- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਖਾਣਾਂ ’ਚ ਜੀਵਨ ਦਾ ਨਿਚੋੜ ਅਤੇ ਸਦੀਵੀ ਸੱਚਾਈ ਹੋਣ ਕਾਰਨ ਇਨ੍ਹਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਅਖਾਣ ਆਪਣੇ ਆਪ ’ਚ ਘੱਟ ਸ਼ਬਦਾਂ ਦੇ ਵਾਕ ਹੋਣ ਦੇ ਨਾਲ -ਨਾਲ ਭਾਵ ਪ੍ਰਗਟਾਉਣ ’ਚ ਤਿੱਖੇ ਤੇ ਗੁੰਦਵੇਂ ਢੰਗ ਦੇ ਹੁੰਦੇ ਹਨ। ਅਖਾਣਾਂ ਦਾ ਸਿੱਧਾ ਸੰਬੰਧ ਮਨੁੱਖ ਦੀ ਰਹਿਣੀ -ਬਹਿਣੀ, ਬੋਲੀ (ਭਾਸ਼ਾ) ਅਤੇ ਤਜਰਬਿਆਂ ਨਾਲ ਹੁੰਦਾ ਹੈ...

ਅਖਾਣ ਆਪਣੀ ਬੁੱਕਲ ’ਚ ਜੀਵਨ ਦੇ ਕਈ ਰੰਗਾਂ ਨੂੰ ਸਾਂਭੀ ਬੈਠੇ ਹੁੰਦੇ ਹਨ। ਕਿਸੇ ਵੀ ਅਖਾਣ ਦਾ ਜਨਮ ਵਿਉਂਤਬੰਦੀ ਨਾਲ ਨਹੀਂ ਹੁੰਦਾ। ਇਹ ਤਾਂ ਆਮ ਜਨ-ਜੀਵਨ ’ਚ ਸਹਿ ਸੁਭਾ ਆਖੀ ਗਈ ਗੱਲ ਜੋ ਘੱਟ ਸ਼ਬਦਾਂ ਨਾਲ ਲੋਕ ਮਨਾਂ ਨੂੰ ਜੱਚ ਜਾਵੇ ਅਤੇ ਲੰਮੇਰੇ ਸਮੇਂ ਤੱਕ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਲੋਕ ਬੋਲਾਂ ’ਚ ਸਹਿਜੇ ਹੀ ਸ਼ਾਮਿਲ ਹੋ ਜਾਵੇ, ਉਹ ਆਖੀ ਗੱਲ ਅਖਾਣ ਬਣ ਜਾਂਦੀ ਹੈ।
ਅਖਾਣਾਂ ਦਾ ਆਪਣਾ ਹੀ ਇਕ ਵੱਖਰਾ ਸੰਸਾਰ ਹੁੰਦਾ ਹੈ। ਇਹ ਆਪਣੇ ਅੰਦਰ ਕਈ ਨਿਵੇਕਲੇ ਸ਼ਬਦਾਂ ਦਾ ਭੰਡਾਰ ਲਕੋਈ ਬੈਠੇ ਹੁੰਦੇ ਹਨ। ਅਖਾਣ ਕਿਸੇ ਵੀ ਕਿਸਮ ਦੀ ਬੰਦਸ਼ ਤੋਂ ਮੁਕਤ ਹੁੰਦੇ ਹਨ, ਕਈ ਅਖਾਣ ਸਿੱਧੇ ਹੀ ਆਖ ਦਿੱਤੇ ਜਾਂਦੇ ਹਨ, ਕਈ ਅਖਾਣ ਅਖੌਤ ਦੀ ਬਣਤਰ ’ਚ ਅਤੇ ਕਈ ਅਖਾਣ ਕਾਵਿ-ਸ਼ੈਲੀ ’ਚ ਆਖ ਲਏ ਜਾਂਦੇ ਹਨ। ਨਾਲ ਹੀ ਜਿੱਥੇ ਘੱਟ ਸ਼ਬਦ ਜੋੜ ਨਾਲ ਆਖੀ ਗੱਲ ਦੇ ਵੱਡੇ ਅਰਥ ਨਿਕਲਣ ਉੱਥੇ ‘ਕੁੱਜੇ ਵਿਚ ਸਮੁੰਦਰ’ ਪਾਉਣ ਦਾ ਮਾਣ ਅਖਾਣਾਂ ਦੇ ਹਿੱਸੇ ਆਉਂਦਾ ਹੈ।
ਅਖਾਣਾਂ ਦੇ ਰੂਪ
ਜੇਕਰ ਅਖਾਣਾਂ ਦੇ ਅਰਥ ਖ਼ੇਤਰ ਦੀ ਗੱਲ ਕਰੀਏ ਤਾਂ ਇਹ ਵੀ ਬਹੁਤ ਵਿਸ਼ਾਲ ਹੈ। ਅਖਾਣਾਂ ਦੀ ਬਣਤਰ ਦੀ ਗੱਲ ਕਰੀਏ ਤਾਂ ਇਹ ਕਈ ਰੂਪਾਂ ’ਚ ਮਿਲਦੇ ਹਨ ਜਿਵੇਂ: ਬਣਤਰ ਗੁਰਮੁਖੀ ਰੂਪੀ ਅਖਾਣ, ਬਣਤਰ ਸਾਧਾਰਨ ਅਖਾਣ, ਬਣਤਰ ਟਕਰਾਵੇਂ ਅਖਾਣ, ਬਣਤਰ ਸਮਾਨ ਭਾਵੀ ਅਖਾਣ, ਬਣਤਰ ਕਾਵਿ ਰੂਪੀ ਅਖਾਣ ਆਦਿ। ਅਖਾਣਾਂ ਦੀ ਗੱਲ ਅੱਗੇ ਤੋਰਦਿਆਂ ਸਭ ਤੋਂ ਪਹਿਲਾਂ ਬਣਤਰ ਗੁਰਮੁਖੀ ਰੂਪੀ ਅਖਾਣ ਦੀ ਗੱਲ ਕਰਦੇ ਹਾਂ। ਇਹ ਉਹ ਅਖਾਣ ਅਖਵਾਉਂਦੇ ਹਨ ਜਿਨ੍ਹਾਂ ਦਾ ਆਖਣ ਸਮੇਂ ਸੁਰ ਗੁਰਮੁਖੀ ਭਾਵ ਪ੍ਰਗਟਾਉਂਦਾ ਹੋਵੇ ਜਿਵੇਂ ਸਮਾਜ ’ਚ ਵਿਚਰਦੇ ਜਦੋਂ ਕੋਈ ਨਿਕੰਮਾ ਬੰਦਾ ਕਿਸੇ ਨੂੰ ਵੀ ਨਾ ਭਾਉਂਦਾ ਹੋਵੇ ਤਾਂ ਗੁਰਮੁਖੀ ਰੂਪੀ ਬਣਤਰ ’ਚ ਅਖਾਣ ਕਹਿ ਲਿਆ ਜਾਂਦਾ ਹੈ : ‘ਅਉਗਣਿਆਰੀ ਕੰਤ ਨਾ ਭਾਵੇ।’ ਇਸੇ ਤਰ੍ਹਾਂ ਔਖੇ ਸਮੇਂ ਵਿਚ ਜਦੋਂ ਦਵਾ ਦਾਰੂ ਪ੍ਰਮਾਤਮਾ ਦੀ ਮਿਹਰ ਹੋਣ ’ਤੇ ਅਸਰ ਕਰਦੀ ਹੈ ਤਾਂ ਗੁਰਮੁਖੀ ਰੂਪੀ ਬਣਤਰ ਵਿਚ ਅਖਾਣ ਕਹਿ ਲਿਆ ਜਾਂਦਾ ਹੈ:
‘ਅਉਖਦ ਆਏ ਰਾਸ ਵਿਚ ਆਪ ਖਲੋਇਆ।’ ਬਣਤਰ ਸਧਾਰਨ ਅਖਾਣਾਂ ਦੀ ਗੱਲ ਕਰੀਏ ਤਾਂ ਆਮ ਜਨਜੀਵਨ ’ਚ ਜਦੋਂ ਸਮਾਜ ’ਚ ਘਟ ਰਹੀਆਂ ਘਟਨਾਵਾਂ ’ਚੋਂ ਜਦੋਂ ਕਿਸੇ ਮਸਲੇ ਦੇ ਨਤੀਜੇ ਦਾ ਪਤਾ ਨਾ ਹੋਵੇ ਤਾਂ ਸਧਾਰਨ ਬਣਤਰ ਵਿਚ ਅਖਾਣ ਕਹਿ ਲਿਆ ਜਾਂਦਾ ਹੈ : ‘ਊਠ ਵੇਖੀਏ ਕਿਸ ਕਰਵਟ ਬਹਿੰਦਾ ਹੈ।’ ਇਸੇ ਤਰ੍ਹਾਂ ਜਦੋਂ ਕਿਸੇ ਨੂੰ ਲੋੜੀਂਦੀ ਵਸਤੂ ਸਹਿਜੇ ਹੀ ਮਿਲ ਜਾਵੇ ਤਾਂ ਸਧਾਰਨ ਬਣਤਰ ’ਚ ਅਖਾਣ ਕਹਿ ਲਿਆ ਜਾਂਦਾ ਹੈ : ‘ਅੰਨ੍ਹਾ ਕੀ ਭਾਲੇ ਦੋ ਅੱਖਾਂ।’ ਜਦੋਂ ਕਈ ਵਾਰੀ ਅਖਾਣ ਰੂਪ ਵਿੱਚ ਕਿਸੇ ਨੂੰ ਆਖੀਂ ਗੱਲ ਦੇ ਭਾਵ ਗੁੱਸੇ ਭਰੇ ਲਹਿਜੇ ਦੇ ਜਾਪਣ ਤਾਂ ਉਨ੍ਹਾਂ ਅਖਾਣਾਂ ਨੂੰ ਬਣਤਰ ਟਕਰਾਵੇਂ ਅਖਾਣ ਕਹਿ ਲਿਆ ਜਾਂਦਾ ਹੈ : ‘ਨਾ ਮੋਇਆ, ਨਾ ਮਗਰੋਂ ਲੱਥਾ।’ ਸਮੇਂ ਸਮੇਂ ’ਤੇ ਅਖਾਣ ਆਪਣਾ ਰੂਪ ਬਦਲਦੇ ਰਹਿੰਦੇ ਹਨ।
ਜੀਵਨ ਦਾ ਨਿਚੋੜ ਤੇ ਸੱਚ
ਅਖਾਣਾਂ ’ਚ ਜੀਵਨ ਦਾ ਨਿਚੋੜ ਅਤੇ ਸਦੀਵੀ ਸੱਚਾਈ ਹੋਣ ਕਾਰਨ ਇਨ੍ਹਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਅਖਾਣ ਆਪਣੇ ਆਪ ’ਚ ਘੱਟ ਸ਼ਬਦਾਂ ਦੇ ਵਾਕ ਹੋਣ ਦੇ ਨਾਲ -ਨਾਲ ਭਾਵ ਪ੍ਰਗਟਾਉਣ ’ਚ ਤਿੱਖੇ ਤੇ ਗੁੰਦਵੇਂ ਢੰਗ ਦੇ ਹੁੰਦੇ ਹਨ। ਅਖਾਣਾਂ ਦਾ ਸਿੱਧਾ ਸੰਬੰਧ ਮਨੁੱਖ ਦੀ ਰਹਿਣੀ -ਬਹਿਣੀ, ਬੋਲੀ (ਭਾਸ਼ਾ) ਅਤੇ ਤਜਰਬਿਆਂ ਨਾਲ ਹੁੰਦਾ ਹੈ। ਜੇਕਰ ਭਾਵ ਅਰਥ ਦੇ ਪੱਧਰ ’ਤੇ ਅਖਾਣਾਂ ਨੂੰ ਦੇਖਿਆ ਜਾਵੇਂ ਤਾਂ ਕਈ ਅਖਾਣ ਮਰਦ-ਔਰਤ ਵਿਚੋਂ ਕਿਸੇ ਲਈ ਵੀ ਪ੍ਰਯੋਗ ਕੀਤੇ ਜਾ ਸਕਦੇ ਹਨ। ਸ਼ਹਿਰ, ਕਸਬਿਆਂ ਨਾਲੋਂ ਪਿੰਡਾਂ ’ਚ ਅੱਜ ਵੀ ਆਮ ਬੋਲਚਾਲ ’ਚ ਅਖਾਣਾਂ ਦੀ ਵਰਤੋਂ ਵਧੇਰੇ ਹੁੰਦੀ ਹੈ। ਜੋ ਲੋਕ ਅਜੇ ਵੀ ਆਪਣੀ ਬੋਲਚਾਲ ’ਚ ਅਖਾਣਾਂ ਦੀ ਵਰਤੋਂ ਖੁੱਲ ਕੇ ਕਰਦੇ ਹਨ ਉਨ੍ਹਾਂ ਲਈ ਕਿਹਾ ਜਾ ਸਕਦਾ ਹੈ ਕਿ ਉਹ ਅਜੇ ਵੀ ਆਪਣੇ ਪਿਛੋਕੜ, ਆਪਣੇ ਪੁਰਖਿਆਂ ਨਾਲ ਜੁੜੇ ਹੋਏ ਹਨ। ਅਖਾਣ ਦੇਸ਼, ਦੁਨੀਆ ਦੀਆ ਸਰਹੱਦ ਦੇ ਬੰਧਨਾਂ ਨੂੰ ਨਹੀਂ ਮੰਨਦੇ ਅੱਜ ਵੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਕਈ ਅਖਾਣ ਲੋਕਾਂ ਦੀਆ ਬੋਲਚਾਲ ਦੀ ਬੋਲੀ ਦਾ ਸ਼ਿੰਗਾਰ ਹਨ।
-ਹਰਮਨਪ੍ਰੀਤ ਸਿੰਘ
98550-10005