ਨਾਰੀ ਰੂਪ ਕਾਵਿ ਸੰਗ੍ਰਹਿ ਹੈ 'ਜੀਰਾਂਦਿ'
ਬਾਬਾ ਫਰੀਦ ਦੇ ਇਕ ਸਲੋਕ ਵਿੱਚੋਂ ਲਏ ਸਿਰਲੇਖ ਦੀ ਇਹ ਪੁਸਤਕ ਵੱਖ-ਵੱਖ ਵਿਧਾਵਾਂ ਵਿਚ ਛਪੀਆਂ ਇਕ ਦਰਜਨ ਕਿਤਾਬਾਂ ਦੀ ਰਚੇਤਾ ਦੀ ਨਵੀ ਪੁਸਤਕ ਨਾਰੀ ਰੂਪ ਕਾਵਿ ਸੰਗ੍ਰਹਿ ਹੈ। ਜਿਸ ਵਿਚ 57 ਕਾਵਿ ਰਚਨਾਵਾਂ ਹਨ ।
Publish Date: Sun, 13 Sep 2020 10:56 AM (IST)
Updated Date: Sun, 13 Sep 2020 10:58 AM (IST)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ।
ਪੰਨੇ : 120, ਮੁੱਲ : 250 /-
ਬਾਬਾ ਫਰੀਦ ਦੇ ਇਕ ਸਲੋਕ ਵਿੱਚੋਂ ਲਏ ਸਿਰਲੇਖ ਦੀ ਇਹ ਪੁਸਤਕ ਵੱਖ-ਵੱਖ ਵਿਧਾਵਾਂ ਵਿਚ ਛਪੀਆਂ ਇਕ ਦਰਜਨ ਕਿਤਾਬਾਂ ਦੀ ਰਚੇਤਾ ਦੀ ਨਵੀ ਪੁਸਤਕ ਨਾਰੀ ਰੂਪ ਕਾਵਿ ਸੰਗ੍ਰਹਿ ਹੈ। ਜਿਸ ਵਿਚ 57 ਕਾਵਿ ਰਚਨਾਵਾਂ ਹਨ। ਇਹ ਕਵਿਤਾਵਾਂ ਇਸ ਤੋਂ ਪਹਿਲਾਂ ਛਪੀਆਂ ਕਵਿਤਰੀ ਦੀਆਂ ਤਿੰਨ ਕਿਤਾਬਾਂ ਵਿੱਚੋਂ ਨਾਰੀ ਨਾਲ ਸੰਬੰਧਤ ਵਿਸ਼ਿਆਂ ਨੂੰ ਆਧਾਰ ਬਣਾ ਕੇ ਚੁਣੀਆਂ ਗਈਆਂ ਹਨ।
ਸ਼ਾਇਰਾ ਦੇ ਜ਼ਿਹਨ ਵਿਚ ਔਰਤ ਦੀ ਅਸਮਤ ਦੀ ਫ਼ਿਕਰਮੰਦੀ ਹੈ। ਇਸ ਕਵਿਤਾ ਦਾ ਦਾਇਰਾ ਪੰਜਾਬ ਤੋਂ ਲੈ ਕੇ ਪੂਰਾ ਵਿਸ਼ਵ ਹੈ। ਦੁਨੀਆ ਵਿਚ ਵਸਦੀ ਕਿਰਤੀ ਤੇ ਮਿਹਨਤੀ ਔਰਤ ਦੀ ਗੱਲ ਕਵਿਤਰੀ ਨੇ ਕੀਤੀ ਹੈ। ਦੁਨੀਆ ਦੀ ਅੱਧੀ ਵਸੋਂ ਔਰਤਾਂ ਹਨ ਪਰ ਸਾਡੇ ਸਮਾਜ ਵਿਚ ਪ੍ਰਧਾਨਗੀ ਮਰਦ ਦੀ ਹੈ । ਮਰਦ ਨੇ ਕਦੇ ਔਰਤ ਨੂੰ ਉਸਦੇ ਬਣਦੇ ਹੱਕ ਦੇਣ ਦਾ ਹੀਆ ਨਹੀਂ ਕੀਤਾ। ਕਿਰਤੀ ਔਰਤ ਨਾਲ ਧੱਕੇਸ਼ਾਹੀ ਕੀਤੀ ਹੈ। ਕਈ ਦੇਸ਼ਾਂ ਵਿਚ ਤਾਂ ਔਰਤ ਦੀ ਵੋਟ ਦੀ ਕੀਮਤ ਵੀ ਅੱਧੀ ਹੈ ਤੇ ਮਿਹਨਤਾਨਾ ਵੀ ਅੱਧਾ ਹੈ। ਕਿੰਨੀ ਹਨੇਰਗਰਦੀ ਹੈ। ਕਵਿਤਾਵਾਂ ਮਾਂ, ਮਾਂ ਦੀ ਆਂਦਰ, ਜਗ ਜਨਣੀ, ਧੀ ਨੂੰ ਅਸੀਸ, ਮਾਵਾਂ ਦਾ ਵਿਰਲਾਪ, ਮਿੱਟੀ ਸੰਗ ਮਿੱਟੀ, ਮਾਂ ਦਾ ਕਰਜ਼ , ਧੀ ਦੀ ਹੂਕ, ਔਰਤ ਦੀ ਆਵਾਜ਼, ਵਿਚ ਦੁਨੀਆ ਵਿਚ ਮਾਂ ਧੀ ਰਿਸ਼ਤੇ ਦੀ ਸੂਖਮਤਾ ਹੈ। ਵਿਸ਼ਵ ਸੁੰਦਰੀ ਕਵਿਤਾ ਵਿਚ ਕੁੜੀਆਂ ਵੱਲੋਂ ਇਸ ਮੰਤਵ ਲਈ ਜੋ ਕੁਝ ਕੀਤਾ ਜਾਂਦਾ ਹੈ ਉਸਦਾ ਚਿਤਰਣ ਹੈ–ਇਕ ਛੋਟੇ ਕਰਮਚਾਰੀ ਤੋਂ ਲੈ ਕੇ/ ਡਾਇਰੈਕਟਰ ਜੱਜਾਂ ਤਕ/ ਮਿਣਿਆ ਮੇਰਾ ਅੰਗ ਅੰਗ । ਔਰਤ ਨੂੰ ਮਰਦ ਨੇ ਇਸ਼ਤਿਹਾਰਬਾਜ਼ੀ ਵਿਚ ਲੈ ਆਂਦਾ ਹੈ । ਵਸਤੂ ਰੂਪ ਵਿਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਪਰਦੇਸਾਂ ਵਿਚ ਡਾਲਰ ਕਮਾਉਣ ਗਏ ਪੁੱਤ ਬਾਰੇ ਮਾਂ ਸੋਚਦੀ ਹੈ ---ਚਾਂਦੀ ਦੀਆਂ ਛਿਲੜਾਂ ਦੀ ਖਾਤਰ / ਅਲ੍ਹੜ ਜੁਆਨੀ ਦਾਅ 'ਤੇ ਲਾ ਕੇ/ ਸੁਣ ਸੁਣ ਕਾਲੀਆਂ ਸ਼ਾਹ ਕਰਤੂਤਾਂ /ਮਾਂ ਦੀ ਆਂਦਰ ਧੁਖਦੀ ਐ।
ਕੁਝ ਕਵਿਤਾਵਾਂ ਦੇ ਵਿਸ਼ੇ ਬਾਬਲ ਧੀ ਸੰਵਾਦ , ਧੀ ਦੇ ਦਾਜ ਲਈ ਮਾਂ ਦੀ ਚਿੰਤਾ, ਕੁਦਰਤ ਦਾ ਜ਼ਿਕਰ, ਗਿੱਧਾ, ਤੀਆਂ, ਕੰਜਕਾਂ, ਮੁਹੱਬਤ ,ਖੰਮਣੀ, ਡਾਲਰਾਂ ਦੇ ਲੋਭੀ ਲਾੜਿਆਂ ਨਾਲ ਧੀਆਂ ਨੂੰ ਤੋਰਨ ਬਾਰੇ ਹਨ।
- ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ