ਰਜਿੰਦਰ ਸਿੰਘ ਲੀਨ ਦੁਆਰਾ ਲਿਖੀ ਅਤੇ ਡਾ. ਰਵਜੋਤ ਕੌਰ ਦੁਆਰਾ ਸੰਪਾਦਿਤ ਪੁਸਤਕ ‘ਮੁੱਢਲੀ ਕੀਰਤਨ ਸਿੱਖਿਆ’ ਕੀਰਤਨ ਦੀ ਮੁੱਢਲੀ ਸਿਖਲਾਈ ਲੈ ਰਹੇ ਜਗਿਆਸੂਆਂ ਲਈ ਸਾਰਥਿਕ ਤੇ ਰੂਹਾਨੀ ਮਾਰਗਦਰਸ਼ਕ ਹੈ। ਹੱਥਲੀ ਪੁਸਤਕ ਕੀਰਤਨ ਨੂੰ ਕੇਵਲ ਸੰਗੀਤਕ ਕਲਾ ਵਜੋਂ ਹੀ ਨਹੀਂ ਸਗੋਂ ਪ੍ਰਮਾਤਮਾ ਨਾਲ ਜੁੜਨ ਦੇ ਰੂਹਾਨੀ ਰਸਤੇ ਵਜੋਂ ਪੇਸ਼ ਕਰਦੀ ਹੈ।

ਪੁਸਤਕ - ਮੁੱਢਲੀ ਕੀਰਤਨ ਸਿੱਖਿਆ
ਲੇਖਕ - ਰਜਿੰਦਰ ਸਿੰਘ ਲੀਨ
ਸੰਪਾਦਕ - ਡਾ. ਰਨਜੋਤ ਕੌਰ
ਪੰਨੇ-112, ਮੁੱਲ-200
ਪ੍ਰਕਾਸ਼ਕ- ਸਿੰਘ ਬ੍ਰਦਰਜ਼, ਅੰਮ੍ਰਿਤਸਰ।
ਰਜਿੰਦਰ ਸਿੰਘ ਲੀਨ ਦੁਆਰਾ ਲਿਖੀ ਅਤੇ ਡਾ. ਰਵਜੋਤ ਕੌਰ ਦੁਆਰਾ ਸੰਪਾਦਿਤ ਪੁਸਤਕ ‘ਮੁੱਢਲੀ ਕੀਰਤਨ ਸਿੱਖਿਆ’ ਕੀਰਤਨ ਦੀ ਮੁੱਢਲੀ ਸਿਖਲਾਈ ਲੈ ਰਹੇ ਜਗਿਆਸੂਆਂ ਲਈ ਸਾਰਥਿਕ ਤੇ ਰੂਹਾਨੀ ਮਾਰਗਦਰਸ਼ਕ ਹੈ। ਹੱਥਲੀ ਪੁਸਤਕ ਕੀਰਤਨ ਨੂੰ ਕੇਵਲ ਸੰਗੀਤਕ ਕਲਾ ਵਜੋਂ ਹੀ ਨਹੀਂ ਸਗੋਂ ਪ੍ਰਮਾਤਮਾ ਨਾਲ ਜੁੜਨ ਦੇ ਰੂਹਾਨੀ ਰਸਤੇ ਵਜੋਂ ਪੇਸ਼ ਕਰਦੀ ਹੈ। ਇਹ ਪੁਸਤਕ ਕੀਰਤਨ ਸਿੱਖਣ ਦੇ ਚਾਹਵਾਨ ਵਿਦਿਆਰਥੀਆਂ ਲਈ ਬਹੁਤ ਮਦਦਗਾਰ ਸਾਬਿਤ ਹੋਵੇਗੀ। ਇਸ ’ਚ ਸੰਗੀਤ ਦੀ ਮੁੱਢਲੀ ਜਾਣਕਾਰੀ ਨਾਲ ਸਬੰਧਿਤ ਕੁਝ ਪਰਿਭਾਸ਼ਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੀਰਤਨ ਵਿਚ ਪ੍ਰਯੋਗ ਹੋਣ ਵਾਲੇ ਸਾਜ਼, ਹਰਮੋਨੀਅਮ ਤੇ ਤਬਲੇ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਹਿੰਦੁਸਤਾਨੀ ਸੰਗੀਤ ਦੇ ਮੁੱਖ 10 ਥਾਟਾਂ ਦੇ ਆਸ਼ਰਯ ਰਾਗ ਅਤੇ ਗੁਰਮਤਿ ਸੰਗੀਤ ਦੇ ਕੁਝ ਮੁੱਖ ਰਾਗਾਂ ਵਿਚ ਗੁਰਬਾਣੀ ਦੇ ਸ਼ਬਦ ਸੁਰ-ਲਿਪੀ ਬੱਧ ਅਤੇ ਤਾਲਬੱਧ ਕੀਤੇ ਗਏ ਹਨ। ਕੀਰਤਨ ਦੀ ਮੁੱਢਲੀ ਸਿੱਖਿਆ ਦੇ ਉਦੇਸ਼ ਦੀ ਪੂਰਤੀ ਲਈ ਮੈਂ ਇਸ ਪੁਸਤਕ ਨੂੰ ਸਰਲ ਢੰਗ ਨਾਲ ਸੰਪਾਦਿਤ ਕਰਨ ਦਾ ਪ੍ਰਯਤਨ ਕੀਤਾ ਹੈ। ਲੇਖਕ ਨੇ ਹਰਮੋਨੀਅਮ ਦੇ ਸ਼ੁੱਧ ਸੁਰਾਂ ਦੀ ਪਛਾਣ, ਸੁਰ ਲਗਾਉਣ ਦੀ ਵਿਧੀ ਅਤੇ ਅਲੰਕਾਰਾਂ ਦੇ ਅਭਿਆਸ ਨੂੰ ਬਹੁਤ ਹੀ ਸਰਲ ਢੰਗ ਨਾਲ ਸਮਝਾਇਆ ਹੈ ਤਾਂ ਜੋ ਸਿੱਖਿਆਰਥੀ ਦੀ ਆਵਾਜ਼ ਅਤੇ ਉਂਗਲਾਂ ਵਿਚ ਸੁਰਾਂ ਪ੍ਰਤੀ ਸਪੱਸ਼ਟਤਾ ਅਤੇ ਲਚਕਤਾ ਆ ਸਕੇ। ਦੂਜੇ ਪੜਾਅ ਵਿਚ ਇਹ ਪੁਸਤਕ ਸੁਰ ਦੇ ਨਾਲ-ਨਾਲ ਤਾਲ ਦੀ ਮਹੱਤਤਾ ਨੂੰ ਦਰਸਾਉਂਦੀ ਹੈ, ਜਿਸ ਵਿਚ ਕਹਿਰਵਾ ਤੇ ਦਾਦਰਾ ਵਰਗੀਆਂ ਤਾਲਾਂ ਰਾਹੀਂ ਲੈਅਬੱਧ ਹੋਣ ਦਾ ਸਹੀ ਤਰੀਕਾ ਦੱਸਿਆ ਗਿਆ ਹੈ। ਪੁਸਤਕ ਦਾ ਸਭ ਤੋਂ ਵਿਸ਼ੇਸ਼ ਗੁਣ ਗੁਰਬਾਣੀ ਦੇ ਸ਼ੁੱਧ ਉਚਾਰਨ ’ਤੇ ਦਿੱਤਾ ਗਿਆ ਜ਼ੋਰ ਹੈ ਕਿਉਂਕਿ ਗੁਰਮਤਿ ਸੰਗੀਤ ਵਿਚ ਸ਼ਬਦ ਦੀ ਮਰਿਆਦਾ ਅਤੇ ਅਰਥਾਂ ਦੀ ਸ਼ੁੱਧਤਾ ਸਭ ਤੋਂ ਉੱਪਰ ਮੰਨੀ ਗਈ ਹੈ। ਰੋਜ਼ਾਨਾ ਰਿਆਜ਼, ਕੀਰਤਨ ਸਰਵਣ ਕਰਨ ਅਤੇ ਨਿਮਰਤਾ ਵਰਗੇ ਗੁਣਾਂ ਨੂੰ ਆਧਾਰ ਬਣਾ ਕੇ ਲਿਖੀ ਗਈ ਇਹ ਪੁਸਤਕ ਨਵਾਂ ਸਿੱਖਣ ਵਾਲਿਆਂ ਲਈ ਬਹੁਤ ਹੀ ਉਪਯੋਗੀ ਅਤੇ ਸੰਪੂਰਨ ਸਿੱਖਿਆ ਸਰੋਤ ਸਾਬਿਤ ਹੁੰਦੀ ਹੈ। ਪੁਸਤਕ ਆਪਣੇ ਵਿਸ਼ਾ-ਵਸਤੂ ਅਤੇ ਪੇਸ਼ਕਾਰੀ ਪੱਖੋਂ ਸ਼ਲਾਘਾਯੋਗ ਹੈ। ਇਸ ਨੂੰ ਜਿੰਨੀ ਸ਼ਿੱਦਤ ਤੇ ਲਗਨ ਨਾਲ ਰਜਿੰਦਰ ਸਿੰਘ ਲੀਨ ਲਿਖਿਆ ਹੈ, ਓਨੀ ਹੀ ਮਿਹਨਤ ਸ਼ਿੱਦਤ ਤੇ ਲਗਨ ਨਾਲ ਡਾ. ਰਨਜੋਤ ਕੌਰ ਨੇ ਸੰਪਾਦਤ ਵੀ ਕੀਤਾ ਹੈ।
- ਜਸਵਿੰਦਰ ਦੂਹੜਾ