Book Review : ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ (ਮਹਾਂਕਾਵਿ)
ਹੱਥਲੀ ਪੁਸਤਕ ਵਿਚ ਮਹਾਕਾਵਿ ਰਚੇਤਾ ਨੇ ਠੋਸ ਪ੍ਰਮਾਣ ਦਿੰਦਿਆਂ ਲਾਏ ਗਏ ਸਭ ਦੋਸ਼ਾਂ ਤੋਂ ਮਹਾਨਾਇਕ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੋਸ਼ ਮੁਕਤ ਕੀਤਾ ਹੈ ਤੇ ਉਸ ਨੂੰ ਤੇ ਉਸ ਦੇ ਬੰਦਈ ਖ਼ਾਲਸੇ ਨੂੰ ਗੁਰਮਤਿ ਦੇ ਪੂਰਨ ਅਨੁਆਈ ਮੰਨਿਆ ਹੈ।
Publish Date: Sat, 28 Feb 2026 10:50 AM (IST)
Updated Date: Sun, 01 Mar 2026 10:54 AM (IST)
ਪੁਸਤਕ - ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ (ਮਹਾਂਕਾਵਿ)
ਪ੍ਰਕਾਸ਼ਨ : ਯੂਪੀਪੀ ਸੱਥ, ਯੂਕੇ।
ਦਰਜਨ ਕਿਤਾਬਾਂ ਦੇ ਲੇਖਕ ਸੰਤ ਸਿੰਘ ਸੋਹਲ ਪ੍ਰੌੜ ਕਵੀ ਹਨ। ਕਵਿਤਾ ਉਨ੍ਹਾਂ ਦੇ ਅੰਦਰੋਂ ਉਮੜ-ਉਮੜ ਕੇ ਪ੍ਰਗਟ ਹੁੰਦੀ ਹੈ। ਉਨ੍ਹਾਂ ਨੇ 4 ਗੀਤ ਸੰਗ੍ਰਹਿ, 3 ਬਾਲਗੀਤ ਸੰਗ੍ਰਹਿ ਤੇ ਇਕ ਗ਼ਜ਼ਲ ਸੰਗ੍ਰਹਿ ਤੇ ਮਹਾਕਾਵਿ ਦੀ ਸਿਰਜਣਾ ਕੀਤੀ ਹੈ। ਬਾਬਾ ਰਾਮ ਸਿੰਘ ਨਾਮਧਾਰੀ ’ਤੇ ਉਨ੍ਹਾਂ ਨੇ ਦੋ ਸਾਲ ਪਹਿਲਾਂ ਮਹਾਕਾਵਿ ਲਿਖਿਆ। ਹੁਣ ਉਹ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਉੱਪਰ ਮਹਾਕਾਵਿ ਲੈ ਕੇ ਆਏ ਹਨ। ਸੰਤ ਸਿੰਘ ਸੋਹਲ ਹੁਰਾਂ ਨੇ ਆਪਣੇ ਮਹਾਕਾਵਿ ਨੂੰ ਦਸ ਸਰਗਾਂ ਵਿਚ ਵੰਡਿਆ ਹੈ। ਰਚਨਾ ਛੰਦਬੱਧ ਹੈ, ਜਿਸ ਵਿਚ ਦੋਹਿਰਾ, ਕਬਿੱਤ, ਬੈਂਤ, ਵਾਰ (ਚਟਪਟਾ ਛੰਦ), ਨਿਸ਼ਾਨੀ ਅਤੇ ਸਿਰਖੰਡੀ ਛੰਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਅਖ਼ੀਰ ’ਤੇ ਬੰਦਾ ਸਿੰਘ ਬਹਾਦਰ ਦੇ ਪਰਿਵਾਰ ਅਤੇ ਗੱਦੀ-ਨਸ਼ੀਨਾਂ ਦਾ ਵੇਰਵਾ, ਸਹਾਇਕ ਪੁਸਤਕ ਸੂਚੀ, ਪੰਜਾਬੀ ਸੱਥ ਤੇ ਉਸ ਵੱਲੋਂ ਪ੍ਰਕਾਸ਼ਿਤ 339 ਪੁਸਤਕਾਂ ਦਾ ਜਾਣਕਾਰੀ ਭਰਪੂਰ ਵੇਰਵਾ ਹੈ। ਆਰੰਭ ਵਿਚ ਮੰਗਲਾਚਰਣ ਹੈ।
ਭਾਵੇਂ ਬੰਦਾ ਸਿੰਘ ਬਹਾਦਰ ’ਤੇ ਬਹੁਤ ਸਾਰੀਆਂ ਪੁਸਤਕਾਂ ਮਿਲ ਚੁੱਕੀਆਂ ਹਨ ਤੇ ਇਹ ਅਜੇ ਜਾਰੀ ਹੈ ਪਰੰਤੂ ਬਹੁਤ ਸਾਰੇ ਭੁਲੇਖੇ ਬੰਦਾ ਸਿੰਘ ਬਹਾਦਰ ਬਾਰੇ ਲੇਖਕਾਂ ਵੱਲੋਂ ਪਾਏ ਗਏ ਹਨ। ਇਨ੍ਹਾਂ ਦਾ ਨਿਤਾਰਾ ਕਰਦਿਆਂ ਹੱਥਲੀ ਪੁਸਤਕ ਵਿਚ ਮਹਾਕਾਵਿ ਰਚੇਤਾ ਨੇ ਠੋਸ ਪ੍ਰਮਾਣ ਦਿੰਦਿਆਂ ਲਾਏ ਗਏ ਸਭ ਦੋਸ਼ਾਂ ਤੋਂ ਮਹਾਨਾਇਕ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੋਸ਼ ਮੁਕਤ ਕੀਤਾ ਹੈ ਤੇ ਉਸ ਨੂੰ ਤੇ ਉਸ ਦੇ ਬੰਦਈ ਖ਼ਾਲਸੇ ਨੂੰ ਗੁਰਮਤਿ ਦੇ ਪੂਰਨ ਅਨੁਆਈ ਮੰਨਿਆ ਹੈ। ਇਸ ਦਾ ਨਿਬੇੜਾ ਉਨ੍ਹਾਂ ਰਿਆਸੀ ਡੇਰੇ (ਜੰਮੂ) ਦੀ ਮਰਿਆਦਾ ਦਾ ਪੂਰਾ ਵੇਰਵਾ ਦਿੰਦਿਆਂ ਕੀਤਾ ਹੈ ਤੇ ਭਰਮ-ਭੁਲੇਖੇ ਦੂਰ ਕੀਤੇ ਹਨ। ਪੁਸਤਕ ਵਿਚ ਬੰਦਾ ਸਿੰਘ ਵੱਲੋਂ ਜਾਰੀ ਮੋਹਰਾਂ ਦੀ ਇਬਾਰਤ ਹੈ। ਡੇਰੇ ਵਿਚ ਮੌਜੂਦ ਬਾਬਾ ਜੀ ਦੀਆਂ ਦਸ ਦੁਰਲੱਭ ਵਸਤਾਂ ਦਾ ਵੇਰਵਾ ਹੈ। ਗੁਰਦਾਸ ਨੰਗਲ ਦੀ ਗੜੀ ਵਿੱਚੋਂ ਮੁਗ਼ਲਾਂ ਨੂੰ ਮਿਲੇ ਸਾਮਾਨ ਦੀ ਸੂਚੀ ਹੈ।
ਲੇਖਕ ਦੱਸਦਾ ਹੈ ਕਿ ਬੰਦਾ ਸਿੰਘ ਨਾਲ ਫੜੇ ਇਕ ਵੀ ਸਿੰਘ ਨੇ ਈਨ ਨਹੀਂ ਮੰਨੀ। ਕਵੀ ਸੰਤ ਸਿੰਘ ਸੋਹਲ ਦੀ ਭਾਸ਼ਾ ਪੰਜਾਬੀ ਹੈ, ਜੋ ਬੜੀ ਸਰਲ ਅਤੇ ਮਿਠਾਸ ਭਰੀ ਹੈ। ਸੋ ਸੋਹਲ ਕਵੀ ਤੋਂ ਅਜਿਹੇ ਹੋਰ ਪ੍ਰਸੰਗ ਲਿਖਣ ਦੀ ਆਸ ਕਰਦੇ ਹਰ ਵਰਗ ਦੇ ਪਾਠਕ ਨੂੰ ਇਹ ਪੁਸਤਕ ਪੜ੍ਹਨ ਦੀ ਗੁਜ਼ਾਰਿਸ਼ ਹੈ।
-ਤੇਜਾ ਸਿੰਘ ਤਿਲਕ