ਪੂਜਾ ਰਾਣੀ ਸਿਰਫ਼ ਖਿਡਾਰੀ ਤਿਆਰ ਨਹੀਂ ਕਰ ਰਹੀ, ਸਗੋਂ ਉਹਨਾਂ ਨੂੰ ਪੜ੍ਹਾਈ, ਡਾਇਟ, ਅਨੁਸ਼ਾਸਨ ਅਤੇ ਭਵਿੱਖੀ ਯੋਜਨਾ ਬਾਰੇ ਵੀ ਜਾਗਰੂਕ ਕਰ ਰਹੀ ਹੈ। ਉਹਨਾਂ ਦੀ ਕੋਸ਼ਿਸ਼ ਨਾਲ ਕਈ ਖਿਡਾਰੀ ਪੀ.ਆਈ.ਐੱਸ. ਪੰਜਾਬ ਇੰਸਟੀਟਿਊਟ ਆਫ ਸਪੋਰਟਸ ਅਤੇ ਵਧੀਆ ਕਾਲਜਾਂ ਵਿੱਚ ਸਪੋਰਟਸ ਕੋਟੇ ਤਹਿਤ ਮੁਫ਼ਤ ਪੜ੍ਹਾਈ ਹਾਸਲ ਕਰ ਰਹੇ ਹਨ।

ਪੰਜਾਬ ਦੀ ਧਰਤੀ ਨੇ ਖੇਡਾਂ ਦੇ ਖੇਤਰ ਵਿਚ ਅਨੇਕਾਂ ਹੀਰੇ ਜਨਮੇ ਹਨ, ਪਰ ਕੁਝ ਨਾਮ ਅਜਿਹੇ ਹੁੰਦੇ ਹਨ ਜੋ ਸਿਰਫ਼ ਮੈਡਲਾਂ ਲਈ ਨਹੀਂ, ਸਗੋਂ ਸਮਾਜਿਕ ਬਦਲਾਅ ਲਈ ਜਾਣੇ ਜਾਂਦੇ ਹਨ। ਅਜਿਹਾ ਹੀ ਇਕ ਨਾਮ ਹੈ ਪੂਜਾ ਰਾਣੀ, ਜੋ ਅੱਜ ਪੰਜਾਬ ਸਪੋਰਟਸ ਡਿਪਾਰਟਮੈਂਟ ਵਿਚ ਆਊਟਸੋਰਸਿੰਗ ਅਧੀਨ ਫੁੱਟਬਾਲ ਕੋਚ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ।
ਪੂਜਾ ਰਾਣੀ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਸੀ ਮੁਸਤਫ਼ਾ ਵਿਚ ਇਕ ਸਧਾਰਣ ਪਰ ਮਿਹਨਤੀ ਪਰਿਵਾਰ ਵਿਚ ਹੋਇਆ। ਮਾਤਾ ਮਨਜੀਤ ਕੌਰ ਅਤੇ ਪਿਤਾ ਅਸ਼ੋਕ ਕੁਮਾਰ, ਜੋ ਪੇਸ਼ੇ ਵਜੋਂ ਮਿਸਤਰੀ ਸਨ, ਨੇ ਬੇਟੀ ਨੂੰ ਸੰਘਰਸ਼, ਇਮਾਨਦਾਰੀ ਅਤੇ ਮਿਹਨਤ ਦੀ ਸਿੱਖ ਦਿੱਤੀ। ਦੋ ਭਰਾਵਾਂ ਅਤੇ ਇਕ ਵੱਡੀ ਭੈਣ ਨਾਲ ਪਲੀ-ਬੜੀ ਪੂਜਾ ਰਾਣੀ ਨੇ ਬਚਪਨ ਤੋਂ ਹੀ ਖੇਡਾਂ ਪ੍ਰਤੀ ਰੁਝਾਨ ਦਿਖਾਉਣਾ ਸ਼ੁਰੂ ਕਰ ਦਿੱਤਾ।
ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਐੱਸ.ਬੀ.ਏ.ਸੀ. ਸੀਨੀਅਰ ਸੈਕੈਂਡਰੀ ਸਕੂਲ ਬਜਵਾੜੇ ਤੋਂ ਕੀਤੀ। ਸਕੂਲ ਦੌਰਾਨ ਹੀ ਪੂਜਾ ਰਾਣੀ ਨੇ ਸਕੂਲ ਸਟੇਟ ਅਤੇ ਐਸੋਸੀਏਸ਼ਨ ਸਟੇਟ ਪੱਧਰ ਦੀਆਂ ਖੇਡਾਂ ਵਿਚ ਭਾਗ ਲੈ ਕੇ ਆਪਣੇ ਸਕੂਲ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਰੋਸ਼ਨ ਕੀਤਾ। ਇਹ ਓਹ ਸਮਾਂ ਸੀ ਜਦੋਂ ਖੇਡਾਂ ਵਿਚ ਲੜਕੀਆਂ ਦੀ ਭਾਗੀਦਾਰੀ ਆਸਾਨ ਨਹੀਂ ਸੀ ਪਰ ਪੂਜਾ ਰਾਣੀ ਨੇ ਸਮਾਜਿਕ ਰੁਕਾਵਟਾਂ ਨੂੰ ਆਪਣੀ ਹਿੰਮਤ ਨਾਲ ਪਾਰ ਕੀਤਾ।
ਪੂਜਾ ਰਾਣੀ ਦੀ ਖੇਡ ਯਾਤਰਾ ਨੂੰ ਦਿਸ਼ਾ ਸਭ ਤੋਂ ਪਹਿਲਾਂ ਅਧਿਆਪਕ ਰਾਮ ਮੂਰਤੀ ਨੇ ਦਿੱਤੀ, ਜਿਨ੍ਹਾਂ ਨੇ ਉਹਨਾਂ ਨੂੰ ਸਪੋਰਟਸ ਵੱਲ ਮੋੜਿਆ। ਸ਼ੁਰੂਆਤ ਵਿਚ ਉਹਨਾਂ ਨੂੰ ਬਾਸਕਿਟਬਾਲ ਵੱਲ ਪ੍ਰੇਰਿਤ ਕੀਤਾ ਗਿਆ ਪਰ ਉਸ ਦਾ ਦਿਲ ਫੁੱਟਬਾਲ ਵਿਚ ਵੱਸਦਾ ਸੀ। ਫੁੱਟਬਾਲ ਪ੍ਰਤੀ ਉਸ ਦੀ ਲਗਨ ਨੂੰ ਦੇਖਦੇ ਹੋਏ, ਉਸ ਨੇ ਇਸ ਖੇਡ ਨੂੰ ਆਪਣਾ ਮੁੱਖ ਮਾਧਿਅਮ ਬਣਾ ਲਿਆ। ਫੁੱਟਬਾਲ ਵਿਚ ਮੁੱਢਲੀ ਟ੍ਰੇਨਿੰਗ ਪੂਜਾ ਰਾਣੀ ਨੇ ਕੋਚ ਨਾੜੂ ਭਾਜੀ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਰਾਮ ਸਰੂਪ ਕਾਈ ਜੀ ਤੋਂ ਪ੍ਰਾਪਤ ਕੀਤੀ। ਬਾਅਦ ਵਿਚ ਯੋਗਰਾਜ ਦੀ ਰਹਿਨੁਮਾਈ ਨਾਲ ਉਹਨਾਂ ਨੂੰ ਐੱਚ.ਐੱਮ.ਵੀ. ਕਾਲਜ ਵਿਚ ਸਪੋਰਟਸ ਕੋਟੇ ਅਧੀਨ ਦਾਖ਼ਲਾ ਮਿਲਿਆ। ਇੱਥੇ ਸਪੋਰਟਸ ਅਥਾਰਟੀ ਆਫ਼ ਇੰਡੀਆ ਨਾਲ ਸਬੰਧਤ ਕੋਚ ਰਾਮ ਲੁਭਾਇਆ ਅਤੇ ਸੁਰਿੰਦਰ ਤੋਂ ਐਡਵਾਂਸ ਟ੍ਰੇਨਿੰਗ ਲੈ ਕੇ ਉਹਨਾਂ ਨੇ ਆਪਣੇ ਖੇਡ ਕੌਸ਼ਲ ਨੂੰ ਨਿਖ਼ਾਰਿਆ।
ਕਾਲਜ ਪੱਧਰ ’ਤੇ ਪੂਜਾ ਰਾਣੀ ਨੇ ਇੰਟਰ ਕਾਲਜ ਅਤੇ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਰਾਂਜ਼ ਮੈਡਲ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ। ਇਸ ਦੌਰਾਨ ਉਹਨਾਂ ਨੇ ਕਈ ਨੈਸ਼ਨਲ ਲੈਵਲ ਇੰਡੀਆ ਕੈਂਪਾਂ ਦੇ ਟ੍ਰਾਇਲ ਵੀ ਦਿੱਤੇ, ਜੋ ਉਸ ਦੀ ਕਾਬਲੀਅਤ ਦਾ ਸਬੂਤ ਹਨ।
ਖਿਡਾਰੀ ਵਜੋਂ ਅਨੁਭਵ ਹਾਸਲ ਕਰਨ ਤੋਂ ਬਾਅਦ, ਪੂਜਾ ਰਾਣੀ ਨੇ ਕੋਚ ਬਣਨ ਦਾ ਫੈ਼ਸਲਾ ਕੀਤਾ ਅਤੇ ਐੱਨ.ਐੱਸ.ਐੱਨ.ਆਈ.ਐੱਸ. ਪਟਿਆਲਾ ਤੋਂ ਕੋਚਿੰਗ ਦੀ ਪੜ੍ਹਾਈ ਪੂਰੀ ਕੀਤੀ। ਸਾਲ 2015 ਵਿਚ ਉਹਨਾਂ ਨੇ ਪੰਜਾਬ ਸਪੋਰਟਸ ਡਿਪਾਰਟਮੈਂਟ ਨੂੰ ਜੁਆਇਨ ਕਰਕੇ ਆਪਣਾ ਸਫ਼ਰ ਇਕ ਕੋਚ ਵਜੋਂ ਸ਼ੁਰੂ ਕੀਤਾ। ਪਹਿਲੀ ਪੋਸਟਿੰਗ ਜ਼ਿਲ੍ਹਾ ਖੇਡ ਅਫ਼ਸਰ ਹੁਸ਼ਿਆਰਪੁਰ ਦੇ ਅਧੀਨ ਰਹੀ, ਜਿੱਥੇ ਉਹਨਾਂ ਨੇ ਕਈ ਸਕੂਲ ਸਟੇਟ ਅਤੇ ਨੈਸ਼ਨਲ ਮੈਡਲਿਸਟ ਖਿਡਾਰੀ ਤਿਆਰ ਕੀਤੇ। ਇਸੇ ਦੌਰਾਨ ਪ੍ਰਤਿਭਾਸ਼ਾਲੀ ਖਿਡਾਰੀ ਮਨੀਸ਼ਾ ਕਲਿਆਣ, ਜੋ ਅੱਜ ਭਾਰਤੀ ਫੁੱਟਬਾਲ ਟੀਮ ਅਤੇ ਕਈ ਪ੍ਰਸਿੱਧ ਕਲੱਬਾਂ ਲਈ ਖੇਡ ਰਹੀ ਹੈ, ਦੀ ਖੇਡ ਯਾਤਰਾ ਦੀ ਸ਼ੁਰੂਆਤ ਵੀ ਪੂਜਾ ਰਾਣੀ ਦੀ ਕੋਚਿੰਗ ਹੇਠ ਹੋਈ। ਵਰਤਮਾਨ ਵਿਚ ਪੂਜਾ ਰਾਣੀ ਜ਼ਿਲ੍ਹਾ ਖੇਡ ਦਫ਼ਤਰ ਪਠਾਨਕੋਟ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਅਜਿਹੇ ਖੇਤਰ ਵਿਚ ਜਿੱਥੇ ਫੁੱਟਬਾਲ ਦਾ ਨਾਮੋ ਨਿਸ਼ਾਨ ਨਹੀਂ ਸੀ, ਉੱਥੇ ਉਹਨਾਂ ਨੇ ਪਿੰਡਾਂ ਅਤੇ ਕਸਬਿਆਂ ਦੇ ਬੱਚਿਆਂ ਨੂੰ ਇਸ ਖੇਡ ਨਾਲ ਜੋੜਿਆ। ਅੱਜ 40 ਤੋਂ 45 ਖਿਡਾਰੀ ਰੋਜ਼ਾਨਾ ਸਵੇਰੇ-ਸ਼ਾਮ ਐੱਸਐੱਮਡੀ ਆਰ ਐੱਸ ਡੀ ਕਾਲਜ ਵਿਚ ਉਹਨਾਂ ਦੀ ਰਹਿਨੁਮਾਈ ਹੇਠ ਟ੍ਰੇਨਿੰਗ ਕਰ ਰਹੇ ਹਨ।
ਪੂਜਾ ਰਾਣੀ ਸਿਰਫ਼ ਖਿਡਾਰੀ ਤਿਆਰ ਨਹੀਂ ਕਰ ਰਹੀ, ਸਗੋਂ ਉਹਨਾਂ ਨੂੰ ਪੜ੍ਹਾਈ, ਡਾਇਟ, ਅਨੁਸ਼ਾਸਨ ਅਤੇ ਭਵਿੱਖੀ ਯੋਜਨਾ ਬਾਰੇ ਵੀ ਜਾਗਰੂਕ ਕਰ ਰਹੀ ਹੈ। ਉਹਨਾਂ ਦੀ ਕੋਸ਼ਿਸ਼ ਨਾਲ ਕਈ ਖਿਡਾਰੀ ਪੀ.ਆਈ.ਐੱਸ. ਪੰਜਾਬ ਇੰਸਟੀਟਿਊਟ ਆਫ ਸਪੋਰਟਸ ਅਤੇ ਵਧੀਆ ਕਾਲਜਾਂ ਵਿੱਚ ਸਪੋਰਟਸ ਕੋਟੇ ਤਹਿਤ ਮੁਫ਼ਤ ਪੜ੍ਹਾਈ ਹਾਸਲ ਕਰ ਰਹੇ ਹਨ। ਖੇਡਾਂ ਨਾਲ ਜੁੜਿਆ ਉਹਨਾਂ ਦਾ ਸਹੁਰਾ ਪਰਿਵਾਰ ਵੀ ਪੂਜਾ ਰਾਣੀ ਲਈ ਵੱਡਾ ਸਹਾਰਾ ਹੈ। ਘਰ, ਜ਼ਿੰਮੇਵਾਰੀਆਂ ਅਤੇ ਮਾਤਾ ਹੋਣ ਦੇ ਫ਼ਰਜ਼ਾਂ ਦੇ ਬਾਵਜੂਦ, ਪੂਜਾ ਰਾਣੀ ਅੱਜ ਵੀ ਆਪਣੇ ਸ਼ੌਂਕ ਅਤੇ ਫ਼ਰਜ਼ ਨੂੰ ਨਿਭਾਉਂਦਿਆਂ ਪੰਜਾਬ ਹੀ ਨਹੀਂ, ਸਗੋਂ ਦੇਸ਼ ਦੇ ਭਵਿੱਖਲੇ ਫੁੱਟਬਾਲ ਖਿਡਾਰੀ ਤਿਆਰ ਕਰਨ ਵਿਚ ਜੁਟੀ ਹੋਈ ਹੈ। ਪੂਜਾ ਰਾਣੀ ਸੱਚ-ਮੁੱਚ ਉਸ ਸੋਚ ਦੀ ਪ੍ਰਤੀਕ ਹੈ, ਜਿੱਥੇ ਬੇਟੀ ਪਹਿਲਾਂ, ਖਿਡਾਰੀ ਉਸ ਤੋਂ ਬਾਅਦ, ਕੋਚ ਉਸ ਤੋਂ ਵੀ ਅੱਗੇ ਅਤੇ ਮਾਂ ਸਭ ਤੋਂ ਉੱਚੇ ਦਰਜੇ ’ਤੇ ਖੜੀ ਨਜ਼ਰ ਆਉਂਦੀ ਹੈ।
- ਸ਼ਰਨਜੀਤ ਕੌਰ
99880-22335