ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਪੰਜਾਬੀ ਦੇ ਇਸ ਮਾਣਮੱਤੇ ਸ਼ਾਇਰ ਮਹਿੰਦਰ ਦੀਵਾਨਾ ਨੇ 24 ਦਸੰਬਰ 2025 ਨੂੰ ਆਖ਼ਰੀ ਸਾਹ ਲਏ । ਇਹ ਦਿਨ ਉਸ ਦੀ ਸ਼ਾਇਰੀ ਦੇ ਪਾਠਕਾਂ ਲਈ ਗ਼ਮਗੀਨ ਹੋ ਨਿੱਬੜਿਆ ਪਰ ਮਹਿੰਦਰ ਦੀਵਾਨਾ ਜੀ ਦੀਆਂ ਲਿਖਤਾਂ ਨਵੀਂਆਂ ਕਲਮਾਂ ਲਈ ਹਮੇਸ਼ਾਂ ਚਾਨਣ ਮੁਨਾਰੇ ਵਾਂਗ ਰਹਿਣਗੀਆਂ ।

ਅੱਜ ਤੇਜ਼ ਤਬਦੀਲੀ ਦਾ ਦੌਰ ਹੈ। ਨਿਰੰਤਰ ਸ਼ੋਰ ਦਾ ਦੌਰ ਹੈ। ਇਹੋ ਜਿਹੇ ਸਮੇਂ ਵਿਚ, ਲੇਖਕ ਸਮਾਜ ਲਈ ਹਮਦਰਦੀ ਅਤੇ ਸੱਚਾਈ ਦਾ ਇਕ ਸ਼ਾਂਤ ਪਰ ਸ਼ਕਤੀਸ਼ਾਲੀ ਵਸੀਲਾ ਬਣਦੇ ਹਨ। ਸ਼ਬਦਾਂ ਰਾਹੀਂ, ਲੇਖਕ ਲੋਕਾਂ ਨੂੰ ਗੁੰਝਲਦਾਰ ਹਕੀਕਤਾਂ ਨੂੰ ਸਮਝਣ ਵਿਚ ਮਦਦ ਕਰਦੇ ਹਨ। ਉਹ ਅਣਸੁਣੀਆਂ ਕਹਾਣੀਆਂ ਨੂੰ ਆਵਾਜ਼ ਦੇਣ ਅਤੇ ਆਪਣੇ ਭਾਈਚਾਰੇ ਦੀ ਭਾਵਨਾਵਾਂ ਦੀ ਨਬਜ਼ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਕਰਦੇ ਹਨ। ਭਾਵੇਂ ਬੇਇਨਸਾਫ਼ੀ ’ਤੇ ਸਵਾਲ ਉਠਾਉਣਾ ਹੋਵੇ ਜਾਂ ਮਨੁੱਖੀ ਸੰਭਾਵਨਾ ਦਾ ਜਸ਼ਨ ਮਨਾਉਣਾ ਹੋਵੇ ਜਾਂ ਪਾਠਕਾਂ ਨੂੰ ਰੁਕਣ ਅਤੇ ਸੋਚਣ ਦੀ ਯਾਦ ਦਿਵਾਉਣਾ ਹੋਵੇ, ਲੇਖਕ ਸਾਡੇ ਮਨਾਂ ਅਤੇ ਦਿਲਾਂ ਨੂੰ ਜੋੜਦੇ ਹਨ। ਲੇਖਕ ਦੁਨੀਆ ਵਿਚ ਜਾਗਰੂਕਤਾ ਅਤੇ ਸੰਵਾਦ ਦੀ ਲੋੜ ਉੱਪਰ ਜ਼ੋਰ ਦਿੰਦੇ ਹਨ।
ਮੱਧਕਾਲ ਤੋਂ ਲੈ ਕੇ ਇਸ ਦੌਰ ਤਕ ਸਾਡੇ ਲੇਖਕਾਂ ਨੇ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਅਤੇ ਪੰਜਾਬ ਦੇ ਸੁਹਜ ਅਤੇ ਸੂਝ ਨੂੰ ਨਿਖਾਰਨ ਦਾ ਯਤਨ ਕੀਤਾ। ਇਹ ਸਾਲ ਆਪਣੇ ਆਖ਼ਰੀ ਪੜਾਅ ਵਿਚ ਹੈ। ਸਾਡਾ ਫ਼ਰਜ਼ ਬਣਦਾ ਹੈ ਕਿ ਬੀਤੇ ਸਾਲ ਵਿਚ ਆਪਣੀ ਸੰਸਾਰ ਯਾਤਰਾ ਪੂਰੀ ਕਰ ਗਏ ਆਪਣੇ ਪੰਜਾਬੀ ਲੇਖਕਾਂ ਨੂੰ ਯਾਦ ਕਰੀਏ। ਪੰਜਾਬੀਆਂ ਦੀ ਸੋਹਜ ਚੇਤਨਾ ਵਿਚ ਪਾਏ ਗਏ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦੀ ਹੋਈਏ।
ਲੇਖਕ ਕਿਸੇ ਵੀ ਕੌਮ ਦੇ ਮਾਨਸਿਕ ਵਿਕਾਸ ਵਿਚ ਵੱਡਾ ਰੋਲ ਅਦਾ ਕਰਦਾ ਹੈ। ਉਸ ਦੀ ਲਿਖਤ ਜਿੱਥੇ ਸਿੱਖਿਆ ਦਾ ਵਸੀਲਾ ਹੁੰਦੀ ਹੈ ਉੱਥੇ ਇਹ ਸਾਡੀ ਪ੍ਰੇਰਨਾ ਦਾ ਸ੍ਰੋਤ ਵੀ ਬਣਦੀ ਹੈ। ਸਾਹਿਤ ਪੜ੍ਹਨ ਵਾਲਾ ਮਨੁੱਖ ਆਪਣੇ ਆਲੇ ਦੁਆਲੇ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦਾ ਹੈ। ਉਸ ਨੂੰ ਰਹਿਮਦਿਲੀ ਅਤੇ ਇਮਾਨਦਾਰੀ ਵਰਗੇ ਮੁੱਲਾਂ ਦੀ ਕੀਮਤ ਵੀ ਪਤਾ ਹੁੰਦਾ ਹੈ।
ਲੇਖਕ ਸਾਡੇ ਸੱਭਿਆਚਾਰ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਨ ਦਾ ਫ਼ਰਜ਼ ਅਦਾ ਕਰਦੇ ਹਨ। ਉਹ ਮਨੁੱਖੀ ਵਿਚਾਰਾਂ ਨੂੰ ਗਹਿਰਾਈ ਪ੍ਰਦਾਨ ਕਰਦੇ ਹਨ। ਉਹ ਪਾਠਕਾਂ ਨੂੰ ਮਹੱਤਵਪੂਰਣ ਮਸਲਿਆਂ ਦੀ ਸਮਝ ਪ੍ਰਾਪਤ ਕਰਨ ਵਿਚ ਅਤੇ ਨੇਕ ਸੋਚ ਨੂੰ ਉਤਸ਼ਾਹਿਤ ਕਰਨ ਵਿਚ ਮਦਦਗਾਰ ਸਾਬਤ ਹੁੰਦੇ ਹਨ। ਜਿਵੇਂ ਚੰਗਾ ਲੇਖਕ ਚੰਗੀਆਂ ਕਦਰਾਂ-ਕੀਮਤਾਂ ਦਾ ਸੰਚਾਰ ਕਰਨ ਵਿਚ ਵੱਡਾ ਯੋਗਦਾਨ ਪਾਉਂਦਾ ਹੈ ਉਵੇਂ ਹੀ ਉਹ ਵਕਤ ਵਿਹਾ ਚੁੱਕੇ ਨਿਯਮਾਂ ਨੂੰ ਚੁਣੌਤੀ ਦੇਣ ਦੇ ਇਕ ਮਾਧਿਅਮ ਵਜੋਂ ਵੀ ਕੰਮ ਕਰਦਾ ਹੈ।
*** ਚਿੱਤਰਕਾਰ ਤੇ ਲੇਖਕ ਜਰਨੈਲ ਸਿੰਘ
ਬੀਤੇ ਸਾਲ ਵਿਚ ਪੰਜਾਬੀ ਦੇ ਕਈ ਨਾਮਵਰ ਲੇਖਕਾਂ ਨੇ ਆਪਣੀ ਜੀਵਨ ਯਾਤਰਾ ਪੂਰੀ ਕੀਤੀ। ਇਸ ਸਾਲ ਦੇ ਸ਼ੁਰੂ ਵਿਚ ਪੰਜਾਬ ਦੇ ਪ੍ਰਸਿੱਧ ਚਿੱਤਰਕਾਰ ਅਤੇ ਲੇਖਕ ਜਰਨੈਲ ਸਿੰਘ ਪਰਲੋਕ ਸਿਧਾਰ ਗਏ। ਮੂਲ ਰੂਪ ਵਿਚ ਉਹ ਇਕ ਚਿੱਤਰਕਾਰ ਵਜੋਂ ਜਾਣੇ ਜਾਂਦੇ ਸਨ। ਪਰ ਚਿੱਤਰਕਾਰੀ ਤੋਂ ਬਿਨਾਂ ਉਹ ਇਕ ਲੇਖਕ ਵੀ ਸਨ। ਉਨ੍ਹਾਂ ਦੀ ਪਹਿਲੀ ਕਿਤਾਬ ‘ਪੰਜਾਬੀ ਚਿੱਤਰਕਾਰ’ ਸੀ। ਇਸ ਵਿਚ ਉਨ੍ਹਾਂ ਨੇ ਪੰਜਾਬ ਦੇ ਚਿੱਤਰਕਾਰਾਂ ਬਾਰੇ ਲਿਖਿਆ। ਸੰਨ ਉੱਨੀ ਸੌ ਚੌਦਾਂ ਵਿਚ ਕਾਮਾਗਾਟਾਮਾਰੂ ਦੇ ਦੁਖਾਂਤ ਬਾਰੇ ਉਨ੍ਹਾਂ ਦੀ ਅਜਮੇਰ ਰੋਡੇ ਨਾਲ ਸਾਂਝੀ ਇਕ ਕਿਤਾਬ, ‘ਏ ਜਰਨੀ ਵਿਦ ਦੀ ਐਂਡਲੈੱਸ ਆਈ: ਸਟੋਰੀਜ਼ ਆਫ ਕਾਮਾਗਾਟਾਮਾਰੂ ਇਨਸੀਡੈਂਟ’ ਛਪੀ ਸੀ। ਇਸ ਕਿਤਾਬ ਵਿਚ ਕਾਮਾਗਾਟਾਮਾਰੂ ਦੀ ਕਹਾਣੀ ਨੂੰ ਤਸਵੀਰਾਂ ਅਤੇ ਸ਼ਬਦਾਂ ਨਾਲ ਪੇਸ਼ ਕੀਤਾ ਗਿਆ ਹੈ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਲੇਖਕ ਮੰਚ ਨਾਲ ਜੁੜਿਆ ਹੋਏ ਸਨ ਅਤੇ ਕਈ ਵਾਰੀ ਇਸ ਦੇ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕੇ ਸਨ। ਉਨ੍ਹਾਂ ਨੇ ਸਿੱਖ ਇਤਿਹਾਸ ਦੇ ਨਾਲ-ਨਾਲ ਪੰਜਾਬ ਦੇ ਸੱਭਿਆਚਾਰ ਅਤੇ ਕੁਦਰਤੀ ਦ੍ਰਿਸ਼ਾਂ ਨੂੰ ਆਪਣੀ ਕਲਾ ਦਾ ਵਿਸ਼ਾ ਬਣਾਇਆ।
***ਹਰਜੀਤ ਦੌਧਰੀਆ
ਇੱਕ ਹੋਰ ਪ੍ਰਵਾਸੀ ਲੇਖਕ ਹਰਜੀਤ ਦੌਧਰੀਆ ਵੀ ਕਨੇਡਾ ਦੇ ਸ਼ਹਿਰ ਸਰੀ ਵਿਚ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ।
***ਕਹਾਣੀਕਾਰ ਪ੍ਰੇਮ ਪ੍ਰਕਾਸ਼
ਜਲੰਧਰ ਨਿਵਾਸੀ ਕਹਾਣੀਕਾਰ ਪ੍ਰੇਮ ਪ੍ਰਕਾਸ਼ ਮਾਰਚ ਮਹੀਨੇ ਵਿਚ ਪੂਰੇ ਹੋ ਗਏ। ਉਹ ਨਿਵੇਕਲੀ ਕਿਸਮ ਦੀ ਕਹਾਣੀ ਲਿਖਣ ਲਈ ਪ੍ਰਸਿੱਧ ਸਨ ਅਤੇ ਭਾਰਤੀ ਸਾਹਿਤ ਅਕਾਦਮੀ ਦੇ ਇਨਾਮ ਨਾਲ ਸਨਮਾਨਿਤ ਸਨ। ਉਨ੍ਹਾਂ ਨੇ ਕਈ ਕਹਾਣੀ ਸੰਗ੍ਰਹਿ ਰਚੇ। ਜਿਨ੍ਹਾਂ ਵਿਚ ਕੱਚ ਕੜੇ, ਮੁਕਤੀ, ਸ਼ਵੇਤਾਂਬਰ ਨੇ ਕਿਹਾ ਸੀ, ਕੁਝ ਅਣਕਿਹਾ ਵੀ ਸ਼ਾਮਿਲ ਹਨ। ‘ਕੁਝ ਅਣਕਿਹਾ ਵੀ’ ਕਹਾਣੀ ਸੰਗ੍ਰਹਿ ਲਈ ਇਨ੍ਹਾਂ ਨੂੰ ਸਾਹਿਤ ਅਕਾਦਮੀ ਸਨਮਾਨ ਵੀ ਮਿਲਿਆ। ਰੰਗਮੰਚ ਉੱਤੇ ਭਿਕਸ਼ੂ, ਸੁਣਦੈਂ ਖ਼ਲੀਫ਼ਾ ਅਤੇ ਡੈਡਲਾਈਨ ਉਨ੍ਹਾਂ ਦੀਆਂ ਚਰਚਿਤ ਕਿਤਾਬਾਂ ਹਨ। ਉਨ੍ਹਾਂ ਨੇ ਇਕ ਨਾਵਲ ‘ਦਸਤਾਵੇਜ਼’ ਵੀ ਲਿਖਿਆ ਸੀ।
***ਡਾ. ਮਨਜ਼ੂਰ ਏਜਾਜ਼
ਲਹਿੰਦੇ ਪੰਜਾਬ ਦੇ ਨਾਮਵਰ ਲੇਖਕ ਡਾ. ਮਨਜ਼ੂਰ ਏਜਾਜ਼ ਵੀ ਮਾਰਚ ਮਹੀਨੇ ਵਿਚ ਪੂਰੇ ਹੋ ਗਏ ਸਨ। ਮੂਲ ਰੂਪ ਵਿਚ ਹੋ ਇਕ ਚਿੰਤਕ ਸਨ ਜਿਨ੍ਹਾਂ ਨੂੰ ਇਤਿਹਾਸ, ਸਾਹਿਤ, ਫ਼ਲਸਫ਼ੇ ਤੇ ਇਕਨਾਮਿਕਸ ਦੀ ਇੱਕੋ ਜਿੰਨੀ ਸਮਝ ਸੀ। ਉਹ ਫਿਲਾਸਫੀ ਦੇ ਅਧਿਆਪਕ ਸਨ। ਉਨ੍ਹਾਂ ਨੇ ਅਮਰੀਕਾ ਜਾ ਕੇ ਇਕਨਾਮਿਕਸ ਵਿਚ ਪੀ.ਐੱਚ.ਡੀ. ਕੀਤੀ। ਇਤਿਹਾਸ ਤੇ ਸਾਹਿਤ ਉਨ੍ਹਾਂ ਦਾ ਸ਼ੌਕ ਸੀ। ਉਨ੍ਹਾਂ ਦੀ ਸਿਖਲਾਈ ਵੱਖ ਵੱਖ ਵਿਸ਼ਿਆਂ ਵਿਚ ਸੀ ਤੇ ਉਹ ਇਨ੍ਹਾਂ ਵਿਸ਼ਿਆਂ ਨੂੰ ਆਪਸ ’ਚ ਜੋੜ ਕੇ ਦੂਜਿਆਂ ਨੂੰ ਸਮਝਾ ਸਕਣ ਦੀ ਸਮਰੱਥਾ ਰੱਖਦੇ ਸਨ। ਉਨ੍ਹਾਂ ਨੇ ਇਕਨਾਮਿਕਸ ਅਤੇ ਮਾਰਕਸਵਾਦ ਵਰਗੇ ਔਖੇ ਵਿਸ਼ਿਆਂ ਉੱਪਰ ਸਰਲ ਸੌਖੀ ਪੰਜਾਬੀ ਵਿਚ ਲਿਖਿਆ। ਮਨਜ਼ੂਰ ਏਜਾਜ਼ ਸਾਹਿਬ ਦੇ ਯੂਟਿਊਬ ਚੈਨਲ (Wichaar Webcast) ’ਤੇ ਪੰਜਾਬ ਦੇ ਕਦੀਮੀ ਇਤਿਹਾਸ, ਪੁਰਾਤਨ ਪੰਜਾਬੀ ਸ਼ਾਇਰੀ, ਫ਼ਲਸਫ਼ੇ ਅਤੇ ਪੰਜਾਬੀ ਜ਼ਬਾਨ ਆਦਿ ਵਿਸ਼ਿਆਂ ਬਾਰੇ ਚਾਰ ਸੌ ਦੇ ਕਰੀਬ ਛੋਟੀਆਂ ਵੱਡੀਆਂ ਵੀਡੀਓ ਅਪਲੋਡ ਹਨ।
ਸਾਲ ਦੇ ਸ਼ੁਰੂ ਵਿੱਚ ਸਵਰਗਵਾਸ ਹੋਣ ਵਾਲ਼ੇ ਲੇਖਕਾਂ ਵਿੱਚ ਹਰਜਿੰਦਰ ਸਿੰਘ ਅਟਵਾਲ, ਬਿਹਾਰੀ ਲਾਲ ਸੱਦੀ ਅਤੇ ਸੁਰਜੀਤ ਭਗਤ ਵੀ ਸ਼ਾਮਲ ਸਨ। ਪੰਜਾਬ ਦੇ ਇੱਕ ਹੋਰ ਪ੍ਰਸਿੱਧ ਕਲਾਕਾਰ ਤੇ ਬੁੱਤਘਾੜੇ ਅਵਤਾਰ ਸਿੰਘ ਧੰਜਲ ਵੀ ਵਲਾਇਤ ਵਿੱਚ ਸਦਾ ਲਈ ਵਿਛੋੜਾ ਦੇ ਗਏ।
***ਕਵੀ ਕੇਸਰ ਸਿੰਘ ਨੀਰ
ਕਨੇਡਾ ਦੇ ਸ਼ਹਿਰ ਕੈਲਗਰੀ ਨਿਵਾਸੀ ਪ੍ਰਸਿੱਧ ਪੰਜਾਬੀ ਕਵੀ ਕੇਸਰ ਸਿੰਘ ਨੀਰ ਦਾ ਵੀ ਇਸ ਵਰ੍ਹੇ ਦਿਹਾਂਤ ਹੋ ਗਿਆ। ਉਹ ਅਧਿਆਪਕ ਸੰਘਰਸ਼ ਵਿਚ ਵੀ ਸਰਗਰਮ ਰਹੇ ਸਨ ਅਤੇ ਕਈ ਕਈ ਮਹੀਨੇ ਦੀ ਜੇਲ੍ਹ ਯਾਤਰਾ ਵੀ ਕੀਤੀ। ਪੰਜਾਬ ਰਹਿੰਦੇ ਹੋਏ ਉਹ ਸਾਹਿਤ ਸਭਾ ਜਗਰਾਓਂ ਦੇ ਮੋਢੀ ਮੈਂਬਰ ਸਨ। ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਉਹ ਕੈਨੇਡਾ ਦੇ ਸ਼ਹਿਰ ਕੈਲਗਰੀ ਚਲੇ ਗਏ। ਉੱਥੇ ਵੀ ਉਹ ਸਾਹਿਤਿਕ ਗਤੀਵਿਧੀਆਂ ਵਿਚ ਸਰਗਰਮ ਰਹੇ। ਅਰਪਨ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਨੇ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਜਿਨਾਂ ਵਿਚੋਂ ਕਾਵਿ ਸੰਗ੍ਰਹਿ ਕਸਕਾਂ, ਗਮ ਨਹੀਂ, ਗ਼ਜ਼ਲ ਸੰਗ੍ਰਹਿ ਕਿਰਣਾਂ ਦੇ ਬੋਲ, ਅਣਵਗੇ ਅੱਥਰੂ ਅਤੇ ਮਹਿਕਾਂ ਦੀ ਪੀੜ ਗ਼ਜ਼ਲ ਸੰਗ੍ਰਹਿ ਪ੍ਰਮੁੱਖ ਹਨ। ਉਨ੍ਹਾਂ ਨੂੰ ਬਹੁਤ ਸਾਰੀਆਂ ਸਾਹਿਤ ਸਭਾਵਾਂ ਵੱਲੋਂ ਸਨਮਾਨਿਆ ਗਿਆ ਸੀ। ਜਿਨ੍ਹਾਂ ਵਿੱਚੋਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਨਮਾਨ ਸ਼ਾਮਲ ਹੈ।
***ਗ਼ਜ਼ਲਗੋ ਨਦੀਮ ਪਰਮਾਰ ਕਨੇਡਾ
ਇਸ ਸਾਲ ਅਪ੍ਰੈਲ ਮਹੀਨੇ ਵਿਚ ਕੈਨੇਡਾ ਨਿਵਾਸੀ ਪ੍ਰਸਿੱਧ ਗ਼ਜ਼ਲਗੋ ਨਦੀਮ ਪਰਮਾਰ ਕੈਨੇਡਾ ਦੇ ਵਿਦਾ ਹੋਣ ਦੀ ਖ਼ਬਰ ਮਿਲੀ। ਨਦੀਮ ਪਰਮਾਰ ਏਅਰ ਇੰਡੀਆ ਪਲੇਨ ਕਰੈਸ਼ ਉੱਪਰ ਤਰੈਲੜੀ ਨਾਵਲ ਲਿਖਣ ਵਾਲੇ ਚੌਦਾਂ ਕਿਤਾਬਾਂ ਦੇ ਲੇਖਕ ਸਨ। ਉਹ ਉਰਦੂ ਵਿਚ ਵੀ ਲਿਖਦੇ ਸਨ। ਉਹ ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਬਹੁਤ ਸਾਲਾਂ ਤੋਂ ਸਰਗਰਮ ਰਹੇ। ਉਰਦੂ ਤੇ ਪੰਜਾਬੀ ਦੇ ਸ਼ਾਇਰ ਹੋਣ ਦੇ ਨਾਲ ਉਨ੍ਹਾਂ ਨੇ ‘ਨਿਪੱਤਰਾ ਰੁੱਖ’, ‘ਸਪਾਂਸਰਸ਼ਿਪ’, ‘ਪੇਸ਼ੀ’ ਅਤੇ ‘ਇੰਦਰ-ਜਲ’ ਵਰਗੇ ਵੱਡਮੁੱਲੇ ਨਾਵਲ ਵੀ ਪੰਜਾਬੀ ਸਾਹਿਤ ਦੇ ਖੇਤਰ ਵਿਚ ਦਰਜ ਕੀਤੇ। ਇਸ ਸਾਲ ਪੰਜਾਬੀ ਦੇ ਸਾਹਿਤ ਜਗਤ ਨੇ ਕੈਨੇਡਾ ਦੇ ਹੀ ਦੋ ਹੋਰ ਲੇਖਕਾਂ ਕ੍ਰਿਸ਼ਨ ਭਨੋਟ ਅਤੇ ਸ਼੍ਰੀਮਤੀ ਅੰਮ੍ਰਿਤ ਮਾਨ ਦਾ ਸਦੀਵੀ ਵਿਛੋੜਾ ਵੀ ਝੱਲਿਆ।
*** ਪੰਜਾਬੀ ਤੇ ਹਿੰਦੀ ਦੇ ਕਵੀ ਮਨੋਜ ਸ਼ਰਮਾ
ਪੰਜਾਬ ਦੇ ਜੰਮਪਲ ਕਵੀ ਮਨੋਜ ਸ਼ਰਮਾ ਮਈ ਮਹੀਨੇ ਵਿਚ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ। ਉਹ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ। ਉਹ ਪੰਜਾਬੀ ਤੇ ਹਿੰਦੀ ਵਿੱਚ ਕਵਿਤਾ ਲਿਖਦੇ ਸਨ।
ਸਿੱਖ ਵਿਦਵਾਨ ਲਾਭ ਸਿੰਘ ਸੰਧੂ, ਪ੍ਰੋ. ਬਸੰਤ ਸਿੰਘ ਬਰਾੜ ਅਤੇ ਐੱਸ. ਸਵਰਨ ਮੁੰਬਈ ਮਈ ਮਹੀਨੇ ਵਿਚ ਵਿਦਾ ਹੋਣ ਵਾਲੇ ਹੋਰ ਲੇਖਕ ਸਨ। ਐੱਸ. ਸਵਰਨ ਨੇ ਦਿੱਲੀ ਅਤੇ ਮੁੰਬਈ ਵਿੱਚ ਪੰਜਾਬੀ ਅਦਬ ਦੀ ਨਿਰੰਤਰ ਸੇਵਾ ਕੀਤੀ।
***ਪਦਮਸ਼੍ਰੀ ਪ੍ਰੋਫੈਸਰ ਡਾ. ਰਤਨ ਸਿੰਘ ਜੱਗੀ
ਇਸੇ ਸਾਲ ਪੰਜਾਬੀ ਨੇ ਆਪਣਾ ਇਕ ਹੋਰ ਵਿਦਵਾਨ ਲੇਖਕ ਪਦਮਸ਼੍ਰੀ ਪ੍ਰੋਫੈਸਰ ਡਾ. ਰਤਨ ਸਿੰਘ ਜੱਗੀ ਵੀ ਗੁਆ ਲਿਆ। ਡਾ.ਜੱਗੀ ਦੀਆਂ ਪੰਜਾਬੀ ਸਾਹਿਤ, ਗੁਰਮਤਿ, ਸੂਫ਼ੀ ਮੱਤ ਤੇ ਮੱਧਕਾਲੀ ਸਾਹਿਤ ਬਾਰੇ ਅੰਗਰੇਜ਼ੀ, ਪੰਜਾਬੀ, ਫ਼ਾਰਸੀ, ਹਿੰਦੀ ਤੇ ਸੰਸਕ੍ਰਿਤ ਵਿਚ ਲਿਖੀਆਂ ਕਿਤਾਬਾਂ ਸਾਡਾ ਵੱਡਾ ਸਰਮਾਇਆ ਹਨ। ਜੱਗੀ ਸਾਹਿਬ ਕਈ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿਚ ਸਰਗਰਮ ਰਹੇ। ਪੰਜਾਬ ਕਲਾ ਪਰਿਸ਼ਦ ਨੇ ਉਨ੍ਹਾਂ ਨੂੰ ਸੰਨ ਵੀਹ ਸੌ ਤੇਈ ਵਿਚ ‘ਪੰਜਾਬ ਗੌਰਵ ਸਨਮਾਨ’ ਪ੍ਰਦਾਨ ਕੀਤਾ ਸੀ। ਉਨ੍ਹਾਂ ਵੱਲੋਂ ਪਾਏ ਵਡਮੁੱਲੇ ਯੋਗਦਾਨ ਨੂੰ ਪੰਜਾਬੀ ਸਾਹਿਤ ਸੰਸਾਰ ਵਿਚ ਸਦਾ ਯਾਦ ਰੱਖਿਆ ਜਾਵੇਗਾ ਅਤੇ ਉਨਾਂ ਦਾ ਗੰਭੀਰ ਰਚਨਾਤਮਿਕ ਕਾਰਜ ਪੰਜਾਬ ਦੀ ਰਹਿਨੁਮਾਈ ਕਰਦਾ ਰਹੇਗਾ।
***ਗੁਰਮੀਤ ਸਿੰਘ ਸ਼ੁਗਲੀ
ਉਸਤਾਦ ਕਵੀ ਤਜੰਮੁਲ ਕਲੀਮ, ਪੱਤਰਕਾਰ ਗੁਰਮੀਤ ਸਿੰਘ ਸ਼ੁਗਲੀ, ਪੱਤਰਕਾਰ ਕੇ ਐੱਸ ਚਾਵਲਾ ਟ੍ਰਿਬਿਊਨ ਅਤੇ ਨਾਟਕਕਾਰ ਬਲਰਾਜ ਮਾਨ ਵੀ ਇਸ ਸਾਲ ਸਦੀਵੀ ਅਲਵਿਦਾ ਕਹਿ ਗਏ।
*** ਕਵੀ ਅਰਸ਼ਦ ਮਨਜ਼ੂਰ
ਜੁਲਾਈ ਮਹੀਨੇ ਵਿੱਚ ਗੁਰਬਾਜ਼ ਬਾਜਵਾ ਗੀਤਕਾਰ, ਸ਼ਾਇਰ ਈਸ਼ਰ ਸਿੰਘ ਮੋਮਨ ਅਤੇ ਪਟਿਆਲਾ ਨਿਵਾਸੀ ਕਵੀਤਰੀ ਭੁਪਿੰਦਰ ਕੌਰ ਵਾਲੀਆ ਵੀ ਸਾਥੋਂ ਸਦਾ ਲਈ ਦੂਰ ਚਲੇ ਗਏ। ਜੁਲਾਈ ਵਿਚ ਹੀ ਲਹਿੰਦੇ ਪੰਜਾਬ ਦਾ ਇੱਕ ਵੱਡਾ ਕਵੀ ਅਰਸ਼ਦ ਮਨਜ਼ੂਰ ਪੂਰਾ ਹੋ ਗਿਆ। ਗੁਰਮੁਖੀ ਲਿੱਪੀ ਵਿੱਚ ਉਸ ਦੇ ਤਿੰਨ ਗਜ਼ਲ ਸੰਗ੍ਰਹਿ ਛਪੇ ਅਤੇ ਪ੍ਰਸਿੱਧ ਹੋਏ। ਮਾਂ ਬੋਲੀ ਬਾਰੇ ਉਸ ਦੀ ਇਕ ਕਵਿਤਾ ਹੈ :
ਆ, ਬਹਿਜਾ ਕੋਲ ਪੰਜਾਬੀ ਦੇ
ਸੁਣ ਵਿਛੜੇ ਬੋਲ ਪੰਜਾਬੀ ਦੇ
ਤੇਰੀ ਅੱਖ ਵਿਚ ਚਾਨਣ ਹੋਵੇਗਾ
ਜ਼ਰਾ ਵਰਕੇ ਫੋਲ ਪੰਜਾਬੀ ਦੇ।
ਮਿੱਠੜੀ ਏ ਸ਼ਹਿਦ ਤੋਂ ਮਾਂ ਬੋਲੀ
ਵਿਚ ਜ਼ਹਿਰ ਨਾ ਘੋਲ ਪੰਜਾਬੀ ਦੇ
ਹਨ ਵਾਰਿਸ, ਬੁੱਲ੍ਹਾ, ਨਾਨਕ ਜੀ
ਹੀਰੇ ਅਣਮੋਲ ਪੰਜਾਬੀ ਦੇ।
ਧਰਤੀ ਤੋਂ ਜਾਨਾਂ ਵਾਰਦਾ ਏ
ਮੈਂ ਸਦਕੇ ਢੋਲ ਪੰਜਾਬੀ ਦੇ
ਅੱਜ ਨਾਲ ਮੁਹੱਬਤਾਂ ‘ਅਰਸ਼ਦ’ ਜੀ
ਸਭ ਬੂਹੇ ਖੋਲ੍ਹ ਪੰਜਾਬੀ ਦੇ।
ਕਹਾਣੀਕਾਰਾ ਪ੍ਰੀਤਮਾ ਦੋਮੇਲ ਇਕ ਅਗਸਤ ਨੂੰ ਪੂਰੇ ਹੋ ਗਏ। ਉਨ੍ਹਾਂ ਦੇ ਤਿੰਨ ਕਹਾਣੀ ਸੰਗ੍ਰਹਿ ‘ਕੌਡੀਆਂ ਵਾਲਾ ਸੱਪ’, ‘ਘਾਟੇ ਦਾ ਦੀਵਾ’ ਅਤੇ ‘ਜਹੇਨ ਦੇ ਇੰਦਧਨੁਸ਼’ ਪ੍ਰਕਾਸ਼ਿਤ ਹੋਏ ਸਨ।
ਅਗਸਤ ਮਹੀਨੇ ਵਿੱਚ ਪ੍ਰੇਮ ਭੂਸ਼ਨ ਗੋਇਲ, ਭਗਵਾਨ ਸਿੰਘ ਕਾਦੀਆਂ ਅਤੇ ਸ਼੍ਰੀ ਰਾਮ ਅਰਸ਼ ਵੀ ਸਦੀਵੀ ਵਿਛੋੜਾ ਦੇ ਗਏ। ਭਗਵਾਨ ਸਿੰਘ ਕਾਦੀਆਂ ਪੰਜਾਬੀ ਉਰਦੂ ਅਦਬ ਬਾਰੇ ਕਈ ਯਾਦਗਾਰੀ ਲੇਖ ਲਿਖੇ। ਸਿਰਕੱਢ ਪੰਜਾਬੀ ਸ਼ਾਇਰ ਸਿਰੀ ਰਾਮ ਅਰਸ਼ ਲੁਧਿਆਣਾ ਦੇ ਜੰਮਪਲ ਸਨ ਅਤੇ ਪੰਜਾਬ ਲੋਕ ਸੰਪਰਕ ਵਿਭਾਗ ਤੋਂ ਡਿਪਟੀ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ ਸਨ। ਪੰਜਾਬੀ ਗ਼ਜ਼ਲ ਵਿਚ ਉਨ੍ਹਾਂ ਦਾ ਵਿਸ਼ੇਸ਼ ਮੁਕਾਮ ਸੀ। ਉਨ੍ਹਾਂ ਦੀਆਂ ਲਿਖਤਾਂ ਵਿੱਚ ਰਬਾਬ, ਅਗਨਾਰ, ਸੰਖ ਤੇ ਸਿੱਪੀਆਂ, ਸਰਘੀਆਂ ਤੇ ਸਮੁੰਦਰ, ਪੁਰਸਲਾਤ, ਗੁਰੂ ਮਿਲਿਓ ਰਵਿਦਾਸ ਪ੍ਰਮੁੱਖ ਹਨ।
***ਦਿਲਜੀਤ ਸਿੰਘ ਬੇਦੀ
ਪੰਜਾਬ ਦੇ ਸਾਹਿਤਕ ਜਗਤ ਨੂੰ ਇਸ ਸਾਲ ਸਿੱਖ ਚਿੰਤਕ ਤੇ ਲੇਖਕ ਦਿਲਜੀਤ ਸਿੰਘ ਬੇਦੀ, ਚਿੰਤਕ ਗੁਰਮੀਤ ਸਿੰਘ ਟਿਵਾਣਾ ( ਪ੍ਰੋ ਕ੍ਰਿਸ਼ਨ ਸਿੰਘ ਰਚਨਾਵਲੀ), ਡਾ. ਕੀਰਤੀ ਕੇਸਰ, ਇੰਦਰਜੀਤ ਕੌਰ ਸਿੱਧੂ ਕਨੇਡਾ, ਹਾਸਰਸ ਸਟੇਜੀ ਸ਼ਾਇਰ ਰਾਜ ਕੁਮਾਰ ਰਾਜ, ਵਿਅੰਗ ਲੇਖਕ ਫਕੀਰ ਚੰਦ ਸ਼ੁਕਲਾ, ਗੁਰਬਖਸ਼ ਸਿੰਘ ਡੋਗਰਾ, ਬਲਦੇਵ ਦੂਹੜੇ ਕਨੇਡਾ, ਚੰਦਨ ਨੇਗੀ ਦਾ ਵਿਛੋੜਾ ਵੀ ਝੱਲਣਾ ਪਿਆ। ਪਿਸ਼ੌਰ ਅਤੇ ਜੰਮੂ ਦੀ ਮਿੱਟੀ ’ਚੋਂ ਉਪਜ਼ੀ ਪੰਜਾਬੀ ਕਹਾਣੀ ਦੀ ਨਿਵੇਕਲੀ ਸੁਰ ਚੰਦਨ ਨੇਗੀ ਦੀ ਮੌਤ ਨਾਲ ਪੰਜਾਬੀ ਕਥਾ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ। ਉਹ ਕਹਾਣੀਕਾਰ ਦੇ ਨਾਲ ਨਾਲ ਨਾਵਲਕਾਰ, ਵਾਰਤਕਕਾਰ ਅਤੇ ਅਨੁਵਾਦਕ ਵੀ ਸਨ ਅਤੇ ਉਸ ਨੇ ਤੀਹ ਦੇ ਕਰੀਬ ਪੁਸਤਕਾਂ ਦੀ ਸਿਰਜਣਾ ਕਰਕੇ ਪੰਜਾਬੀ ਅਦਬ ਵਿੱਚ ਜ਼ਿਕਰਯੋਗ ਥਾਂ ਬਣਾਈ। ਸਾਹਿਤ ਅਕਾਦਮੀ ਵੱਲੋਂ ਅਨੁਵਾਦ ਪੁਰਸਕਾਰ ਵੀ ਉਹਨਾਂ ਨੂੰ ਮਿਲਿਆ ਹੈ। ਪੰਜਾਬੀ ਦੇ ਨਾਲ ਨਾਲ ਉਹਨਾਂ ਨੇ ਹਿੰਦੀ ਵਿਚ ਵੀ ਸਿਰਜਣਾ ਕੀਤੀ। ਉੱਭਰ ਰਹੇ ਪੰਜਾਬੀ ਸਾਹਿਤ ਪ੍ਰੇਮੀ, ਖੋਜੀ ਅਤੇ ਲੇਖਕ ਸੰਦੀਪ ਦਾ ਛੋਟੀ ਉਮਰ ਵਿੱਚ ਤੁਰ ਜਾਣਾ ਵੀ ਉਦਾਸ ਕਰਨ ਵਾਲਾ ਸੀ। ਉਹ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਖੋਜ ਕਰ ਰਹੇ ਸਨ।
*** ਕਵੀ ਤੇ ਚਿੱਤਰਕਾਰ ਦੇਵ ਸਵਿਟਜ਼ਰਲੈਂਡ
ਸਾਲ ਦੇ ਅਖ਼ੀਰ ਵਿਚ ਇਕ ਹੋਰ ਨਾਮਵਰ ਕਵੀ ਦੇਵ ਸਵਿਟਜ਼ਰਲੈਂਡ ਵੀ ਆਪਣੀ ਉਮਰ ਪੂਰੀ ਕਰ ਗਿਆ। ਉਹ ਭਾਰਤੀ ਸਾਹਿਤ ਅਕਾਦਮੀ ਵਲੋਂ ਸਨਮਾਨਿਤ ਕਵੀ ਸੀ। ਦੇਵ ਦਾ ਜਨਮ ਜਗਰਾਉਂ ਵਿਖੇ ਹੋਇਆ ਸੀ ਅਤੇ ਉਹ ਪੰਜ ਸਾਲ ਦੀ ਉਮਰ ਕੀਨੀਆ ਆਪਣੇ ਪਿਤਾ ਕੋਲ ਰਹਿਣ ਚਲੇ ਗਿਆ। ਭਾਰਤ ਪਰਤ ਕੇ ਉਸ ਨੇ ਆਪਣਾ ਪਹਿਲਾ ਕਾਵਿ ਸੰਗ੍ਰਹਿ ਪ੍ਰਕਾਸ਼ਤ ਕੀਤਾ। ਸੰਨ ਉੱਨੀ ਸੌ ਉਣਾਸੀ ਵਿਚ, ਉਹ ਸਵਿਟਜ਼ਰਲੈਂਡ ਚਲਾ ਗਿਆ ਕਿਉਂਕਿ ਉਹ ਸਵਿਸ ਕਲਾਕਾਰ ਪੌਲ ਕਲੀ ਤੋਂ ਬਹੁਤ ਪ੍ਰਭਾਵਿਤ ਸੀ। ਉਦੋਂ ਤੋਂ ਉਹ ਯੂਰਪ ਦੇ ਕਈ ਸ਼ਹਿਰਾਂ ਵਿੱਚ ਰਿਹਾ। ਆਪਣੇ ਇੰਤਕਾਲ ਸਮੇਂ ਉਹ ਰੂਬੀਗਨ, ਬਰਨ ਵਿਚ ਰਹਿੰਦਾ ਹੈ। ਉਸ ਦੇ ਕਾਵਿ-ਸੰਗ੍ਰਹਿ ਮੇਰੇ ਦਿਨ ਦਾ ਸੂਰਜ, ਦੂਸਰੇ ਕਿਨਾਰੇ ਦੀ ਤਲਾਸ਼, ਮਤਾਬੀ ਮਿੱਟੀ, ਪ੍ਰਸ਼ਨ ਤੇ ਪਰਵਾਜ਼, ਸ਼ਬਦਾਂਤ, ਹੁਣ ਤੋਂ ਪਹਿਲਾਂ, ਉਤਰਾਇਣ- ਸੂਰਜ ਵੱਲ ਦੀ ਯਾਤਰਾ ਅਤੇ ਤਿਕੋਨਾ ਸਫ਼ਰ ਆਦਿ ਪ੍ਰਕਾਸ਼ਿਤ ਹੋਏ। ਉਹ ਇਕ ਅਜਿਹਾ ਵਿਲੱਖਣ ਕਲਾਕਾਰ ਸੀ ਜਿਸ ਨੇ ਯੂਰਪ ਵਿਚ ਇਕ ਚਿੱਤਰਕਾਰ ਵਜੋਂ ਅਤੇ ਪੰਜਾਬ ਵਿਚ ਇਕ ਕਵੀ ਵਜੋਂ ਆਪਣੀ ਪਛਾਣ ਬਣਾਈ। ਉਸ ਦੀ ਕਵਿਤਾ ਦੀਆਂ ਕੁਝ ਸਤਰਾਂ ਹਨ
ਨਾਨਕ
ਉਹ ਕਿਹੜੀ ਮਹਾਂ ਭਟਕਣ ਸੀ
ਤੇਰੇ ਅਨਥਕ ਕਦਮਾਂ ’ਚ
ਕਿ ਤੂੰ ਗਾਹਿਆ,
ਯੁੱਗਾਂ, ਮਨੁੱਖਾਂ, ਸੋਚਾਂ ਦਾ
ਚੱਪਾ ਚੱਪਾ
ਮੈਨੂੰ ਵੀ ਆਪਣੀ ਭਟਕਣ ਦੀ
ਇਕ ਚਿਣਗ ਲਾ ਦੇ।
ਲੇਖਕਾਂ ਨੇ ਆਪਣੇ ਵਿਵੇਕ ਅਤੇ ਆਪਣੀ ਕਲਮ ਨੂੰ ਸੱਚ ਨਾਲ਼ ਜੋੜ ਲਿਆ ਹੁੰਦਾ ਹੈ। ਇਸੇ ਕਾਰਨ ਲੇਖਕ ਅਤੇ ਉਸ ਦੀ ਰਚਨਾ ਦੀ ਸਮਾਜਿਕ ਅਤੇ ਰੂਹਾਨੀ ਭੂਮਿਕਾ ਨੂੰ ਸਵੀਕਾਰ ਕੀਤਾ ਜਾਂਦਾ ਹੈ। ਸਾਲ ਦੇ ਅੰਤ ਵਿਚ ਅਸੀਂ ਅਲਵਿਦਾ ਕਹਿ ਗਏ ਆਪਣੇ ਇਨ੍ਹਾਂ ਮਾਣਯੋਗ ਲੇਖਕਾਂ ਨੂੰ ਆਪਣੀ ਅਕੀਦਤ ਪੇਸ਼ ਕਰਦੇ ਹਾਂ। ਅਸੀਂ ਦੁਆ ਕਰਦੇ ਹਾਂ ਕਿ ਪੂਰੀ ਦੁਨੀਆ ਨੂੰ ਵੇਦ ਬਾਣੀ, ਗੁਰਬਾਣੀ, ਭਗਤ ਬਾਣੀ ਅਤੇ ਸੂਫ਼ੀ ਕਲਾਮ ਆਦਿ ਨਾਲ਼ ਭਰਪੂਰ ਕਰਨ ਵਾਲੀ ਪੰਜਾਬ ਦੀ ਧਰਤੀ ਉੱਪਰ ਮਾਂ ਸਰਸਵਤੀ ਦੀ ਕਿਰਪਾ ਬਣੀ ਰਹੇ।
***ਗ਼ਜ਼ਲਗੋ ਮਹਿੰਦਰ ਦੀਵਾਨਾ
ਮਹਿੰਦਰ ਦੀਵਾਨਾ ਦਾ ਜਨਮ ਬਰਤਾਨੀਆ ਹਕੂਮਤ ਅਧੀਨ ਆਉਂਦੇ ਅਣਵੰਡੇ ਭਾਰਤ ਵਿੱਚ ਸਾਂਝੇ ਪੰਜਾਬ ਦੇ ਜ਼ਿਲ੍ਹਾ ਕੈਂਬਲਪੁਰ ਦੀ ਤਹਿਸੀਲ ਤਲਾਗੰਗ ਦੇ ਪਿੰਡ ਪੱਤਵਾਲੀ ਵਿਖੇ ਪਿਤਾ ਗਿਆਨ ਚੰਦ ਅਤੇ ਮਾਤਾ ਸ਼੍ਰੀਮਤੀ ਸੀਤਾ ਵੰਤੀ ਦੇ ਘਰ 11 ਅਕਤੂਬਰ 1936 ਨੂੰ 8 ਭੈਣਾਂ ਤੋਂ ਬਾਅਦ ਹੋਇਆ। ਉਸ ਦਾ ਪਹਿਲੀ ਗ਼ਜ਼ਲ ਸੰਗ੍ਰਹਿ ਮਿੱਟੀ ਗੱਲ ਕਰੇ 1978 ਵਿੱਚ ਤੇ ਦੂਜਾ ਗ਼ਜ਼ਲ ਸੰਗ੍ਰਹਿ ਭਵਿੱਖ ਸਾਡਾ ਹੈ 1982 ਵਿੱਚ ਆਉਂਦਾ ਹੈ ਫਿਰ ਇਕ ਲੰਬੀ ਚੁੱਪ ਤੇ 40 ਸਾਲਾਂ ਬਾਅਦ 2022 ਵਿੱਚ ਉਹ ਤੀਜੇ ਗ਼ਜ਼ਲ ਸੰਗ੍ਰਹਿ ਮੈਂ ਮੁਸਾਫ਼ਿਰ ਹਾਂ ਨਾਲ਼ ਮੁੜ ਹਾਜ਼ਰ ਹੁੰਦਾ ਹੈ।
ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਪੰਜਾਬੀ ਦੇ ਇਸ ਮਾਣਮੱਤੇ ਸ਼ਾਇਰ ਮਹਿੰਦਰ ਦੀਵਾਨਾ ਨੇ 24 ਦਸੰਬਰ 2025 ਨੂੰ ਆਖ਼ਰੀ ਸਾਹ ਲਏ । ਇਹ ਦਿਨ ਉਸ ਦੀ ਸ਼ਾਇਰੀ ਦੇ ਪਾਠਕਾਂ ਲਈ ਗ਼ਮਗੀਨ ਹੋ ਨਿੱਬੜਿਆ ਪਰ ਮਹਿੰਦਰ ਦੀਵਾਨਾ ਜੀ ਦੀਆਂ ਲਿਖਤਾਂ ਨਵੀਂਆਂ ਕਲਮਾਂ ਲਈ ਹਮੇਸ਼ਾਂ ਚਾਨਣ ਮੁਨਾਰੇ ਵਾਂਗ ਰਹਿਣਗੀਆਂ।
-ਪਰਮਿੰਦਰ ਸੋਢੀ
+81 905966 8670