1944 ਵਿਚ ਉਸ ਦੀਆਂ ਨਜ਼ਮਾਂ ਦਾ ਪਹਿਲਾ ਸੰਗ੍ਰਹਿ ਤਲਖ਼ੀਆਂ ਪ੍ਰਕਾਸ਼ਿਤ ਹੋਇਆ, ਜਿਸ ਵਿਚ ਉਸਤਾਦਾਂ ਵਾਲੀ ਪੁਖ਼ਤਗੀ, ਇਨਕਲਾਬੀ ਰੰਗ ਅਤੇ ਜਜ਼ਬੇ ਦੀ ਸ਼ਿੱਦਤ ਸੀ। ਇਸ ਸੰਗ੍ਰਹਿ ਦੇ ਪ੍ਰਕਾਸ਼ਿਤ ਹੋਣ ਪਿੱਛੋਂ ਉਹ ਸਾਰੇ ਹਿੰਦੁਸਤਾਨ ਵਿਚ ਮਸ਼ਹੂਰ ਹੋ ਗਿਆ।

ਉੱਘੇ ਪ੍ਰਗਤੀਵਾਦੀ, ਉਰਦੂ ਜ਼ੁਬਾਨ ਦੇ ਮਕਬੂਲ ਸ਼ਾਇਰ ਅਤੇ ਹਿੰਦੀ ਫਿਲਮਾਂ ਦੇ ਬਹੁਤ ਪ੍ਰਸਿੱਧ ਗੀਤਕਾਰ ਸਾਹਿਰ ਲੁਧਿਆਣਵੀ ਦਾ ਜਨਮ ਵੱਡੇ ਗੁੱਜਰ ਜਾਗੀਰਦਾਰ ਚੌਧਰੀ ਫਜ਼ਲ ਮੁਹੰਮਦ ਦੇ ਘਰ ਉਨ੍ਹਾਂ ਦੀ ਗਿਆਰਵੀਂ ਬੀਵੀ ਸਰਦਾਰ ਬੇਗ਼ਮ ਦੀ ਕੁੱਖੋਂ 8 ਮਾਰਚ, 1921 ਨੂੰ ਲੁਧਿਆਣਾ, ਪੰਜਾਬ ਵਿਖੇ ਹੋਇਆ। ਸਾਹਿਰ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ। ਮਾਪਿਆਂ ਨੇ ਉਸ ਦਾ ਨਾਂ ਅਬਦੁਲ ਹਈ ਰੱਖਿਆ। ਸਾਹਿਰ ਦੇ ਮਾਪਿਆਂ ਵਿਚ ਅਕਸਰ ਅਣਬਣ ਰਹਿੰਦੀ ਸੀ ਅਤੇ ਅੰਤ ਤਲਾਕ ਹੋ ਗਿਆ। ਜਦੋਂ ਅਦਾਲਤ ਵਿਚ ਹਈ ਲਈ ਦੋਵਾਂ ਵਿੱਚੋਂ ਇਕ ਦੀ ਚੋਣ ਦਾ ਸਵਾਲ ਆਇਆ ਤਾਂ ਸਾਹਿਰ ਨੇ ਆਪਣੀ ਮਾਂ ਨਾਲ ਰਹਿਣ ਨੂੰ ਤਰਜੀਹ ਦਿੱਤੀ।
1937 ਵਿਚ ਸਾਹਿਰ ਨੇ ਮਾਲਵਾ ਖ਼ਾਲਸਾ ਹਾਈ ਸਕੂਲ ਲੁਧਿਆਣਾ ਤੋਂ ਦਸਵੀਂ ਦਾ ਇਮਤਿਹਾਨ ਪਾਸ ਕਰ ਕੇ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਵਿਚ ਦਾਖ਼ਲਾ ਲੈ ਲਿਆ। ਸ਼ਾਇਰੀ ਦਾ ਸ਼ੌਂਕ ਉਸ ਨੂੰ ਸਕੂਲ ਵਿਚ ਪੜ੍ਹਨ ਦੇ ਸਮੇਂ ਤੋਂ ਹੀ ਸੀ ਪਰ ਇਸ ਵਿਚ ਵਧੇਰੇ ਨਿਖ਼ਾਰ ਕਾਲਜ ਦੇ ਸਾਹਿਤਕ ਮਾਹੌਲ ਨੇ ਲਿਆਂਦਾ। ਉਸ ਨੇ ਸਰ ਅਲਾਮਾ ਇਕਬਾਲ ਵੱਲੋਂ ਹਜ਼ਰਤ ਦਾਗ ਬਾਰੇ ਲਿਖੇ ਮਰਸੀਏ ਦੀ ਇਕ ਸਤਰ, ‘ਇਸ ਚਮਨ ਮੇਂ ਹੋਂਗੇ ਬੁਲਬੁਲ-ਏ-ਸ਼ਿਰਾਜ ਭੀ ਸੈਂਕੜੋਂ ਸਾਹਿਰ ਭੀ ਹੋਂਗੇ ਸਾਹਿਬ-ਏ-ਇਜਾਜ਼ ਭੀ’ ਤੋਂ ਪ੍ਰਭਾਵਿਤ ਹੋ ਕੇ ਆਪਣਾ ਤਖੱ਼ਲਸ ਸਾਹਿਰ ਰੱਖ ਲਿਆ ਅਤੇ ਆਪਣੇ ਤਖੱ਼ਲਸ ਸਾਹਿਰ ਨਾਲ ਲੁਧਿਆਣਾ ਜੋੜ ਲਿਆ ਇਸ ਤਰ੍ਹਾਂ ਉਹ ਸਾਹਿਰ ਲੁਧਿਆਣਵੀ ਬਣ ਗਿਆ। ਲੁਧਿਆਣਾ ਕਾਲਜ ਦੇ ਦਿਨਾਂ ਵਿਚ ਉਸ ਨੇ ਇਕ ਕੁੜੀ ਦੇ ਹੁਸਨ ’ਤੇ ਗੀਤ ਲਿਖਿਆ ਤਾਂ ਉਸ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਬਾਅਦ ਵਿਚ ਉਹ ਲਾਹੌਰ ਦੇ ਦਿਆਲ ਸਿੰਘ ਕਾਲਜ ਵਿਚ ਦਾਖ਼ਲ ਹੋ ਗਿਆ। ਐੱਫਏ ਵਿਚ ਪੜ੍ਹਦਿਆਂ ਹੀ ਉਹ ਉੱਚ ਪਾਏ ਦੀਆਂ ਨਜ਼ਮਾਂ ਲਿਖਣ ਲੱਗ ਪਿਆ। ਉਹ ਆਪਣੀਆਂ ਨਜ਼ਮਾਂ ਰਾਹੀਂ ਦੇਸ਼ ਦੀ ਗ਼ੁਲਾਮੀ ਦੇ ਵਿਰੁੱਧ ਨੌਜਵਾਨ ਦਿਲਾਂ ਨੂੰ ਟੁੰਬਦਾ ਅਤੇ ਵੰਗਾਰਦਾ ਰਿਹਾ। ਦਿਆਲ ਸਿੰਘ ਕਾਲਜ ਲਾਹੌਰ ਵਿਚ ਪੜ੍ਹਨ ਸਮੇਂ ਉਹ ਲਾਹੌਰ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ।
1944 ਵਿਚ ਉਸ ਦੀਆਂ ਨਜ਼ਮਾਂ ਦਾ ਪਹਿਲਾ ਸੰਗ੍ਰਹਿ ਤਲਖ਼ੀਆਂ ਪ੍ਰਕਾਸ਼ਿਤ ਹੋਇਆ, ਜਿਸ ਵਿਚ ਉਸਤਾਦਾਂ ਵਾਲੀ ਪੁਖ਼ਤਗੀ, ਇਨਕਲਾਬੀ ਰੰਗ ਅਤੇ ਜਜ਼ਬੇ ਦੀ ਸ਼ਿੱਦਤ ਸੀ। ਇਸ ਸੰਗ੍ਰਹਿ ਦੇ ਪ੍ਰਕਾਸ਼ਿਤ ਹੋਣ ਪਿੱਛੋਂ ਉਹ ਸਾਰੇ ਹਿੰਦੁਸਤਾਨ ਵਿਚ ਮਸ਼ਹੂਰ ਹੋ ਗਿਆ। 1945 ਵਿਚ ਉਹ ਲਾਹੌਰ ਤੋਂ ਪ੍ਰਕਾਸ਼ਿਤ ਹੁੰਦੇ ਸਾਹਿਤਕ ਪੱਤਰ ਅਦਬ-ਏ-ਲਤੀਫ਼ ਦਾ ਸੰਪਾਦਕ ਬਣਿਆ ਅਤੇ ਬਾਅਦ ਵਿਚ ਉਹ ਦਿੱਲੀ ਤੋਂ ਪ੍ਰਕਾਸ਼ਿਤ ਹੁੰਦੇ ਮੈਗਜ਼ੀਨ ਸ਼ਾਹ ਰਾਹ ਦਾ ਸੰਪਾਦਕ ਰਿਹਾ। ਅਕਤੂਬਰ 1945 ਵਿਚ ਹੈਦਰਾਬਾਦ ਵਿਚ ਹੋਈ ਤਰੱਕੀ ਪਸੰਦ ਲੇਖਕਾਂ ਦੀ ਕਾਨਫਰੰਸ ਵਿਚ ਪੰਜਾਬ ਤੋਂ ਸ਼ਾਮਿਲ ਹੋਣ ਵਾਲਾ ਉਹ ਇਕਲੌਤੇ ਲੇਖਕ ਸੀ।
ਦੇਸ਼ ਵੰਡ ਤੋਂ ਪਿੱਛੋਂ ਉਹ ਕੁਝ ਸਮੇਂ ਲਈ ਲਾਹੌਰ ਚਲਾ ਗਿਆ ਅਤੇ ਉਥੋਂ ਪ੍ਰਕਾਸ਼ਿਤ ਹੁੰਦੇ ਕਮਿਊਨਿਸਟ ਪੱਤਰ ਸਵੇਰਾ ਦਾ ਸੰਪਾਦਕ ਬਣਿਆ। ਇਸ ਪੱਤਰ ਵਿਚ ਉਸ ਦੀਆਂ ਕ੍ਰਾਂਤੀਕਾਰੀ ਰਚਨਾਵਾਂ ਛਪਣ ’ਤੇ ਉਸ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਗਏ ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਜੂਨ 1948 ਵਿਚ ਦਿੱਲੀ ਪਹੁੰਚ ਗਿਆ ਅਤੇ ਫਿਰ ਦਿੱਲੀ ਤੋਂ ਮੁੰਬਈ ਚਲਾ ਗਿਆ।
ਮੁਬੰਈ ਜਾ ਕੇ ਸਾਹਿਰ ਨੇ ਫ਼ਿਲਮੀ ਦੁਨੀਆ ਵਿਚ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕੀਤੀ। ਸ਼ੁਰੂ ਵਿਚ ਉਸ ਦੇ ਪੱਲੇ ਨਿਰਾਸ਼ਾ ਪਈ ਪਰ 1950 ਵਿੱਚ ਬਣੀ ਫਿਲਮ ਬਾਜ਼ੀ ਦੀ ਕਾਮਯਾਬੀ ਨੇ ਸਾਹਿਰ ਨੂੰ ਫ਼ਿਲਮੀ ਨਗ਼ਮਾ-ਨਿਗਾਰੀ ਵਿਚ ਮਸ਼ਹੂਰ ਕਰ ਦਿੱਤਾ। ਉਸ ਨੂੰ ਫ਼ਿਲਮੀ ਖੇਤਰ ਵਿਚ ਨਾਂ ਤੇ ਨਾਮਣਾ ਦੋਵੇਂ ਮਿਲੇ। ਸ਼ਾਇਦ ਉਸ ਸਮੇਂ ਉਹ ਇਕਲੌਤਾ ਫ਼ਿਲਮੀ ਗੀਤਕਾਰ ਸੀ, ਜਿਸ ਨੂੰ ਫ਼ਿਲਮਾਂ ਲਈ ਗੀਤ ਲਿਖਣ ਦੇ ਮੋਟੇ ਪੈਸੇ ਮਿਲਦੇ ਸਨ। ਉਸ ਨੂੰ ਇਕ ਗੀਤ ਲਿਖਣ ਦੇ ਦਸ-ਦਸ ਹਜ਼ਾਰ ਰੁਪਏ ਮਿਲਦੇ ਰਹੇ। ਉਹ ਆਪਣੇ ਸਮੇਂ ਦਾ ਸਭ ਤੋਂ ਵੱਧ ਪੈਸੇ ਕਮਾਉਣ ਵਾਲਾ ਨਗ਼ਮਾ-ਨਿਗਾਰ ਸੀ। ਉਸ ਨੇ ਫ਼ਿਲਮਾਂ ਲਈ ਸੈਂਕੜੇ ਗੀਤ ਲਿਖੇ ਪਰ ਕਦੇ ਵੀ ਆਪਣੇ ਗੀਤਾਂ ਦੇ ਮਿਆਰ ਨਾਲ ਸਮਝੌਤਾ ਨਹੀਂ ਕੀਤਾ। ਉਹ ਬਿਨਾਂ ਮੁਕਾਬਲਾ ਫਿਲਮ ਰਾਈਟਰਜ਼ ਐਸੋਸੀਏਸ਼ਨ ਦਾ ਪ੍ਰਧਾਨ ਵੀ ਰਿਹਾ।
ਆਪਣੇ 35 ਸਾਲਾਂ ਦੇ ਫ਼ਿਲਮੀ ਸਫ਼ਰ ਦੌਰਾਨ ਸਾਹਿਰ ਨੇ 122 ਹਿੰਦੀ ਫਿਲਮਾਂ ਲਈ ਗੀਤ ਲਿਖੇ, ਜਿਨ੍ਹਾਂ ਵਿਚ ਬਹੂ ਬੇਗ਼ਮ, ਆਂਖੇ, ਕਾਜਲ, ਬਰਸਾਤ ਕੀ ਰਾਤ, ਧਰਮ ਪੁੱਤਰ, ਤਾਜ ਮਹਿਲ, ਫਿਰ ਸੁਬਹ ਹੋਗੀ, ਕਭੀ ਕਭੀ, ਹਮ ਦੋਨੋਂ, ਨੀਲ ਕਮਲ ਆਦਿ ਪ੍ਰਮੁੱਖ ਹਨ। ਸਾਹਿਰ ਦੇ ਲਿਖੇ ਹੋਏ ਕੁਝ ਗੀਤ ਪਾਕਿਸਤਾਨੀ ਫ਼ਿਲਮਾਂ ਵਿਚ ਵੀ ਸ਼ਾਮਿਲ ਹਨ। 1964 ਵਿਚ ਉਨ੍ਹਾਂ ਨੂੰ ਫਿਲਮ ਤਾਜ ਮਹਿਲ ਲਈ ਅਤੇ 1977 ਵਿਚ ਫਿਲਮ ਕਭੀ ਕਭੀ ਲਈ ਫ਼ਿਲਮਫੇਅਰ ਐਵਾਰਡ ਮਿਲਿਆ।
ਉਸ ਦੀ ਤਾਜ ਮਹਿਲ ਨਜ਼ਮ ਦਾ ਇਕ ਸ਼ੇਅਰ ਇਨਕਲਾਬੀ ਹਲਕਿਆਂ ਵਿਚ ਬਹੁਤ ਚਰਚਿਤ ਹੋਇਆ :
ਇਕ ਸ਼ਹਿਨਸ਼ਾਹ ਨੇ
ਦੌਲਤ ਕਾ ਸਹਾਰਾ ਲੈ ਕਰ
ਹਮ ਗ਼ਰੀਬੋਂ ਕੀ ਮੁਹੱਬਤ ਕਾ
ਉੜਾਇਆ ਹੈ ਮਜ਼ਾਕ।
ਸਾਹਿਤਕ ਖੇਤਰ ਵਿਚ ਤਲਖ਼ੀਆਂ ਤੋਂ ਇਲਾਵਾ ਸਾਹਿਰ ਨੇ ਦੋ ਹੋਰ ਕਵਿਤਾ ਸੰਗ੍ਰਹਿ ‘ਪਰਛਾਈਆਂ’ (1955) ਤੇ ‘ਆਓ ਕਿ ਕੋਈ ਖੁਵਾਬ ਬੁਣੇ’ (1973) ਦਾ ਯੋਗਦਾਨ ਪਾਇਆ। ਉਸ ਨੇ 1948 ਵਿਚ ਦੇਵਿੰਦਰ ਸਤਿਆਰਥੀ ਦੀ ਜੀਵਨੀ ਵੀ ਲਿਖੀ। ਉਸ ਦਾ ਫ਼ਿਲਮੀ ਗੀਤਾਂ ਦਾ ਸੰਗ੍ਰਹਿ ‘ਗਾਤਾ ਜਾਏ ਵਣਜਾਰਾ’ ਵੀ ਪ੍ਰਕਾਸ਼ਿਤ ਹੋਇਆ। ਉੱਘੇ ਸਾਹਿਤਕਾਰ ਬਲਵੰਤ ਗਾਰਗੀ, ਸਾਹਿਰ ਦੇ ਸਾਹਿਤਕ ਯੋਗਦਾਨ ਬਾਰੇ ਲਿਖਦੇ ਹਨ, ‘ਉਸ ਦੀ ਕਲਮ ਵਿਚ ਉਰਦੂ ਦਾ ਪੂਰਾ ਸ਼ਬਾਬ, ਪੂਰੀ ਰਵਾਇਤ ਸਮੋਈ ਹੋਈ ਸੀ। ਉਸ ਵਿਚ ਹਿੰਦੀ ਦਾ ਰਸ ਤੇ ਅਲੰਕਾਰ ਵੀ ਰਚੇ ਹੋਏ ਸਨ। ਭਾਰਤ ਦੀ ਘੁਲ਼ੀ ਮਿਲੀ ਕਲਚਰ ਦਾ ਹਸੀਨ ਕਲਾਤਮਿਕ ਰੰਗ।’ ਸਾਹਿਰ ਦੀ ਸਾਹਿਤਿਕ ਪ੍ਰਤਿਭਾ ਦਾ ਸਤਿਕਾਰ ਕਰਦਿਆਂ ਉਸ ਨੂੰ 1973 ਵਿਚ ਸੋਵੀਅਤ ਲੈਂਡ ਨਹਿਰੂ ਪੀਸ ਪ੍ਰਾਈਜ ਦਿੱਤਾ ਗਿਆ। ਭਾਰਤ ਸਰਕਾਰ ਵੱਲੋਂ 1971 ਵਿਚ ਉਨ੍ਹਾਂ ਨੂੰ ਪਦਮਸ੍ਰੀ ਦੇ ਸਨਮਾਨ ਨਾਲ ਸਨਮਾਨਿਆ ਗਿਆ।
ਸਾਹਿਰ ਲੁਧਿਆਣਵੀ ਦੇ ਬਹੁਤ ਸਾਰੀਆਂ ਲੜਕੀਆਂ ਨਾਲ ਇਸ਼ਕ, ਪ੍ਰੇਮ ਪ੍ਰਸੰਗਾਂ ਦੇ ਚਰਚੇ ਵੀ ਛਿੜਦੇ ਰਹੇ। ਅੰਮ੍ਰਿਤਾ ਪ੍ਰੀਤਮ ਨੇ ਸਾਹਿਰ ਨਾਲ ਇਸ਼ਕ ਦੀ ਕਹਾਣੀ ਆਪਣੀ ਸਵੈ ਜੀਵਨੀ ਰਸੀਦੀ ਟਿਕਟ ਵਿਚ ਬੜੀ ਬੇਬਾਕੀ ਨਾਲ ਬਿਆਨ ਕੀਤੀ ਹੈ ਪਰ ਨਿਰਸੰਦੇਹ ਸਾਹਿਰ ਆਪਣੀ ਮਾਂ ਦੇ ਸਭ ਤੋਂ ਨੇੜੇ ਸੀ। ਉਸ ਨਾਲ ਉਸ ਨੂੰ ਅਥਾਹ ਮੋਹ ਸੀ। ਜਦੋਂ 1978 ਵਿਚ ਉਸ ਦੀ ਮਾਂ ਦੀ ਮੌਤ ਹੋਈ ਤਾਂ ਸਾਹਿਰ ਅੰਦਰੋਂ ਟੁੱਟ ਗਿਆ ਅਤੇ ਜਲਦੀ ਹੀ ਉਹ 25 ਅਕਤੂਬਰ, 1980 ਨੂੰ ਮੁੰਬਈ ਵਿਖੇ ਦਿਲ ਦਾ ਦੌਰਾ ਪੈਣ ਨਾਲ ਜਹਾਨ ਤੋਂ ਰੁਖ਼ਸਤ ਹੋ ਗਿਆ।
ਡਾ. ਨਰੇਸ਼ ਸਾਹਿਰ ਲੁਧਿਆਣਵੀ ਬਾਰੇ ਲਿਖਦੇ ਹਨ, ‘ਸਾਹਿਰ ਸਾਰੀ ਜ਼ਿੰਦਗੀ ਆਪਣੀ ਕਲਮ ਨੂੰ ਤਲਵਾਰ ਬਣਾ ਕੇ ਇਕ ਯੋਧੇ ਵਾਂਗ ਸਮਾਜਿਕ ਬੁਰਾਈਆਂ, ਕਾਣੀ ਆਰਥਿਕ ਵੰਡ ਅਤੇ ਇਨਸਾਨੀ-ਨਾ-ਬਰਾਬਰੀ ਵਿਰੁੱਧ ਲੜਦਾ ਰਿਹਾ। ਉਸ ਨੇ ਵਿਸ਼ਵ ਸ਼ਾਂਤੀ ਖ਼ਾਤਰ ਆਵਾਜ਼ ਬੁਲੰਦ ਕੀਤੀ ਅਤੇ ਹਰ ਪ੍ਰਕਾਰ ਦੀ ਜੰਗ ਦਾ ਡੱਟ ਕੇ ਵਿਰੋਧ ਕੀਤਾ। ਉਹ ਸ੍ਰਿਸ਼ਟੀ ਦੇ ਵਿਹੜੇ ਵਿਚ ਮਾਨਵਤਾ ਦੀ ਧੁੱਪ ਖਿੜੀ ਰਹਿਣ ਦੇ ਸੁਪਨੇ ਵੇਖਦਾ ਰਿਹਾ, ਪ੍ਰਗਤੀਵਾਦੀ ਲੇਖਕ ਸੰਘ ਪ੍ਰਤੀ ਉਸ ਦੀ ਵਚਨਬੱਧਤਾ ਹਮੇਸ਼ਾ ਅਡੋਲ ਰਹੀ।’ 8 ਮਾਰਚ 2013 ਨੂੰ ਭਾਰਤੀ ਡਾਕ ਵਿਭਾਗ ਵੱਲੋਂ ਸਾਹਿਰ ਲੁਧਿਆਣਵੀ ਦੀ ਯਾਦ ਵਿਚ ਡਾਕ ਟਿਕਟ ਜਾਰੀ ਕੀਤਾ ਗਿਆ ਸੀ
-ਦਲਜੀਤ ਰਾਏ ਕਾਲੀਆ
97812-00168.