ਪਹਿਲਾਂ ਜੇ ਪਿੰਡ ਵਿਚ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਘਰ ਉਦੋਂ ਤੱਕ ਚੁੱਲ੍ਹੇ ਵਿਚ ਅੱਗ ਨਹੀਂ ਸੀ ਬਾਲ਼ੀ ਜਾਂਦੀ, ਜਦੋਂ ਤੱਕ ਮ੍ਰਿਤਕ ਦਾ ਸਸਕਾਰ ਨਹੀਂ ਸੀ ਕਰ ਦਿੱਤਾ ਜਾਂਦਾ। ਮਿੱਟੀ ਨਾਲ ਬਣਾਏ ਚੁੱਲ੍ਹੇ ਤੋਂ ਕੋਲਿਆਂ ਵਾਲੀ ਅੰਗੀਠੀ, ਚਾਦਰ ਦੀ ਬਣੀ ਅੰਗੀਠੀ, ਲੱਕੜੀ ਦੇ ਬੂਰੇ ਵਾਲੀ ਅੰਗੀਠੀ, ਮਿੱਟੀ ਦੇ ਤੇਲ ਨਾਲ ਚਲਾਉਣ ਵਾਲਾ ਬੱਤੀਆਂ ਵਾਲਾ ਸਟੋਵ ਤੇ ਪ੍ਰੈਸ਼ਰ ਸਟੋਵ, ਗੈਸ

ਚੁੱਲ੍ਹੇ ਦਾ ਪੰਜਾਬੀ ਲੋਕ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ। ਲੋਕ ਜੀਵਨ ਦੇ ਬਹੁਤੇ ਹਿੱਸੇ ਵਿਚ ਅਜੇ ਵੀ ਚੁੱਲ੍ਹੇ ਦਾ ਅਹਿਮ ਸਥਾਨ ਹੈ। ਚੁੱਲ੍ਹਾ ਅਰਧ ਗੋਲੇ ਦੀ ਸ਼ਕਲ ਅਤੇ ਖ਼ਾਸ ਆਕਾਰ ਦਾ ਬਣਾਇਆ ਹੁੰਦਾ ਹੈ। ਚੁੱਲ੍ਹੇ ਵਿਚ ਊਰਜਾ ਪੈਦਾ ਕਰਨ ਵਾਲੇ ਕਿਸੇ ਸਰੋਤ ਨਾਲ ਸੇਕ ਪੈਦਾ ਕੀਤਾ ਜਾਂਦਾ ਹੈ। ਉਸ ਊਰਜਾ ਤੋਂ ਭੋਜਨ ਪਕਾਇਆ ਜਾਂਦਾ ਹੈ। ਚੁੱਲ੍ਹੇ ਕਈ ਪ੍ਰਕਾਰ ਦੇ ਹੁੰਦੇ ਹਨ। ਮਿੱਟੀ ਦਾ ਚੁੱਲ੍ਹਾ, ਕਾਂਗੜੀ, ਅੰਗੀਠੀ, ਗੈਸ ਵਾਲਾ ਚੁੱੱਲ੍ਹਾ, ਸੂਖਮ ਤਰੰਗ ਚੁੱਲ੍ਹਾ, ਇੰਡਕਸ਼ਨ ਚੁੱਲ੍ਹਾ, ਹੀਟਰ, ਸੂਰਜੀ ਊਰਜਾ ਵਾਲਾ ਚੁੱਲ੍ਹਾ ਤੇ ਕਈ ਹੋਰ ਕਿਸਮਾਂ ਦੇ ਚੁੱਲ੍ਹੇ ਵੀ ਹੋ ਸਕਦੇ ਹਨ।
ਵਿਭਿੰਨ ਪ੍ਰਕਾਰ ਦੇ ਚੁੱਲ੍ਹਿਆਂ ਵਿਚ ਵਰਤੋਂ ਵਿਚ ਲਿਆਉਣ ਵਾਲਾ ਬਾਲਣ ਵੀ ਵੱਖ-ਵੱਖ ਵੰਨਗੀਆਂ ਦਾ ਹੁੰਦਾ ਹੈ। ਇਥੇ ਗੱਲ ਅਸੀਂ ਮਿੱਟੀ ਦੇ ਚੁੱਲ੍ਹੇ ਦੀ ਕਰਨੀ ਹੈ। ਜਿਸ ਭਾਂਡੇ ਵਿਚ ਰਿੰਨ੍ਹਣ ਪਕਾਉਣ ਵਾਲੀ ਚੀਜ਼ ਪਾਉਣੀ ਹੁੰਦੀ ਹੈ, ਉਸ ਨੂੰ ਚੁੱਲ੍ਹੇ ਉੱਤੇ ਟਿਕਾਉਣ ਲਈ ਚੁੱਲ੍ਹੇ ਦੇ ਤਿੰਨ ਮੁੰਨੇ ਬਣਾਏ ਜਾਂਦੇ ਹਨ। ਲੋਕਧਾਰਾ ਵਿਚ ਤਿੰਨ ਮੁੰਨਿਆਂ ਨੂੰ ਤ੍ਰੈ-ਮੂਰਤੀ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਅਗਨੀ, ਵਾਯੂ ਅਤੇ ਸੂਰਜ ਦੀ ਤ੍ਰੈ-ਮੂਰਤੀ ਦਾ ਬਹੁਤ ਗਹਿਰਾ ਸਬੰਧ/ਮਹੱਤਵ ਹੈ। ਲੋਕ ਸੱਭਿਆਚਾਰ ਵਿਚ ਅੰਨ ਨੂੰ ਦੇਵਤਾ ਸਮਝਿਆ ਜਾਂਦਾ ਹੈ। ਚੁੱਲ੍ਹੇ ਉੱਪਰ ਕਿਉਂ ਜੋ ਅੰਨ ਪਕਾਇਆ ਜਾਂਦਾ ਹੈ, ਇਸ ਲਈ ਲੋਕਧਾਰਾ ਵਿਚ ਚੁੱਲ੍ਹੇ ਨੂੰ ਦੇਵਮ ਅਸਥਾਨ ਮੰਨਿਆ ਜਾਣ ਲੱਗ ਪਿਆ। ਚੁੱਲ੍ਹੇ ਵਿਚ ਅਗਨੀ ਤਾਂ ਨਿਵਾਸ ਕਰਦੀ ਹੀ ਹੈ, ਇਸ ਲਈ ਇਹ ਅਗਨੀ ਦਾ ਨਿਵਾਸ ਅਸਥਾਨ ਵੀ ਮੰਨਿਆ ਜਾਣ ਲੱਗਾ। ਇਸੇ ਕਾਰਨ ਪਹਿਲੇ ਸਮਿਆਂ ਵਿਚ ਚੁੱਲ੍ਹੇ ਨੂੰ ਸਦਾ ਪਵਿੱਤਰ ਰੱਖਣ ਲਈ ਸੁਆਣੀਆਂ ਇਸ ਉੱਤੇ ਹਰ ਰੋਜ਼ ਗੋਹੇ ਦੀ ਮਿੱਟੀ ਦਾ ਪੋਚਾ ਫੇਰਨ ਦੇ ਨੇਮ ਦੀ ਪਾਲਣਾ ਕਰਦੀਆਂ ਸਨ। ਇਸ ਨਾਲ ਚੁੱਲ੍ਹਾ ਪਵਿੱਤਰ ਹੋ ਜਾਂਦਾ ਸੀ। ਲੋਕ ਵਿਸ਼ਵਾਸ ਅਨੁਸਾਰ ਚੁੱਲ੍ਹੇ ਉੱਪਰ ਕੋਈ ਜੂਠੀ ਚੀਜ਼ ਨਹੀਂ ਸੀ ਰੱਖੀ ਜਾਂਦੀ। ਪਹਿਲੇ ਸਮਿਆਂ ਵਿਚ ਲੋਕੀਂ ਅਕਸਰ ਰਾਤ ਨੂੰ ਚੁੱਲ੍ਹੇ ਦੀ ਸੁਆਹ ਵਿਚ ਅੱਗ ਦੱਬ ਦਿੰਦੇ ਸਨ ਅਤੇ ਤੜਕਸਾਰ ਰਾਤ ਨੂੰ ਦੱਬ ਕੇ ਰੱਖੀ ਅੱਗ ਤੋਂ ਸੁਆਹ ਝਾੜ ਕੇ ਫੂਕਾਂ ਮਾਰ-ਮਾਰ ਕੇ ਉਸ ਤੋਂ ਮੁੜ ਅੱਗ ਬਾਲ ਲੈਂਦੇ ਸਨ। ਲੋਕ ਮਾਨਤਾ ਅਨੁਸਾਰ ਲੋਹੜੀ ਵਾਲੀ ਰਾਤ ਨੂੰ ਬਾਲ਼ੀ ਅੱਗ ਵਿਚੋਂ ਬਚੀ ਅੱਗ ਚੁੱਲ੍ਹੇ ਵਿਚ ਬਾਲਣ ਨਾਲ ਚੁੱਲ੍ਹੇ ਵਿਚ ਹਮੇਸ਼ਾ ਅੱਗ ਭੱਖਦੀ ਰਹਿੰਦੀ ਸੀ। ਇਸ ਮਨੌਤ ਅਨੁਸਾਰ ਕਹਿੰਦੇ ਹਨ ਕਿ ਚੁੱਲ੍ਹੇ ਵਿਚ ਬਰਕਤ ਬਣੀ ਰਹਿੰਦੀ ਸੀ ਤੇ ਚੁੱਲ੍ਹੇ ’ਤੇ ਪਕਾਉਣ ਵਾਲੇ ਅੰਨ ਦੀ ਕਦੇ ਘਾਟ ਨਹੀਂ ਸੀ ਰਹਿੰਦੀ।
ਚੁੱਲ੍ਹੇ ਵਿਚ ਬਲਦੀ ਅੱਗ ਨੂੰ ਤੇ ਘਰ ਵਿਚਲੇ ਘੜੇ ਵਿਚ ਪਾਣੀ ਹੋਣ ਨੂੰ ਘਰ ਦੀ ਖ਼ੁਸ਼ਹਾਲੀ ਤੇ ਘਰ ਵਿਚ ਬਰਕਤ ਹੋਣ ਦੇ ਪ੍ਰਤੀਕ ਵਜੋਂ ਲਿਆ ਜਾਂਦਾ ਰਿਹਾ ਹੈ। ਇਨ੍ਹਾਂ ਨੂੰ ਵੱਸਦੇ ਘਰਾਂ ਦੇ ਪ੍ਰਤੀਕ ਵੀ ਸਮਝਿਆ ਜਾਂਦਾ ਸੀ। ਪਾਣੀ ਨਾਲ ਭਰਿਆ ਘੜਾ ਅਤੇ ਚੁੱਲ੍ਹੇ ਵਿਚ ਬਲਦੀ ਅੱਗ ਦੋਹਾਂ ਨੂੰ ਘਰ ਦਾ ਅਤੇ ਘਰ ਦੀ ਸੁਆਣੀ ਦਾ ਸ਼ਿੰਗਾਰ ਸਮਝਿਆ ਜਾਂਦਾ ਸੀ। ਇਨ੍ਹਾਂ ਬਰਕਤਾਂ ਤੋਂ ਵਿਹੂਣੇ ਘਰ ਜਾਂ ਲੋਕਾਂ ਬਾਰੇ ਪੰਜਾਬੀ ਲੋਕ ਗੀਤਾਂ ਦੀਆਂ ਪੰਕਤੀਆਂ ਵਿਚ ਵੀ ਹਵਾਲੇ ਮਿਲਦੇ ਹਨ:
ਚੁੱਲ੍ਹੇ ਅੱਗ ਨਾ ਘੜੇ ਦੇ ਵਿਚ ਪਾਣੀ ਉਹ ਘਰ ਛੜਿਆਂ ਦਾ।
ਲੋਕ ਸੱਭਿਆਚਾਰ ਵਿਚ ਚੁੱਲ੍ਹੇ ਦੇ ਮਹੱਤਵਪੂਰਨ ਸਥਾਨ ਅਤੇ ਚਰਚਾ ਦੀ ਪਛਾਣ ਕਰਦਿਆਂ ਇਸ ਨੂੰ ਪੰਜਾਬੀ ਲੋਕ ਗੀਤਾਂ ਵਿਚ ਯਥਾਯੋਗ ਥਾਂ ਮਿਲੀ ਹੈ:
ਚੱਕੀ ਛੁੱਟ ਗਈ,
ਚੁੱਲ੍ਹੇ ਨੇ ਛੁੱਟ ਜਾਣਾ
ਤੀਵੀਆਂ ਦਾ ਰਾਜ ਹੋ ਗਿਆ।
ਚੁੱਲ੍ਹੇ ਬੈਠ ਕੇ ਧੂੰਏਂ ਦੇ ਪੱਜ ਰੋਵੇ
ਵਿਆਹੁੜ ਨਿਆਣੇ ਦੀ...
ਕਿਤੇ ਯਾਰ ਨੂੰ ਭਿੜਾ ਕੇ ਮਾਰੂ
ਚੰਦ ਕੁਰ ਚੱਖਮਾ ਚੁੱਲ੍ਹਾ।
ਲੋਹੜੀ ਦੇ ਮੌਕੇ ’ਤੇ ਅੱਗ ਬਾਲ਼ੀ ਜਾਂਦੀ ਹੈ। ਅੱਗ ਸੇਕਦਿਆਂ ਸੇਕਦਿਆਂ ਲੋਹੜੀ ਨਾਲ ਸਬੰਧਿਤ ਕਈ ਲੋਕ ਗੀਤ ਗਾਏ ਜਾਂਦੇ ਹਨ। ਉਸ ਅਵਸਰ ‘ਤੇ ਹੇਠ ਲਿਖੇ ਬੋਲ ਵੀ ਤਰੰਨਮ ਵਿਚ ਜਾਂ ਸਹਿਜ ਭਾਵ ਨਾਲ ਉਚਾਰੇ ਜਾਂਦੇ ਹਨ :
ਈਸਰ ਆ, ਦਲਿੱਦਰ ਜਾ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।
ਇਨ੍ਹਾਂ ਬੋਲਾਂ ਰਾਹੀਂ ਅਰਜ਼ੋਈ ਕੀਤੀ ਜਾਂਦੀ ਹੈ ਕਿ ਈਸ਼ਵਰ ਦੀ ਮਿਹਰ ਹੋਵੇ, ਦੁੱਖ ਦਲਿੱਦਰ ਦੂਰ ਹੋਣ ਤੇ ਸਾਰੇ ਦੁੱਖਾਂ-ਕਲੇਸ਼ਾਂ ਦੀ ਜੜ੍ਹ ਸੜ ਜਾਵੇ !
ਪੰਜਾਬੀ ਲੋਕ ਗੀਤਾਂ ਵਿਚ ਕਈ ਹੋਰ ਪ੍ਰਸੰਗਾਂ ਵਿਚ ਵੀ ਚੁੱਲ੍ਹੇ ਦਾ ਜ਼ਿਕਰ ਛਿੜਦਾ ਹੈ -
* ਆਇਆ ਨਾਦਰ ਫਿੱਟੀ ਚਾਦਰ, ਚੁੱਲ੍ਹੀਂ ਰਿੱਝਣ ਨਾ ਚੌਲ ਕੁੜੇ ਵਿਛੜਿਆ ਸਾਡਾ ਢੋਲ ਕੁੜੇ...
* ਜੇ ਤੂੰ ਤੁਰਿਓਂ ਨੌਕਰੀ, ਜੀ ਮੈਂ ਚੁੱਲ੍ਹੇ ਪਾਉਂਨੀ ਆਂ ਅੱਗ, ਸੱਸ ਨਨਾਣਾਂ ਡਾਢੀਆਂ, ਮੈਂ ਰੋਨੀਂ ਆਂ ਧੂੰਏਂ ਦੇ ਪੱਜ...
ਅਜਿਹੇ ਹਨ ਕੁਝ ਹੋਰ ਪੰਜਾਬੀ ਲੋਕ ਗੀਤਾਂ ਦੀਆਂ ਪੰਕਤੀਆਂ ਵੀ ਵੇਖੀਆਂ ਜਾ ਸਕਦੀਆਂ ਹਨ -
* ਚੌਂਕੇ ਚੜ੍ਹਨਾ ਮਾਹੀ ਵੇ ਤੇ ਰੋਟੀ ਕਰਨਾ ਢੋਲਾ
ਏਸ ਬਹਾਨੇ ਮਾਹੀ ਵੇ, ਤ੍ਰੀਮਤ ਦਾ ਮਰਨਾ ਢੋਲਾ
ਦੋ ਜੀਅ ਆਪਣੇ ਮਾਹੀ ਵੇ, ਉੱਤੋਂ ਰੁੱਤ ਹੁਨਾਲਾ ਢੋਲਾ
ਚੁੱਲ੍ਹੇ ਅੱਗੇ ਮਾਹੀ ਵੇ, ਪੈਂਦਾ ਜੀ ਕਾਹਲਾ ਢੋਲਾ...
* ਨਾ ਤੂੰ ਚੁੱਲ੍ਹੇ ਦੀ ਮਿੱਟੀ, ਨਾ ਤੂੰ ਹਾਰੇ ਦੀ ਮਿੱਟੀ
ਨਾ ਤੂੰ ਚੁੱਲ੍ਹੇ ਦੀ ਮਿੱਟੀ, ਨਾ ਤੂੰ ਹਾਰੇ ਦੀ ਮਿੱਟੀ
ਤੈਨੂੰ ਸਾਂਭ ਸਾਂਭ ਰੱਖਾਂ
ਤੂੰ ਹਮਾਮ ਦੀ ਟਿੱਕੀ...
ਤੈਨੂੰ ਸਾਂਭ ਸਾਂਭ ਰੱਖਾਂ...
ਪੰਜਾਬੀ ਲੋਕ ਜੀਵਨ ਵਿਚ ਵਿਆਹ ਦੇ ਮੌਕੇ ’ਤੇ, ਖੁਸ਼ੀ ਦੇ ਕਿਸੇ ਹੋਰ ਅਵਸਰ ਨਾਲ ਸਬੰਧਿਤ ਰਖਾਏ ਗਏ ਪਾਠ ਦੇ ਮੌਕੇ ’ਤੇ ਜਾਂ ਖੁਸ਼ੀ ਦੇ ਕਿਸੇ ਹੋਰ ਅਵਸਰ ’ਤੇ ਪਿੰਡ ਵਿਚ ਸਾਂਝ ਵਾਲਿਆਂ ਨੂੰ, ਸ਼ਰੀਕੇ ਭਾਈਚਾਰੇ ਨੂੰ ਅਤੇ ਦੋਸਤਾਂ ਸਨੇਹੀਆਂ ਨੂੰ ਰੋਟੀ ਕੀਤੀ ਜਾਂਦੀ ਸੀ, ਜਿਸਨੂੰ ਚੁੱਲ੍ਹੇ ਨਿਉਂਦਾ ਜਾਂ ਚੁੱਲ੍ਹੇ ਨਿਉਂਦ ਕਿਹਾ ਜਾਂਦਾ ਸੀ। ਨਵੀਂ ਵਿਆਹੀ ਆਈ ਵਹੁਟੀ ਨੂੰ ਚੁੱਲ੍ਹੇ ਚੌਂਕੇ ਚੜ੍ਹਾਉਣਾ ਇਕ ਰਸਮ ਵੀ ਹੁੰਦੀ ਸੀ। ਪ੍ਰੋ. ਮਨਜੀਤ ਸਿੰਘ ਨੇ ਆਪਣੀ ਪੁਸਤਕ ‘ਪਿੰਡ ਵਿਉਂਤ ਅਤੇ ਸੱਭਿਆਚਾਰ’ ਵਿਚ ਚੁੱਲ੍ਹੇ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ ਹੈ। ਉਸ ਅਨੁਸਾਰ ਪੰਜਾਬ ਵਿਚ ਗਰਮ ਮੌਸਮ ਦੌਰਾਨ ਖੁੱਲ੍ਹੇ ਅਸਮਾਨ ਥੱਲੇ ਚੁੱਲ੍ਹਾ ਬਣਾ ਕੇ ਉਸ ਉੱਪਰ ਅੰਨ ਪਕਾਇਆ ਜਾਂਦਾ ਰਿਹਾ ਹੈ। ਪੁਸਤਕ ਵਿਚ ਚੁੱਲ੍ਹੇ ਦੇ ਨਾਲ ਲੂੰਬੀ ਵਾਲਾ ਚੁੱਲ੍ਹਾ, ਚਾਵਾਂ ਚੁੱਲ੍ਹਾ, ਦੁੱਧ ਕਾੜ੍ਹਨ ਵਾਲੀ ਭੜੋਲੀ, ਲੋਹ, ਅੰਗੀਠੀ, ਤੰਦੂਰ ਆਦਿ ਬਾਰੇ ਵੀ ਲੇਖਕ ਨੇ ਜਾਣਕਾਰੀ ਦਿੱਤੀ ਹੈ। ਪਹਿਲਾਂ ਚੁੱਲ੍ਹੇ ਦੇ ਪਿੱਛੇ ਕਈ ਵਾਰ ਚੁੱਲ੍ਹੇ ਦੇ ਨਾਲ ਹੀ ਵਿਚੋਂ ਦੀ ਰਸਤਾ ਰੱਖ ਕੇ ਲੂੰਬੀ ਵਾਲਾ ਚੁੱਲ੍ਹਾ ਬਣਾ ਲਿਆ ਜਾਂਦਾ ਸੀ , ਇਹ ਅੱਜ ਵੀ ਪਿੰਡਾਂ ਵਿਚ ਕਿਤੇ-ਕਿਤੇ ਦੇਖਿਆ ਜਾ ਸਕਦਾ ਹੈ। ਇਸ ਦਾ ਕਾਰਨ ਚੁੱਲ੍ਹੇ ਵਿਚ ਬਲ ਰਹੀ ਅੱਗ ਦੇ ਸੇਕ ਨੂੰ ਅਜਾਈਂਂ ਜਾਣ ਤੋਂ ਬਚਾਉਣਾ ਹੁੰਦਾ ਸੀ। ਇਸ ਲੂੰਬੀ ਵਾਲੇ ਚੁੱਲ੍ਹੇ ਉੱਪਰ ਛੋਟੇ ਭਾਂਡੇ ਵਿੱਚ ਰੱਖੀ ਕਿਸੇ ਚੀਜ਼ ਨੂੰ ਗਰਮ ਕਰਨ ਲਈ ਜਾਂ ਤੜਕਾ ਲਗਾਉਣ ਲਈ ਵਰਤ ਲਿਆ ਜਾਂਦਾ ਸੀ। ਚਾਵਾਂ ਚੁੱਲ੍ਹਾ (ਜਿਸ ਨੂੰ ਚੱਕਵਾਂ ਚੁੱਲ੍ਹਾ ਵੀ ਕਹਿ ਲਿਆ ਜਾਂਦਾ) ਇੱਕ ਥਾਂ ਤੋਂ ਚੁੱਕ ਕੇ ਦੂਜੀ ਥਾਂ ’ਤੇ ਵੀ ਰੱਖ ਲਿਆ ਜਾਂਦਾ ਸੀ। ਇਹ ਚੁੱਲ੍ਹਾ ਕਿਸੇ ਟੁੱਟੇ ਘੜੇ ਦੇ ਅੱਧੇ ਹਿੱਸੇ ਉੱਤੇ ਮਿੱਟੀ ਨਾਲ ਬੜੀ ਜੁਗਤ ਨਾਲ ਬਣਾਇਆ ਜਾਂਦਾ ਸੀ। ਇਸ ਚੁੱਲ੍ਹੇ ਲਈ ਇੱਕ ਟਿਕਾਣਾ ਨਿਸ਼ਚਿਤ ਨਹੀਂ ਸੀ ਹੁੰਦਾ। ਚੁੱਲ੍ਹੇ ਦਾ ਇੱਕ ਰੂਪ ਭੜੋਲੀ ਵੀ ਹੈ।
ਪਹਿਲਾਂ ਜੇ ਪਿੰਡ ਵਿਚ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਘਰ ਉਦੋਂ ਤੱਕ ਚੁੱਲ੍ਹੇ ਵਿਚ ਅੱਗ ਨਹੀਂ ਸੀ ਬਾਲ਼ੀ ਜਾਂਦੀ, ਜਦੋਂ ਤੱਕ ਮ੍ਰਿਤਕ ਦਾ ਸਸਕਾਰ ਨਹੀਂ ਸੀ ਕਰ ਦਿੱਤਾ ਜਾਂਦਾ। ਮਿੱਟੀ ਨਾਲ ਬਣਾਏ ਚੁੱਲ੍ਹੇ ਤੋਂ ਕੋਲਿਆਂ ਵਾਲੀ ਅੰਗੀਠੀ, ਚਾਦਰ ਦੀ ਬਣੀ ਅੰਗੀਠੀ, ਲੱਕੜੀ ਦੇ ਬੂਰੇ ਵਾਲੀ ਅੰਗੀਠੀ, ਮਿੱਟੀ ਦੇ ਤੇਲ ਨਾਲ ਚਲਾਉਣ ਵਾਲਾ ਬੱਤੀਆਂ ਵਾਲਾ ਸਟੋਵ ਤੇ ਪ੍ਰੈਸ਼ਰ ਸਟੋਵ, ਗੈਸ ਸਟੋਵ, ਮਾਈਕਰੋ ਓਵਨ, ਇੰਡਕਸ਼ਨ ਚੁੱਲ੍ਹਾ, ਰੋਟੀ ਮੇਕਰ ਤੇ ਖਾਣ ਪੀਣ ਦੇ ਪਕਵਾਨ ਬਣਾਉਣ ਵਾਲੇ ਕਈ ਹੋਰ ਯੰਤਰਾਂ ਦੀ ਕਾਢ ਮਨੁੱਖ ਦੀਆਂ ਪ੍ਰਾਪਤੀਆਂ ਵਿਚ ਸ਼ਾਮਲ ਹੈ।ਵਾਇਤੀ ਚੁੱਲ੍ਹੇ ਦੇ ਮਹੱਤਵ ਨੂੰ ਭੁਲਾਇਆ ਨਹੀਂ ਜਾ ਸਕਦਾ। ਚੁੱਲ੍ਹੇ ਦਾ ਰੂਪ ਕੋਈ ਵੀ ਹੋਵੇ, ਉਸਦੀ ਉਪਯੋਗਤਾ ਨੇ ਬਰਕਰਾਰ ਰਹਿਣਾ ਹੈ। ਸਦਾ ਬਲਦੇ ਰਹਿਣ ਚੁੱਲ੍ਹੇ ! •
-ਡਾ. ਪ੍ਰਿਤਪਾਲ ਸਿੰਘ ਮਹਿਰੋਕ
98885-10185