- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰਤਾਰ ਸਿੰਘ ਦੁੱਗਲ ਦੀ ਸਾਹਿਤਕ ਘਾਲਣਾ ਨੂੰ ਸਾਹਮਣੇ ਰੱਖਦੇ ਹੋਏ ਕਹਾਣੀ ਸੰਗ੍ਰਹਿ ‘ਇੱਕ ਛਿੱਟ ਚਾਨਣ ਦੀ’ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਤੇ ਹੋਰ ਸਨਮਾਨ ਝੋਲੀ ਪਏ। ਦੁੱਗਲ ਚੁਰੰਨਵੇਂ ਵਰ੍ਹੇ ਦੀ ਲੰਮੀ ਉਮਰ ਭੋਗ ਕੇ ਛੱਬੀ ਜਨਵਰੀ 2012 ਈਸਵੀ ਨੂੰ ਸਦਾ ਲਈ ਮੌਤ ਦੀ ਗੋਦ ’ਚ ਸੌਂ ਗਿਆ ਪਰ ਉਸ ਦਾ ਸਾਹਿਤ ਅਮਰ ਰਹੇਗਾ|

ਅਸੀਂ ਜਾਣਦੇ ਹਾਂ ਕਿ ਮਨੁੱਖ ਦਾ ਇਹ ਸੁਭਾਅ ਹੈ ਕਿ ਉਹ ਵਗਦੇ ਵਹਿਣ ਵਾਲ਼ੇ ਪਾਸੇ ਨੂੰ ਤੁਰਨ ਲਈ ਹਮੇਸ਼ਾ ਤਰਜੀਹ ਦਿੰਦਾ ਹੈ। ਪਰੰਤੂ ਕੁਝ ਵਿਰਲੇ ਅਜਿਹੇ ਵੀ ਹੁੰਦੇ ਹਨ, ਜੋ ਵਗਦੇ ਵਹਿਣ ਦੇ ਉਲਟ ਤਾਰੀਆਂ ਲਾਉਣ ਦੀ ਜੁਰੱਅਤ ਰੱਖਦੇ ਹੁੰਦੇ ਹਨ| ਕਰਤਾਰ ਸਿੰਘ ਦੁੱਗਲ ਪੰਜਾਬੀ ਗਲਪ ਸਾਹਿਤ ਦੀ ਉਹ ਵਿਲੱਖਣ ਹਸਤੀ ਹੈ, ਜਿਸ ਨੇ ਵਗਦੇ ਵਹਿਣ ਦੇ ਉਲਟ ਚੱਲ ਕੇ ਪੰਜਾਬੀ ਕਹਾਣੀ, ਨਾਵਲ, ਨਾਟਕ, ਇਕਾਂਗੀ ਸਾਹਿਤ ਵਿੱਚ ਪਹਿਲੀ ਵਾਰੀ ਫ਼ਰਾਇਡ ਤੋਂ ਪ੍ਰਭਾਵਿਤ ਹੋ ਕੇ ਮਨੋਵਿਗਿਆਨਕ ਵਿਸ਼ਲੇਸ਼ਣ ਨੂੰ ਆਧਾਰ ਬਣਾਇਆ ਹੈ| ਉਨ੍ਹਾਂ ਆਪਣੀਆਂ ਰਚਨਾਵਾਂ ਰਾਹੀਂ ਦੱਸਿਆ ਕਿ ਮਨੁੱਖੀ ਮਨ ਦੀਆਂ ਅਧੂਰੀਆਂ ਰਹੀਆਂ ਕਾਮਨਾਵਾਂ ਉਸ ਦੇ ਅਚੇਤ ਮਨ ਵਿੱਚ ਜਾ ਟਿਕਦੀਆਂ ਹਨ, ਜਿਨ੍ਹਾਂ ਦਾ ਮਨੋਵਿਸ਼ਲੇਸਣ ਢੰਗ ਨਾਲ਼ ਹੱਲ ਕਰਨਾ ਅਤੀ ਜ਼ਰੂਰੀ ਹੁੰਦਾ ਹੈ।
ਕਰਤਾਰ ਸਿੰਘ ਦੁੱਗਲ ਦਾ ਜਨਮ ਜੀਵਨ ਸਿੰਘ ਦੁੱਗਲ ਦੇ ਘਰ, ਮਾਤਾ ਸਤਵੰਤ ਕੌਰ ਦੀ ਕੁੱਖੋਂ ਪਿੰਡ ਧਮਿਆਲ ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿੱਚ ਇੱਕ ਮਾਰਚ, 1917 ਈਸਵੀ ਨੂੰ ਹੋਇਆ। ਆਪ ਦੇ ਪਿਉ ਦਾਦੇ ਇੱਕ ਰੱਜੇ ਪੁੱਜੇ ਖ਼ਾਨਦਾਨੀ ਪਰਿਵਾਰ ਨਾਲ਼ ਸਬੰਧਿਤ ਸਨ। ਇਸ ਲਈ ਆਪ ਦੀ ਪੜ੍ਹਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਸਨ| ਬੇਸ਼ੱਕ ਉਨ੍ਹਾਂ ਦੀ ਮੁਹਾਰਤ ਉਰਦੂ, ਹਿੰਦੀ, ਪੰਜਾਬੀ (ਖ਼ਾਸ ਕਰਕੇ ਪੋਠੋਹਾਰੀ ਉਪਭਾਸ਼ਾ), ਅੰਗਰੇਜ਼ੀ ਭਾਸ਼ਾ ਵਿੱਚ ਸੀ। ਪਰੰਤੂ ਉਨ੍ਹਾਂ ਅੰਗਰੇਜ਼ੀ ਭਾਸ਼ਾ ਨੂੰ ਤਰਜੀਹ ਦਿੱਤੀ। ਕਹਾਣੀਕਾਰ ਐੱਮਏ. ਅੰਗਰੇਜ਼ੀ ਫ਼ਾਰਮਨ ਕ੍ਰਿਸ਼ਚੀਅਨ ਕਾਲਜ, ਲਾਹੌਰ ਤੋਂ ਪਹਿਲੇ ਦਰਜੇ ਵਿੱਚ ਪਾਸ ਕੀਤੀ|
ਸ਼ੁਰੂਆਤ ਆਲ ਇੰਡੀਆ ਰੇਡੀਓ ਲਾਹੌਰ ਤੋਂ
ਕਰਤਾਰ ਸਿੰਘ ਦੁੱਗਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਆਲ ਇੰਡੀਆ ਰੇਡੀਓ, ਲਾਹੌਰ ਤੋਂ ਕੀਤੀ । ਜਿੱਥੇ ਉਨ੍ਹਾਂ ਪੰਜ ਸਾਲ ਸੇਵਾ ਨਿਭਾਈ। ਦੇਸ਼ ਦੀ ਵੰਡ ਉਪਰੰਤ ਉਹ ਦਿੱਲੀ ਆ ਗਏ। ਜਿੱਥੇ ਉਨ੍ਹਾਂ ਆਲ ਇੰਡੀਆ ਰੇਡੀਓ ਦਿੱਲੀ ਵਿੱਚ ਲਗਪਗ ਵੀਹ ਸਾਲ ਸੇਵਾ ਕੀਤੀ।ਉਹ ਆਪਣੀ ਸੂਝਬੂਝ ਭਰੀ ਲਿਆਕਤ, ਮਿਹਨਤ, ਲਗਨ, ਨਾਲ਼ ਕੰਮ ਕਰਕੇ ਆਲ ਇੰਡੀਆ ਰੇਡੀਓ, ਸਟੇਸ਼ਨ ਦੇ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ| ਸਟੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰਮੈਂਟ ਹੋਣ ਉਪਰੰਤ ਪਹਿਲਾਂ ਨੈਸ਼ਨਲ ਬੁੱਕ ਟਰੱਸਟ, ਨਵੀਂ ਦਿੱਲੀ ਦੇ ਸਕੱਤਰ ਬਣੇ। ਬਾਅਦ ਵਿੱਚ ਡਾਇਰੈਕਟਰ ਬਣੇ। ਇੱਥੇ ਉਨ੍ਹਾਂ ਲਗਪਗ ਅੱਠ ਸਾਲ ਸੇਵਾ ਨਿਭਾਈ। ਉਨ੍ਹਾਂ ਮਨਿਸਟਰੀ ਆਫ਼ ਇਨਫੋਰਮੇਸ਼ਨ ਅਤੇ ਬ੍ਰਾਡਕਾਸਟਿੰਗ (ਪਲੈਨਿੰਗ ਕਮਿਸ਼ਨ) ਵਿੱਚ ਵੀ ਸੇਵਾ ਨਿਭਾਈ।
ਸਰਬੋਤਮ ਕਹਾਣੀਆਂ
ਉਨ੍ਹਾਂ ਵੱਲੋਂ ਰਚੇ ਗਏ ਕਹਾਣੀ ਸੰਗ੍ਰਹਿਆਂ ਵਿੱਚ ‘ਸਵੇਰ ਸਾਰ’, ‘ਪਿੱਪਲ ਪੱਤੀਆਂ’, ‘ਕੁੜੀ ਕਹਾਣੀ ਕਰਦੀ ਗਈ’, ‘ਡੰਗਰ’, ‘ਅੱਗ ਖਾਣ ਵਾਲ਼ੇ’, ‘ਕਰਾਮਾਤ, ਪਾਰੇ ਮੈਰੇ’, ‘ਇੱਕ ਛਿੱਟ ਚਾਨਣ ਦੀ’, ‘ਮਾਜਾ ਨਹੀਂ ਮੋਇਆ’, ‘ਨਵਾਂ ਘਰ’, ‘ਸੋਨਾਰ ਬੰਗਲਾ’, ਫੁੱਲ ਤੋੜਨਾ ਮਨ੍ਹਾ ਹੈ’, ‘ਢੋਇਆ ਹੋਇਆ ਬੂਹਾ’, ‘ਹੰਸਾ ਆਦਮੀ’, ‘ਪੈਣਗੇ ਵੈਣ ਡੂੰਘੇ’, ‘ਭਾਬੀ ਜਾਨ’, ‘ਮੌਤ ਇੱਕ ਗੁੰਚੇ ਦੀ’ ਅਤੇ ‘ਤ੍ਰਿਸ਼ਨਾ ਹਨ’| ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਤਕਨੀਕੀ ਸੂਝਬੂਝ ਦੇ ਪੱਖ ਤੋਂ ਸਰਬੋਤਮ ਉਦਾਹਰਣਾਂ ਮੰਨੀਆਂ ਗਈਆਂ ਹਨ। ਇਸ ਦੇ ਨਾਲ਼ ਹੀ ਉਸ ਦੀਆਂ ਕਹਾਣੀਆਂ ਵਿੱਚ ਕਲਾਤਮਕ ਪਕਿਆਈ ਵੀ ਕਮਾਲ ਦੇ ਪੱਧਰ ਦੀ ਹੈ। ਦੁੱਗਲ ਨੇ ਆਪਣੇ ਪਹਿਲੇ ਪੜਾਅ ਦੀਆਂ ਕਹਾਣੀਆਂ ਵਿੱਚ ਫ਼ਰਾਇਡ ਤੋਂ ਪ੍ਰਭਾਵਿਤ ਹੋ ਕੇ ‘ਕਲਾ ਕਲਾ ਲਈ’ ਦੇ ਸਿਧਾਂਤ ਨੂੰ ਦ੍ਰਿੜ੍ਹ ਕੀਤਾ ਹੈ।
ਮਨੋਵਿਗਿਆਨਕ ਸੂਝਬੂਝ
ਉਨ੍ਹਾਂ ਕਹਾਣੀਆਂ ਵਿੱਚ ਮਨੋਵਿਗਿਆਨਕ ਵਿਸ਼ਲੇਸ਼ਣ ਅਨੁਸਾਰ ਲੰਿਗ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਨਜ਼ਰੀਂ ਆਉਂਦਾ ਹੈ| ਦੁੱਗਲ ਪ੍ਰਾਕ੍ਰਿਰਤੀਵਾਦੀ ਹੋਣ ਕਾਰਨ ਪਾਤਰਾਂ ਅਤੇ ਘਟਨਾਵਾਂ ਦੇ ਹੂਬਹੂ ਚਿੱਤਰ ਪਾਠਕਾਂ ਦੇ ਸਨਮੁੱਖ ਸਾਕਾਰ ਕਰ ਦਿੰਦਾ ਹੈ। ਲੇਖਕ ਅੰਦਰ ਮਨੋਵਿਗਿਆਨ ਦੀ ਡੂੰਘੀ ਸੂਝਬੂਝ ਹੈ। ਇਸੇ ਕਰਕੇ ਉਹ ਪਾਤਰ ਦੇ ਅੰਤਰ ਮਨ ਵਿੱਚ ਵੜ ਕੇ ਉਸ ਦੀ ਹਰ ਧੜਕਣ ਨੂੰ ਸੁਣਨ ਵਿੱਚ ਉਸਤਾਦ ਕਲਾਕਾਰ ਹੈ। ਇਸੇ ਕਰਕੇ ਉਸ ਦੇ ਪਾਤਰਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਉਹ ਕੁਆਰੇ ਨੌਜਵਾਨ ਮੁੰਡਿਆਂ ਦੀਆਂ ਸੱਧਰਾਂ ਨੂੰ ਸਮਝਦਾ ਹੈ। ਨੌਕਰਾਂ, ਟਾਂਗੇ, ਰਿਕਸ਼ੇ ਵਾਲ਼ਿਆਂ, ਇਸਤਰੀ ਮਨ ਦੇ ਅੰਦਰਲੇ ਉਬਾਲਾਂ ਨੂੰ ਜਾਣਦਾ ਪਛਾਣਦਾ ਹੈ| ਇਸੇ ਲਈ ਉਹ ਆਪਣੀਆਂ ਕਹਾਣੀਆਂ ਵਿੱਚ ਕੁੜੀਆਂ ਦੀਆਂ ਅਤ੍ਰਿਪਤ ਖਾਹਿਸ਼ਾਂ ਦੇ ਪਰਦੇ ਖੋਲ੍ਹਦਾ ਹੈ। ਉਹ ਮਾਸੂਮ ਬੱਚਿਆਂ ਦੇ ਮਨੋਵਿਗਿਆਨ ਤੋਂ ਜਾਣੂੰ ਹੈ। ਉਨ੍ਹਾਂ ਦੇ ਸੁਭਾਅ ਨੂੰ ਉਹ ਕਹਾਣੀਆਂ ਵਿੱਚ ਸਫ਼ਲਤਾ ਸਹਿਤ ਪੇਸ਼ ਕਰ ਸਕਿਆ ਹੈ।
ਅਨੂਪਮ ਦ੍ਰਿਸ਼ ਚਿੱਤਰ
ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਦੀ ਇੱਕ ਹੋਰ ਵੱਡੀ ਖ਼ੂਬੀ ਇਹ ਹੈ ਕਿ ਉਹ ਆਪਣੀਆਂ ਕਹਾਣੀਆਂ ਵਿੱਚ ਅਨੂਪਮ ਦ੍ਰਿਸ਼ ਚਿੱਤਰ ਖਿੱਚਣ ਵਿੱਚ ਪੂਰਾ ਉਸਤਾਦ ਕਲਾਕਾਰ ਹੈ। ਜੀਵਨ ਨੂੰ ਬੜੀ ਸ਼ਿੱਦਤ ਅਤੇ ਡੂੰਘਾਈ ਨਾਲ਼ ਵੇਖਣ ਦੀ ਰੀਝ ਦੁੱਗਲ ਵਿੱਚ ਕੁਦਰਤੀ ਹੈ। ਉਹ ਜਿਹੜੀ ਵੀ ਕਹਾਣੀ ਲਿਖਦਾ ਹੈ, ਜਿਸ ਬਾਰੇ ਕਹਾਣੀ ਲਿਖਦਾ ਹੈ, ਉਸ ਮਾਹੌਲ ਨਾਲ਼ ਇਸ ਤਰ੍ਹਾਂ ਸਾਂਝ ਪਾ ਲੈਂਦਾ ਹੈ, ਜਿਵੇਂ ਉਹ ਆਪਣੇ ਹੀ ਟੱਬਰ ਦੀ ਕਹਾਣੀ ਲਿਖ ਰਿਹਾ ਹੋਵੇ। ਪਰੰਤੂ ਦੁੱਗਲ ਨੇ ਆਪਣੇ ਦੂਜੇ ਪੜਾਅ ਦੀਆਂ ਕਹਾਣੀਆਂ ਵਿੱਚ ‘ਕਲਾ ਜੀਵਨ ਲਈ’ ਦੇ ਫ਼ਲਸਫ਼ੇ ਨੂੰ ਬੜੀ ਸ਼ਿੱਦਤ ਸਹਿਤ ਅਪਣਾਇਆ ਹੈ। ਇਸ ਪੜਾਅ ਉੱਤੇ ਆ ਕੇ ਲੇਖਕ ਦੀ ਸ਼ੈਲੀ ਵਿੱਚ ਕਮਾਲ ਦੇ ਪੱਧਰ ਦਾ ਨਿਖ਼ਾਰ ਆਇਆ ਹੈ। ਇਨ੍ਹਾਂ ਕਹਾਣੀਆਂ ਦੇ ਬਿਆਨ ਵਿੱਚ ਜ਼ਬਰਦਸਤ ਤਾਕਤ ਵੀ ਹੈ, ਨਜ਼ਾਕਤ ਵੀ ਹੈ। ਉਸ ਨੇ ਇਨ੍ਹਾਂ ਕਹਾਣੀਆਂ ਵਿੱਚ ਕਾਵਿਮਈ ਬਿਆਨ ਕਰਕੇ ਕਹਾਣੀਆਂ ਵਿਚ ਜਾਨ ਪਾ ਦਿੱਤੀ ਹੈੈ।
ਪੋਠੋਹਾਰੀ ਰੰਗਤ
ਉਸ ਦੀਆਂ ਸ਼ਹਿਰੀ ਜੀਵਨ ਨਾਲ਼ ਸਬੰਧਿਤ ਕਹਾਣੀਆਂ ਕੇਂਦਰੀ ਪੰਜਾਬੀ ਭਾਸ਼ਾ ਵਿੱਚ ਪੇਸ਼ ਕੀਤੀਆਂ ਗਈਆਂ ਹਨ। ਕਿਉਂ ਜੋ ਦੁੱਗਲ ਦਾ ਜਨਮ ਪੋਠੋਹਾਰ ਦੀ ਧਰਤੀ ਉੱਤੇ ਹੋਇਆ। ਇਸ ਲਈ ਉਸ ਦੀਆਂ ਬਹੁਤੀਆਂ ਪੇਂਡੂ ਕਹਾਣੀਆਂ ਵਿੱਚ ਪੋਠੋਹਾਰੀ ਰੰਗਤ ਵਿਖਾਈ ਦਿੰਦੀ ਹੈ। ਪੋਠੋਹਾਰੀ ਉਪਭਾਸ਼ਾ ਅਤੇ ਪੋਠੋਹਾਰੀ ਲੋਕ ਗੀਤਾਂ ਦੀ ਵਰਤੋਂ ਕਰਨ ਨਾਲ਼ ਪਾਠਕ ਨੂੰ ਉਸ ਦੀਆਂ ਕਹਾਣੀਆਂ ਹੋਰ ਵੀ ਸੁਆਦਲੀਆਂ ਲੱਗਦੀਆਂ ਹਨ। ‘ਆਂਦਰਾਂ’, ‘ਪੁੰਨਿਆ ਦੀ ਰਾਤ’, ‘ਤੇਰੇ ਭਾਣੇ’, ‘ਬੰਦ ਦਰਵਾਜ਼ੇ’,‘ਮਿੱਟੀ ਮੁਸਲਮਾਨ ਕੀ’ ਨਾਵਲ ਕਰਤਾਰ ਸਿੰਘ ਦੁੱਗਲ ਨੇ ਪੰਜਾਬੀ ਸਾਹਿਤ ਦੀ ਝੋਲ਼ੀ ਵਿੱਚ ਪਾਏ ਹਨ। ‘ਮੇਰੀ ਸਾਹਿਤਕ ਜੀਵਨੀ’ ਤੇ ‘ਕਿਸ ਪਹਿ ਖੋਲਉ ਗੰਠੜੀ’ ਵਾਰਤਕ ਪੁਸਤਕਾਂ ਹਨ। ਕਰਤਾਰ ਸਿੰਘ ਦੁੱਗਲ ਦੀ ਸਾਹਿਤਕ ਘਾਲਣਾ ਨੂੰ ਸਾਹਮਣੇ ਰੱਖਦੇ ਹੋਏ ਕਹਾਣੀ ਸੰਗ੍ਰਹਿ ‘ਇੱਕ ਛਿੱਟ ਚਾਨਣ ਦੀ’ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਤੇ ਹੋਰ ਸਨਮਾਨ ਝੋਲੀ ਪਏ। ਦੁੱਗਲ ਚੁਰੰਨਵੇਂ ਵਰ੍ਹੇ ਦੀ ਲੰਮੀ ਉਮਰ ਭੋਗ ਕੇ ਛੱਬੀ ਜਨਵਰੀ 2012 ਈਸਵੀ ਨੂੰ ਸਦਾ ਲਈ ਮੌਤ ਦੀ ਗੋਦ ’ਚ ਸੌਂ ਗਿਆ ਪਰ ਉਸ ਦਾ ਸਾਹਿਤ ਅਮਰ ਰਹੇਗਾ|
--ਡਾ. ਇਕਬਾਲ ਸਿੰਘ ਸਕਰੌਦੀ
84276-85020