ਅੱਜ-ਕੱਲ੍ਹ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਖ਼ਾਤਰ ਜਾਂ ਰੀਲਾਂ ਪਾਉਣ ਖ਼ਾਤਰ ਕੁੜੀਆਂ ਆਪਣੇ ਸਰੀਰ ਦੇ ਇਹੋ ਜਿਹੇ ਅੰਗਾਂ ਤੇ ਟੈਟੂ ਖੁਣਵਾਉਂਦੀਆਂ ਹਨ ਕਿ ਹਰ ਕੋਈ ਇਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਉਹ ਟੈਟੂ ਖੁਣਵਾਉਣ ਲਈ ਨੰਗੇਜ਼ ਦਾ ਸਹਾਰਾ ਲੈਣਾ ਪਿਆ ਹੋਵੇਗਾ।

ਨਵੇਂ ਜ਼ਮਾਨੇ ਦੇ ਨਾਲ ਨਾਲ ਚੱਲਣ ਨੂੰ ਹੀ ਆਧੁਨਿਕਤਾ ਦਾ ਨਾਂ ਦਿੱਤਾ ਗਿਆ ਹੈ। ‘ਚਲਦਾ ਜ਼ਮਾਨਾ’ ਜਾਂ ‘ਅੱਜ’ ਹਮੇਸ਼ਾ ਆਧੁਨਿਕਤਾ ਤੋਂ ਪ੍ਰਭਾਵਿਤ ਹੁੰਦਾ ਹੈ। ਆਧੁਨਿਕਤਾ ਦਾ ਮਤਲਬ ਸਮਝੀਏ ਤਾਂ ਇਸ ਵਿਚ ਸਮੇਂ ਦੇ ਬਦਲਾਅ ਅਨੁਸਾਰ ਬਹੁਤ ਕੁਝ ਸੋਧ ਕੇ ਪੇਸ਼ ਕੀਤਾ ਜਾਂਦਾ ਹੈ ਜਿਸ ਵਿਚ ਖੁੱਲ੍ਹ, ਅਜ਼ਾਦੀ, ਵਿਚਾਰ, ਪਹਿਰਾਵਾ, ਸੋਚਣੀ, ਲੇਖਣੀ, ਰਹਿਣੀ-ਬਹਿਣੀ ਅਤੇ ਪ੍ਰਗਟਾਵਾ ਆਦਿ ਅਤੇ ਹੋਰ ਵੀ ਬਹੁਤ ਕੁਝ ਹੁੰਦਾ ਹੈ, ਜਿਸ ਅਨੁਸਾਰ ਮਨੁੱਖ ਆਪਣੇ ਆਪ ਨੂੰ ਆਧੁਨਿਕ ਕਹਾਉਂਦਾ ਹੈ। ਇਸ ਤੋਂ ਵੀ ਹੋਰ ਉੱਚਾ ਹੋ ਕੇ ਦੇਖੀਏ ਤਾਂ ਪੱਛਮੀ ਸੱਭਿਅਤਾ ਦਾ ਰੰਗ ਆਪਣੇ ਉੱਪਰ ਚੜ੍ਹਾਉਣ ਨੂੰ ਵੀ ਆਧੁਨਿਕਤਾ ਦਾ ਨਾਂ ਦੇ ਦਿੱਤਾ ਜਾਂਦਾ ਹੈ। ਜੇ ਕੋਈ ਅੱਜ ਵੀ ਪਿਛਲੇ ਸਮਿਆਂ ਦੇ ਰਿਵਾਜਾਂ ਦਾ ਧਾਰਨੀ ਹੋਵੇ ਤਾਂ ਉਸ ਨੂੰ ਪੁਰਾਣੇ ਵਿਚਾਰਾਂ ਵਾਲਾ ਵਿਅਕਤੀ ਕਹਿ ਕੇ ਆਧੁਨਿਕ ਜ਼ਮਾਨੇ ਵੱਲੋਂ ਨਕਾਰ ਦਿੱਤਾ ਜਾਂਦਾ ਹੈ। ਜ਼ਮਾਨੇ ਦੇ ਨਾਲ-ਨਾਲ ਤੁਰਨਾ ਸਾਡੀ ਅਕਲ ਅਤੇ ਸੋਝੀ ਨੂੰ ਅਗਾਂਹ ਵਧੂ ਬਣਾਉਂਦਾ ਹੈ ਜਿਸ ਰਾਹੀਂ ਮਨੁੱਖ ਦੇ ਅੰਦਰ ਹੋਰ ਅੱਗੇ ਵਧਣ ਦੀ ਲਾਲਸਾ ਅਤੇ ਵਿਚਾਰ ਉਤਪੰਨ ਹੁੰਦੇ ਹਨ । ਇਸੇ ਕਰਕੇ ਮਨੁੱਖ ਆਧੁਨਿਕ ਜ਼ਮਾਨੇ ਨਾਲ ਤੁਰਦੇ-ਤੁਰਦੇ ਤਰੱਕੀਆਂ ਹਾਸਲ ਕਰਦਾ ਹੈ। ਤਕਨੀਕੀ, ਸਾਹਿਤਕ ਜਾਂ ਹੋਰ ਕਈ ਖੇਤਰਾਂ ਵਿਚ ਜ਼ਮਾਨੇ ਨਾਲ ਤੁਰਦਿਆਂ ਮਨੁੱਖ ਪ੍ਰਗਤੀਸ਼ੀਲ ਬਣਦਾ ਹੈ।
ਜਦ ਆਪਾਂ ਫੈਸ਼ਨ ਦੀ ਦੁਨੀਆ ਵਿਚ ਆਧੁਨਿਕਤਾ ਦੀ ਗੱਲ ਕਰਦੇ ਹਾਂ ਤਾਂ ਦੁਨੀਆ ਇਸ ਵਿਚ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਕਿਉਂਕਿ ਫੈਸ਼ਨ ਦਾ ਖੇਤਰ ਸਿੱਧੇ ਤੌਰ ’ਤੇ ਆਰਥਿਕ, ਸਮਾਜਿਕ, ਸੱਭਿਆਚਾਰਕ, ਮਨੋਰੰਜਨ, ਕਲਾਤਮਿਕ ਆਦਿ ਕਈ ਹੋਰ ਖੇਤਰਾਂ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਸਾਡੇ ਸਮਾਜ ਉੱਪਰ ਇਸ ਦੇ ਬਹੁਤ ਪ੍ਰਭਾਵ ਪੈ ਰਹੇ ਹਨ। ਕਈ ਦਹਾਕੇ ਪਹਿਲਾਂ ਸਾਡੇ ਸਮਾਜ ਵਿਚ ਘੁੰਡ ਕੱਢਣ ਦਾ ਰਿਵਾਜ ਸੀ। ਘੁੰਡ ਕੱਢਣ ਤੋਂ ਭਾਵ ਪਰਦਾ ਕਰਨਾ ਜਾਂ ਔਰਤਾਂ ਵੱਲੋਂ ਸਿਰ ’ਤੇ ਲੈਣ ਵਾਲੇ ਦੁੱਪਟੇ ਨਾਲ਼ ਮੂੰਹ ਕੱਜਣ ਦਾ ਰਿਵਾਜ ਸੀ। ਘੁੰਡ ਭਾਰਤੀ ਸੱਭਿਆਚਾਰ ਦਾ ਅਹਿਮ ਹਿੱਸਾ ਸੀ, ਇਹ ਵੱਡਿਆਂ ਪ੍ਰਤੀ ਸਤਿਕਾਰ ਦਾ ਪ੍ਰਤੀਕ ਸੀ। ਘੁੰਡ ਭਾਰਤੀ ਔਰਤ ਦੇ ਲਿਬਾਸ ਦਾ ਉਹ ਹਿੱਸਾ ਸੀ ਜੋ ਉਸ ਨੂੰ ਸੰਗ-ਸ਼ਰਮ ਤੇ ਝਿਜਕ ਦਾ ਅਹਿਸਾਸ ਕਰਵਾਉਂਦਾ ਸੀ ਅਤੇ ਨਾਲ ਹੀ ਵੱਡੇ-ਛੋਟੇ ਰਿਸ਼ਤਿਆਂ ਦੀ ਅਹਿਮੀਅਤ ਬਣਾਈ ਰੱਖਦਾ ਸੀ। ਘੁੰਡ ਦੇ ਰੂਪ ਵੀ ਸਮੇਂ ਦੇ ਬਦਲਾਅ ਅਤੇ ਆਧੁਨਿਕਤਾ ਦੀ ਹਾਮੀ ਭਰਦੇ ਹਨ। ਪਹਿਲਾਂ ਪਹਿਲ ਔਰਤਾਂ ਵੱਲੋਂ ਲੰਮਾ ਸਾਰਾ ਦੋਹਰਾ ਘੁੰਡ ਕੱਢਿਆ ਜਾਂਦਾ ਸੀ। ਫਿਰ ਜ਼ਮਾਨੇ ਦੇ ਬਦਲਣ ਨਾਲ ਔਰਤਾਂ ਇਕਹਿਰਾ ਘੁੰਡ ਕੱਢਣ ਲੱਗੀਆਂ, ਇਸੇ ਤਰ੍ਹਾਂ ਹੋਰ ਜ਼ਮਾਨਾ ਬਦਲਣ ਨਾਲ ਔਰਤਾਂ ਅੱਧਾ ਘੁੰਡ ਕੱਢਣ ਲੱਗੀਆਂ ਤੇ ਫਿਰ ਕਾਣਾ ਘੁੰਡ ਕੱਢਣ ਲੱਗੀਆਂ ਜਿਸ ਵਿਚ ਉਨ੍ਹਾਂ ਵੱਲੋਂ ਸਿਰਫ਼ ਜਿਸ ਪਾਸੇ ਬਜ਼ੁਰਗ ਆ ਰਿਹਾ ਹੁੰਦਾ ਸੀ ਉਸ ਪਾਸਿਓਂ ਹੀ ਚੁੰਨੀ ਦਾ ਪੱਲਾ ਹੱਥ ਨਾਲ਼ ਫੜ ਕੇ ਮੂੰਹ ਢੱਕ ਲਿਆ ਜਾਂਦਾ ਸੀ। ਫਿਰ ਔਰਤ ਜਿਵੇਂ ਹੀ ਅਾਜ਼ਾਦੀ ਦੀ ਦਹਿਲੀਜ਼ ਵੱਲ ਵੱਧਣ ਲੱਗੀ ਤਾਂ ਘੁੰਡ ਅਲੋਪ ਹੋਣ ਲੱਗਿਆ। ਪਹਿਲਾਂ ਪਹਿਲ ਤਾਂ ਘਰ ਦੇ ਬਜ਼ੁਰਗਾਂ ਵੱਲੋਂ ਹੀ ਇਸ ਗੱਲ ਦੀ ਪਹਿਲ ਕਦਮੀ ਕਰਦਿਆਂ ਆਪਣੀ ਨੂੰਹ ਨੂੰ ਆਖ ਦਿੱਤਾ ਜਾਂਦਾ ਸੀ, ‘ਭਾਈ ਕੁੜੀਏ... ਤੂੰ ਵੀ ਸਾਡੀ ਧੀ ਈ ਐਂ... ਸਾਨੂੰ ਤੇਰੇ ਅਤੇ ਸਾਡੀ ਆਪਣੀ ਜਾਈ ਵਿਚ... ਕੋਈ ਫ਼ਰਕ ਨਹੀਂ... ਤੂੰ ਘੁੰਡ ਨਾ ਕੱਢਿਆ ਕਰ..!’ ਕਹਿਕੇ ਵਹੁਟੀ ਲਈ ਅਾਜ਼ਾਦੀ ਦਾ ਵਿਗਲ ਵਜਾ ਦਿੱਤਾ ਜਾਂਦਾ ਸੀ। ਫਿਰ ਉਹ ਹੌਲੀ-ਹੌਲੀ ਆਪਣੇ ਰਿਸ਼ਤੇਦਾਰਾਂ ਅਤੇ ਸ਼ਰੀਕੇ ਵਾਲਿਆਂ ਨੂੰ ਦੱਸ ਦਿੰਦੇ, ‘ਭਾਈ ਅਸੀਂ ਤਾਂ ਆਪਣੀਆਂ ਵਹੁਟੀਆਂ ਦਾ ਘੁੰਡ ਚੁੱਕਵਾ ਦਿੱਤਾ ਹੈ, ਵਿਚਾਰੀਆਂ ਕੰਮ ਕਰਨ ਜਾਂ ਘੁੰਡ ਸੰਭਾਲਣ ਸਾਨੂੰ ਤਾਂ ਉਹ ਆਪਣੀਆਂ ਧੀਆਂ ਈ ਲੱਗਦੀਆਂ ਨੇ।’ ਇਸ ਤੋਂ ਪਰਿਵਾਰ ਦੇ ਅਾਜ਼ਾਦ ਖ਼ਿਆਲਾਂ ਦੇ ਹੋਣ ਦੀ ਮੋਹਰ ਲੱਗਣ ਲੱਗੀ। ਇਸ ਤਰ੍ਹਾਂ ਦੇਖਾ-ਦੇਖੀ ਸਾਰੇ ਲੋਕ ਆਪਣੀਆਂ ਨੂੰਹਾਂ ਨੂੰ ਇਸ ਘੁੰਡ ਵਾਲ਼ੀ ‘ਗੁਲਾਮੀ’ ਤੋਂ ਨਿਜ਼ਾਤ ਦਿਵਾਉਣ ਲੱਗੇ। ਵੱਡਿਆਂ ਵੱਲੋਂ ਗ਼ੁਲਾਮੀ ਤੋਂ ਐਸੀ ਨਿਜ਼ਾਤ ਦਵਾਈ ਗਈ ਕਿ ਸ਼ਰਮ ਤੇ ਲੱਜਾ ਵੀ ਨਾਲ ਹੀ ਤੁਰ ਗਏ। ਹੌਲੀ-ਹੌਲੀ ਔਰਤ ਦੀ ਅਾਜ਼ਾਦੀ ਦੇ ਕਦਮ ਐਸੇ ਅੱਗੇ ਨੂੰ ਵਧੇ ਕਿ ਚੁੰਨੀ ਸਿਰੋਂ ਉੱਤਰ ਕੇ ਗਲ਼ ਵਿਚ ਲਮਕਣ ਲੱਗੀ ਤੇ ਫਿਰ ਗਲ਼ ਵਿੱਚੋਂ ਉਤਰ ਕੇ ਇਕ ਮੋਢੇ ’ਤੇ ਲਟਕਾਈ ਜਾਣ ਲੱਗੀ, ਅੱਜ-ਕੱਲ੍ਹ ਵੱਡੇ ਸ਼ਹਿਰਾਂ ਵਿਚ ਬਹੁਤਾ ਕਰਕੇ ਸੂਟਾਂ ਨਾਲ ਦੁੱਪਟਾ ਲੈਣ ਦਾ ਰਿਵਾਜ ਵੀ ਅਲੋਪ ਹੋਣ ਲੱਗਿਆ ਹੈ। ਚਲੋ ਇੱਥੇ ਤੱਕ ਵੀ ਠੀਕ ਹੈ ਜੇ ਸਾਡੀ ਸੋਚ ਆਧੁਨਿਕ ਹੈ ਜਾਂ ਅਸੀਂ ਜ਼ਮਾਨੇ ਦੇ ਨਾਲ-ਨਾਲ ਤੁਰ ਰਹੇ ਹਾਂ।
ਅੱਜ ਕੱਲ੍ਹ ਸਾਡੇ ਸਮਾਜ ਦੇ ਬਹੁਤੇ ਲੋਕਾਂ ਨੇ ਜ਼ਮਾਨੇ ਦੇ ਨਾਲ-ਨਾਲ ਤੁਰਨ ਦੀ ਥਾਂ ਉਸ ਦੇ ਅੱਗੇ-ਅੱਗੇ ਵੱਡੀਆਂ-ਵੱਡੀਆਂ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਵੇਂ-ਜਿਵੇਂ ਵਿਸ਼ਵੀਕਰਨ ਹੋਣ ਲੱਗਿਆ, ਸਾਡੇ ਬੱਚੇ ਤੇਜ਼ੀ ਨਾਲ ਬਹੁਮਾਤਰਾ ਵਿਚ ਵਿਦੇਸ਼ਾਂ ਵੱਲ ਨੂੰ ਰੁਖ਼ ਕਰਨ ਲੱਗੇ ਤਾਂ ਬੱਚਿਆਂ ਤੋਂ ਪਹਿਲਾਂ ਉਨ੍ਹਾਂ ਦੇ ਮਾਪਿਆਂ ਅੰਦਰ ਬਹਤੀ ਜ਼ਿਆਦਾ ਨਵੀਨਤਮ ਸੋਚ ਪੈਦਾ ਹੋਣ ਲੱਗੀ। ਕੁੜੀਆਂ ਖ਼ਾਤਰ ਪੱਛਮੀ ਪਹਿਰਾਵੇ, ਵਾਲ਼ਾਂ ਨੂੰ ਰੰਗ ਕਰਵਾ ਅਤੇ ਸਿੱਧੇ (ਸਟ੍ਰੇਟ) ਕਰਵਾ ਕੇ ਹੀ ਜਹਾਜ਼ੀ ਚਾੜ੍ਹਿਆ ਜਾਣ ਲੱਗਿਆ। ਜਿਹੜੇ ਮਾਪੇ ਆਪਣੀ ਧੀ ਨੂੰ ਪਿੰਡ ਦੀ ਗਲ਼ੀ ਦੀ ਹੱਟੀ ਵਿਚ ਇਕੱਲੇ ਨਹੀਂ ਜਾਣ ਦਿੰਦੇ ਸਨ ਉਹੀ ਮਾਪੇ ਆਪਣੀਆਂ ਧੀਆਂ ਨੂੰ ਵਿਦੇਸ਼ਾਂ ਵਿਚ ਇਕੱਲੇ ਤੋਰਨ ਲੱਗੇ। ਇਹ ਆਧੁਨਿਕਤਾ ਦਾ ਉੱਤਮ ਨਮੂਨਾ ਵੇਖਣ ਨੂੰ ਮਿਲਿਆ। ਬਸ ਫੇਰ ਕੀ ਸੀ ਸਾਡੇ ਬੱਚਿਆਂ ਉੱਤੇ ਪੱਛਮੀ ਸੱਭਿਆਚਾਰ ਦਾ ਐਨਾਂ ਪ੍ਰਭਾਵ ਪਿਆ ਕਿ ਸਾਡੀਆਂ ਦੇਸੀ ਪੁਸ਼ਾਕਾਂ ਉੱਤੇ ਵੀ ਵਿਦੇਸ਼ੀ ਰੰਗਤ ਚੜ੍ਹਨ ਲੱਗੀ।
ਪਹਿਰਾਵੇ ਦੇ ਨਾਲ ਹੌਲੀ-ਹੌਲੀ ਸਾਡੇ ਵਿਆਹਾਂ ਅਤੇ ਰੀਤੀ ਰਿਵਾਜਾਂ ਉੱਤੇ ਵੀ ਵਿਦੇਸ਼ੀ ਸਭਿਅਤਾ ਭਾਰੂ ਹੋਣ ਲੱਗੀ। ਜਿਹੜੀ ਮਹਿੰਦੀ ਜੋ ਕਦੇ ਸ਼ਗਨਾਂ ਦੀ ਇਕ ਪਵਿੱਤਰ ਰਸਮ ਹੁੰਦੀ ਸੀ, ਜਿਸ ਨੂੰ ਕੁੜੀਆਂ ਦਿਨ ਤਿਉਹਾਰ ਤੇ ਰਲ਼ ਬੈਠੇ ਕੇ ਇਕ ਦੂਜੇ ਦੇ ਲਗਾਉਂਦੀਆਂ ਸਨ, ਉਹ ਕਿੱਤਾਕਾਰਾਂ ਦੇ ਹੱਥ ਵਿਚ ਆ ਗਈ, ਫਿਰ ਮਹਿੰਗੇ ਭਾਅ ਤੇ ਸੋਹਣੇ ਡਿਜ਼ਾਈਨਾਂ ਵਾਲੀਆਂ ਮਹਿੰਦੀਆਂ ਲੱਗਣ ਦਾ ਰਿਵਾਜ ਸ਼ੁਰੂ ਹੋਇਆ ਪਰ ਕਦੋਂ ਇਹ ਰਿਵਾਜ ਬੇਸ਼ਰਮੀ ਦੀ ਹੱਦ ਤੱਕ ਪਹੁੰਚ ਗਿਆ, ਸਾਨੂੰ ਆਪ ਕੰਨੋਂ-ਕੰਨ ਖ਼ਬਰ ਨਹੀਂ ਹੋਈ। ਅੱਜ-ਕੱਲ੍ਹ ਤਾਂ ਮਹਿੰਦੀ ਲਗਾਉਣ ਦੇ ਮਾਹਰ ਮਰਦਾਂ ਨੂੰ ਸ਼ਗਨ ਵਾਲ਼ੇ ਘਰ ਬੁਲਾ ਕੇ ਲੱਤਾਂ ਬਾਹਾਂ ਦੇ ਉੱਪਰ ਤੱਕ ਮਹਿੰਦੀ ਲਗਾਈ ਜਾਂਦੀ ਹੈ। ਘਰ ਦੇ ਨਾ ਕਿਸੇ ਮਰਦ ਨੂੰ ਇਸ ਗੱਲ ’ਤੇ ਇਤਰਾਜ਼ ਹੁੰਦਾ ਹੈ ਤੇ ਨਾ ਹੀ ਕਿਸੇ ਵੱਡੀ ਔਰਤ ਨੂੰ, ਸਗੋਂ ‘ਜਮਾਨੇ ਮੁਤਾਬਕ ਤਾਂ ਚੱਲਣਾ ਈ ਪੈਂਦਾ ਹੈ’ ਕਹਿਕੇ ਸਾਰ ਦਿੱਤਾ ਜਾਂਦਾ ਹੈ। ਮਹਿੰਦੀ ਨਾਲ਼ ਤਾਂ ਚਲੋ ਸ਼ਗਨਾਂ ਤੇ ਤਿਉਹਾਰਾਂ ਦੀਆਂ ਰਸਮਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ। ਪਰ ਟੈਟੂ ਖੁਣਵਾਉਣ ਦਾ ਰਿਵਾਜ ਤਾਂ ਕਿਸੇ ਰਸਮ ਦਾ ਹਿੱਸਾ ਵੀ ਨਹੀਂ ਹੈ। ਜੇ ਇਸ ਦਾ ਪਿਛੋਕੜ ਦੇਖੀਏ ਤਾਂ ਟੈਟੂ ਖੁਣਵਾਉਣ ਦਾ ਰਿਵਾਜ ਨਾ ਹੀ ਸਾਡੀ ਸੱਭਿਅਤਾ ਦਾ ਹਿੱਸਾ ਸੀ। ਕਿਸੇ ਖ਼ਾਸ ਖਿੱਤਿਆਂ ਜਾਂ ਦੇਸ਼ਾਂ ਦੇ ਲੋਕਾਂ ਦਾ ਇਸ ਨਾਲ ਸਬੰਧ ਹੋ ਸਕਦਾ ਹੈ। ਪਹਿਲਾਂ ਪਹਿਲ ਲੋਕ ਟੈਟੂ ਜਾਂ ਤਤੋਲ ਰਾਹੀਂ ਮੇਲਿਆਂ ਵਿਚ ਜਾ ਕੇ ਆਪਣਾ ਨਾਂ, ਪਿੰਡ ਜਾਂ ਗੋਤ ਆਪਣੇ ਹੱਥ ਜਾਂ ਬਾਂਹ ਉੱਤੇ ਖੁਣਵਾ ਲੈਂਦੇ ਸਨ ਜਾਂ ਫਿਰ ਕੋਈ ਕੋਈ ਨੌਜਵਾਨ ਆਪਣੇ ਪੱਟ ਉੱਤੇ ਮੋਰਨੀ ਖੁਣਵਾਉਣ ਦਾ ਰਿਵਾਜ ਸੀ ਜਿਸ ਦਾ ਜ਼ਿਕਰ ਕਈ ਲੋਕ ਗੀਤਾਂ ਵਿੱਚ ਵੀ ਆਉਂਦਾ ਹੈ।
ਅੱਜ-ਕੱਲ੍ਹ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਖ਼ਾਤਰ ਜਾਂ ਰੀਲਾਂ ਪਾਉਣ ਖ਼ਾਤਰ ਕੁੜੀਆਂ ਆਪਣੇ ਸਰੀਰ ਦੇ ਇਹੋ ਜਿਹੇ ਅੰਗਾਂ ਤੇ ਟੈਟੂ ਖੁਣਵਾਉਂਦੀਆਂ ਹਨ ਕਿ ਹਰ ਕੋਈ ਇਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਉਹ ਟੈਟੂ ਖੁਣਵਾਉਣ ਲਈ ਨੰਗੇਜ਼ ਦਾ ਸਹਾਰਾ ਲੈਣਾ ਪਿਆ ਹੋਵੇਗਾ। ਫਿਰ ਕਈ ਕੁੜੀਆਂ ਵੱਲੋਂ ਆਪਣੀ ਧੁੰਨੀ, ਪਿੱਠ, ਗਰਦਨ, ਛਾਤੀ ਅਤੇ ਪੱਟਾਂ ਉੱਤੇ ਖੁਣਵਾਏ ਟੈਟੂਆਂ ਦੀ ਪ੍ਰਦਰਸ਼ਨੀ ਕਰਨ ਲਈ ਉਹੋ ਜਿਹੇ ਹੀ ਪਹਿਰਾਵੇ ਪਾ ਕੇ ਸੋਸ਼ਲ ਮੀਡੀਆ ਉੱਤੇ ਰੀਲਾਂ ਬਣਾ ਕੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਹ ਸਭ ਤਾਂ ਸਾਡੀ ਤਹਿਜ਼ੀਬ ਜਾਂ ਸੱਭਿਆਚਾਰ ਦਾ ਹਿੱਸਾ ਬਿਲਕੁਲ ਨਹੀਂ ਸੀ। ਬੇਸ਼ੱਕ ਇਹੋ ਜਿਹੇ ਲੋਕ ਇਸ ਸਭ ਕਰਕੇ ਆਪਣੇ ਆਪ ਨੂੰ ਆਧੁਨਿਕ ਹੋਣ ਦਾ ਦਿਖਾਵਾ ਕਰਦੇ ਹਨ। ਜੇ ਕੋਈ ਇਸ ਗੱਲ ਉੱਤੇ ਕਿੰਤੂ ਪ੍ਰੰਤੂ ਕਰਦਾ ਹੈ ਤਾਂ ਉਸ ਨੂੰ ਪੁਰਾਣੇ ਵਿਚਾਰਾਂ ਦਾ ਧਾਰਨੀ ਕਹਿ ਕੇ ਉਸ ਦੀ ਹੇਠੀ ਕੀਤੀ ਜਾਂਦੀ ਹੈ। ਇਹ ਸਭ ਕੁਝ ਅਖੌਤੀ ਆਧੁਨਿਕਤਾ ਦੇ ਪ੍ਰਭਾਵ ਹੇਠ ਅਖੌਤੀ ਨਵੀਨਤਮ ਸੋਚ ਦੇ ਲੋਕਾਂ ਲਈ ਆਮ ਜਿਹੀ ਗੱਲ ਹੋ ਸਕਦੀ ਹੈ ਪਰ ਇਸ ਸਭ ਰਾਹੀਂ ਸਾਡੇ ਸਮਾਜ ਨੂੰ ਕੋਈ ਵਧੀਆ ਸੰਦੇਸ਼ ਨਹੀਂ ਜਾ ਰਿਹਾ। ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਵਿਚ ਅਨੈਤਿਕਤਾ ਉਤਪੰਨ ਹੋ ਰਹੀ ਹੈ ਜਿਸ ਕਰਕੇ ਅੱਜ-ਕੱਲ੍ਹ ਦੀ ਨੌਜਵਾਨੀ ਰਿਸ਼ਤਿਆਂ ਦੀ ਪ੍ਰਵਾਹ ਨਹੀਂ ਕਰਦੀ, ਆਪਣੇ ਵੱਡਿਆਂ ਦੀ ਸਲਾਹ ਲੈਣੀ ਪਸੰਦ ਨਹੀਂ ਕਰਦੀ। ਰਿਸ਼ਤਿਆਂ ਦੀ ਅਹਿਮੀਅਤ ਘੱਟ ਰਹੀ ਹੈ, ਇੱਥੋਂ ਤੱਕ ਕਿ ਨੌਜਵਾਨ ਪੀੜ੍ਹੀ ਦੀ ਆਪਣੇ ਜੀਵਨਸਾਥੀ ਪ੍ਰਤੀ ਵੀ ਵਫ਼ਾਦਾਰੀ ਘੱਟਦੀ ਜਾ ਰਹੀ ਹੈ, ਆਪਣੇ ਵੱਡਿਆਂ ਪ੍ਰਤੀ ਸਤਿਕਾਰ ਘੱਟ ਰਿਹਾ ਹੈ ਤੇ ਦੁਨੀਆ ਦੀ ਸ਼ਰਮ ਹਯਾ ਵਾਲ਼ਾ ਪਰਦਾ ਵੀ ਉਤਰਦਾ ਜਾ ਰਿਹਾ ਹੈ।
-ਬਰਜਿੰਦਰ ਕੌਰ ਬਿਸਰਾਓ
99889-01324