- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਵੀ ਦੋਸਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਾਂਚ-ਪੜਤਾਲ ਕਰਨ ਉਪਰੰਤ ਡਾਕਟਰਾਂ ਦੀ ਦੇਖ-ਰੇਖ ’ਚ ਹੋਏ ਉਪਰਾਲੇ ਨਾਲ਼ ਕਵੀ ਕੁਝ ਕਾਇਮ ਹੋਇਆ ਤਾਂ ਇਕ ਦੋਸਤ ਦੇ ਮੂੰਹੋਂ ਆਪ-ਮੁਹਾਰਾ ਨਿੱਕਲ ਗਿਆ, ‘ਯਾਰ! ਕਵਿਤਾ ਨੇ ਤਾਂ ਅੱਜ ਤੇਰੀ ਜਾਨ ਲੈ ਲੈਣੀ ਸੀ।’

ਜਿਸ ਦੋਸਤ ਦੀ ਆਪਾਂ ਗੱਲ ਕਰਨ ਲੱਗੇ ਹਾਂ, ਉਸ ਦਾ ਦੁਖਾਂਤ ਇਹ ਹੈ ਕਿ ਉਹ ਲੇਖਕ, ਕਵੀ ਹੋਣ ਦੇ ਨਾਲ਼-ਨਾਲ਼ ਇਨਸਾਨ ਵੀ ਹੈ। ਬਲਕਿ ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਇਹ ਸਭ ਲੇਖਕਾਂ, ਕਵੀਆਂ ਦਾ ਸਾਂਝਾ ਦੁਖਾਂਤ ਹੈ। ਸਮਾਜ ਸੂਖ਼ਮ ਕਲਾਵਾਂ ਨਾਲ਼ ਜੁੜੇ ਹਰ ਵਿਅਕਤੀ ਕੋਲੋਂ ਵੱਖਰੇ ਵਿਵਹਾਰ ਦੀ ਮੰਗ ਕਰਦਾ ਹੈ। ਅਜਿਹਾ ਬੰਦਾ ਸੰਵੇਦਨਸ਼ੀਲ ਹੋਵੇ, ਮਾਨਵਵਾਦੀ ਹੋਵੇ, ਸਮਾਜਿਕ ਬੁਰਾਈਆਂ ਨਾਲ਼ ਡਟ ਕੇ ਲੜਨ ਵਾਲ਼ਾ ਹੋਵੇ। ਸੱਤਾ ਦੀਆਂ ਜ਼ਿਆਦਤੀਆਂ ਨਾਲ਼ ਲੜਨ ਵਾਲੀਆਂ ਧਿਰਾ ਨਾਲ਼ ਖਲੋਵੇ। ਹਾਅ ਦਾ ਨਾਅਰਾ ਮਾਰੇ। ਆਪਣੀ ਹੋਂਦ ਦੀ ਪਹਿਚਾਣ ਲਈ ਸੜਕਾਂ ’ਤੇ ਨਿਕਲ਼ੇ ਲੋਕਾਂ ਦੇ ਸੰਗ ਤੁਰੇ। ਸਭ ਤੋਂ ਵੱਡੀ ਗੱਲ ਇਹ ਕਿ ਆਪਣੀ ਸਿਰਜਣਾ ਦੀ ਆਲੋਚਨਾ ਸੁਣ ਤੇ ਸਹਿਣ ਕਰ ਸਕੇ। ਜਦ ਕੋਈ ਕਵੀ ਆਪਣੀ ਕਵਿਤਾ ਦੇ ਵਿਲੱਖਣ ਹੋਣ ਦਾ ਭਰਮ ਪਾਲ਼ ਬੈਠਦਾ ਹੈ ਤਾਂ ਇਕ ਖ਼ਾਸ ਤਰ੍ਹਾਂ ਦੀ ਪੀੜਾ ਦੇ ਅਹਿਸਾਸ ਵਿੱਚੋਂ ਗੁਜ਼ਰਦਾ ਹੈ। ਜਿਸ ਸਤਿਕਾਰਤ ਦੋਸਤ ਦੀ ਆਪਾਂ ਗੱਲ ਕਰਨ ਲੱਗੇ ਹਾਂ, ਉਹ ਇਕ ਇਕਲੌਤੇ ਬੰਦੇ ਦੀ ਗੱਲ ਨਹੀਂ ਹੈ। ਗੱਲ ਵਰਤਾਰੇ ਦੀ ਹੈ। ਸਮਾਜ ਵਿਚ ਬਹੁਤ ਸਾਰੇ ਅਜਿਹੇ ਵਰਤਾਰੇ ਹਨ ਜਿੰਨਾਂ ਦਾ ਮਿੰਨੀ ਕਹਾਣੀ ਵਰਗਾ ਕੋਈ ਕਾਵਿਕ ਹੱਲ ਸੰਭਵ ਨਹੀਂ ਹੁੰਦਾ। ਸਬਰ, ਸੰਤੋਖ ਤੇ ਸਹਿਣ ਸ਼ਕਤੀ ਕਿਤਾਬਾਂ ਦੇ ਪੰਨਿਆਂ ’ਤੇ ਲਿਖੇ ਤੇ ਪੜ੍ਹੇ ਜਾਣ ਵਾਲ਼ੇ ਸ਼ਬਦ ਹਨ। ਹਾਂ, ਜਿੰਨਾਂ ਦੇ ਵਿਹਾਰ ਵਿਚ ਇਹ ਸ਼ਬਦ ਪਏ ਹਨ, ਉਹ ਸਧਾਰਣ ਮਨੁੱਖ ਨਹੀਂ ਰਹਿੰਦੇ। ਉਹ ਕੋਈ ਪੀਰ, ਪੈਗੰਬਰ, ਸੰਤ, ਗੁਰੂ ਹੋ ਜਾਂਦੇ ਹਨ।
ਅਸੀਂ ਜਿਸ ਦੋਸਤ ਦੇ ਬਹਾਨੇ ਇਹ ਵਿਵਾਦਤ ਚਰਚਾ ਛੇੜਨ ਦੀ ਗੁਸਤਾਖ਼ੀ ਕਰ ਰਹੇ ਹਾਂ, ਉਸ ਦੇ ਜੀਵਨ ਦਾ ਸਾਰ ਇਹ ਹੈ ਕਿ ਉਸ ਦੇ ਸਿੱਖਿਆ ਵਾਲ਼ੇ ਸਾਲਾਂ ਤੋਂ ਬਾਅਦ ਵਾਲੀ ਜ਼ਿੰਦਗੀ ਉਸ ਦੇ ਵੈਭਵ ਦੀ ਜ਼ਿੰਦਗੀ ਦੇ ਸਾਲ ਸਨ। ਕਵਿਤਾ ਉਸ ਦੇ ਖੱਬੇ ਬੋਝੇ ਵਿਚ ਸੀ। ਸੱਜੇ ਵਿਚ ਅਹੁਦੇ ਸਨ, ਰੁਤਬੇ ਸਨ। ਉਂਜ ਕਿਸੇ ਬੋਝੇ ਵਿਸ਼ੇਸ਼ ਉੱਪਰ ਕਬਜ਼ਾ ਕਰਨ ਦਾ ਭਾਵ ਉਸ ਕਦੀ ਵੀ ਨਹੀਂ ਸੀ ਪਾਲਿਆ। ਉਹ ਜਦ ਤੁਰਦਾ ਤਾਂ ਕਵਿਤਾ ਦਾ ਇਕ ਹਜ਼ੂਮ ਉਸ ਦੇ ਨਾਲ਼ ਤੁਰਦਾ ਸੀ। ਉਹ ਜਦ ਬੈਠਦਾ ਤਾਂ ਉਸ ਦੇ ਖੱਬੇ ਸੱਜੇ ਬੈਠੀ ਕਵਿਤਾ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾ ਰਹੀ ਹੁੰਦੀ ਸੀ। ਸਾਹਮਣੇ ਕੁਰਸੀਆਂ ’ਤੇ ਸੱਜੀ ਕਵਿਤਾ ਸਰੋਤਿਆਂ ’ਚ ਸ਼ਾਮਲ ਹੁੰਦੀ ਸੀ। ਸਮਾਗਮ ਦੀ ਸਮਾਪਤੀ ਉਪਰੰਤ ਉਸ ਨਾਲ਼ ਖਲੋ ਕੇ ਫੋਟੋਆਂ ਖਿਚਵਾਉਣ ਵਾਲਿਆਂ ਦੀ ਭੀੜ ਕਾਹਲ ਦਾ ਬਿਰਤਾਂਤ ਸਿਰਜਦੀ ਸੀ। ਇਹ ਸੁਖਮਈ ਛਿਣਾਂ ਦਾ ਦ੍ਰਿਸ਼ ਸੀ। ਪਰ ਦ੍ਰਿਸ਼ ਸਥਿਰ ਨਹੀਂ ਰਹਿੰਦੇ। ਵਕਤ ਨੇ ਆਪਣੀ ਚਾਲ ਚੱਲਦੇ ਰਹਿਣਾ ਹੁੰਦਾ ਹੈ। ਤਬਦੀਲੀ ਕੁਦਰਤ ਨਾ ਨੇਮ ਹੈ। ਇਸ ਨੇਮ ਨੇ ਪਿੱਛਲੇ ਕੁਝ ਸਾਲਾਂ ਵਿਚ ਜੋ ਗਤੀ ਗ੍ਰਹਿਣ ਕੀਤੀ ਹੈ, ਉਹ ਸਾਨੂੰ ਹਰ ਛਿਣ ਪਛਾੜ ਰਹੀ ਹੈ। ਦ੍ਰਿਸ਼ ਬਦਲ ਰਹੇ ਹਨ। ਦ੍ਰਿਸ਼ਾਂ ਨੇ ਬਦਲਦੇ ਰਹਿਣਾ ਹੁੰਦਾ ਹੈ।
ਸ਼ਾਇਰ ਦੋਸਤ ਦੀ ਗੱਲ ਕਰੀਏ ਤਾਂ ਸੁਫ਼ਨੇ ਉਸ ਦੀਆਂ ਅੱਖਾਂ ਲਈ ਤਰਸਦੇ ਸਨ। ਉਸ ਦੀ ਦ੍ਰਿਸ਼ਟੀ ’ਚ ਸਮੁੱਚੀ ਸ੍ਰਿਸ਼ਟੀ ਸਮਾਈ ਰਹਿੰਦੀ ਸੀ। ਉਸ ਦੇ ਸਿਰ ਉਪਰੋਂ ਲੰਘਦੀ ਪਰਿੰਦਿਆਂ ਦੀ ਡਾਰ ਭਾਵੇਂ ਜ਼ਖ਼ਮੀ ਸੀ ਪਰ ਕਵਿਤਾ ਨਾਲ਼ ਲਬਰੇਜ਼ ਸੀ। ਉਸ ਦੀ ਚਾਹਤ ਸੀ ਕਿ ਉਹ ਆਪਣੇ ਬੋਝਿਆਂ ’ਚ ਕਿੰਨੇ ਸਾਰੇ ਸੂਰਜ ਸਾਂਭ ਲਵੇ। ਉਸ ਨੂੰ ਚਾਨਣ ਨਾਲ਼ ਪਿਆਰ ਸੀ। ਉਹ ਚਾਨਣ ਵਰਗੇ ਗੀਤ ਲਿਖਣੇ ਤੇ ਗਾਉਣੇ ਚਾਹੁੰਦਾ ਸੀ। ਪਰ ਉਹ ਹੈਰਾਨ ਸੀ ਕਿ ਦੁਨੀਆ ਅੰਦਰ ਅਜੇ ਹਨੇਰਾ ਹੈ। ਇਹ ਹਨੇਰੇ ਉਸ ਦੀ ਚੇਤਨਾ ’ਚ ਸੰਵਾਦ ਸਿਰਜਦੇ। ਕਵੀ ਦਾਰਸ਼ਨਿਕ ਸੀ। ਉਹ ਮਨੁੱਖੀ ਜੀਵਨ ਨੂੰ ਹਨੇਰੀਆਂ ਗੁਫ਼ਾਵਾਂ ਵਿਚ ਧੱਕਣ ਵਾਲੇ ਗੈ਼ਰ-ਮਾਨਵੀ ਵਰਤਾਰਿਆਂ ਦਾ ਵਿਰੋਧ ਕਰਦਾ ਸੀ। ਆਪਣੇ ਵਤਨ ਦੇ ਕੁਦਰਤੀ, ਸਮਾਜਿਕ, ਰਾਜਨੀਤਕ, ਮਾਨਵੀ, ਵਿਗਿਆਨਕ, ਮੀਡੀਆ ਅਤੇ ਹੋਰ ਅਨੇਕਾਂ ਹਵਾਲਿਆਂ ਦੇ ਨਾਲ਼ ਜਦ ਉਹ ਚੁਫ਼ੇਰੇ ਨਿਗਾਹ ਮਾਰਦਾ ਹੈ ਤਾਂ ਫਿ਼ਕਰਾਂ ਨਾਲ਼ ਭਰ ਜਾਂਦਾ ਸੀ। ਉਹ ਭਾਵਕ ਬੰਦਾ ਸੀ। ਵਾਪਰਕ ਹੋ ਰਹੇ ਦੁਖਦਾਈ ਵਰਤਾਰੇ ਉਸ ਦੇ ਸਹਿਜ ਅੰਦਰ ਖ਼ਲਬਲੀ ਪੈਦਾ ਕਰਦੇ ਸਨ। ਅਜਿਹੇ ਕਠਿਨ ਵੇਲਿਆਂ ’ਚ ਕਵਿਤਾ ਉਸ ਦਾ ਧਰਵਾਸ ਹੁੰਦੀ ਸੀ।
ਤੇ ਫਿਰ ਇਕ ਦਿਨ ਕਵੀ ਨੇ ਆਪਣੀ ਕਵਿਤਾ, ਕਵਿਤਾ ਦੇ ਪ੍ਰਸੰਸਕ ਪਾਠਕਾਂ ਦੀ ਨਜ਼ਰ ਕਰਨ ਹਿੱਤ ਸਾਹਿਤਕ ਸਮਾਗਮ ਕਰਵਾਇਆ। ਇਸ ਸਮਾਗਮ ਵਿਚ ਹੋਰਾਂ ਤੋਂ ਇਲਾਵਾ ਉਸ ਦੇ ਨਿੱਜੀ ਦੋਸਤ ਸਿਰਫ਼ ਸ਼ਾਮਲ ਹੀ ਨਾ ਹੋਏ ਬਲਕਿ ਪ੍ਰਧਾਨਗੀ ਮੰਡਲ ਦੀ ਸ਼ੋਭਾ ਵੀ ਬਣੇ। ਵਿਚਾਰ ਚਰਚਾ ਵਿਚ ਸ਼ਾਮਲ ਹੋਣ ਲਈ ਉਹ ਮੁੱਖ ਬੁਲਾਰਿਆਂ ਵਿਚ ਵੀ ਸ਼ਾਮਲ ਸਨ।
ਕਵੀ ਨੂੰ ਆਸ ਸੀ ਕਿ ਇਹ ਦੋਸਤ ਉਸ ਦੀ ਕਵਿਤਾ ਬਾਰੇ ਕੁਝ ਚੰਗੀਆਂ ਗੱਲਾਂ ਕਰਨਗੇ। ਇਹ ਆਸ ਸੁਭਾਵਕ ਵੀ ਹੁੰਦੀ ਹੈ ਪਰ ਇਨ੍ਹਾਂ ਦੋਸਤਾਂ ਅੰਦਰ ਪਤਾ ਨਹੀਂ ਕਿੱਥੋਂ ਤੇ ਕਦੋਂ ਅਚਾਨਕ ਆਲੋਚਕ ਆ ਹਾਜ਼ਰ ਹੋਇਆ। ਆਲੋਚਕ ਦੀ ਆਮਦ ਹਮੇਸ਼ਾ ਅਚਾਨਕ ਹੁੰਦੀ ਹੈ। ਆਲੋਚਕ ਵੀ ਵਕਤ ਦੀ ਗਤੀ ਵਾਂਗ ਦ੍ਰਿਸ਼ਾਂ ਨੂੰ ਉਸਾਰਦਾ ਤੇ ਢਾਹੁੰਦਾ ਹੈ। ਸੰਨਾਟੇ ਅੰਦਰ ਕੁਝ ਸੰਸੇ ਰੀਂਗਦੇ ਹਨ। ਸਹਿਜ ਭੰਗ ਹੁੰਦੇ ਹਨ। ਸ਼ਾਂਤ ਚਿਹਰਿਆਂ ਦੇ ਨਕਸ਼ ਛਿਣ ਅੰਦਰ ਕਈ-ਕਈ ਆਕਾਰ ਗ੍ਰਹਿਣ ਕਰਦੇ ਹਨ। ਇੰਜ ਹੀ ਹੋਇਆ। ਦੋਸਤਾਂ ਨੇ ਤਲਖ਼ ਟਿੱਪਣੀਆਂ ਕੀਤੀਆਂ। ਟਿੱਪਣੀਆਂ ਅਜਿਹੀਆਂ ਕਿ ਕਵੀ ਦਾ ਹਿਰਦਾ ਵਲੂੰਧਰਿਆ ਗਿਆ। ਇਹ ਸਭ ਆਸ ਤੋਂ ਵਿਪਰੀਤ ਸੀ। ਝਟਕਾ ਤਾਂ ਲੱਗਣਾ ਹੀ ਸੀ। ਸੰਵੇਦਨਸ਼ੀਲ ਬੰਦੇ ਨੂੰ ਅਜਿਹਾ ਝਟਕਾ ਪੈਰਾਂ ਤੋਂ ਹਿਲਾ ਦਿੰਦਾ ਹੈ। ਉਸ ਅੰਦਰ ਅੰਗੜਾਈ ਲੈ ਰਹੇ ਚਾਅ ਰੁਖ਼ਸਤ ਹੋ ਜਾਂਦੇ ਹਨ। ਖੈ਼ਰ! ਬਾਅਦ ਵਾਲੇ ਬੁਲਾਰਿਆਂ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਵੀ ਕੀਤੀ। ਸਮਾਗਮ ਸਮਾਪਤ ਹੋਇਆ। ਚਾਹ-ਪਾਣੀ ਤੋਂ ਬਾਅਦ ਰਾਤਰੀ ਜਸ਼ਨ ਵਿਚ ਵੀ ਇਹੋ ਦੋਸਤ ਸ਼ਾਮਲ ਸਨ। ਪਰ ਪੀੜਤ ਹਿਰਦਾ ਜਸ਼ਨ ਕਦ ਮਨਾਉਂਦਾ ਹੈ। ਕਵੀ ਦੋਸਤ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ। ਅੰਦਰਲਾ ਗੁਬਾਰ ਉੱਪਰਛਲ ਬਣ ਬਾਹਰ ਵਹਿ ਤੁਰਿਆ। ਦੋਸਤਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਕਵੀ ਦੋਸਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਾਂਚ-ਪੜਤਾਲ ਕਰਨ ਉਪਰੰਤ ਡਾਕਟਰਾਂ ਦੀ ਦੇਖ-ਰੇਖ ’ਚ ਹੋਏ ਉਪਰਾਲੇ ਨਾਲ਼ ਕਵੀ ਕੁਝ ਕਾਇਮ ਹੋਇਆ ਤਾਂ ਇਕ ਦੋਸਤ ਦੇ ਮੂੰਹੋਂ ਆਪ-ਮੁਹਾਰਾ ਨਿੱਕਲ ਗਿਆ, ‘ਯਾਰ! ਕਵਿਤਾ ਨੇ ਤਾਂ ਅੱਜ ਤੇਰੀ ਜਾਨ ਲੈ ਲੈਣੀ ਸੀ।’
-ਮਲਵਿੰਦਰ
97795-91344