਾ ਦਿੰਦਾ ਹੈ। ਇਹ ਲੋਕ ਭਲਾਈ ਦਾ ਵੀ ਗਵਾਹ ਹੈ ਤੇ ਆਪਣੇ ਧਰਮ ਲਈ ਮਰ ਮਿਟ ਜਾਣ ਦਾ ਵੀ ਸੰਦੇਸ਼ ਹੈ। ਕੌਮ ਦੀ ਚੜ੍ਹਦੀ ਕਲਾ ਲਈ ਔਖੇ ਸਮਿਆਂ ਵਿਚ ਵੀ ਹੌਸਲਾ ਬੁਲੰਦ ਰੱਖਣ ਦਾ ਅਹਿਦ ਤੇ ਗਿਆਨ ਦੇ ਪ੍ਰਕਾਸ਼ ਨਾਲ ਸਦੀਵੀ ਜੁੜੇ ਰਹਿਣ ਦਾ ਇਕ ਤਰੀਕਾ ਵੀ ਹੈ। ਇਸ ਇਤਿਹਾਸਕ ਦਿਹਾੜੇ 'ਤੇ ਮੈਂ ਸਮੂਹ ਸੰਗਤਾਂ ਤੇ ਗੁਰੂ-ਘਰ ਪ੍ਰਤੀ ਸ਼ਰਧਾ, ਪਿਆਰ ਤੇ ਸਤਿਕਾਰ ਰੱਖਣ ਵਾਲੀ ਲੋਕਾਈ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਆਦਰਸ਼ਾਂ ਨੂੰ ਜੀਵਨ ਵਿਚ ਅਪਣਾਉਣ ਦੀ ਅਪੀਲ ਕਰਦਾ ਹਾਂ।