ਉਸਤਾਦ ਗ਼ਜ਼ਲਗੋ ਕ੍ਰਿਸ਼ਨ ਭਨੋਟ ਲੁਧਿਆਣੇ ਜ਼ਿਲ੍ਹੇ ਦੇ ਇਤਿਹਾਸਿਕ ਨਗਰ ਭੈਣੀ ਸਾਹਿਬ ਦੇ ਜੰਮਪਲ ਸਨ। ਉਹ ਪੰਜਾਬੀ ਗ਼ਜ਼ਲਕਾਰੀ ਦੇ ਖੇਤਰ ਵਿਚ ਬਹੁਚਰਚਿਤ ਨਾਮ ਸਨ। ਉਹਨਾਂ ਨੇ ਤਲਖ ਪਲ, ਜਲ-ਤਰੰਗ, ਵਿਅੰਗ ਲੀਲਾ, ਚੁੱਪ ਦਾ ਸੰਗੀਤ, ਸੋਨੇ ਦੀ ਸਲੀਬ ਤੋਂ, ਉਮਰਾਂ ਦੇ ਵਰਕੇ, ਪੌਣਾਂ ਦੇ ਨਕਸ਼, ਗਹਿਰੇ ਪਾਣੀਆਂ ਵਿਚ ਗ਼ਜ਼ਲ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਉਹਨਾਂ ਨੇ ‘ਗ਼ਜ਼ਲ ਦੀ ਬਣਤਰ ਅਤੇ ਅਰੂਜ਼’ ਪੁਸਤਕ ਗ਼ਜ਼ਲ ਸਿੱਖਣ ਦੇ ਚਾਹਵਾਨ ਸਿਖਿਆਰਥੀਆਂ ਲਈ ਲਿਖੀ।

ਮੌਤ ਅਟੱਲ ਸੱਚਾਈ ਹੈ। ਜੋ ਵੀ ਪ੍ਰਾਣੀ ਸੰਸਾਰ ’ਤੇ ਆਉਂਦਾ ਹੈ, ਉਸ ਨੇ ਇਕ ਨਾ ਇਕ ਦਿਨ ਇੱਥੋਂ ਜ਼ਰੂਰ ਜਾਣਾ ਹੈ। ਕੁਝ ਸ਼ਖ਼ਸੀਅਤਾਂ ਅਜਿਹੇ ਮਹਾਨ ਕਾਰਜ ਕਰ ਕੇ ਦੁਨੀਆ ਨੂੰ ਅਲਵਿਦਾ ਕਹਿੰਦੀਆਂ ਹਨ ਕਿ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਂ ਅਮਰ ਰਹਿੰਦਾ ਹੈ। ਲੇਖਕਾਂ ਦੇ ਜ਼ਿੰਮੇ ਵੀ ਸਾਹਿਤ ਸਿਰਜਣਾ ਜਿਹਾ ਮਹਾਨ ਕਾਰਜ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੇਖਕਾਂ ਨੂੰ ਧੰਨੁ ਲਿਖਾਰੀ ਨਾਨਕਾ ਕਿਹਾ ਹੈ ਅਤੇ ‘ਘੜੀਐ ਸ਼ਬਦੁ ਸੱਚੀ ਟਕਸਾਲ’ ਦਾ ਸੁਨੇਹਾ ਵੀ ਦਿੱਤਾ ਹੈ। ਕੁਝ ਵਿਦਵਾਨ ਸਾਹਿਤ ਨੂੰ ਸਮਾਜ ਦਾ ਦਰਪਣ ਕਹਿੰਦੇ ਹਨ ਅਤੇ ਕੁਝ ਹੋਰ ਦਾ ਮੰਨਣਾ ਹੈ ਕਿ ਸਾਹਿਤ ਸਮਾਜ ਨੂੰ ਸੇਧ ਦੇਣ ਵਾਲਾ ਅਤੇ ਉਸਾਰੂ ਹੋਣਾ ਚਾਹੀਦਾ ਹੈ। ਸ਼ਬਦ ਸਿਰਜਣਹਾਰੇ ਆਪਣੀ ਸਮਰੱਥਾ ਅਨੁਸਾਰ ਸਾਹਿਤ ਸਿਰਜਦੇ ਹਨ। 2025 ਦੇ ਸਾਲ ਦੌਰਾਨ ਬਹੁਤ ਸਾਰੀਆਂ ਅਦਬੀ ਸ਼ਖ਼ਸੀਅਤਾਂ ਸਾਨੂੰ ਅਲਵਿਦਾ ਕਹਿ ਕੇ ਗਈਆਂ ਹਨ। ਪਰ ਉਹ ਆਪਣੀਆਂ ਰਚਨਾਵਾਂ ਰਾਹੀਂ ਹਮੇਸ਼ਾ ਹੀ ਸਮਾਜ ਨੂੰ ਸੇਧ ਅਤੇ ਅਗਵਾਈ ਦਿੰਦੀਆਂ ਰਹਿਣਗੀਆਂ ਅਤੇ ਚਾਨਣ ਮੁਨਾਰੇ ਦਾ ਕਾਰਜ ਕਰਨਗੀਆਂ ।
**ਕ੍ਰਿਸ਼ਨ ਭਨੋਟ : ਉਸਤਾਦ ਗ਼ਜ਼ਲਗੋ ਕ੍ਰਿਸ਼ਨ ਭਨੋਟ ਲੁਧਿਆਣੇ ਜ਼ਿਲ੍ਹੇ ਦੇ ਇਤਿਹਾਸਿਕ ਨਗਰ ਭੈਣੀ ਸਾਹਿਬ ਦੇ ਜੰਮਪਲ ਸਨ। ਉਹ ਪੰਜਾਬੀ ਗ਼ਜ਼ਲਕਾਰੀ ਦੇ ਖੇਤਰ ਵਿਚ ਬਹੁਚਰਚਿਤ ਨਾਮ ਸਨ। ਉਹਨਾਂ ਨੇ ਤਲਖ ਪਲ, ਜਲ-ਤਰੰਗ, ਵਿਅੰਗ ਲੀਲਾ, ਚੁੱਪ ਦਾ ਸੰਗੀਤ, ਸੋਨੇ ਦੀ ਸਲੀਬ ਤੋਂ, ਉਮਰਾਂ ਦੇ ਵਰਕੇ, ਪੌਣਾਂ ਦੇ ਨਕਸ਼, ਗਹਿਰੇ ਪਾਣੀਆਂ ਵਿਚ ਗ਼ਜ਼ਲ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਉਹਨਾਂ ਨੇ ‘ਗ਼ਜ਼ਲ ਦੀ ਬਣਤਰ ਅਤੇ ਅਰੂਜ਼’ ਪੁਸਤਕ ਗ਼ਜ਼ਲ ਸਿੱਖਣ ਦੇ ਚਾਹਵਾਨ ਸਿਖਿਆਰਥੀਆਂ ਲਈ ਲਿਖੀ। 28 ਫਰਵਰੀ 2025 ਨੂੰ ਉਹ ਜਹਾਨੋਂ ਰੁਖ਼ਸਤ ਹੋ ਗਏ।
***ਕਹਾਣੀਕਾਰ ਪ੍ਰੇਮ ਪ੍ਰਕਾਸ਼ : ਪੰਜਾਬੀ ਕਹਾਣੀ ਦੇ ਵੱਡੇ ਹਸਤਾਖ਼ਰ ਪ੍ਰੇਮ ਪ੍ਰਕਾਸ਼ 30 ਮਾਰਚ, 2025 ਨੂੰ ਜਹਾਨ ਤੋਂ ਰੁਖ਼ਸਤ ਹੋ ਗਏ। ਪ੍ਰੇਮ ਪ੍ਰਕਾਸ਼ ਵੱਲੋਂ ਕਈ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਏ ਗਏ, ਜਿਨ੍ਹਾਂ ਵਿਚ ਕੱਚ ਕੜੇ, ਨਮਾਜ਼ੀ, ਮੁਕਤੀ, ਸਵੇਤਾਂਬਰ ਨੇ ਕਿਹਾ ਸੀ, ਕੁਝ ਅਣ ਕਿਹਾ, ਰੰਗ ਮੰਚ ਤੇ ਭਿਕਸ਼ੂ ਅਤੇ ਸੁਣਦੈਂ ਖ਼ਲੀਫ਼ਾ ਸ਼ਾਮਲ ਹਨ। ਉਹਨਾਂ ਵੱਲੋਂ ਪੰਜਾਬ ਦੀ ਨਕਸਲੀ ਲਹਿਰ ਬਾਰੇ ਲਿਖਿਆ ਨਾਵਲ ‘ਦਸਤਾਵੇਜ਼’ ਵੀ ਬਹੁਤ ਚਰਚਿਤ ਰਿਹਾ ਹੈ। ਉਹ 1990 ਤੋਂ ਸਾਹਿਤਕ ਮੈਗਜ਼ੀਨ ‘ਲਕੀਰ’ ਵੀ ਕੱਢਦੇ ਰਹੇ, ਜਿਸ ਵਿਚ ਉਹਨਾਂ ਨੇ ਨਵੇਂ ਕਹਾਣੀਕਾਰਾਂ ਨੂੰ ਵਿਸ਼ੇਸ਼ ਤੌਰ ’ਤੇ ਪ੍ਰਕਾਸ਼ਿਤ ਕੀਤਾ। ਉਹਨਾਂ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ (1996), ਪੰਜਾਬੀ ਅਕਾਦਮੀ ਦਿੱਲੀ (1994) ਅਤੇ ਸ਼੍ਰੋਮਣੀ ਸਾਹਿਤਕਾਰ ਸਨਮਾਨ, ਭਾਸ਼ਾ ਵਿਭਾਗ ਪੰਜਾਬ (2002) ਸਮੇਤ ਅਣਗਿਣਤ ਮਾਨ ਸਨਮਾਨ ਮਿਲੇ। ਉਹ ਪੰਜਾਬੀ ਕਹਾਣੀ ਨੂੰ ਬੁਲੰਦੀਆਂ ’ਤੇ ਲੈ ਕੇ ਗਏ।
***ਡਾ. ਹਰਜਿੰਦਰ ਸਿੰਘ ਅਟਵਾਲ : ਡਾ. ਹਰਜਿੰਦਰ ਸਿੰਘ ਅਟਵਾਲ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬੀ ਰਾਈਟਰਜ ਕੋਆਪਰੇਟਿਵ ਸੋਸਾਇਟੀ ਦੇ ਸਕੱਤਰ ਸਨ। ਉਹ ਲੰਮਾ ਸਮਾਂ ਰੋਜ਼ਾਨਾ ਨਵਾਂ ਜ਼ਮਾਨਾ ਦੇ ਸਾਹਿਤ ਸੰਪਾਦਕ ਰਹੇ। ਪ੍ਰੋਫੈਸਰ ਅਟਵਾਲ ਨੇ ਸ਼ਾਹ ਹੁਸੈਨ ਦੀਆਂ ਕਾਫ਼ੀਆਂ, ਸੁਜਾਨ ਸਿੰਘ ਤੇ ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਅਤੇ ਪ੍ਰਵਾਸੀ ਸਾਹਿਤ ਸਮੇਤ ਕਈ ਪੁਸਤਕਾਂ ਲਿਖੀਆਂ। ਉਹਨਾਂ ਦੀ ਆਖ਼ਰੀ ਕਿਤਾਬ ‘ਲੋਕ ਵੇਦਨਾ’ ਸੀ। ਉਹ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੇ ਅੰਤਿਮ ਸੰਸਕਾਰ ਲਈ ਘਰੋਂ ਨਿਕਲਣ ਵਾਲੇ ਹੀ ਸਨ ਕਿ ਉਹਨਾਂ ਨੂੰ ਜਾਨਲੇਵਾ ਦਿਲ ਦਾ ਦੌਰਾ ਪਿਆ ਅਤੇ ਉਹ 31 ਮਾਰਚ, 2025 ਨੂੰ ਸੁਰਗਵਾਸ ਹੋ ਗਏ।
***ਡਾਕਟਰ ਮਨਜ਼ੂਰ ਏਜਾਜ਼ : ਲਹਿੰਦੇ ਪੰਜਾਬ ਦੇ ਉੱਘੇ ਪੰਜਾਬੀ ਵਿਦਵਾਨ ਡਾਕਟਰ ਮਨਜ਼ੂਰ ਇਜਾਜ਼ ਪ੍ਰਸਿੱਧ ਕਵੀ ਅਤੇ ਲੇਖਕ ਸਨ। ਉਹਨਾਂ ਦਾ ਜਨਮ ਪਾਕਿਸਤਾਨ ਦੇ ਸਾਹੀਵਾਲ ਦੇ ਨੇੜੇ ਚੱਕ ਨੰਬਰ 60 ਬੁਰਜਵਾਲਾ ਵਿਖੇ ਹੋਇਆ। ਉਹ ਪਾਕਿ ਵਿਚ ਖੱਬੇ ਪੱਖੀ ਵਿਦਿਆਰਥੀ ਸੰਗਠਨਾਂ ਵਿਚ ਸਰਗਰਮ ਰਹੇ। ਉਹ ਮਾਰਕਸਵਾਦੀ ਅਤੇ ਅਗਾਂਹਵਧੂ ਲੇਖਕ ਸਨ। ਪੰਜ ਕਾਵਿ ਸੰਗ੍ਰਹਿਆਂ ਤੋਂ ਇਲਾਵਾ ਡਾਕਟਰ ਏਜਾਜ਼ ਦੀਆਂ ਪੁਸਤਕਾਂ ਵਿਚ ਪੰਜਾਬ ਦੀ ਲੋਕ ਤਾਰੀਖ਼, ਸਵੈ ਜੀਵਨੀ ਜਿੰਦੜੀਏ ਤਨ ਦੇਸ਼ਾਂ ਤੇਰਾ ਜਾਣਾ, ਗਾਲਿਬਨਾਮਾ, ਇਨਕਲਾਬ ਜੋ ਆ ਚੁੱਕਾ ਹੈ, ਵਾਰਸ ਸ਼ਾਹ ਦੀ ਮੁੱਢਲੀ ਵਿਚਾਰਧਾਰਾ ਅਤੇ ਵਾਰਸਨਾਮਾ (ਪੰਜ ਜਿਲਦਾਂ) ਸਮੇਤ ਕੁਝ ਹੋਰ ਪੁਸਤਕਾਂ ਸ਼ਾਮਲ ਹਨ। ਉਹ ਕਾਲਮ ਨਵੀਸ ਵਜੋਂ ਵੀ ਬਹੁਤ ਚਰਚਿਤ ਰਹੇ। ਉਹਨਾਂ ਦਾ ਦੇਹਾਂਤ 30 ਮਾਰਚ 2025 ਨੂੰ ਅਮਰੀਕਾ ਰਾਜ ਦੇ ਵਰਜਾਨੀਆਂ ਵਿਚ ਹੋਇਆ।
***ਕੇਸਰ ਸਿੰਘ ਨੀਰ : ਪ੍ਰਸਿੱਧ ਪੰਜਾਬੀ ਗ਼ਜ਼ਲਗੋ, ਸਾਹਿਤਕਾਰ, ਬਾਲ ਸਾਹਿਤ ਲੇਖਕ ਕੇਸਰ ਸਿੰਘ ਨੀਰ ਨੇ ਪ੍ਰੋੜ ਸਾਹਿਤ ਅਤੇ ਬਾਲ ਸਾਹਿਤ ਵਿਚ ਵਡਮੁੱਲਾ ਯੋਗਦਾਨ ਪਾਇਆ। ਉਹ ਸਾਹਿਤ ਸਭਾ ਜਗਰਾਉਂ ਦੇ ਮੁੱਢਲੇ ਮੈਂਬਰਾਂ ਵਿੱਚੋਂ ਸਨ। 20ਵੀਂ ਸਦੀ ਦੇ ਆਖ਼ਰੀ ਦਹਾਕੇ ਦੌਰਾਨ ਉਹ ਕੈਨੇਡਾ ਦੇ ਸ਼ਹਿਰ ਕੈਲਗਰੀ ਚਲੇ ਗਏ ਸਨ। ਉਹ ਅਰਪਨ ਲਿਖਾਰੀ ਸਭਾ ਕੈਨੇਡਾ ਦੇ ਪ੍ਰਧਾਨ ਵੀ ਰਹੇ। ਉਹਨਾਂ ਦੀਆਂ ਪ੍ਰਸਿੱਧ ਪੁਸਤਕਾਂ ਵਿਚ ਕਾਵਿ ਸੰਗ੍ਰਹਿ ਕਸਕਾਂ, ਗ਼ਮ ਨਹੀਂ, ਅਤੇ ਗ਼ਜ਼ਲ ਸੰਗ੍ਰਹਿਆਂ ਵਿਚ ਕਿਰਣਾਂ ਦੇ ਬੋਲ, ਅਣਵਗੇ ਅਥਰੂ, ਆਰ ਦੀਆਂ ਤੇ ਪਾਰ ਦੀਆਂ ਅਤੇ ਮਹਿਕਾਂ ਦੀ ਪੀੜ ਸ਼ਾਮਲ ਹਨ। ਗਾਉਂਦੇ ਬਾਲ, ਝਿਲਮਿਲ ਝਿਲਮਲ ਤਾਰੇ, ਫੁੱਲ ਰੰਗ ਬਿਰੰਗੇ, ਮਿੱਠੀਆਂ ਮੁਸਕਾਨਾ ਉਹਨਾਂ ਦੀਆਂ ਬਾਲ ਸਾਹਿਤ ਦੀਆਂ ਪੁਸਤਕਾਂ ਹਨ। ਉਹਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਅਤੇ ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਆ ਗਿਆ ਸੀ। ਉਹਨਾਂ ਦਾ ਦੇਹਾਂਤ 5 ਅਪ੍ਰੈਲ, 2025 ਨੂੰ ਕੈਲਗਰੀ ਵਿਖੇ ਹੋਇਆ।
***ਨਦੀਮ ਪਰਮਾਰ : ਕੁਲਵੰਤ ਸਿੰਘ ਸਾਹਿਤਕ ਨਾਮ ਨਦੀਮ ਪਰਮਾਰ ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਦੇ ਨਾਮਵਰ ਅਦੀਬ 1973 ਤੋਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ ਦੇ ਸ਼ਹਿਰ ਬਰਨਬੀ ਵਿੱਚ ਰਹਿ ਰਹੇ ਸਨ। ਉਹਨਾਂ ਦਾ ਜੱਦੀ ਪਿੰਡ ਪਾਂਛਟਾ ਜ਼ਿਲ੍ਹਾ ਕਪੂਰਥਲਾ ਸੀ। ਉਹਨਾਂ ਆਪਣਾ ਸਾਹਿਤਿਕ ਸਫ਼ਰ ਉਰਦੂ ਗ਼ਜ਼ਲ ਤੋਂ ਸ਼ੁਰੂ ਕੀਤਾ। ਉਹਨਾਂ ਨੂੰ ਗ਼ਜ਼ਲ ਵਿਚ ਵਿਸ਼ੇਸ਼ ਮੁਹਾਰਤ ਹਾਸਲ ਸੀ। ਉਹਨਾਂ ਨੇ ਕਈ ਕਾਵਿ-ਸੰਗ੍ਰਹਿ ਤੇ ਗ਼ਜ਼ਲ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਉਹਨਾਂ ਨੇ ਕਾਸ਼ਨੀ ਦੁਪੱਟਾ, ਚਿਲਮਨ ਦੇ ਓਹਲੇ, ਮੰਚ ਕਥਾ, ਰਾਵੀ ਕੇ ਅਹਿਸਾਸ, ਫਰੇਜਰ ਕੇ ਤਟ ਪਰ ਕਹਾਣੀ ਸੰਗ੍ਰਹਿ ਲਿਖੇ। ਉਹਨਾਂ ਨੇ ਪੰਜਾਬੀ ਵਿਚ ਨਾਵਲ ਚਿੱਟੀ ਮੌਤ, ਇੰਦਰ ਜਾਲ, ਪੇਸ਼ੀ, ਸਪੋਂਸਰਸ਼ਿਪ, ਨਪੱਤਾ ਰੁੱਖ ਸਮੇਤ 11 ਨਾਵਲ ਲਿਖੇ। ਰੁਪਹਿਲੀ ਛਾਂ, ਨਿਮਰਤਾ, ਬਿੰਦੂ ਤੋਂ ਉਰੇ, ਨਦੀਮ, ਸ਼ਾਇਦ ਉਹਨਾਂ ਦੇ ਕਾਵਿ ਸੰਗ੍ਰਹਿ ਹਨ। ਉਹਨਾਂ ਨੇ ਕੁਝ ਪੁਸਤਕਾਂ ਅੰਗਰੇਜ਼ੀ ਵਿਚ ਵੀ ਲਿਖੀਆਂ। ਉਹਨਾਂ ਨੂੰ ਅਮਰੀਕਾ ਤੇ ਕੈਨੇਡਾ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਉਹਨਾਂ ਦਾ ਦਿਹਾਂਤ 18 ਅਪ੍ਰੈਲ 2025 ਨੂੰ ਹੋਇਆ।
***ਲਾਭ ਸਿੰਘ ਸੰਧੂ : ਸਾਹਿਤਕਾਰ ਲਾਭ ਸਿੰਘ ਸੰਧੂ ਨੇ ਲਗਪਗ 20 ਵਰ੍ਹੇ ਪੰਜਾਬੀ ਦੇ ਨਾਮਵਰ ਅਖ਼ਬਾਰ ਵਿਚ ਲੜੀਵਾਰ ਕਾਲਮ ‘ਖੁੰਡ ਚਰਚਾ’ ਲਿਖਿਆ ਅਤੇ ਉਹ ਖੁੰਡ ਚਰਚਾ ਵਾਲੇ ਲਾਭ ਸਿੰਘ ਸੰਧੂ ਵਜੋਂ ਪ੍ਰਸਿੱਧ ਹੋਏ। ਉਹਨਾਂ ਨੇ ਡੇਢ ਦਰਜਨ ਦੇ ਕਰੀਬ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਜਿਨ੍ਹਾਂ ਵਿਚ ਪਾਕਿਸਤਾਨੀ ਨਾਵਲਾਂ ਦਾ ਅਧਿਐਨ, ਖੁੰਡ ਚਰਚਾ (ਭਾਗ-1, 2), ਕਬੱਡੀ ਜਗਤ ਦੇ ਗੁਆਚੇ ਹੀਰੇ, ਮੇਰਾ ਕੇਰਲਾ ਸਫ਼ਰਨਾਮਾ ਅਤੇ ਉਹਨਾਂ ਦੀਆਂ ਕਵਿਤਾਵਾਂ ਗੀਤਾਂ ਦੀਆਂ ਪੁਸਤਕਾਂ ਸ਼ਾਮਲ ਹਨ। ਲਾਭ ਸਿੰਘ ਸੰਧੂ 21 ਅਪ੍ਰੈਲ, 2025 ਨੂੰ ਇਸ ਜਹਾਨ ਤੋਂ ਰੁਖ਼ਸਤ ਹੋ ਗਏ।
***ਡਾ. ਰਤਨ ਸਿੰਘ ਜੱਗੀ : ਪਦਮਸ਼੍ਰੀ ਡਾ. ਰਤਨ ਸਿੰਘ ਜੱਗੀ ਪੰਜਾਬੀ ਅਤੇ ਹਿੰਦੀ ਦੇ ਉੱਘੇ ਸਾਹਿਤਕਾਰ, ਨਾਮਵਰ ਸਿੱਖ ਵਿਦਵਾਨ ਸਨ। ਉਹਨਾਂ ਨੇ ਗੁਰਮਤਿ ਸਾਹਿਤ ਵਿਚ ਵਡਮੁੱਲਾ ਯੋਗਦਾਨ ਪਾਇਆ। ਡਾ. ਜੱਗੀ ਨੇ ਆਪਣਾ ਸਮੁੱਚਾ ਜੀਵਨ ਮੱਧਕਾਲੀਨ ਸਾਹਿਤ ਦਾ ਵੱਖ-ਵੱਖ ਦ੍ਰਿਸ਼ਟੀਕੌਣਾਂ ਤੋਂ ਅਧਿਐਨ ਕਰਨ, ਵਿਸ਼ਲੇਸ਼ਣ ਕਰਨ ਅਤੇ ਲਿਖਣ ਲੇਖੇ ਲਾਇਆ। ਉਹਨਾਂ ਨੇ ‘ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ’ ਵਿਸ਼ੇ ’ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ.ਐੱਚ.ਡੀ. ਕੀਤੀ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਵਜੋਂ ਸੇਵਾ ਮੁਕਤ ਹੋਏ।
ਸਾਹਿਤਕ ਖੇਤਰ ਵਿੱਚ ਡਾ. ਜੱਗੀ ਦੁਆਰਾ ਕੀਤੇ ਵੱਡੇ ਕਾਰਜਾਂ ਵਿਚ ਪਹਿਲਾਂ ਪੰਜ ਜਿਲਦਾਂ ਵਿੱਚ ‘ਦਸਮ ਗ੍ਰੰਥ ਦਾ ਟੀਕਾ’ ਪੰਜਾਬੀ ਵਿਚ ਅਤੇ ਬਾਅਦ ਵਿਚ ਹਿੰਦੀ ਵਿਚ ਪ੍ਰਕਾਸ਼ਿਤ ਸ਼ੁਮਾਰ ਹੈ। ਉਹਨਾਂ ‘ਸਿੱਖ ਪੰਥ ਵਿਸ਼ਵਕੋਸ਼’ ਕਈ ਜਿਲਦਾਂ ਵਿਚ ਲਿਖਿਆ। ਡਾ. ਜੱਗੀ ਨੇ ਪੰਜਾਬੀ ਅਤੇ ਹਿੰਦੀ ਸਾਹਿਤ ਦੀ ਝੋਲੀ ਵਿਚ 150 ਤੋਂ ਵਧੇਰੇ ਕਿਤਾਬਾਂ ਅਤੇ ਸੈਂਕੜੇ ਖੋਜ ਪੱਤਰ ਪਾਏ। ਉਹਨਾਂ ਦੇ ਵੱਲੋਂ ਪਾਏ ਮਹੱਤਵਪੂਰਨ ਯੋਗਦਾਨ ਨੂੰ ਮੁੱਖ ਰੱਖਦਿਆਂ ਹੋਇਆਂ 1989 ਵਿਚ ਸਾਹਿਤ ਅਕਾਦਮੀ ਦਿੱਲੀ ਵੱਲੋਂ ਰਾਸ਼ਟਰੀ ਪੁਰਸਕਾਰ, 1996 ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸਾਹਿਤ ਸ਼੍ਰੋਮਣੀ ਪੁਰਸਕਾਰ’,1996 ਵਿਚ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸੌਹਾਰਦ ਸਨਮਾਨ ਅਤੇ 2012 ਵਿਚ ਪੰਜਾਬੀ ਯੂਨੀਵਰਸਿਟੀ ਵੱਲੋਂ ਲਾਈਫ਼ ਫੈਲੋਸ਼ਿਪ ਪ੍ਰਦਾਨ ਕੀਤੀ ਗਈ। ਉਹਨਾਂ ਨੂੰ 2023 ਵਿੱਚ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਦੇ ਸਨਮਾਨ ਨਾਲ ਨਿਵਾਜਿਆ ਗਿਆ। ਡਾ. ਜੱਗੀ 22 ਮਈ 2025 ਨੂੰ ਅਕਾਲ ਚਲਾਣਾ ਕਰ ਗਏ।
***ਤਜੱਮੁਲ ਕਲੀਮ : ਤਜੱਮੁਲ ਕਲੀਮ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਹੱਦਾਂ ਬੰਨੇ ਟੱਪ ਕੇ ਹੋਰਨਾਂ ਦੇਸ਼ਾਂ ਵਿਚ ਵੀ ਜਿੱਥੇ-ਜਿੱਥੇ ਪੰਜਾਬੀ ਵੱਸਦੇ ਹਨ, ਦਾ ਹਰਮਨ ਪਿਆਰਾ ਸ਼ਾਇਰ ਹੈ। ਸ਼ੁਰੂ ਵਿਚ ਉਸ ਨੇ ਉਰਦੂ ਜ਼ੁਬਾਨ ਵਿਚ ਗ਼ਜ਼ਲਾਂ ਕਹੀਆਂ ਪਰ ਫਿਰ ਉਰਦੂ ਗ਼ਜ਼ਲਕਾਰੀ ਨੂੰ ਪੱਕੀ ਨਾਂਹ ਕਰਕੇ ਉਹ ਪੰਜਾਬੀ ਸ਼ਾਇਰੀ ਵੱਲ ਪਰਤ ਆਇਆ। ਉਸ ਦੀਆਂ 6 ਕਿਤਾਬਾਂ ਬਰਫ਼ਾਂ ਹੇਠ ਤੰਦੂਰ, ਹਾਣ ਦੀ ਸੂਲੀ, ਵੇਹੜੇ ਦਾ ਰੁੱਖ, ਚੀਖਦਾ ਮੰਜ਼ਰ, ਲੈ ਦੱਸ ਅਤੇ ਲਫ਼ਜ਼ਾਂ ਦੇ ਦੰਦ ਲਹਿੰਦੇ ਪੰਜਾਬ ਵਿਚ ਛਪੀਆਂ। ਚੜ੍ਹਦੇ ਪੰਜਾਬ ਵਿਚ ਗੁਰਮੁਖੀ ਲਿਪੀ ਵਿਚ ਉਸ ਦੀਆਂ ਤਿੰਨ ਕਿਤਾਬਾਂ ‘ਕਮਾਲ ਕਰਦੇ ਓ ਬਾਦਸ਼ਾਹੋ’, ਗ਼ਜ਼ਲ ਧਮਾਲਾਂ ਅਤੇ ਯਾਰ ਕਲੀਮਾ ਪ੍ਰਕਾਸ਼ਤ ਹੋਈਆਂ। ਯਾਰ ਕਲੀਮਾ ਉਸ ਦੀ ਸਮੁੱਚੀ ਰਚਨਾਵਲੀ ਹੈ। ਉਹਨਾਂ ਦੀ ਕਿਤਾਬ ‘ਕਮਾਲ ਕਰਦੇ ਓ ਬਾਦਸ਼ਾਹੋ’ ਚੜ੍ਹਦੇ ਪੰਜਾਬ ਵਿਚ ਬਹੁਤ ਮਕਬੂਲ ਹੋਈ। ਪੰਜਾਬੀ ਦਾ ਹਰਮਨ ਪਿਆਰਾ ਸ਼ਾਇਰ 22 ਮਈ, 2025 ਨੂੰ ਲਾਹੌਰ ਵਿਖੇ ਵਫ਼ਾਤ ਪਾ ਗਿਆ।
***ਸੁੰਦਰਪਾਲ ਪ੍ਰੇਮੀ : ਸੁੰਦਰ ਪਾਲ ਪ੍ਰੇਮੀ ਜੈਤੋਂ ਨੇ ਪੰਜਾਬੀ ਦੇ ਪ੍ਰੋੜ ਸਾਹਿਤ ਅਤੇ ਬਾਲ ਸਾਹਿਤ ਵਿਚ ਜ਼ਿਕਰ ਯੋਗ ਵਾਧਾ ਕੀਤਾ। ਉਹਨਾਂ ਨੇ 20 ਦੇ ਲਗਪਗ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਜਿਨਾਂ ਵਿਚ ਜੀਵਨ ਜੁਗਤੀ, ਸੰਦਲੀ ਪੈੜਾਂ, ਜ਼ਿੰਦਗੀ ਦੀ ਖ਼ੂਬਸੂਰਤੀ, ਸ਼ਬਦਾਂ ਦਾ ਸੱਚ, ਅਨੋਖੀ ਮਿਸਾਲ, ਸਿਦਕ ਦੇ ਬੋਲ ਨਕਲੀ ਚਿਹਰੇ, ਧੌਣ ਵਿਚ ਕਿੱਲਾ ਉਲਟੀ ਗੰਗਾ, ਮੇਰੀ ਤਮੰਨਾ ਆਦਿ ਸ਼ਾਮਲ ਹਨ। ਉਹ 18 ਜੂਨ, 2025 ਨੂੰ ਸਦੀਵੀ ਵਿਛੋੜਾ ਦੇ ਗਏ।
***ਪ੍ਰੀਤਮਾ ਦੋਮੇਲ : ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰਾ ਪ੍ਰੀਤਮਾ ਦੋਮੇਲ ਇਕ ਅਗਸਤ 2025 ਨੂੰ ਬਠਿੰਡਾ ਦੇ ਮਿਲਟਰੀ ਹਸਪਤਾਲ ਵਿਚ ਸਦੀਵੀ ਵਿਛੋੜਾ ਦੇ ਗਏ। ਉਹਨਾਂ ਨੇ ਦਸ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਜਿਨ੍ਹਾਂ ਵਿਚ ਕੌਡੀਆਂ ਵਾਲਾ ਸੱਪ, ਘਾਟੇ ਦਾ ਦੀਵਾ, ਖ਼ੁਸ਼ੀਆਂ ਦੀ ਕਿਣਮਣ, ਬੇਕਦਰੇ, ਜਹੇਨ ਦੇ ਇੰਦਰ ਧਨੁਸ਼ ਸ਼ਾਮਲ ਹਨ।
***ਸੱਤਿਆ ਪਾਲ ਅਨੰਦ : ਸੱਤਿਆ ਪਾਲ ਅਨੰਦ ਪ੍ਰਸਿੱਧ ਲੇਖਕ, ਕਵੀ ਅਤੇ ਆਲੋਚਕ ਸਨ। ਉਹਨਾਂ ਨੇ ਉਰਦੂ, ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿਚ ਚੋਖੀਆਂ ਗਲਪ ਅਤੇ ਕਵਿਤਾ ਦੀਆਂ ਪੁਸਤਕਾਂ ਲਿਖੀਆਂ। ਉਰਦੂ ਪੁਸਤਕਾਂ ਵਿਚ ਜਿਨਕੇ ਲੀਏ, ਆਪਣੇ ਮਰਕਜ਼ ਕੀ ਤਰਫ਼, ਦਿਲ ਕੀ ਬਸਤੀ, ਆਪਣੀ ਆਪਣੀ ਜ਼ੰਜੀਰ, ਪੱਥਰ ਕੀ ਸਲੀਬ ਕਹਾਣੀ ਸੰਗ੍ਰਹਿ ਅਤੇ ਆਹਟ, ਚੌਂਕ ਘੰਟਾ ਘਰ, ਇਸ਼ਕ ਮੌਤ ਔਰ ਜਿੰਦਗੀ, ਸ਼ਹਿਰ ਕਾ ਏਕ ਦਿਨ ਆਦਿ ਨਾਵਲ ਸੰਗ੍ਰਹਿ ਸ਼ਾਮਲ ਹਨ। ਪੰਜਾਬੀ ਵਿਚ ਉਹਨਾਂ ਦੀਆਂ ਪੁਸਤਕਾਂ ਸਵੇਰ ਦੁਪਹਿਰ ਸ਼ਾਮ, ਗ਼ਜ਼ਲ ਗ਼ਜ਼ਲ ਦਰਿਆ, ਗ਼ਜ਼ਲ ਗ਼ਜ਼ਲ ਸਾਗਰ, ਗ਼ਜ਼ਲ ਗ਼ਜ਼ਲ ਲਹਿਰ, ਰਾਜਨੀਤਿਕ ਚੇਤਨਾ ਅਤੇ ਸੁਤੰਤਰਤਾ ਸੰਗਰਾਮ ਦਾ ਜ਼ਿਕਰ ਮੁੱਖ ਤੌਰ ’ਤੇ ਕੀਤਾ ਜਾ ਸਕਦਾ ਹੈ। ਉਹਨਾਂ ਦੀਆਂ ਦੋ ਦਰਜਨ ਤੋਂ ਵਧੇਰੇ ਪੁਸਤਕਾਂ ਅੰਗਰੇਜ਼ੀ ਅਤੇ ਹਿੰਦੀ ਵਿਚ ਮਿਲਦੀਆਂ ਹਨ। ਉਹਨਾਂ ਨੂੰ ਜਵਾਹਰ ਲਾਲ ਨਹਿਰੂ ਫੈਲੋਸ਼ਿਪ, ਉਰਦੂ ਮਰਕਜ਼ ਅਵਾਰਡ ਲਾਸ ਏਂਜਲਸ ਅਤੇ ਭਾਸ਼ਾ ਵਿਭਾਗ ਪੰਜਾਬ ਤੋਂ ਸ਼੍ਰੋਮਣੀ ਸਾਹਿਤਕਾਰ ਅਵਾਰਡ ਮਿਲੇ ਹੋਏ ਸਨ। ਉਹਨਾਂ ਦਾ ਦੇਹਾਂਤ 2 ਅਗਸਤ 2025 ਨੂੰ ਟੋਰਾਂਟੋ ਕੈਨੇਡਾ ਵਿਚ ਹੋਇਆ।
****ਸਿਰੀ ਰਾਮ ਅਰਸ਼ : ਪੰਜਾਬੀ ਦੇ ਉੱਘੇ ਸਾਹਿਤਕਾਰ, ਸਮਰੱਥ ਗ਼ਜ਼ਲਗੋ ਸਿਰੀ ਰਾਮ ਅਰਸ਼ ਨੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਅਗਨਾਰ, ਰਬਾਬ, ਸੰਖ ਤੇ ਸਿੱਪੀਆਂ, ਸਰਘੀਆਂ ਤੇ ਸਮੁੰਦਰ, ਕਿਰਨਾਂ ਦੀ ਬੁੱਕਲ, ਸਪੱਰਸ਼, ਪੁਰਸਲਾਤ, ਗ਼ਜ਼ਲ ਸਮੁੰਦਰ ਨਾਂ ਦੇ ਗ਼ਜ਼ਲ ਸੰਗ੍ਰਹਿ ਪਾਏ। ਉਹਨਾਂ ਨੇ ਤੁਮ ਚੰਦਨ, ਅਗੰਮੀ ਨੂਰ, ਪੰਥ ਸਜਾਇਓ ਖ਼ਾਲਸਾ (ਪੰਜਾਬੀ ਮਹਾਂਕਾਵਿ), ਗੁਰੂ ਮਾਨਿਓ ਰਵਿਦਾਸ (ਹਿੰਦੀ ਮਹਾਂਕਾਵਿ) ਸਾਹਿਤ ਦੀ ਝੋਲੀ ਪਾਏ। ਉਹ ਵੱਖ-ਵੱਖ ਜ਼ਿਲ੍ਹਿਆਂ ਵਿਚ ਲੋਕ ਸੰਪਰਕ ਅਧਿਕਾਰੀ ਰਹੇ। ਬਾਅਦ ਵਿਚ ਉਹ ਵਿਭਾਗ ਦੇ ਡਿਪਟੀ ਡਾਇਰੈਕਟਰ ਬਣੇ। ਉਹ ਲੋਕ ਸੰਪਰਕ ਵਿਭਾਗ ਪੰਜਾਬ ਵੱਲੋਂ ਪੰਜਾਬੀ, ਹਿੰਦੀ ਅਤੇ ਉਰਦੂ ਵਿਚ ਪ੍ਰਕਾਸ਼ਿਤ ਕੀਤੇ ਜਾਂਦੇ ਮੈਗਜ਼ੀਨਾਂ ਦੇ ਸੰਪਾਦਕ ਵੀ ਰਹੇ। ਭਾਸ਼ਾ ਵਿਭਾਗ ਪੰਜਾਬ ਵੱਲੋਂ ਉਹਨਾਂ ਲਈ 2021 ਦਾ ਸ਼੍ਰੋਮਣੀ ਕਵੀ ਐਲਾਨਿਆ ਗਿਆ। 17 ਅਗਸਤ 2025 ਨੂੰ ਉਹ ਸਦੀਵੀ ਵਿਛੋੜਾ ਦੇ ਗਏ।
***ਪ੍ਰੋਫੈਸਰ ਗੁਰਚਰਨ ਸਿੰਘ ਤਲਵਾੜਾ : ਉੱਘੇ ਸਿੱਖਿਆ ਸ਼ਾਸਤਰੀ ਅਤੇ ਸਾਹਿਤਕਾਰ ਪ੍ਰੋਫੈਸਰ ਗੁਰਚਰਨ ਸਿੰਘ ਤਲਵਾੜਾ ਨੇ ਸੂਫ਼ੀ ਮੱਤ ਅਤੇ ਇਸਲਾਮ ਧਰਮ ਬਾਰੇ ਅਧਿਐਨ ਅਤੇ ਡੂੰਘੀ ਖੋਜ ਕਰਕੇ ਮੁੱਲਵਾਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ; ਜਿਨ੍ਹਾਂ ਵਿਚ ਸੂਫੀ ਮੱਤ : ਵਿਚਾਰਧਾਰਾ, ਵਿਕਾਸ ਅਤੇ ਸਿਲਸਿਲੇ, ਇਸਲਾਮ ਅਤੇ ਸੂਫੀ ਮੱਤ : ਸਿਧਾਂਤ ਇਤਿਹਾਸ ਅਤੇ ਬੁਨਿਆਦੀ ਸੰਕਲਪ, ਸੂਫੀ ਮੱਤ ਅਤੇ ਰੂਹਾਨੀਅਤ, ਪ੍ਰਮੁੱਖ ਪੰਜਾਬੀ ਸੂਫੀ ਕਵੀ : ਚਿੰਤਨ ਤੇ ਜੀਵਨ, ਇਸਲਾਮ : ਸਿਧਾਂਤ ਅਤੇ ਸਿੱਖਿਆ, ਪੰਜਾਬੀ ਸੂਫ਼ੀ ਸਾਹਿਤ ਦਾ ਆਲੋਚਨਾਤਮਿਕ ਇਤਿਹਾਸ ਸਮੇਤ ਕੁਝ ਹੋਰ ਪੁਸਤਕਾਂ ਸ਼ਾਮਿਲ ਹਨ। ਉਹ 24 ਨਵੰਬਰ 2025 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
***ਕੇ. ਸੀ. ਸੁਲੇਖ : ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਨੇੜਲੇ ਸਾਥੀ, ਉੱਘੇ ਦਲਿਤ ਚਿੰਤਕ, ਸਪਤਾਹਿਕ ਉਜਾਲਾ ਉਰਦੂ ਅਖ਼ਬਾਰ ਦੇ ਬਾਨੀ ਸੰਪਾਦਕ ਕੇ.ਸੀ. (ਕਰਤਾਰ ਚੰਦ) ਸੁਲੇਖ ਅੰਬੇਦਕਰੀ ਮਿਸ਼ਨ ਨੂੰ ਪਰਨਾਏ ਹੋਏ ਲੇਖਕ ਸਨ। ਉਹਨਾਂ ਨੇ ਭੀਮ ਰਾਓ ਅੰਬੇਦਕਰ ਦੀ ਪੁਸਤਕ ਦਾ ਉਰਦੂ ਅਨੁਵਾਦ ‘ਮਿਸਟਰ ਗਾਂਧੀ ਅਤੇ ਅਛੂਤਾਂ ਦੀ ਆਜ਼ਾਦੀ ਕੀਤਾ’। ਇਸ ਤੋਂ ਇਲਾਵਾ ਉਹਨਾਂ ਨੇ ਅੰਬੇਦਕਰਵਾਦ : ਪੀੜਤ ਭਾਰਤ ਦੀ ਆਖ਼ਰੀ ਉਮੀਦ, ਸ਼ੌਰੀ ਬੇਨਕਾਬ (ਪੰਜਾਬੀ), ਮੇਰਾ ਜੀਵਨ ਸਫ਼ਰ ਅੰਬੇਦਕਰ ਮਿਸ਼ਨ ਕੀ ਰਾਹ ਪਰ (ਸਵੈ-ਜੀਵਨੀ ਹਿੰਦੀ ਅਤੇ ਪੰਜਾਬੀ) ਸਮੇਤ ਮਿਸ਼ਨ ਨਾਲ ਸਬੰਧਿਤ ਕਈ ਪੁਸਤਕਾਂ ਲਿਖੀਆਂ। ਉਹ 16 ਅਕਤੂਬਰ 2025 ਨੂੰ ਚੰਡੀਗੜ੍ਹ ਵਿਖੇ ਪਰਲੋਕ ਗਮਨ ਕਰ ਗਏ।
***ਡਾਕਟਰ ਫ਼ਕੀਰ ਚੰਦ ਸ਼ੁਕਲਾ : ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਭੋਜਨ ਵਿਗਿਆਨੀ, ਬਹੁ ਭਾਸ਼ਾਈ ਲੇਖਕ (ਪੰਜਾਬੀ ਅੰਗਰੇਜ਼ੀ ਅਤੇ ਹਿੰਦੀ) ਵਿਚ ਲਿਖਣ ਵਾਲੇ ਉੱਘੇ ਸਾਹਿਤਕਾਰ ਡਾਕਟਰ ਫ਼ਕੀਰ ਚੰਦ ਸ਼ੁਕਲਾ ਨੂੰ ਮਲੇਨੀਅਮ ਅਵਾਰਡ, ਭਾਸ਼ਾ ਵਿਭਾਗ ਪੰਜਾਬ ਦੇ ਪੰਜਾਬ ਰਤਨ ਅਵਾਰਡ ਅਤੇ ਸ਼੍ਰੋਮਣੀ ਸਾਹਿਤਕਾਰ ਐਵਾਰਡ, ਰਾਸ਼ਟਰੀ ਵਿਗਿਆਨਿਕ ਰਤਨ ਅਵਾਰਡ, ਉੱਤਰ ਪ੍ਰਦੇਸ਼ ਸਰਕਾਰ ਦਾ ਬਾਲ ਸਾਹਿਤ ਗੌਰਵ ਅਵਾਰਡ, ਮੱਧ ਪ੍ਰਦੇਸ਼ ਦਾ ਸਾਹਿਤ ਅਕਾਦਮੀ ਅਵਾਰਡ ਸਮੇਤ ਦੇਸ਼ ਦੇ ਕਈ ਕੌਮੀ ਸਨਮਾਨ ਮਿਲੇ। ਭਾਰਤ ਵਿਚ ਉਹ ਕੇਵਲ ਇੱਕੋ ਲੇਖਕ ਸਨ, ਜਿਨਾਂ ਨੂੰ ਪੰਜਾਬੀ ਅਤੇ ਹਿੰਦੀ ਦੋਹਾਂ ਭਾਸ਼ਾਵਾਂ ਦੇ ਬਾਲ ਸਾਹਿਤ ਦਾ ਕੌਮੀ ਅਵਾਰਡ ਮਿਲਿਆ। ਉਹਨਾਂ ਨੇ 70 ਤੋਂ ਵਧੇਰੇ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ। ਉਹ 7 ਅਕਤੂਬਰ, 2025 ਨੂੰ ਅਕਾਲ ਚਲਾਣਾ ਕਰ ਗਏ।
***ਚੰਦਨ ਨੇਗੀ : ਸਾਹਿਤਕਾਰਾ ਚੰਦਨ ਨੇਗੀ ਨੇ ਪੰਜਾਬੀ ਨਾਵਲਕਾਰੀ ਅਤੇ ਕਹਾਣੀ ਦੇ ਖੇਤਰ ਵਿਚ ਮਹੱਤਵਪੂਰਨ ਕੰਮ ਕੀਤਾ ਹੈ। ਕਲਰ ਕੇਰੀ ਛਪੜੀ, ਕਨਕ ਕਾਮਨੀ, ਜਲ ਬਿਨ ਕੁੰਭ, ਸੂਕੇ ਕਾਸਟ, ਮਨ ਕੀ ਬਿਰਥਾ, ਅੰਧਕੂਪ ਉਹਨਾਂ ਦੇ ਨਾਵਲ ਹਨ। ਗੰਧ ਕਥੂਰੀ, ਬਾਰ, ਪਰਾਇ, ਸਗਲ ਸੰਗਿ, ਚਿਤ ਗੁਪਤੁ, ਮੇਰਾ ਆਪਣਾ ਮੋੜ ਦੇ, ਮੈਂ ਸੀਤਾ ਨਹੀਂ, ਕਰੜਾ ਯਾਰ, ਸੁਲਗਦੇ ਰਾਹ (ਚੋਣਵੀਆਂ ਕਹਾਣੀਆਂ) ਉਹਨਾਂ ਦੇ ਕਹਾਣੀ ਸੰਗ੍ਰਹਿ ਹਨ। ਉਹਨਾਂ ਨੇ 20 ਤੋਂ ਵਧੇਰੇ ਪੁਸਤਕਾਂ ਉਰਦੂ, ਹਿੰਦੀ, ਅੰਗਰੇਜ਼ੀ ਤੇ ਡੋਗਰੀ ਤੋਂ ਪੰਜਾਬੀ ਵਿਚ ਅਨੁਵਾਦ ਕੀਤੀਆਂ। ਸਾਹਿਤ ਅਕਾਦਮੀ ਵੱਲੋਂ ਪੰਜਾਬੀ ਅਨੁਵਾਦ ਲਈ ਸਾਲ 2024 ਦਾ ਅਨੁਵਾਦ ਪੁਰਸਕਾਰ ਉਹਨਾਂ ਦੀ ਪੁਸਤਕ ‘ਤੇਰੇ ਲਈ’ ਨੂੰ ਦਿੱਤਾ ਗਿਆ। ਚੰਦਨ ਨੇਗੀ ਨੇ ਪੰਜਾਬੀ ਡੋਗਰੀ ਸ਼ਬਦ ਕੋਸ਼ ਵੀ ਲਿਖਿਆ। ਉਹਨਾਂ ਨੂੰ ਰਾਸ਼ਟਰਪਤੀ ਵੱਲੋਂ ਨੈਸ਼ਨਲ ਅਵਾਰਡ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਮਿਲਿਆ। ਪੰਜਾਬੀ ਸਾਹਿਤ ਦੀ ਵੱਡੀ ਸਾਹਿਤਕਾਰਾ ਚੰਦਨ ਨੇਗੀ 5 ਨਵੰਬਰ 2025 ਨੂੰ ਅਕਾਲ ਚਲਾਣਾ ਕਰ ਗਈ।
***ਡਾਕਟਰ ਹਰਭਜਨ ਸਿੰਘ ਸਾਗਰ : ਡਾਕਟਰ ਹਰਭਜਨ ਸਿੰਘ ਸਾਗਰ ਜੰਮੂ ਕਸ਼ਮੀਰ ਵਿਚ ਪੰਜਾਬੀ ਦੇ ਝੰਡਾ ਬਰਦਾਰ ਸਰਗਰਮ ਸਾਹਿਤ ਸਿਰਜਕ ਸਨ। ਉਹਨਾਂ ਨੇ ਪੰਜਾਬੀ ਸਾਹਿਤ ਨੂੰ ਯਾਤਰਾ, ਦਾਇਰੇ ਅਤੇ ਬੰਦ ਦਰਵਾਜੇ ਦਾ ਬਿਰਤਾਂਤ ਕਹਾਣੀ ਸੰਗ੍ਰਹਿ ਸਮੇਤ ਕਈ ਪੁਸਤਕਾਂ ਦਿੱਤੀਆਂ। ਉਹਨਾਂ ਦੀਆਂ ਕਈ ਪੁਸਤਕਾਂ ਜੰਮੂ ਕਸ਼ਮੀਰ ਦੀ ਭਾਸ਼ਾ ਤੇ ਕਲਚਰ ਅਕਾਡਮੀ ਵੱਲੋਂ ਸਰਬੋਤਮ ਪੁਸਤਕਾਂ ਐਲਾਨੀਆਂ ਗਈਆਂ। ਉਹਨਾਂ ਦਾ ਦਿਹਾਂਤ 28 ਨਵੰਬਰ, 2025 ਨੂੰ ਹੋਇਆ।
***ਦੇਵ : ਪ੍ਰਸਿੱਧ ਕਵੀ ਤੇ ਚਿੱਤਰਕਾਰ ਦੇਵ, ਜਿਨ੍ਹਾਂ ਦਾ ਅਸਲ ਨਾਂ ਦਵਿੰਦਰ ਸਿੰਘ ਸੀ, ਦਾ ਜੱਦੀ ਪਿੰਡ ਗਾਲਿਬ ਕਲਾਂ, ਨੇੜੇ ਜਗਰਾਉਂ, ਪੰਜਾਬ ਸੀ। ਚਿੱਤਰਕਾਰੀ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਣ ਤੋਂ ਇਲਾਵਾ ਦੇਵ ਨੇ ਪੰਜਾਬੀ ਸਾਹਿਤ ਨੂੰ ਵਿਦਰੋਹ, ਦੂਸਰੇ ਕਿਨਾਰੇ ਦੀ ਤਲਾਸ਼, ਮਤਾਬੀ ਮਿੱਟੀ, ਪ੍ਰਸ਼ਨ ਤੇ ਪ੍ਰਵਾਜ਼, ਸ਼ਬਦਾਂਤ, ਹੁਣ ਤੋਂ ਪਹਿਲਾਂ, ਉਤਰਾਇਨ ਅਤੇ ਤਿਕੋਨਾਂ ਸਫ਼ਰ ਕਾਵਿ-ਸੰਗ੍ਰਹਿ ਵੀ ਦਿੱਤੇ। ਉਸ ਦੇ ਕਾਵਿ ਸੰਗ੍ਰਹਿ ਸ਼ਬਦਾਂਤ ਨੂੰ 2001 ਵਿਚ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਪੁਰਸਕ੍ਰਿਤ ਕੀਤਾ ਗਿਆ। ਭਾਸ਼ਾ ਵਿਭਾਗ ਪੰਜਾਬ ਨੇ 1992 ਵਿਚ ਦੇਵ ਨੂੰ ਸ਼੍ਰੋਮਣੀ ਪ੍ਰਵਾਸੀ ਪੰਜਾਬੀ ਸਾਹਿਤਕਾਰ ਦੇ ਸਨਮਾਨ ਨਾਲ ਨਿਵਾਜਿਆ ਸੀ। ਦੇਵ ਦੀ ਲਾਸ਼ 7 ਦਸੰਬਰ, 2025 ਨੂੰ ਸਵਿਟਰਜ਼ਰਲੈਂਡ ਦੇ ਸ਼ਹਿਰ ਰੂਬਨ ਤੋਂ ਉਸ ਦੇ ਸਟੂਡੀਓ ਨੁਮਾ ਘਰ ਤੋਂ ਮਿਲੀ।
ਨਿਰੰਜਨ ਸ਼ਰਮਾ ਸੇਖਾ ਉੱਘੇ ਹਾਸ ਵਿਅੰਗ ਲੇਖਕ ਸਨ। ਉਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਕੱਚ ਦੇ ਟੁਕੜੇ, ਆਪ ਹੁਦਰੀਆਂ, ਹੇਰ ਫੇਰ, ਕਿਰਾਏ ਵਾਲਾ ਆਦਮੀ ਹਾਸ ਵਿਅੰਗ ਸੰਗ੍ਰਹਿਆਂ ਸਮੇਤ ਕੁਝ ਹੋਰ ਪੁਸਤਕਾਂ ਵੀ ਪਾਈਆਂ। ਉਹਨਾਂ ਦਾ ਦੇਹਾਂਤ 3 ਫਰਵਰੀ,2025 ਨੂੰ ਹੋਇਆ।
***ਤਰਲੋਚਨ ਸਿੰਘ ਬੇਦੀ
ਮਾਸਟਰ ਆਫ਼ ਆਰਟਸ ਦੀ ਡਿਗਰੀ ਅਤੇ ਡਾਕਟਰੇਟ ਦੇ ਨਾਲ, ਤਰਲੋਚਨ ਸਿੰਘ ਬੇਦੀ ਨੇ ਫਰੀਦਕੋਟ, ਪੰਜਾਬ ਦੇ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ। ਬੇਦੀ ਨੇ ਤਾਮਿਲ ਅਤੇ ਪੰਜਾਬੀ ਵਿਚਕਾਰ ਸੱਭਿਆਚਾਰਕ ਅਤੇ ਭਾਸ਼ਾਈ ਸਮਾਨਤਾਵਾਂ ’ਤੇ ਲੇਖ ਲਿਖੇ ਹਨ। ਬੇਦੀ ਦਾ ਵਿਆਹ ਪ੍ਰੋਫੈਸਰ ਦਰਸ਼ਨ ਕੌਰ ਬੇਦੀ ਨਾਲ ਹੋਇਆ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ। ਉਸ ਦਾ ਵੱਡਾ ਪੁੱਤਰ ਅਰਵਿੰਦਰ ਸਿੰਘ ਬੇਦੀ ਇਕ ਫਾਈਨਾਂਸ ਕੰਪਨੀ ਮੈਗਮਾ ਦਾ ਸਟੇਟ ਮੈਨੇਜਰ ਹੈ। ਉਸ ਦਾ ਛੋਟਾ ਪੁੱਤਰ ਗਗਨਦੀਪ ਸਿੰਘ ਤਾਮਿਲਨਾਡੂ ਦਾ ਸਿਹਤ ਸਕੱਤਰ ਹੈ, ਜੋ 2004 ਵਿਚ ਕੁਡਲੋਰ ਵਿਚ ਜ਼ਿਲ੍ਹਾ ਕੁਲੈਕਟਰ ਵਜੋਂ ਆਪਣੇ ਕਾਰਜਕਾਲ ਦੌਰਾਨ ਸੁਨਾਮੀ ਮੁੜ ਵਸੇਬੇ ਦੇ ਕੰਮ ਲਈ ਜਾਣਿਆ ਜਾਂਦਾ ਹੈ।
2000 ਵਿਚ, ਬੇਦੀ ਨੇ ਮਦੁਰਾਈ ਕਾਮਰਾਜ ਯੂਨੀਵਰਸਿਟੀ ਦੇ ਤਾਮਿਲ ਵਿਭਾਗ ਦੁਆਰਾ ਆਯੋਜਿਤ ਇੱਕ ਸੈਮੀਨਾਰ ਵਿਚ ਸ਼ਿਰਕਤ ਕੀਤੀ, ਜਿੱਥੇ ਉਸ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਲੀਹੂ, ਜਿਸ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ ਸੀ, ਦੁਆਰਾ ਕੁਰਾਲ ਪਾਠ ਦਾ ਪੰਜਾਬੀ ਵਿਚ ਅਨੁਵਾਦ ਕਰਨ ਲਈ ਬੇਨਤੀ ਕੀਤੀ ਗਈ ਸੀ। ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਅਤੇ ਕੁਰਾਲ ਪਾਠ ਵਿਚ ਸਮਾਨਤਾਵਾਂ ਨੂੰ ਲੱਭਦਿਆਂ, ਬੇਦੀ ਨੇ ਕੁਰਾਲ ਦਾ ਪੰਜਾਬੀ ਵਿਚ ਅਨੁਵਾਦ ਕਰਨਾ ਸ਼ੁਰੂ ਕੀਤਾ ਅਤੇ ਇਸ ਨੂੰ 2012 ਵਿੱਚ ਪੂਰਾ ਕੀਤਾ, ਜੋ ਕਿ ਚੇਨਈ ਵਿੱਚ ਸੈਂਟਰਲ ਇੰਸਟੀਚਿਊਟ ਆਫ਼ ਕਲਾਸੀਕਲ ਤਮਿਲ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। ਬੇਦੀ ਦੇ ਅਨੁਸਾਰ, ਤਿਰੁਕੁਰਲ ਦਾ ਕੇਂਦਰ ਬਿੰਦੂ ਮਨੁੱਖਾਂ ਲਈ ਪਿਆਰ ਦੀਆਂ ਭਾਵਨਾਵਾਂ ਹਨ, ਜਿਸ ਦਾ ਗੁਰੂ ਨਾਨਕ ਦੇਵ ਜੀ ਨੇ ਵੀ ਪ੍ਰਚਾਰ ਕੀਤਾ ਸੀ। ਉੱਘੇ ਵਿਦਵਾਨ ਲੇਖਕ, ਕਈ ਭਾਸ਼ਾਵਾਂ ਦੇ ਗਿਆਤਾ ਤਰਲੋਚਨ ਸਿੰਘ ਬੇਦੀ ਨੇ ਸਾਹਿਤ ਦੀ ਝੋਲੀ ਕਈ ਪੁਸਤਕਾਂ ਪਾਈਆਂ। ਉਹਨਾਂ ਦੇ ਮਹੱਤਵਪੂਰਨ ਕਾਰਜਾਂ ਵਿਚ ਤਾਮਿਲ ਭਾਸ਼ਾ ਦੇ ਧਾਰਮਿਕ ਗ੍ਰੰਥ ‘ਕੁਰੂਕੁਲਮ’ ਦਾ ਪੰਜਾਬੀ ਅਨੁਵਾਦ ਵੀ ਸ਼ਾਮਿਲ ਸੀ ਉਹ 31 ਜਨਵਰੀ 2025 ਨੂੰ ਸਦੀਵੀ ਵਿਛੋੜਾ ਦੇ ਗਏ।
***ਗੁਰਚਰਨ ਬੱਧਣ
ਗੁਰਚਰਨ ਬੱਧਣ ਦਾ ਜਨਮ 8-10-1949 ਨੂੰ ਉਦੋਂ ਜ਼ਿਲ੍ਹਾ ਜਲੰਧਰ ਅਤੇ ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮਸ਼ਹੂਰ ਪਿੰਡ ਗੁਣਾਚੌਰ ਵਿਖੇ ਪਿਤਾ ਰੱਤੀ ਰਾਮ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਵੈਸੇ ਉਸ ਦਾ ਜੱਦੀ ਪਿੰਡ ਬਿਰਸੀਆਂ ਹੈ। ਜਨਮ ਵੇਲ਼ੇ ਘਰ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਸੀ। ਉਸ ਦੀਆਂ ਗ਼ਜ਼ਲਾਂ ਗੀਤ ਸਾਂਝੇ ਕਾਵਿ ਸੰਗ੍ਰਹਿ ਸਾਂਝੀਆਂ ਕਿਰਨਾਂ, ਕਾਵਿ ਚੇਤਨਾ, ਰੌਸ਼ਨੀ ਦਾ ਸਫ਼ਰ, ਸੱਧਰਾਂ ਦੀ ਫੁਲਕਾਰੀ ਵਿਚ ਪ੍ਰਕਾਸ਼ਿਤ ਹੋਏ। 1996 ਵਿੱਚ ਉਸ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਲੌਢੇ ਵੇਲ਼ੇ ਆਇਆ। 2006 ਵਿੱਚ ਆਬਾਦ ਰਹੇ ਗੁਲਸ਼ਨ, 2010 ਵਿੱਚ ਤਿੜਕਦੇ ਰਿਸ਼ਤੇ ਅਤੇ 2013 ਵਿੱਚ ਚੁੱਪ ਦੀ ਇਬਾਰਤ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋਏ।
2001 ਵਿੱਚ ਉਸ ਦਾ ਕਾਵਿ ਸੰਗ੍ਰਹਿ ਕੰਡਿਆਂ ਦੀ ਖ਼ੁਸ਼ਬੋ, 2005 ਵਿੱਚ ਗੀਤ ਸੰਗ੍ਰਹਿ ਗੀਤਾਂ ਨਾਲ਼ ਪ੍ਰੀਤਾਂ ਅਤੇ 2011 ਵਿੱਚ ਅੱਧ ਮੋਈਆਂ ਸੱਧਰਾਂ ਗੀਤ ਸੰਗ੍ਰਹਿ ਪ੍ਰਕਾਸ਼ਿਤ ਹੋਏ। ਨਵਾਂ ਸ਼ਹਿਰ ਦੀ ਫਰੈਂਡਜ ਕਲੋਨੀ ਵਿਖੇ ਸ਼ਾਨਦਾਰ ਘਰ ਬਣਾ ਕੇ ਰਹਿਣ ਵਾਲ਼ਾ ਗੁਰਚਰਨ ਬੱਧਣ ਉਨ੍ਹਾਂ ਲੋਕਾਂ ਲਈ ਮਿਸਾਲ ਹੈ ਜੋ ਕਿਸਮਤ ਦੇ ਸਹਾਰੇ ਬੈਠੇ ਰਹਿੰਦੇ ਹਨ ਤੇ ਮੁੱਕਦਰਾ ਨਾਲ਼ ਲੜੇ ਬਿਨਾਂ ਹੀ ਹਾਰ ਮੰਨ ਲੈਂਦੇ ਹਨ। ਪਿਛਲੇ ਇਕ ਦਹਾਕੇ ਤੋਂ ਉਹ ਇਕ ਬਿਮਾਰੀ ਤੋਂ ਪੀੜਤ ਹੋਣ ਕਾਰਨ ਕਿਤੇ ਵੀ ਆਉਣ ਜਾਣ ਤੋਂ ਅਸਮਰਥ ਰਿਹਾ। ਉਸ ਨੇ ਪੰਜਾਬੀ ਸਾਹਿਤ ਸਭਾ ਨਵਾਂ ਸ਼ਹਿਰ ਬਣਾਈ ਜਿਸ ਦਾ ਉਹ ਲਗਾਤਾਰ 32 ਸਾਲ ਪ੍ਰਧਾਨ ਰਿਹਾ। ਅਨੇਕ ਸਾਹਤਿਕ ਅਤੇ ਸਮਾਜਿਕ ਸੰਸਥਾਵਾਂ ਨੇ ਉਸਦਾ ਸਨਮਾਨ ਕੀਤਾ ਹੈ। ਬੀਤੀ 28 ਨਵੰਬਰ 2025 ਨੂੰ ਉਹ ਆਪਣੇ ਚਹੇਤਿਆਂ ਤੇ ਨਜ਼ਦੀਕੀਆਂ ਨੂੰ ਸਰੀਰਿਕ ਤੌਰ ਤੇ ਸਦਾ ਲਈ ਛੱਡ ਗਿਆ।
ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਿਪਟੀ ਡਾਇਰੈਕਟਰ ਅਤੇ ਉੱਘੇ ਲੇਖਕ ਪ੍ਰੇਮ ਭੂਸ਼ਣ ਗੋਇਲ ਵੀ 6 ਅਗਸਤ, 2025 ਨੂੰ ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਪੰਜਾਬ ਦੇ ਜੰਮਪਲ ਸਨ।
ਸੈਂਕੜੇ ਚਰਚਿਤ ਗੀਤਾਂ ਦੇ ਰਚੇਤਾ ਨਿੰਮਾ ਲੁਹਾਰ ਕੇ 15 ਨਵੰਬਰ, 2025 ਨੂੰ ਕੇਵਲ 48 ਸਾਲ ਦੀ ਉਮਰ ਵਿਚ ਸਦੀਵੀ ਵਿਛੋੜਾ ਦੇ ਗਏ। ਉਹ ਅੰਤਿਮ ਸਮੇਂ ਤੱਕ ਤੰਗੀਆਂ ਤੁਰਸ਼ੀਆਂ ਵਾਲਾ ਜੀਵਨ ਗੁਜ਼ਾਰ ਰਹੇ ਸਨ।
ਕਲਿਆਣ ਅੰਮ੍ਰਿਤਸਰੀ ਥੋੜ੍ਹਾ ਪਰ ਪੁਖਤਾ ਲਿਖਣ ਵਾਲੇ ਗ਼ਜ਼ਲਗੋ ਸਨ। ਉਹਨਾਂ ਦੀ ਇੱਕੋ ਇੱਕ ਪੁਸਤਕ ‘ਸਿਜਦਾ’ ਹੈ, ਜੋ ਉਸ ਦੇ ਦੋਸਤਾਂ ਨੇ ਪੱਲਿਓਂ ਪੈਸੇ ਖ਼ਰਚ ਕੇ ਪ੍ਰਕਾਸ਼ਿਤ ਕਰਵਾਈ ਸੀ। ਕਲਿਆਣ ਅੰਮ੍ਰਿਤਸਰੀ 22 ਫ਼ਰਵਰੀ 2025 ਨੂੰ ਰੱਬ ਨੂੰ ਪਿਆਰੇ ਹੋ ਗਏ।
ਪਰਵਾਸੀ ਲੇਖਕ ਹਰਜੀਤ ਦੌਧਰੀਆ, ਜਿਨ੍ਹਾਂ ਨੇ ਤੁੰਮਿਆਂ ਵਾਲੀ ਜਵੈਨ, ਹੈ ਭੀ ਸੱਚ ਨਾਨਕ ਹੋਸੀ ਭੀ ਸਚੁ, ਆਪਣਾ ਪਿੰਡ ਪਰਦੇਸ (ਸਾਰੇ ਕਾਵਿ ਸੰਗ੍ਰਹਿ) ਵਾਰਤਕ ਪੁਸਤਕ ‘ਹੇਠਲੀ ਉੱਤੇ’ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਸਨ। ਉਹਨਾਂ ਦਾ ਦੇਹਾਂਤ 11 ਮਾਰਚ, 2025 ਨੂੰ ਸਰੀ ਵਿਖੇ ਹੋਇਆ।
ਕੈਨੇਡਾ ਦੀ ਧਰਤੀ ਤੇ ਕਈ ਦਹਾਕੇ ਪਹਿਲਾਂ ਨਾਟਕ ਕਲਾ ਨਾਲ ਪੰਜਾਬੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੀ ਸ਼ਖ਼ਸੀਅਤ ਬੀਬੀ ਅੰਮ੍ਰਿਤ ਕੌਰ ਮਾਨ ਵੀ ਇਸੇ ਵਰ੍ਹੇ ਸਦੀਵੀ ਵਿਛੋੜਾ ਦੇ ਗਏ।
ਗੀਤਕਾਰ ਤੇ ਸਾਹਿਤਕਾਰ ਐੱਸ. ਖੁ਼ਸ਼ਹਾਲ ਘਲੋਟੀ ਸਾਹਿਤ ਸਭਾ ਕੋਟ ਈਸੇ ਖਾਂ (ਮੋਗਾ) ਦੇ ਬਾਨੀਆਂ ਵਿੱਚੋਂ ਸਨ। ਉਹਨਾਂ ਨੇ ਪੰਜਾਬੀ ਸਾਹਿਤ ਨੂੰ ਚਾਰ ਪੁਸਤਕਾਂ ਪਲੇਠੀ ਧੀ, ਜੀਵਨ ਬੂਟੀ ਅਤੇ ਤੂੰ ਆਪਣੀ ਨਿਬੇੜ ਦਿੱਤੀਆਂ। ਉਹਨਾਂ ਦਾ ਦਿਹਾਂਤ ਜੂਨ 2025 ਵਿੱਚ ਕੈਨੇਡਾ ਵਿਖੇ ਹੋਇਆ।
ਅੰਮ੍ਰਿਤਸਰ ਦੇ ਕਵੀ ਭਗਤ ਨਰਾਇਣ ਨੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਦੋ ਪੁਸਤਕਾਂ ਪਾਈਆਂ ਅਤੇ ਉਹ 27 ਜਨਵਰੀ, 2025 ਨੂੰ ਅਲਵਿਦਾ ਕਹਿ ਗਏ। ਮਾਝੇ ਦੇ ਚਰਚਿਤ ਹਾਸਰਸ ਕਵੀ ਚਰਨਜੀਤ ਸਿੰਘ ਅਜਨਾਲਾ ਅਗਸਤ 25 ਵਿੱਚ ਵਿਛੋੜਾ ਦੇ ਗਏ। ਬਰਨਾਲਾ ਰਹਿੰਦੇ ਲੇਖਕ ਅਜੈਬ ਸਿੰਘ ਜਗਦੀਪ ਚਿੱਤਰਕਾਰ ਨੇ ਪੰਜਾਬੀ ਦੇ ਸੂਫ਼ੀ ਕਵੀ ਅਤੇ ਅਦਬੀ ਮੁਹਾਂਦਰੇ ਪੁਸਤਕਾਂ ਲਿਖੀਆਂ, ਉਹ ਵੀ ਇਸੇ ਵਰ੍ਹੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਸ਼ਾਇਰ ਨਾਹਰ ਸਿੰਘ ਮੁਬਾਰਕਪੁਰੀ ਸਾਹਿਤ ਸਭਾ ਮਲੇਰਕੋਟਲਾ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਰਹੇ। ਉਹਨਾਂ ਨੇ ‘ਪੰਜਾਬ ਸਾਵਧਾਨ’ ਅਤੇ ‘ਦਿੱਲੀਏ ਨੀ’ ਦੋ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਉਹਨਾਂ ਦੀ ਮੌਤ 17 ਨਵੰਬਰ, 2025 ਨੂੰ ਭੇਦ ਭਰੀ ਹਾਲਤ ਵਿਚ ਹੋਈ।
ਛੰਦ ਬੱਧ ਕਵਿਤਾ ਵਿੱਚ ਮੁਹਾਰਤ ਰੱਖਦੇ ਲਛਮਣ ਸਿੰਘ ਸ਼ੌਕੀ ਨੇ ਘੁੱਕਰ ਦੀ ਮੌਤ, ਸ਼ੌਂਕੀ ਦੀ ਬਹੂ ਤੇ ਹੂਰਾਂ ਦੀ ਦੁਨੀਆ ਅਤੇ ਪ੍ਰਸੰਗ ਕੌਲਾਂ ਸ਼ਾਹਣੀ ਆਦਿ ਲਿਖੇ। ਉਹਨਾਂ ਦੀ ਮੌਤ 10 ਦਸੰਬਰ 2025 ਨੂੰ ਹੋਈ। ਪੰਥਕ ਸਟੇਜੀ ਕਵੀ ਹਰੀ ਸਿੰਘ ਗਰੀਬ, ਗੀਤਕਾਰ ਕੋਮਲ ਪੱਟੀ ਰੋਡੇ, ਕਵੀ ਰਾਜ ਕੁਮਾਰ ਰਾਜ ਅੰਮ੍ਰਿਤਸਰ, ਕਰਨੈਲ ਸਿੰਘ ਸੋਹੀ ਧੂਰੀ, ਪ੍ਰਿੰਸੀਪਲ ਗੁਰਮੇਲ ਸਿੰਘ ਦਿਉਲ ਅਤੇ ਕੁਝ ਹੋਰ ਸ਼ਖ਼ਸੀਅਤਾਂ ਵੀ ਇਸੇ ਵਰ੍ਹੇ ਸਾਥੋਂ ਵਿਛੜ ਗਈਆਂ। ਇਹਨਾਂ ਸਭ ਨੂੰ ਅਸੀਂ ਸ਼ਰਧਾ, ਅਕੀਦਤ ਦੇ ਫੁੱਲ ਭੇਟ ਕਰਦੇ ਹਾਂ, ਸ਼ਰਧਾਂਜਲੀ ਪੇਸ਼ ਕਰਦੇ ਹਾਂ। ਇਹਨਾਂ ਪ੍ਰਤੀ ਸਤਿਕਾਰ ਪੇਸ਼ ਕਰਦੇ ਹਾਂ। ਇਹ ਸ਼ਖ਼ਸ਼ੀਅਤਾਂ ਦੇਹੀ ਰੂਪ ਵਿਚ ਭਾਵੇਂ ਸਾਡੇ ਕੋਲੋਂ ਵਿਛੜ ਗਈਆਂ ਹਨ ਪਰ ਇਹਨਾਂ ਦੀਆਂ ਰਚਨਾਵਾਂ ਹਮੇਸ਼ਾ ਹੀ ਸਾਡਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ।
-ਦਲਜੀਤ ਰਾਏ ਕਾਲੀਆ
97812-00168
-------------------------