ਧਨੀ ਰਾਮ ਚਾਤ੍ਰਿਕ ਨੇ 15 ਅਗਸਤ, 1947 ਦਾ ਸੰਤਾਪ ਆਪਣੇ ਪਿੰਡੇ ’ਤੇ ਹੰਢਾਇਆ। ਕੁਦਰਤ ਨੂੰ ਹਮੇਸ਼ਾ ਯਾਦ ਰੱਖਣ ਵਾਲਾ ਇਹ ਕਵੀ ਆਪਣੇ ਉਸ ਘਰ ਦੀ ਗੱਲ ਕਰਦਾ ਹੈ ਜਿੱਥੇ ਸਭ ਨੇ ਜਾਣਾ ਹੈ ਤੇ ਮੁੜ ਕੇ ਕਦੀਂ ਵੀ ਵਾਪਸ ਨਹੀਂ ਆਉਣਾ ।ਭਾਵੇਂ ਚਾਤ੍ਰਿਕ ਦਾ ਇਸ ਬੂਹੇ ਤੋਂ ਹਿੱਲਣ ਨੂੰ ਜੀਅ ਨਹੀਂ ਕਰਦਾ, ਨਾ ਚਾਹੁੰਦੇ ਹੋਏ ਵੀ ਜਾਣਾ ਪੈਣਾ ਹੈ।
ਲ਼ਾਲਾ ਧਨੀ ਰਾਮ ਚਾਤ੍ਰਿਕ ਦਾ ਜਨਮ 4 ਅਕਤੂਬਰ 1876 ਈਸਵੀ ਨੂੰ ਪਿੰਡ ਪਸੀਆਂ ਵਾਲਾ ਜ਼ਿਲ੍ਹਾ ਸ਼ੇਖੂਪੁਰ ਲਾਹੌਰ ਵਿਚ ਪਿਤਾ ਲਾਲਾ ਪੋਹੂ ਮੱਲ ਤੇ ਮਾਤਾ ਲਕਸ਼ਮੀ ਦੇਵੀ ਦੇ ਘਰ ਹੋਇਆ। ਲਕਸ਼ਮੀ ਦੇਵੀ ਦੀ ਸਰੀਰਕ ਹਾਲਤ ਕਮਜ਼ੋਰ ਹੋਣ ਕਾਰਨ ਧਨੀ ਰਾਮ ਨੂੰ ਇਨ੍ਹਾਂ ਦੀ ਮਾਸੀ ਨੇ ਆਪਣਾ ਦੁੱਧ ਪਿਲਾ ਕੇ ਪਾਲਿਆ।ਥੋੜ੍ਹੇ ਜਿਹੇ ਦਿਨਾਂ ਬਾਅਦ ਹੀ ਧਨੀ ਰਾਮ ਨੂੰ ਮਾਤਾ ਨਿਕਲ ਆਈ ਸੀ।ਤਕਰੀਬਨ ਡੇਢ ਸਾਲ ਦੀ ਉਮਰ ਵਿਚ ਧਨੀ ਰਾਮ ਦੇ ਮਾਤਾ-ਪਿਤਾ ਕਿਸੇ ਕਾਰਨ ਕਰ ਕੇ ਆਪਣਾ ਜੱਦੀ ਪਿੰਡ ਛੱਡ ਕੇ ਲਾਹੌਰ ਦੀ ਸ਼ੇਰ ਸਾਹੀ ਸੜਕ ’ਤੇ ਘੁੱਗ ਵੱਸੇ ਪਿੰਡ ਲੋਪੋਕੇ ਆ ਕੇ ਰਹਿਣ ਲੱਗ ਪਏ। ਮੇਲਿਆਂ, ਛਿੰਝਾਂ, ਰਾਸਾਂ ਤੇ ਤਮਾਸ਼ਿਆਂ ਦਾ ਸ਼ੌਕੀਨ ਹੋਣ ਕਰਕੇ ਆਪਣੇ ਚਾਚੇ ਦੇ ਮੋਢਿਆਂ ’ਤੇ ਚੜ੍ਹ ਕੇ ਧਨੀ ਰਾਮ ਉੱਥੇ ਪਹੁੰਚ ਜਾਂਦਾ ਸੀ। ਚਾਚਾ ਇਕ ਛੋਟਾ ਜਿਹਾ ਗਾਇਕ ਸੀ ਜੋ ਜਗਰਾਤਿਆਂ ਵਿਚ ਭੇਟਾਂ ਗਾਉਂਦਾ ਸੀ।
ਇਸ ਨਾਲ ਬਚਪਨ ਵਿਚ ਹੀ ਧਨੀ ਰਾਮ ਕਵਿਤਾ, ਗੀਤਾਂ ਦੇ ਮੀਟਰ, ਸੁਰ-ਲੈਅ ਤੇ ਤਾਲ ਬਾਰੇ ਜਾਨਣ ਲੱਗ ਪਿਆ ਸੀ। ਧਨੀ ਰਾਮ ਦੀ ਪੜ੍ਹਾਈ ਘਰ ਵਿੱਚੋਂ ਹੀ ਸ਼ੁਰੂ ਹੋਈ। ਗੁਰਮੁੱਖੀ ਤੇ ਲੰਡੇ ਆਪਣੇ ਪਿਤਾ ਤੋਂ ਸਿੱਖੇ।ਛੇ ਸਾਲ ਦੀ ਉਮਰ ਵਿਚ ਮਦਰੱਸੇ ਵਿਚ ਪੜ੍ਹਾਈ ਸ਼ੁਰੂ ਹੋਈ। ਦੋ ਕਲਾਸਾਂ ਤੋਂ ਬਾਅਦ ਪੰਜਵੀਂ ਤੱਕ ਬੱਦੋ ਮੱਲੀ ਪੜ੍ਹਦੇ ਰਹੇ। ਧਨੀ ਰਾਮ ਚਾਤ੍ਰਿਕ ਹਿੰਦੀ, ਉਰਦੂ, ਪੰਜਾਬੀ ਦੇ ਅੱਛੇ ਜਾਣ ਕਾਰ ਸਨ।ਇਥੇ ਹੀ ਛੋਟੀ ਉਮਰ ਵਿਚ ਹੀ ਸ਼ਾਦੀ ਹੋ ਗਈ। ਫਿਰ ਅੰਮ੍ਰਿਤਸਰ ਪਹੁੰਚ ਕੇ ਅੰਗਰੇਜ਼ੀ ਦੀ ਪੜ੍ਹਾਈ ਸ਼ੁਰੂ ਕੀਤੀ।
ਇੱਥੇ ਹੀ 1896 ਵਿਚ ‘ਵਜ਼ੀਰ ਹਿੰਦ ਪ੍ਰੈੱਸ’ ਵਿਚ ਨੌਕਰੀ ਵੀ ਕੀਤੀ। ਇਥੇ ਹੀ ਧਨੀ ਰਾਮ ਦਾ ਮੇਲ ਭਾਈ ਵੀਰ ਸਿੰਘ ਨਾਲ ਹੋਇਆ। ਜਦ 1898 ਵਿਚ ‘ਭਾਈ ਕਾਨ੍ਹ ਸਿੰਘ ਨਾਭਾ’ ਦੀ ‘ਭਗਤਮਾਲਾ’ ਕਿਰਤ ਭਾਈ ਸੂਰਤ ਸਿੰਘ ਛਪਾਈ ਅਧੀਨ ਸੀ ਤਾਂ ਭਾਈ ਵੀਰ ਸਿੰਘ ਪਰੂਫ਼ ਰੀਡਰ ਸਨ ਤੇ ਧਨੀ ਰਾਮ ਕਾਪੀ ਹੋਲਡਰ ਸਨ। ਜ਼ਿਆਦਾਤਰ ਆਪ ਭਾਈ ਵੀਰ ਸਿੰਘ ਦੇ ਸੰਪਰਕ ਵਿਚ ਹੀ ਰਹੇ। ਭਾਈ ਵੀਰ ਸਿੰਘ ਤੋਂ ਆਪ ਛੋਟੇ ਸਨ। ਉਨ੍ਹਾਂ ਦੇ ਪ੍ਰਭਾਵ ਸਦਕਾ ਹੀ ਆਪ ਵਿਚ ਸਾਹਿਤਕ ਲਗ਼ਨ ਤੀਬਰ ਹੁੁੰਦੀ ਰਹੀ। ਧਨੀ ਰਾਮ ਦੀ ਦੂਸਰੀ ਸ਼ਾਦੀ ਬੀਬੀ ਵਿਦਿਆਵੰਤੀ ਨਾਲ ਹੋਈ।
ਆਪ ਦੇ ਚਾਰ ਲੜਕੇ ਬਲਵੰਤ ਰਾਇ, ਜਸਵੰਤ ਰਾਇ, ਬ੍ਰਿਜਮੋਹਨ ਅਤੇ ਪ੍ਰੇਮ ਕੁਮਾਰ ਹੋਏ। ਚਾਤ੍ਰਿਕ ਨੂੰ ਕਾਵਿ ਵਿਸ਼ੇ ਪੱਖ ਤੋਂ ਬਲਵਾਨ ਕਵੀ ਕਹਿਣਾ ਕੋਈ ਅਤਿਕਥਨੀ ਨਹੀ ਹੋਵੇਗੀ। ਉਨਾਂ ਦੀਆਂ ਮਸ਼ਹੂਰ ਰਚਨਾਵਾਂ ਵਿੱਚੋਂ ਕਵਿਤਾਵਾਂ ਹਨ: ਭਰਥਰੀ ਹਰੀ (1905), ਨਲ-ਦਮਯੰਤੀ (1906), ਧਰਮਵੀਰ (1912), ਚੰਦਨਵਾੜੀ (1931), ਕੇਸਰ ਕਿਆਰੀ (1940), ਨਵਾਂ ਜਹਾਨ (1942), ਨੂਰਜਹਾਂ ਬਾਦਸ਼ਾਹ ਬੇਗਮ (1944), ਸੂਫੀਖਾਨਾ (1950) ਤੇ ਵਾਰਤਕ: ਦੋ ਉੱਤਮ ਜੀਵਨ (1903), ਉਥੈਲੋ (1904), ਫੁੱਲਾਂ ਦੀ ਟੋਕਰੀ (1904), ਇਸਤਰੀ ਦੁਖਦਸ਼ੀ (1905 ), ਚੁੱਪ ਦੀ ਦਾਦ (1906), ਜੀਵਨ ਸੁਧਾਰ (1907), ਰਮਈਆ ਸੇਠ (1907), ਈਸਪ ਨੀਤੀ (1912) ਆਦਿ ਪ੍ਰਮੁੱਖ ਹਨ। ਚਾਤ੍ਰਿਕ ਦਾ ਕਹਿਣਾ ਸੀ ਕਿ “ਬਹੁਤ ਥੋੜ੍ਹਾ ਲਿਖੋ ਤੇ ਬਹੁਤ ਜ਼ਿਆਦਾ ਵਿਚਾਰੋ। ਇੱਕ ਗੱਲ ਨੂੰ ਲਿਖ ਕੇ ਕਈ-ਕਈ ਵਾਰ ਪੜ੍ਹੋ, ਦੇਖੋ ਅਤੇ ਪਰਖੋ । ਜੇਕਰ ਕਿਧਰੇ ਨੁਕਸ ਮਿਲ ਜਾਵੇ ਤਾਂ ਉਸਨੂੰ ਤੁਰੰਤ ਠੀਕ ਕਰੋ। ਧਨੀ ਰਾਮ ਚਾਤ੍ਰਿਕ ਦੀ ਸਰਵਸ਼੍ਰੇਸ਼ਟ ਰਚਨਾਵਾਂ ਵਿੱਚੋਂ ਇਕ ਰਚਨਾ ਹੈ:
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਟਾਂਡਾ ਸਾਂਭਣੇ ਨੂੰ ਕਾਮਾ ਛੱਡ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉ ੱਤੇ ਤੇਲ ਲਵਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ,
ਧਨੀ ਰਾਮ ਚਾਤ੍ਰਿਕ ਨੇ 15 ਅਗਸਤ, 1947 ਦਾ ਸੰਤਾਪ ਆਪਣੇ ਪਿੰਡੇ ’ਤੇ ਹੰਢਾਇਆ। ਕੁਦਰਤ ਨੂੰ ਹਮੇਸ਼ਾ ਯਾਦ ਰੱਖਣ ਵਾਲਾ ਇਹ ਕਵੀ ਆਪਣੇ ਉਸ ਘਰ ਦੀ ਗੱਲ ਕਰਦਾ ਹੈ ਜਿੱਥੇ ਸਭ ਨੇ ਜਾਣਾ ਹੈ ਤੇ ਮੁੜ ਕੇ ਕਦੀਂ ਵੀ ਵਾਪਸ ਨਹੀਂ ਆਉਣਾ ।ਭਾਵੇਂ ਚਾਤ੍ਰਿਕ ਦਾ ਇਸ ਬੂਹੇ ਤੋਂ ਹਿੱਲਣ ਨੂੰ ਜੀਅ ਨਹੀਂ ਕਰਦਾ, ਨਾ ਚਾਹੁੰਦੇ ਹੋਏ ਵੀ ਜਾਣਾ ਪੈਣਾ ਹੈ। ਆਪਣੇ ਅੰਤਲੇ ਦਿਨਾਂ ਦੌਰਾਨ ਤੱਕ ਵੀ ਉਸ ਨੇ ਕਲਮ ਹੱਥੋਂ ਨਹੀਂ ਛੱਡੀ ਤੇ ਨਿਰੰਤਰ ਲਿਖਦਾ ਰਿਹਾ। ਫਿਰ ਉਹ ਆਪ ਹੀ ਆਪਣੀ ਅੰਤਿਮ ਯਾਤਰਾ ਤੋਂ ਕੁੱਝ ਦਿਨ ਪਹਿਲੇ ਲਿਖਦਾ ਹੈ ਕਿ: ਜਿਸ ਘੜੀ ਬੁਲਾਵਾ ਆਵੇਗਾ, ਹੱਥ ਜੋੜ ਹੁਕਮ ਭੁਗਤਾਵਾਂਗੇ। ਆਉਂਦੀ ਵਾਰ ਕੁਝ ਰੋਏ ਸਾਂ, ਪਰ ਹੱਸਦੇ ਹੱਸਦੇ ਜਾਵਾਂਗੇ। ਆਜ਼ਾਦੀ ਤੋਂ ਸੱਤ ਸਾਲ ਬਾਅਦ ਪੰਜਾਬੀ ਦਾ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ 18 ਦਸੰਬਰ, 1954 ਨੂੰ 78 ਸਾਲ 2 ਮਹੀਨੇ ਅਤੇ 14 ਦਿਨ ਦੀ ਉਮਰ ਭੋਗ ਕੇ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਿਆ ।
-ਧਰਮਿੰਦਰ ਸਿੰਘ ਚੱਬਾ