ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਲੰਬਰਦਾਰ ਇਹ ਸਭਾ ਆਪਣੀ ਹੋਂਦ ਤੋਂ ਲੈ ਕੇ ਹੁਣ ਤਕ ਸਹਿਜੇ ਮਿਲਦੀ ਥਾਂ ’ਤੇ ਸਾਹਿਤਕ ਸਮਾਗਮ ਆਯੋਜਿਤ ਕਰਦੀ ਰਹੀ ਹੈ। ਪੰਜਾਬੀ ਸਾਹਿਤਕਾਰਾਂ ਨੂੰ ਸਾਹਿਤ ਦੇ ਖੇਤਰ ਵਿਚ ਤਤਪਰ ਅਤੇ ਉਤਸ਼ਾਹਿਤ ਕਰਨ ਲਈ ਸਭਾ ਦਾ ਵਡਮੁੱਲਾ ਯੋਗਦਾਨ ਹੈ।

ਪੰਜਾਬੀ ਮਾਂ ਬੋਲੀ ਦੇ ਰੁਤਬੇ ਨੂੰ ਘਟਾ ਕੇ ਦੇਖਣਾ ਕਿਸੇ ਵੀ ਕੀਮਤ ਤੇ ਜਾਇਜ਼ ਨਹੀਂ ਹੋਵੇਗਾ। ਪੰਜਾਬੀ ਬੋਲੀ ਦਾ ਆਪਣਾ ਸਦੀਵੀ ਮਾਣਮੱਤਾ ਇਤਿਹਾਸ ਹੈ। ਪੰਜਾਬੀ ਮਾਂ ਬੋਲੀ ਦੀ ਅਮੀਰੀ, ਵਿਲੱਖਣਤਾ, ਪਛਾਣ ਅਤੇ ਵਿਰਾਸਤ ਨੂੰ ਜਿਉਂਦਾ ਰੱਖਣ ਲਈ ਦੇਸ਼ ਵਿਦੇਸ਼ ਵਿਚ ਬਹੁਤ ਸਾਰੀਆਂ ਸੰਸਥਾਵਾਂ ਸਰਗਰਮੀ ਨਾਲ ਕੰਮ ਰਹੀਆਂ ਹਨ। ਉਨ੍ਹਾਂ ਮੁਸੱਲਸਲ ਯਤਨਸ਼ੀਲ ਸਭਾਵਾਂ ’ਚੋਂ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦਾ ਵੀ ਆਪਣਾ ਵਿਸ਼ੇਸ਼ ਮੁਕਾਮ ਹੈ। ਮੌਜੂਦਾ ਸਮੇਂ ਡਾ. ਦਰਸ਼ਨ ਸਿੰਘ ਆਸ਼ਟ ਦੀ ਸੁਚੱਜੀ ਅਤੇ ਯੋਗ ਅਗਵਾਈ ਹੇਠ ਸਾਹਿਤ ਸਭਾ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਲੇਖਕਾਂ ਨੂੰ ਇੱਕੋ ਮੰਚ ’ਤੇ ਇਕੱਠਾ ਕਰ ਕੇ ਸਾਹਿਤਕ ਅਤੇ ਉਸਾਰੂ ਸੋਚਾਂ ਪ੍ਰਤੀ ਕਿਰਿਆਸ਼ੀਲਤਾ ਦਿਖਾ ਰਹੀ ਹੈ। ਵਿਗਿਆਨਕ, ਤਰਕਵਾਦੀ ਅਤੇ ਸਾਕਾਰਾਤਮਿਕ ਸੋਚ ਪੈਦਾ ਕਰਨ ਵਾਲੀਆਂ ਪੁਸਤਕਾਂ, ਕਹਾਣੀ ਸੰਗ੍ਰਹਿ, ਕਵਿਤਾਵਾਂ, ਨਾਵਲ, ਮਿੰਨੀ ਕਹਾਣੀ ਆਦਿ ਲੋਕ ਅਰਪਣ ਕਰਨੇ, ਗੋਸ਼ਟੀਆਂ ਕਰਵਾਉਣਾ, ਉੱਘੇ ਸਾਹਿਤਕਾਰਾਂ ਦਾ ਮਾਣ ਸਨਮਾਨ ਕਰਨਾ, ਚਿੰਤਪੂਰਨ ਵਿਸ਼ਿਆਂ ’ਤੇ ਸੈਮੀਨਾਰ ਕਰਵਾਉਣਾ, ਉੱਘੇ ਸਾਹਿਤਕਾਰਾਂ ਅਤੇ ਪ੍ਰਸਿੱਧ ਲੇਖਕਾਂ ਨੂੰ ਨਵੀਂ ਪੀੜ੍ਹੀ ਦੇ ਲੇਖਕਾਂ ਦੇ ਰੂਬਰੂ ਕਰਵਾ ਕੇ ਉਤਸ਼ਾਹਿਤ ਕਰਨਾ ਪੰਜਾਬੀ ਸਾਹਿਤ ਸਭਾ ਦੇ ਮੁੱਢਲਾ ਮਕਸਦ ਰਿਹਾ ਹੈ।
ਭਾਰਤ ਦੀ ਆਜ਼ਾਦੀ ਤੋਂ ਬਾਅਦ 1949 ਵਿਚ ਪ੍ਰਸਿੱਧ ਸਟੇਜੀ ਕਵੀ ਜਸਵੰਤ ਸਿੰਘ ਵੰਤਾ ਦੀ ਰਹਿਨੁਮਾਈ ਹੇਠ ‘ਪੰਜਾਬੀ ਸਾਹਿਤ ਸਭਾ’ ਦੇ ਨਾਂਂ ਹੇਠ ਲੱਗਿਆ ਇਹ ਬੂਟਾ ਅੱਜ ਚੰਗੇ ਹਰਿਆਵਲ ਭਰੇ ਰੁੱਖ ਦਾ ਰੂਪ ਅਖ਼ਤਿਆਰ ਕਰ ਚੁੱਕਾ ਹੈ। ਇਸ ਸਬੰਧੀ ਸਾਹਿਤਕ ਮਿਲਣੀਆਂ ਦਾ ਦੌਰ 1951-1952 ’ਚ ਸ਼ੁਰੂ ਹੋਇਆ। 1959 ਵਿਚ ਉੱਘੇ ਸਾਹਿਤਕਾਰਾਂ ਨੇ ਪੰਜਾਬੀ ਮਾਂ ਬੋਲੀ ਦੀ ਤਰੱਕੀ ਹਿੱਤ ‘ਪੰਜਾਬੀ ਸਾਹਿਤ ਸਭਾ ਪਟਿਆਲਾ’ ਨੇ ਹੇਠ ਇਸ ਦਾ ਪੁਨਰਗਠਨ ਕੀਤਾ। ਉੱਘੇ ਸ਼ਾਇਰ ਅਤੇ ਨਾਵਲਕਾਰ ਡਾ. ਗੁਰਚਰਨ ਸਿੰਘ ਨੂੰ ਸਭਾ ਦਾ ਪਹਿਲਾ ਪ੍ਰਧਾਨ ਅਤੇ ਜਗਦੀਸ਼ ਅਰਮਾਨੀ ਨੂੰ ਜਨਰਲ ਸਕੱਤਰ ਥਾਪਿਆ ਗਿਆ। ਇਸ ਤੋਂ ਇਲਾਵਾ ਰਣਜੀਤ ਕੰਵਰ (ਲੰਡਨ) ਨੂੰ ਸਕੱਤਰ, ਦਰਸ਼ਨ ਸਿੰਘ ਆਵਾਰਾ ਸ਼੍ਰੋਮਣੀ ਪੰਜਾਬੀ ਸ਼ਾਇਰ ਅਤੇ ਪ੍ਰੋ. ਸ਼ੇਰ ਸਿੰਘ ਗੁਪਤਾ ਉੱਪ ਪ੍ਰਧਾਨ ਬਣੇ। ਗੁਰਚਰਨ ਰਾਮਪੁਰੀ, ਕ੍ਰਿਸ਼ਨ ਅਸ਼ਾਂਤ, ਨਵਤੇਜ ਭਾਰਤੀ, ਕੰਵਰ ਚੌਹਾਨ ਨਾਭਾ ਸਮੇਤ ਹੋਰ ਪ੍ਰਸਿੱਧ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਕਵੀਜਨ ਕਾਰਜਕਾਰਨੀ ਮੈਂਬਰ ਲਏ ਗਏ।
ਪੰਜਾਬੀ ਦੇ ਸਿਰਕੱਢ ਲੇਖਕਾਂ ਦੀ ਛਤਰ ਛਾਇਆ ਹੇਠ ਇਹ ਸਾਹਿਤ ਸਭਾ ਨੇ ਭਰਪੂਰ ਸਾਹਿਤਕ ਹੁਲਾਰੇ ਲਏ ਅਤੇ 1979 ਵਿਚ ਪੱਕੇ ਤੌਰ 301 ਨੰਬਰ ਨਾਲ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸਭਾ ਬਣ ਗਈ ਅਤੇ ਸਭਾ ਨੂੰ ਸਰਕਾਰੀ ਸਰਪ੍ਰਸਤੀ ਵੀ ਮਿਲ ਗਈ। ਡਾ. ਜਸਬੀਰ ਸਿੰਘ ਆਹਲੂਵਾਲੀਆ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਡਾ. ਅਤਰ ਸਿੰਘ, ਡਾ. ਸੁਰਜੀਤ ਸਿੰਘ ਸੇਠੀ, ਪ੍ਰੋ.ਗੁਲਵੰਤ ਸਿੰਘ, ਟੀ.ਆਰ. ਵਿਨੋਦ, ਡਾ. ਕੁਲਵੀਰ ਸਿੰਘ ਕਾਂਗ, ਡਾ. ਤਰਲੋਕ ਸਿੰਘ ਆਨੰਦ, ਸੂਬਾ ਸਿੰਘ, ਡਾ. ਦਲੀਪ ਕੌਰ ਟਿਵਾਣਾ, ਡਾ. ਗੁਰਬਚਨ ਸਿੰਘ ਰਾਹੀ, ਡਾ. ਗੋਬਿੰਦ ਸਿੰਘ ਲਾਂਬਾ, ਪ੍ਰੋ. ਸ. ਸੋਜ਼, ਰਮੇਸ਼ ਚੌਂਦਵੀਂ, ਸ਼ਮਸ਼ੇਰ ਸਿੰਘ ਸਰੋਜ, ਗੁਰਮੇਲ ਸਿੰਘ ਦਰਦੀ, ਕੁਲਵੰਤ ਸਿੰਘ ਗਰੇਵਾਲ, ਪ੍ਰੋ. ਕ੍ਰਿਪਾਲ ਸਿੰਘ ਕਜ਼ਾਕ, ਪ੍ਰੀਤਮ ਸਿੰਘ ਪੰਛੀ, ਨਾਟਕਕਾਰ ਸਤਿੰਦਰ ਸਿੰਘ ਨੰਦਾ, ਸਤਵੰਤ ਕੈਂਥ, ਅੰਮ੍ਰਿਤਪਾਲ ਸ਼ੈਦਾ, ਇੰਜ. ਚਰਨਜੀਤ ਸਿੰਘ ਚੱਢਾ, ਪ੍ਰਿੰਸੀਪਲ ਮੋਹਨ ਸਿੰਘ, ਹਰਚਰਨ ਸ਼ਰੀਫ, ਜੋਗਾ ਸਿੰਘ ਧਨੌਲਾ ਆਦਿ ਇਸ ਸਭਾ ਨਾਲ ਜੁੜ ਕੇ ਵੱਖ-ਵੱਖ ਅਹੁਦਿਆਂ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਅਤੇ ਇਸ ਨੂੰ ਪ੍ਰਫੁਲਤ ਕਰਨ ਦੀਆਂ ਭਰਪੂਰ ਕੋਸ਼ਿਸ਼ਾਂ ਵਿਚ ਜੁਟੇ ਰਹੇ ਹਨ। ਇਸ ਤਰ੍ਹਾਂ ਸਾਹਿਤਕ ਸਰਗਰਮੀਆਂ ’ਚ ਜੁਟੀ ਇਹ ਸਾਹਿਤ ਸਭਾ ਆਪਣਾ ਲੰਮਾ ਪੈਂਡਾ ਕੀਤਾ ਹੈ।
2009 ਵਿਚ ਸਾਹਿਤ ਅਕਾਦਮੀ ਅਤੇ ਸੂਬਾ ਸਰਕਾਰ ਤੋਂ ਸਨਮਾਨਿਤ ਸ਼੍ਰੋਮਣੀ ਬਾਲ ਸਾਹਿਤ ਲੇਖਕ, ਸੂਝਵਾਨ, ਨਿਮਰ ਸੁਭਾਅ, ਸਿਰੜੀ ਅਤੇ ਅਣਥੱਕ ਮਿਹਨਤੀ ਡਾ. ਦਰਸ਼ਨ ਸਿੰਘ ਆਸ਼ਟ ਨੂੰ ਪੰਜਾਬੀ ਸਾਹਿਤ ਸਭਾ ਦਾ ਪ੍ਰਧਾਨ ਅਤੇ ਬਾਬੂ ਸਿੰਘ ਰੈਹਲ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣਿਆ ਗਿਆ। ਉਨ੍ਹਾਂ ਪੂਰੀ ਟੀਮ ਉਦੋਂ ਤੋਂ ਲੈ ਕੇ ਹੁਣ ਤਕ ਪੂਰੀ ਲਗਨ, ਮਿਹਨਤ, ਇਮਾਨਦਾਰੀ, ਦ੍ਰਿੜ ਇਰਾਦੇ ਅਤੇ ਸਾਧਨਾਂ ਨਾਲ ਪੰਜਾਬੀ ਸਾਹਿਤ ਦੀ ਸੇਵਾ ਅਤੇ ਸਭਾ ਦੇ ਟੀਚਿਆਂ ’ਚ ਮਸਰੂਫ਼ ਹੈ। ਸਾਹਿਤ ਸਭਾ ਦੀ ਕਾਮਯਾਬੀ ਅਤੇ ਹੋਂਦ ਨੂੰ ਮਜਬੂਤ ਕਰਨ ਵਿਚ ਪਾਏ ਯੋਗਦਾਨ ਸਦਕਾ ਹਰ ਵਾਰ ਸਰਬਸੰਮਤੀ ਨਾਲ ਡਾ. ਦਰਸ਼ਨ ਸਿੰਘ ਆਸ਼ਟ ਨੂੰ ਪ੍ਰਧਾਨ ਚੁਣਿਆ ਜਾਂਦਾ ਹੈ, ਮੌਜੂਦਾ ਸਮੇਂ ਵੀ ਡਾ. ਦਰਸ਼ਨ ਸਿੰਘ ਹੀ ਪ੍ਰਧਾਨ ਹਨ। ਇਹ ਚੋਣਾਂ ਦੀ ਪ੍ਰਕਿਰਿਆ ਬਜ਼ੁਰਗ ਸਟੇਜੀ ਸ਼ਾਇਰ ਸਤਿਕਾਰਯੋਗ ਕੁਲਵੰਤ ਸਿੰਘ ਅਤੇ ਡਾ. ਗੁਰਬਚਨ ਸਿੰਘ ਰਾਹੀਂ ਦੀ ਸੁਚੱਜੀ ਅਤੇ ਯੋਗ ਅਗਵਾਈ ਅਧੀਨ ਨੇਪਰੇ ਚੜ੍ਹਦੀਆਂ ਰਹੀਆਂ ਹਨ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਲੰਬਰਦਾਰ ਇਹ ਸਭਾ ਆਪਣੀ ਹੋਂਦ ਤੋਂ ਲੈ ਕੇ ਹੁਣ ਤਕ ਸਹਿਜੇ ਮਿਲਦੀ ਥਾਂ ’ਤੇ ਸਾਹਿਤਕ ਸਮਾਗਮ ਆਯੋਜਿਤ ਕਰਦੀ ਰਹੀ ਹੈ। ਪੰਜਾਬੀ ਸਾਹਿਤਕਾਰਾਂ ਨੂੰ ਸਾਹਿਤ ਦੇ ਖੇਤਰ ਵਿਚ ਤਤਪਰ ਅਤੇ ਉਤਸ਼ਾਹਿਤ ਕਰਨ ਲਈ ਸਭਾ ਦਾ ਵਡਮੁੱਲਾ ਯੋਗਦਾਨ ਹੈ। ਸਾਹਿਤ ਦੇ ਖੇਤਰ ਵਿੱਚ ਉੱਚੀਆਂ ਅਤੇ ਵੱਡੀਆਂ ਪੁਲਾਂਘਾਂ ਪੁੱਟਣ ਸਾਹਿਤਕਾਰਾਂ ਨੂੰ ਵਿਸ਼ੇਸ਼ ਸਨਮਾਨ ਦੀ ਪ੍ਰਥਾ ਸਭਾ ਵੱਲੋਂ ਨਿਰੰਤਰ ਜਾਰੀ ਹੈ। ਪੰਜਾਬੀ ਸਾਹਿਤ ਸਭਾ ਵੱਲੋਂ ਗੌਰਵਮਈ ਇਤਿਹਾਸ ਰਚਦਿਆਂ ਸਤੰਬਰ 1972 ਵਿਚ ਪਹਿਲਾ ਕਹਾਣੀ ਸੰਗ੍ਰਹਿ ‘ਭਵਿੱਖ ਦੇ ਨਕਸ਼’ ਦਾ ਸੰਪਾਦਨ ਕੀਤਾ ਗਿਆ ਸੀ। ਇਸ ਦੀ ਸੰਪਾਦਨਾ ਜਗਦੀਸ਼ ਸਾਹਨੀ ਦੀ ਦੇਖ-ਰੇਖ ਵਿਚ ਹੋਈ। ਪਾਠਕਾਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਸਦਕਾਂ ਸਭਾ ਨੇ ਡਾ. ਦਰਸ਼ਨ ਸਿੰਘ ਆਸ਼ਟ ਅਤੇ ਸੁਚੱਜੀ ਅਤੇ ਯੋਗ ਅਗਵਾਈ ਹੇਠ 2014 ’ਚ ‘ਕਲਮ ਕਾਫ਼ਲਾ’ ਕਾਵਿ ਸੰਗ੍ਰਹਿ ਦੀ ਸੰਪਾਦਨਾ ਕੀਤੀ। ਬਾਬੂ ਸਿੰਘ ਰਹਿਲ, ਦਵਿੰਦਰ ਪਟਿਆਲਵੀ, ਨਵਦੀਪ ਸਿੰਘ ਮੁੰਡੀ, ਸੁਖਦੇਵ ਸਿੰਘ ਚਹਿਲ ਦੀ ਟੀਮ ਦੀ ਮਿਹਨਤ ਸਦਕਾਂ 627 ਪੰਨਿਆਂ ਦੀ ਇਸ ਸਾਹਿਤਕ ਪੁਸਤਕ ਵਿਚ 127 ਵੱਖ ਵੱਖ ਲੇਖਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਪੰਜਾਬੀਅਤ ਅਤੇ ਮਾਂ ਬੋਲੀ ਦੀ ਮੁਦਈ ਇਹ ਸਭਾ ਵੱਲੋਂ ਹੁਣ ਤਕ ਅਣਗਿਣਤ ਪੁਸਤਕਾਂ ਲੋਕ ਅਰਪਣ ਕਰਕੇ ਮਾਣ ਮਹਿਸੂਸ ਕਰਦੀ ਹੈ। ਸਾਹਿਤ ਸਭਾ ਵੱਲੋਂ 80 ਸਾਲ ਤੋਂ ਵੱਧ ਉਮਰ ਦੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਦੀ ਅਨੋਖੀ ਮਿਸਾਲ ਇਸ ਦੀ ਮਹਾਨਤਾ ਨੂੰ ਹੋਰ ਚਾਰ ਚੰਨ ਲਾਉਂਦੀ ਹੈ। ਡਾ.ਦਰਸ਼ਨ ਸਿੰਘ ਆਸ਼ਟ ਦੀ ਪ੍ਰਧਾਨਗੀ ਹੇਠ ਪੰਜਾਬੀ ਸਾਹਿਤ ਸਭਾ ਹਮੇਸ਼ ਨਵੀਆਂ ਅਤੇ ਵਿਲੱਖਣ ਪੈੜਾਂ ਪਾਉਣ ਲਈ ਮੁਸੱਲਸਲ ਤਤਪਰ ਹੈ ਅਤੇ ਭਵਿਖ ਵਿੱਚ ਵੀ ਰਹੇਗੀ।
ਇੰਜੀ. ਸਤਨਾਮ ਸਿੰਘ ਮੱਟੂ
97797-08257